Skip to content

Skip to table of contents

ਅਧਿਆਇ 11

ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ?

ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ?
  • ਕੀ ਦੁੱਖ-ਤਕਲੀਫ਼ਾਂ ਪਿੱਛੇ ਰੱਬ ਦਾ ਹੱਥ ਹੈ?

  • ਸ਼ੈਤਾਨ ਨੇ ਯਹੋਵਾਹ ਨੂੰ ਕਿਸ ਗੱਲ ਤੇ ਲਲਕਾਰਿਆ ਸੀ?

  • ਪਰਮੇਸ਼ੁਰ ਇਨਸਾਨਾਂ ਦੇ ਦੁੱਖ ਕਿੱਦਾਂ ਦੂਰ ਕਰੇਗਾ?

1, 2. ਅੱਜ-ਕੱਲ੍ਹ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਦੁੱਖ-ਤਕਲੀਫ਼ਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਕਈ ਲੋਕ ਕਿਹੜੇ ਸਵਾਲ ਪੁੱਛਦੇ ਹਨ?

ਇਕ ਦੇਸ਼ ਵਿਚ ਹਜ਼ਾਰਾਂ ਹੀ ਬੇਕਸੂਰ ਔਰਤਾਂ ਤੇ ਮਾਸੂਮ ਬੱਚਿਆਂ ਨੂੰ ਇਕ ਭਿਆਨਕ ਲੜਾਈ ਵਿਚ ਮੌਤ ਦੇ ਘਾਟ ਉਤਾਰਿਆ ਗਿਆ। ਉਨ੍ਹਾਂ ਸਾਰਿਆਂ ਨੂੰ ਇੱਕੋ ਹੀ ਵੱਡੀ ਕਬਰ ਵਿਚ ਦਫ਼ਨਾਇਆ ਗਿਆ। ਕਬਰ ਦੇ ਆਲੇ-ਦੁਆਲੇ ਛੋਟੇ-ਛੋਟੇ ਕ੍ਰਾਸ ਗੱਡੇ ਗਏ ਜਿਨ੍ਹਾਂ ’ਤੇ ਇੱਕੋ ਸਵਾਲ ਲਿਖਿਆ ਹੋਇਆ ਸੀ, ‘ਆਖ਼ਰ ਕਿਉਂ?’ ਕਈ ਦਫ਼ਾ ਸਾਡੇ ਸਾਰਿਆਂ ਦੇ ਮਨ ਵਿਚ ਵੀ ਇਹੀ ਸਵਾਲ ਉੱਠਦਾ ਹੈ। ਲੜਾਈਆਂ, ਕੁਦਰਤੀ ਆਫ਼ਤਾਂ, ਬੀਮਾਰੀਆਂ ਅਤੇ ਅਪਰਾਧ ਲੋਕਾਂ ਦੇ ਘਰਾਂ ਤੇ ਜ਼ਿੰਦਗੀਆਂ ਨੂੰ ਤਬਾਹ ਕਰ ਰਹੇ ਹਨ। ਜਦ ਸਾਡੇ ਅਜ਼ੀਜ਼ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ, ਤਾਂ ਸਾਡਾ ਦਿਲ ਦੁਖੀ ਹੋ ਕੇ ਇੱਕੋ ਸਵਾਲ ਪੁੱਛਦਾ ਹੈ ‘ਆਖ਼ਰ ਕਿਉਂ?’ ਹਰ ਇਨਸਾਨ ਜਾਣਨਾ ਚਾਹੁੰਦਾ ਹੈ ਕਿ ‘ਮੇਰੇ ’ਤੇ ਇੰਨੇ ਦੁੱਖ ਕਿਉਂ ਆਉਂਦੇ ਹਨ।’

2 ਲੋਕ ਪੁੱਛਦੇ ਹਨ ਕਿ ਰੱਬ ਨੇ ਹਾਲੇ ਤਕ ਦੁੱਖ-ਤਕਲੀਫ਼ਾਂ ਦਾ ਅੰਤ ਕਿਉਂ ਨਹੀਂ ਕੀਤਾ? ਜੇ ਸੱਚ-ਮੁੱਚ ਰੱਬ ਸ਼ਕਤੀਸ਼ਾਲੀ ਅਤੇ ਬੁੱਧਵਾਨ ਹੈ ਅਤੇ ਉਹ ਪਿਆਰ ਤੇ ਨਿਆਂ ਕਰਨ ਵਾਲਾ ਪਰਮੇਸ਼ੁਰ ਹੈ, ਤਾਂ ਦੁਨੀਆਂ ਇੰਨੇ ਅਨਿਆਂ ਤੇ ਨਫ਼ਰਤ ਨਾਲ ਕਿਉਂ ਭਰੀ ਹੋਈ ਹੈ? ਕੀ ਤੁਹਾਡੇ ਮਨ ਵਿਚ ਕਦੀ ਅਜਿਹੇ ਸਵਾਲ ਆਏ ਹਨ?

3, 4. (ੳ) ਕੀ ਇਹ ਪੁੱਛਣਾ ਗ਼ਲਤ ਹੈ ਕਿ ਰੱਬ ਦੁੱਖਾਂ ਦਾ ਅੰਤ ਕਿਉਂ ਨਹੀਂ ਕਰਦਾ? (ਅ) ਜਦ ਯਹੋਵਾਹ ਇਹ ਸਭ ਕੁਝ ਦੇਖਦਾ ਹੈ, ਤਾਂ ਉਸ ਦੇ ਦਿਲ ’ਤੇ ਕੀ ਬੀਤਦੀ ਹੈ?

3 ਕੀ ਇਹ ਪੁੱਛਣਾ ਗ਼ਲਤ ਹੈ ਕਿ ਰੱਬ ਦੁੱਖਾਂ ਦਾ ਅੰਤ ਕਿਉਂ ਨਹੀਂ ਕਰਦਾ? ਕਈ ਲੋਕ ਸੋਚਦੇ ਹਨ ਕਿ ਰੱਬ ਤੋਂ ਸਵਾਲ ਪੁੱਛਣ ਦਾ ਮਤਲਬ ਹੈ ਕਿ ਤੁਸੀਂ ਉਸ ਉੱਤੇ ਭਰੋਸਾ ਨਹੀਂ ਕਰਦੇ ਜਾਂ ਫਿਰ ਤੁਸੀਂ ਉਸ ਦਾ ਅਪਮਾਨ ਕਰ ਰਹੇ ਹੋ। ਪਰ ਕੀ ਇਸ ਤਰ੍ਹਾਂ ਸੋਚਣਾ ਠੀਕ ਹੈ? ਬਿਲਕੁਲ ਨਹੀਂ! ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਵੀ ਅਜਿਹੇ ਸਵਾਲ ਪੁੱਛੇ ਸਨ। ਮਿਸਾਲ ਲਈ, ਹੱਬਕੂਕ ਨਬੀ ਨੇ ਯਹੋਵਾਹ ਤੋਂ ਪੁੱਛਿਆ: “ਤੂੰ ਮੈਨੂੰ ਇਹ ਸਭ ਦੁੱਖ ਤੇ ਬਿਪਤਾ ਕਿਉਂ ਦੇਖਣ ਦਿੰਦਾ ਹੈ? ਹਰ ਤਰ੍ਹਾਂ ਦੀ ਬਰਬਾਦੀ ਅਤੇ ਹਿੰਸਾ, ਝਗੜੇ ਅਤੇ ਫਸਾਦ ਮੇਰੇ ਸਾਹਮਣੇ ਹੋ ਰਹੇ ਹਨ।”​—ਹੱਬਕੂਕ 1:3, CL.

ਯਹੋਵਾਹ ਦੁੱਖਾਂ ਦਾ ਅੰਤ ਕਰੇਗਾ

4 ਕੀ ਯਹੋਵਾਹ ਹੱਬਕੂਕ ਨਾਲ ਨਾਰਾਜ਼ ਹੋਇਆ ਸੀ ਕਿਉਂਕਿ ਉਸ ਨੇ ਇਹ ਸਵਾਲ ਪੁੱਛਿਆ? ਬਿਲਕੁਲ ਨਹੀਂ। ਇਸ ਦੀ ਬਜਾਇ ਯਹੋਵਾਹ ਨੇ ਹੱਬਕੂਕ ਦੇ ਸ਼ਬਦਾਂ ਨੂੰ ਬਾਈਬਲ ਵਿਚ ਲਿਖਵਾਇਆ। ਇਸ ਦੇ ਨਾਲ-ਨਾਲ, ਯਹੋਵਾਹ ਨੇ ਹੱਬਕੂਕ ਨੂੰ ਆਪਣੇ ਮਕਸਦ ਬਾਰੇ ਦੱਸਿਆ ਜਿਸ ਨਾਲ ਉਸ ਦੀ ਨਿਹਚਾ ਮਜ਼ਬੂਤ ਹੋਈ। ਇਸੇ ਤਰ੍ਹਾਂ ਯਹੋਵਾਹ ਤੁਹਾਡੀ ਵੀ ਮਦਦ ਕਰਨੀ ਚਾਹੁੰਦਾ ਹੈ। ਯਾਦ ਰੱਖੋ, ਬਾਈਬਲ ਦੱਸਦੀ ਕਿ “ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਅੱਜ ਹੋ ਰਹੇ ਭੈੜੇ ਕੰਮਾਂ ਨੂੰ ਦੇਖ ਕੇ ਜਿੰਨਾ ਦੁੱਖ ਸਾਨੂੰ ਹੁੰਦਾ ਹੈ ਉਸ ਨਾਲੋਂ ਕਿਤੇ ਜ਼ਿਆਦਾ ਦੁੱਖ ਯਹੋਵਾਹ ਨੂੰ ਹੁੰਦਾ ਹੈ। (ਯਸਾਯਾਹ 55:8, 9) ਪਰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣੇ ਅਜੇ ਵੀ ਬਾਕੀ ਹਨ ਕਿ ਜੇ ਇਹ ਸਭ ਕੁਝ ਦੇਖ ਕੇ ਯਹੋਵਾਹ ਨੂੰ ਇੰਨਾ ਦੁੱਖ ਲੱਗਦਾ ਹੈ, ਤਾਂ ਫਿਰ ਉਹ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕਰਦਾ? ਹਾਲੇ ਵੀ ਦੁਨੀਆਂ ਵਿਚ ਇੰਨੇ ਦੁੱਖ-ਦਰਦ ਕਿਉਂ ਹਨ?

ਦੁਨੀਆਂ ’ਤੇ ਇੰਨੀ ਭਾਰੀ ਕਿਉਂ ਆਈ ਹੋਈ ਹੈ?

5. ਅਕਸਰ ਲੋਕਾਂ ਨੂੰ ਦੁੱਖਾਂ ਦੇ ਕਿਹੜੇ ਕਾਰਨ ਦੱਸੇ ਜਾਂਦੇ ਹਨ, ਪਰ ਬਾਈਬਲ ਕੀ ਕਹਿੰਦੀ ਹੈ?

5 ਲੋਕ ਅਕਸਰ ਆਪਣੇ ਗੁਰੂਆਂ ਜਾਂ ਪਾਦਰੀਆਂ ਤੋਂ ਪੁੱਛਦੇ ਹਨ ਕਿ ਦੁਨੀਆਂ ਵਿਚ ਇੰਨਾ ਦੁੱਖ-ਦਰਦ ਕਿਉਂ ਹੈ। ਆਮ ਤੌਰ ਤੇ ਉਨ੍ਹਾਂ ਨੂੰ ਜਵਾਬ ਮਿਲਦਾ ਹੈ ਕਿ ‘ਇਹ ਰੱਬ ਦਾ ਭਾਣਾ ਹੈ। ਜੋ ਸਾਡੇ ਨਸੀਬ ਵਿਚ ਲਿਖਿਆ ਹੈ ਉਸ ਨੂੰ ਕੋਈ ਨਹੀਂ ਟਾਲ ਸਕਦਾ।’ ਕਈਆਂ ਨੂੰ ਕਿਹਾ ਜਾਂਦਾ ਹੈ ਕਿ ‘ਰੱਬ ਦੀ ਰਜ਼ਾ ਕੋਈ ਨਹੀਂ ਜਾਣਦਾ।’ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ‘ਜੋ ਵੀ ਰੱਬ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਉਹ ਆਪਣੇ ਕੋਲ ਬੁਲਾ ਲੈਂਦਾ ਹੈ।’ ਪਰ ਇਹ ਗੱਲਾਂ ਸਰਾਸਰ ਝੂਠੀਆਂ ਹਨ। ਯਹੋਵਾਹ ਕਦੀ ਸਾਡਾ ਬੁਰਾ ਨਹੀਂ ਤੱਕਦਾ। ਦਰਅਸਲ ਬਾਈਬਲ ਕਹਿੰਦੀ ਹੈ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!”​—ਅੱਯੂਬ 34:10.

6. ਕਈ ਲੋਕ ਆਪਣੀਆਂ ਦੁੱਖ-ਤਕਲੀਫ਼ਾਂ ਲਈ ਰੱਬ ਨੂੰ ਜ਼ਿੰਮੇਵਾਰ ਕਿਉਂ ਠਹਿਰਾਉਂਦੇ ਹਨ?

6 ਕਈ ਲੋਕ ਆਪਣੀਆਂ ਦੁੱਖ-ਤਕਲੀਫ਼ਾਂ ਲਈ ਰੱਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਉਹ ਇਸ ਤਰ੍ਹਾਂ ਕਿਉਂ ਕਰਦੇ ਹਨ? ਕਿਉਂਕਿ ਉਹ ਇਹ ਯਕੀਨ ਕਰਦੇ ਹਨ ਕਿ ਰੱਬ ਦੀ ਮਰਜ਼ੀ ਬਿਨਾਂ ਤਾਂ ਇਕ ਪੱਤਾ ਵੀ ਨਹੀਂ ਹਿਲਦਾ। ਉਹ ਸੋਚਦੇ ਹਨ ਕਿ ਰੱਬ ਇਸ ਜਹਾਨ ਦਾ ਮਾਲਕ ਹੈ, ਇਸ ਲਈ ਉਹ ਹੀ ਇਹ ਸਭ ਕੁਝ ਕਰਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਖ਼ਬਰ ਨਹੀਂ ਕਿ ਅਸਲ ਵਿਚ ਸੰਸਾਰ ਵਿਚ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ। ਅਸੀਂ ਇਹ ਗੱਲ ਤੀਜੇ ਅਧਿਆਇ ਵਿਚ ਸਿੱਖੀ ਸੀ।

7, 8. (ੳ) ਦੁਨੀਆਂ ਵਿਚ ਇੰਨੀ ਨਫ਼ਰਤ ਕਿਉਂ ਹੈ? (ਅ) ਸਾਨੂੰ ਕਿਨ੍ਹਾਂ ਕਾਰਨਾਂ ਕਰਕੇ ਦੁੱਖਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

7 ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (1 ਯੂਹੰਨਾ 5:19) ਹੁਣ ਅਸੀਂ ਸਮਝ ਸਕਦੇ ਹਾਂ ਕਿ ਦੁਨੀਆਂ ਵਿਚ ਇੰਨੀ ਅੱਤ ਕਿਉਂ ਮਚੀ ਹੋਈ ਹੈ। ਸ਼ੈਤਾਨ ਸਾਰੀ ਦੁਨੀਆਂ ਨੂੰ ਆਪਣੀਆਂ ਉਂਗਲਾਂ ’ਤੇ ਨਚਾ ਰਿਹਾ ਹੈ ਅਤੇ ‘ਸਾਰੀ ਦੁਨੀਆਂ ਨੂੰ ਗੁਮਰਾਹ ਕਰ ਰਿਹਾ ਹੈ।’ (ਪ੍ਰਕਾਸ਼ ਦੀ ਕਿਤਾਬ 12:9) ਜਿਸ ਤਰ੍ਹਾਂ ਸ਼ੈਤਾਨ ਦੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਭਰਿਆ ਹੋਇਆ ਹੈ, ਉਸੇ ਤਰ੍ਹਾਂ ਦੁਨੀਆਂ ਵਿਚ ਵੀ ਹਰ ਪਾਸੇ ਨਫ਼ਰਤ ਹੀ ਨਫ਼ਰਤ ਹੈ। ਇਸੇ ਲਈ ਦੁਨੀਆਂ ਵਿਚ ਇੰਨਾ ਦੁੱਖ ਹੈ।

8 ਦੁਨੀਆਂ ਵਿਚ ਦੁੱਖਾਂ ਦਾ ਇਕ ਹੋਰ ਕਾਰਨ ਇਹ ਹੈ ਕਿ ਅਸੀਂ ਸਾਰੇ ਪਾਪੀ ਅਤੇ ਗ਼ਲਤੀਆਂ ਦੇ ਪੁਤਲੇ ਹਾਂ। ਪਾਪੀ ਹੋਣ ਕਰਕੇ ਇਕ ਇਨਸਾਨ ਦੂਸਰੇ ਇਨਸਾਨ ਉੱਤੇ ਹਕੂਮਤ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਨਤੀਜੇ ਵਜੋਂ ਸਾਨੂੰ ਲੜਾਈਆਂ, ਜ਼ੁਲਮ ਅਤੇ ਦੁੱਖ-ਦਰਦ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (ਉਪਦੇਸ਼ਕ ਦੀ ਪੋਥੀ 4:1; 8:9) ਦੁੱਖਾਂ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ‘ਹਰ ਕਿਸੇ ਉੱਤੇ ਬੁਰਾ ਸਮਾਂ ਆ ਸਕਦਾ ਹੈ।’ (ਉਪਦੇਸ਼ਕ 9:11, CL) ਯਹੋਵਾਹ ਇਨਸਾਨਾਂ ਦੇ ਕੰਮਾਂ ਵਿਚ ਦਖ਼ਲ ਨਹੀਂ ਦਿੰਦਾ ਅਤੇ ਨਾ ਹੀ ਉਨ੍ਹਾਂ ਨੂੰ ਬੁਰਾਈ ਤੋਂ ਬਚਾਉਂਦਾ ਹੈ। ਇਸ ਲਈ, ਸ਼ੈਤਾਨ ਦੀ ਦੁਨੀਆਂ ਵਿਚ ਰਹਿੰਦੇ ਹੋਏ ਸਾਡੀ ਜ਼ਿੰਦਗੀ ਪਲ ਵਿਚ ਹੀ ਬਦਲ ਸਕਦੀ ਹੈ।

9. ਅਸੀਂ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨੇ ਕਿਸੇ ਚੰਗੇ ਕਾਰਨ ਕਰਕੇ ਹੀ ਅਜੇ ਤਕ ਦੁੱਖਾਂ ਨੂੰ ਰੋਕਿਆ ਨਹੀਂ ਹੈ?

9 ਰੱਬ ਸਾਡੇ ਉੱਤੇ ਦੁੱਖ ਨਹੀਂ ਲਿਆਉਂਦਾ। ਦੁਨੀਆਂ ਵਿਚ ਹੋ ਰਹੇ ਖ਼ੂਨ-ਖ਼ਰਾਬੇ, ਜ਼ੁਲਮ, ਅਪਰਾਧ, ਇੱਥੋਂ ਤਕ ਕਿ ਕੁਦਰਤੀ ਆਫ਼ਤਾਂ ਦੇ ਪਿੱਛੇ ਵੀ ਰੱਬ ਦਾ ਕੋਈ ਹੱਥ ਨਹੀਂ ਹੈ। ਇਹ ਜਾਣ ਕੇ ਸਾਡੇ ਦਿਲ ਨੂੰ ਕਿੰਨਾ ਸਕੂਨ ਮਿਲਦਾ ਹੈ। ਪਰ ਫਿਰ ਵੀ ਅਸੀਂ ਸ਼ਾਇਦ ਸੋਚੀਏ ਕਿ ਰੱਬ ਇਨ੍ਹਾਂ ਦੁੱਖਾਂ ਨੂੰ ਰੋਕਦਾ ਕਿਉਂ ਨਹੀਂ। ਉਹ ਇਸ ਜਹਾਨ ਦਾ ਮਾਲਕ ਹੈ ਅਤੇ ਉਸ ਕੋਲ ਇਹ ਸਭ ਕੁਝ ਰੋਕਣ ਦੀ ਅਸੀਮ ਸ਼ਕਤੀ ਹੈ। ਤਾਂ ਫਿਰ ਉਸ ਨੇ ਆਪਣਾ ਹੱਥ ਰੋਕ ਕੇ ਕਿਉਂ ਰੱਖਿਆ ਹੈ? ਕੋਈ-ਨਾ-ਕੋਈ ਕਾਰਨ ਤਾਂ ਜ਼ਰੂਰ ਹੋਵੇਗਾ ਜਿਸ ਕਰਕੇ ਸਾਡੇ ਪਿਆਰੇ ਪਰਮੇਸ਼ੁਰ ਨੇ ਅਜੇ ਤਕ ਕੋਈ ਕਦਮ ਨਹੀਂ ਚੁੱਕਿਆ।​—1 ਯੂਹੰਨਾ 4:8.

ਸ਼ੈਤਾਨ ਨੇ ਯਹੋਵਾਹ ਨੂੰ ਲਲਕਾਰਿਆ

10. ਸ਼ੈਤਾਨ ਨੇ ਕਿਸ ਗੱਲ ਉੱਤੇ ਸਵਾਲ ਖੜ੍ਹਾ ਕੀਤਾ ਸੀ ਅਤੇ ਕਿੱਦਾਂ?

10 ਇਹ ਸਮਝਣ ਲਈ ਕਿ ਪਰਮੇਸ਼ੁਰ ਨੇ ਅਜੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ, ਸਾਨੂੰ ਦੁੱਖ-ਤਕਲੀਫ਼ਾਂ ਦੀ ਜੜ੍ਹ ਤਕ ਪਹੁੰਚਣ ਦੀ ਲੋੜ ਹੈ। ਜਦ ਆਦਮ ਤੇ ਹੱਵਾਹ ਨੇ ਸ਼ੈਤਾਨ ਦੇ ਮਗਰ ਲੱਗ ਕੇ ਯਹੋਵਾਹ ਨੂੰ ਠੁਕਰਾਇਆ ਸੀ, ਤਦ ਇਕ ਅਹਿਮ ਸਵਾਲ ਖੜ੍ਹਾ ਹੋਇਆ ਸੀ। ਸ਼ੈਤਾਨ ਨੇ ਯਹੋਵਾਹ ਦੀ ਸ਼ਕਤੀ ਉੱਤੇ ਉਂਗਲ ਨਹੀਂ ਉਠਾਈ ਸੀ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਸਰਬਸ਼ਕਤੀਮਾਨ ਹੈ। ਪਰ ਸ਼ੈਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ ਸੀ। ਉਸ ਨੇ ਯਹੋਵਾਹ ਨੂੰ ਝੂਠਾ ਕਿਹਾ ਅਤੇ ਇਹ ਵੀ ਕਿਹਾ ਕਿ ਉਹ ਇਨਸਾਨਾਂ ਦਾ ਭਲਾ ਨਹੀਂ ਚਾਹੁੰਦਾ। ਹਾਂ, ਸ਼ੈਤਾਨ ਯਹੋਵਾਹ ਦੇ ਰਾਜ ਕਰਨ ਦੇ ਤਰੀਕੇ ਉੱਤੇ ਸਵਾਲ ਖੜ੍ਹਾ ਕਰ ਕੇ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਇਕ ਚੰਗਾ ਰਾਜਾ ਨਹੀਂ ਸੀ। (ਉਤਪਤ 3:2-5 ਪੜ੍ਹੋ।) ਸ਼ੈਤਾਨ ਨੇ ਅਸਲ ਵਿਚ ਇਹ ਦਾਅਵਾ ਕੀਤਾ ਕਿ ਇਨਸਾਨਾਂ ਨੂੰ ਪਰਮੇਸ਼ੁਰ ਦੀ ਕੋਈ ਲੋੜ ਨਹੀਂ, ਸਗੋਂ ਉਹ ਆਪਣਾ ਭਲਾ-ਬੁਰਾ ਖ਼ੁਦ ਸੋਚ ਸਕਦੇ ਹਨ ਅਤੇ ਯਹੋਵਾਹ ਤੋਂ ਬਗੈਰ ਸੁਖੀ ਰਹਿ ਸਕਦੇ ਸਨ।

11. ਯਹੋਵਾਹ ਨੇ ਸ਼ੁਰੂ ਵਿਚ ਹੀ ਆਦਮ ਤੇ ਹੱਵਾਹ ਨੂੰ ਖ਼ਤਮ ਕਿਉਂ ਨਹੀਂ ਕੀਤਾ ਸੀ?

11 ਜਦੋਂ ਆਦਮ ਅਤੇ ਹੱਵਾਹ ਨੇ ਯਹੋਵਾਹ ਤੋਂ ਮੂੰਹ ਮੋੜਿਆ, ਤਾਂ ਉਹ ਅਸਲ ਵਿਚ ਇਹ ਕਹਿ ਰਹੇ ਸਨ ਕਿ ‘ਸਾਨੂੰ ਪਰਮੇਸ਼ੁਰ ਦੀ ਕੋਈ ਲੋੜ ਨਹੀਂ। ਅਸੀਂ ਆਪਣਾ ਭਲਾ-ਬੁਰਾ ਖ਼ੁਦ ਸੋਚ ਸਕਦੇ ਹਾਂ।’ ਕੀ ਇਹ ਸੱਚ ਸੀ? ਬਿਲਕੁਲ ਨਹੀਂ। ਪਰ ਯਹੋਵਾਹ ਕਿੱਦਾਂ ਸਬੂਤ ਦੇ ਸਕਦਾ ਸੀ ਕਿ ਆਦਮ ਤੇ ਹੱਵਾਹ ਗ਼ਲਤ ਸਨ ਅਤੇ ਇਨਸਾਨਾਂ ਨੂੰ ਉਸ ਦੀ ਜ਼ਰੂਰਤ ਹੈ? ਕਈ ਸ਼ਾਇਦ ਕਹਿਣ ਕਿ ਯਹੋਵਾਹ ਨੂੰ ਉਸੇ ਪਲ ਆਦਮ ਤੇ ਹੱਵਾਹ ਨੂੰ ਖ਼ਤਮ ਕਰ ਕੇ ਇਕ ਹੋਰ ਨਵੇਂ ਜੋੜੇ ਨੂੰ ਬਣਾਉਣਾ ਚਾਹੀਦਾ ਸੀ। ਪਰ ਯਾਦ ਰੱਖੋ ਕਿ ਯਹੋਵਾਹ ਜੋ ਵੀ ਠਾਣਦਾ ਹੈ, ਉਹ ਉਸ ਨੂੰ ਪੂਰਾ ਕਰ ਕੇ ਹੀ ਰਹਿੰਦਾ ਹੈ। ਉਸ ਦੀ ਕਹੀ ਹਰ ਗੱਲ ਪੱਥਰ ’ਤੇ ਲਕੀਰ ਹੁੰਦੀ ਹੈ। (ਯਸਾਯਾਹ 55:10, 11) ਯਹੋਵਾਹ ਦਾ ਮਕਸਦ ਸੀ ਕਿ ਆਦਮ ਤੇ ਹੱਵਾਹ ਦੇ ਬੱਚੇ ਧਰਤੀ ਨੂੰ ਭਰ ਕੇ ਉਸ ਉੱਤੇ ਸਦਾ ਲਈ ਜੀਉਣ। (ਉਤਪਤ 1:28) ਇਸ ਲਈ ਆਦਮ ਤੇ ਹੱਵਾਹ ਦੇ ਸੰਬੰਧ ਵਿਚ ਯਹੋਵਾਹ ਦਾ ਮਕਸਦ ਪੂਰਾ ਹੋ ਕੇ ਹੀ ਰਹਿਣਾ ਸੀ। ਇਸ ਤੋਂ ਇਲਾਵਾ, ਜੇ ਯਹੋਵਾਹ ਆਦਮ ਤੇ ਹੱਵਾਹ ਨੂੰ ਉਦੋਂ ਹੀ ਖ਼ਤਮ ਕਰ ਦਿੰਦਾ, ਤਾਂ ਯਹੋਵਾਹ ਦੇ ਰਾਜ ਕਰਨ ਦੇ ਹੱਕ ਬਾਰੇ ਸ਼ੈਤਾਨ ਦੇ ਸਵਾਲ ਦਾ ਜਵਾਬ ਨਹੀਂ ਸੀ ਮਿਲਣਾ।

12, 13. ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਨੇ ਸ਼ੈਤਾਨ ਅਤੇ ਇਨਸਾਨਾਂ ਨੂੰ ਰਾਜ ਕਰਨ ਦਾ ਮੌਕਾ ਕਿਉਂ ਦਿੱਤਾ।

12 ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ। ਕਲਪਨਾ ਕਰੋ ਕਿ ਇਕ ਟੀਚਰ ਸਾਰੀ ਕਲਾਸ ਨੂੰ ਗਣਿਤ ਦਾ ਸਵਾਲ ਸੁਲਝਾਉਣ ਦਾ ਤਰੀਕਾ ਸਮਝਾ ਰਿਹਾ ਹੈ। ਇਕ ਹੁਸ਼ਿਆਰ ਪਰ ਜ਼ਿੱਦੀ ਮੁੰਡਾ ਖੜ੍ਹਾ ਹੋ ਕੇ ਟੀਚਰ ਨੂੰ ਕਹਿੰਦਾ ਹੈ: ‘ਸਵਾਲ ਸੁਲਝਾਉਣ ਦਾ ਤੁਹਾਡਾ ਤਰੀਕਾ ਗ਼ਲਤ ਹੈ। ਮੈਂ ਇਕ ਬਿਹਤਰ ਤਰੀਕਾ ਜਾਣਦਾ ਹਾਂ।’ ਕਲਾਸ ਦੇ ਕੁਝ ਬੱਚੇ ਸੋਚਦੇ ਹਨ ਕਿ ਇਹ ਮੁੰਡਾ ਸਹੀ ਹੈ, ਤਾਂ ਉਹ ਵੀ ਉਸ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ। ਅਜਿਹੇ ਮਾਮਲੇ ਵਿਚ ਟੀਚਰ ਨੂੰ ਕੀ ਕਰਨਾ ਚਾਹੀਦਾ ਹੈ? ਜੇ ਉਹ ਇਨ੍ਹਾਂ ਸਾਰਿਆਂ ਨੂੰ ਕਲਾਸ ਵਿੱਚੋਂ ਬਾਹਰ ਕੱਢ ਦੇਵੇ, ਤਾਂ ਦੂਸਰੇ ਬੱਚੇ ਕੀ ਸੋਚਣਗੇ? ਉਨ੍ਹਾਂ ਦੇ ਮਨ ਵਿਚ ਸ਼ੱਕ ਪੈਦਾ ਹੋ ਸਕਦਾ ਹੈ। ਸ਼ਾਇਦ ਉਹ ਵੀ ਸੋਚਣ ਕਿ ਉਹ ਮੁੰਡਾ ਸਹੀ ਕਹਿ ਰਿਹਾ ਹੈ ਤੇ ਟੀਚਰ ਸੱਚ ਦਾ ਸਾਮ੍ਹਣਾ ਕਰਨ ਦੀ ਬਜਾਇ ਇਸ ਨੂੰ ਛੁਪਾ ਰਿਹਾ ਹੈ। ਨਤੀਜੇ ਵਜੋਂ ਸ਼ਾਇਦ ਬੱਚਿਆਂ ਦੀਆਂ ਨਜ਼ਰਾਂ ਵਿਚ ਟੀਚਰ ਲਈ ਕੋਈ ਇੱਜ਼ਤ ਨਾ ਰਹੇ। ਇਸ ਮੁਸ਼ਕਲ ਨੂੰ ਹੱਲ ਕਰਨ ਦਾ ਇੱਕੋ-ਇਕ ਤਰੀਕਾ ਹੈ ਕਿ ਟੀਚਰ ਉਸ ਮੁੰਡੇ ਨੂੰ ਆਪਣਾ ਦਾਅਵਾ ਸੱਚ ਸਾਬਤ ਕਰਨ ਦਾ ਮੌਕਾ ਦੇਵੇ।

ਕੀ ਇਹ ਮੁੰਡਾ ਆਪਣੇ ਟੀਚਰ ਨਾਲੋਂ ਜ਼ਿਆਦਾ ਕਾਬਲ ਹੈ?

13 ਯਹੋਵਾਹ ਨੇ ਵੀ ਕੁਝ ਇਸ ਤਰ੍ਹਾਂ ਹੀ ਕੀਤਾ ਹੈ। ਯਾਦ ਕਰੋ ਕਿ ਅਦਨ ਦੇ ਬਾਗ਼ ਵਿਚ ਆਦਮ, ਹੱਵਾਹ ਅਤੇ ਸ਼ੈਤਾਨ ਦੇ ਨਾਲ-ਨਾਲ ਲੱਖਾਂ ਦੂਤ ਵੀ ਸਭ ਕੁਝ ਦੇਖ ਰਹੇ ਸਨ। (ਅੱਯੂਬ 38:7; ਦਾਨੀਏਲ 7:10) ਯਹੋਵਾਹ ਉਸ ਵੇਲੇ ਜੋ ਵੀ ਫ਼ੈਸਲਾ ਕਰਦਾ, ਉਸ ਦਾ ਅਸਰ ਸਾਰਿਆਂ ਦੂਤਾਂ ਅਤੇ ਸਾਰੀ ਮਨੁੱਖਜਾਤੀ ਉੱਤੇ ਪੈਣਾ ਸੀ। ਤਾਂ ਫਿਰ, ਯਹੋਵਾਹ ਨੇ ਇਸ ਮੁਸ਼ਕਲ ਨੂੰ ਕਿੱਦਾਂ ਸੁਲਝਾਇਆ? ਉਸ ਨੇ ਸ਼ੈਤਾਨ ਨੂੰ ਆਪਣਾ ਦਾਅਵਾ ਸੱਚ ਸਾਬਤ ਕਰਨ ਦਾ ਮੌਕਾ ਦਿੱਤਾ। ਇਸ ਦੇ ਨਾਲ-ਨਾਲ ਯਹੋਵਾਹ ਨੇ ਇਨਸਾਨਾਂ ਨੂੰ ਵੀ ਆਪਣੇ ਉੱਤੇ ਰਾਜ ਕਰਨ ਦੇ ਵੱਖੋ-ਵੱਖਰੇ ਤਰੀਕੇ ਅਜ਼ਮਾਉਣ ਦਾ ਮੌਕਾ ਦਿੱਤਾ।

14. ਇਨਸਾਨਾਂ ਨੂੰ ਰਾਜ ਕਰਨ ਦੀ ਇਜਾਜ਼ਤ ਦੇਣ ਦਾ ਕੀ ਫ਼ਾਇਦਾ ਹੋਇਆ?

14 ਆਓ ਆਪਾਂ ਦੁਬਾਰਾ ਟੀਚਰ ਦੀ ਮਿਸਾਲ ’ਤੇ ਗੌਰ ਕਰੀਏ। ਟੀਚਰ ਜਾਣਦਾ ਹੈ ਕਿ ਜ਼ਿੱਦੀ ਮੁੰਡਾ ਅਤੇ ਉਸ ਦੇ ਦੋਸਤ ਗ਼ਲਤ ਹਨ। ਪਰ ਉਹ ਇਹ ਵੀ ਜਾਣਦਾ ਹੈ ਕਿ ਜੇ ਉਨ੍ਹਾਂ ਨੂੰ ਆਪਣਾ ਦਾਅਵਾ ਸੱਚ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇ, ਤਾਂ ਇਸ ਤੋਂ ਪੂਰੀ ਕਲਾਸ ਨੂੰ ਫ਼ਾਇਦਾ ਹੋਵੇਗਾ। ਜਦ ਉਹ ਨਾਕਾਮਯਾਬ ਹੋਣਗੇ, ਤਾਂ ਸਾਰੀ ਕਲਾਸ ਦੇਖ ਸਕੇਗੀ ਕਿ ਸਿਰਫ਼ ਟੀਚਰ ਹੀ ਕਲਾਸ ਨੂੰ ਸਿਖਾਉਣ ਦੇ ਕਾਬਲ ਹੈ। ਜੇ ਅਗਾਹਾਂ ਨੂੰ ਟੀਚਰ ਅਜਿਹੇ ਕਿਸੇ ਜ਼ਿੱਦੀ ਬੱਚੇ ਨੂੰ ਕਲਾਸ ਵਿੱਚੋਂ ਕੱਢੇਗਾ, ਤਾਂ ਕਲਾਸ ਟੀਚਰ ਨੂੰ ਦੋਸ਼ ਨਹੀਂ ਦੇਵੇਗੀ। ਇਸੇ ਤਰ੍ਹਾਂ ਯਹੋਵਾਹ ਪਰਮੇਸ਼ੁਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ੈਤਾਨ ਝੂਠਾ ਹੈ ਅਤੇ ਇਨਸਾਨ ਪਰਮੇਸ਼ੁਰ ਤੋਂ ਬਗੈਰ ਸਫ਼ਲ ਨਹੀਂ ਹੋ ਸਕਦੇ। ਇਨਸਾਨਾਂ ਨੂੰ ਆਪਣੀ ਮਨ-ਮਰਜ਼ੀ ਕਰਨ ਦੀ ਇਜਾਜ਼ਤ ਦੇ ਕੇ ਯਹੋਵਾਹ ਨੇ ਸਾਰੇ ਨੇਕਦਿਲ ਲੋਕਾਂ ਅਤੇ ਦੂਤਾਂ ਨੂੰ ਇਹ ਦੇਖਣ ਦਾ ਮੌਕਾ ਦਿੱਤਾ ਹੈ ਕਿ ਇਨਸਾਨ ਆਪਣੇ ’ਤੇ ਰਾਜ ਨਹੀਂ ਕਰ ਸਕਦਾ। ਉਹ ਯਿਰਮਿਯਾਹ ਨਬੀ ਦੇ ਸ਼ਬਦਾਂ ਦੀ ਸੱਚਾਈ ਨੂੰ ਦੇਖ ਸਕਣਗੇ ਜਿਸ ਨੇ ਕਿਹਾ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”​—ਯਿਰਮਿਯਾਹ 10:23.

ਯਹੋਵਾਹ ਨੇ ਇੰਨਾ ਚਿਰ ਕਿਉਂ ਲਾਇਆ ਹੈ?

15, 16. (ੳ) ਯਹੋਵਾਹ ਨੇ ਹਾਲੇ ਤਕ ਬੁਰਾਈ ਨੂੰ ਰੋਕਿਆ ਕਿਉਂ ਨਹੀਂ? (ਅ) ਯਹੋਵਾਹ ਦਖ਼ਲ ਦੇ ਕੇ ਜ਼ੁਲਮ ਨੂੰ ਖ਼ਤਮ ਕਿਉਂ ਨਹੀਂ ਕਰਦਾ?

15 ਅਦਨ ਦੇ ਬਾਗ਼ ਵਿਚ ਖੜ੍ਹੀ ਕੀਤੀ ਸਮੱਸਿਆ ਨੂੰ ਹੱਲ ਕਰਨ ਲਈ ਯਹੋਵਾਹ ਨੇ ਇੰਨਾ ਚਿਰ ਕਿਉਂ ਲਾਇਆ ਹੈ? ਉਹ ਬੁਰਾਈ ਨੂੰ ਰੋਕਦਾ ਕਿਉਂ ਨਹੀਂ? ਆਓ ਆਪਾਂ ਇਕ ਵਾਰ ਫਿਰ ਉਸ ਟੀਚਰ ਦੀ ਮਿਸਾਲ ਉੱਤੇ ਗੌਰ ਕਰੀਏ। ਟੀਚਰ ਨੇ ਕਿਹੜੇ ਦੋ ਕੰਮ ਨਹੀਂ ਕੀਤੇ? ਪਹਿਲਾ, ਉਸ ਨੇ ਮੁੰਡੇ ਨੂੰ ਆਪਣਾ ਦਾਅਵਾ ਸੱਚ ਸਾਬਤ ਕਰਨ ਤੋਂ ਨਹੀਂ ਰੋਕਿਆ। ਦੂਜਾ, ਉਸ ਨੇ ਮੁੰਡੇ ਦੀ ਕੋਈ ਮਦਦ ਨਹੀਂ ਕੀਤੀ। ਇਸੇ ਤਰ੍ਹਾਂ ਯਹੋਵਾਹ ਨੇ ਸ਼ੈਤਾਨ ਅਤੇ ਉਸ ਦੇ ਸਾਥੀਆਂ ਨੂੰ ਆਪਣਾ ਦਾਅਵਾ ਸਾਬਤ ਕਰਨ ਤੋਂ ਨਹੀਂ ਰੋਕਿਆ, ਸਗੋਂ ਉਨ੍ਹਾਂ ਨੂੰ ਚੋਖਾ ਸਮਾਂ ਦਿੱਤਾ ਹੈ। ਬੀਤੇ ਹਜ਼ਾਰਾਂ ਸਾਲਾਂ ਦੌਰਾਨ ਇਨਸਾਨਾਂ ਨੇ ਵੱਖੋ-ਵੱਖਰੀਆਂ ਸਰਕਾਰਾਂ ਅਜ਼ਮਾ ਕੇ ਦੇਖੀਆਂ ਹਨ। ਇਹ ਸੱਚ ਹੈ ਕਿ ਉਨ੍ਹਾਂ ਨੇ ਕੁਝ ਖੇਤਰਾਂ ਵਿਚ ਤਰੱਕੀ ਕੀਤੀ ਹੈ, ਪਰ ਦੁਨੀਆਂ ਵਿਚ ਅਤਿਆਚਾਰ, ਗ਼ਰੀਬੀ, ਲੜਾਈਆਂ ਤੇ ਜ਼ੁਲਮ ਵਧਦੇ ਹੀ ਜਾ ਰਹੇ ਹਨ। ਬਿਨਾਂ ਸ਼ੱਕ ਯਹੋਵਾਹ ਤੋਂ ਬਗੈਰ ਇਨਸਾਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।

16 ਦੂਜੀ ਗੱਲ ਇਹ ਹੈ ਕਿ ਯਹੋਵਾਹ ਨੇ ਸ਼ੈਤਾਨ ਨੂੰ ਦੁਨੀਆਂ ’ਤੇ ਰਾਜ ਕਰਨ ਵਿਚ ਕੋਈ ਮਦਦ ਨਹੀਂ ਦਿੱਤੀ। ਜੇ ਯਹੋਵਾਹ ਦਖ਼ਲ ਦੇ ਕੇ ਹਰ ਜ਼ੁਲਮ ਨੂੰ ਰੋਕਦਾ, ਤਾਂ ਇਹ ਪਤਾ ਨਹੀਂ ਲੱਗਣਾ ਸੀ ਕਿ ਸ਼ੈਤਾਨ ਕਿੰਨਾ ਜ਼ਾਲਮ ਹੈ ਅਤੇ ਉਸ ਦਾ ਰਾਜ ਕਿੰਨਾ ਭੈੜਾ ਹੈ। ਇਸ ਦੇ ਨਾਲ-ਨਾਲ, ਇਨਸਾਨਾਂ ਨੇ ਸ਼ਾਇਦ ਇਹੀ ਸੋਚਣਾ ਸੀ ਕਿ ਉਹ ਪਰਮੇਸ਼ੁਰ ਤੋਂ ਬਗੈਰ ਸਫ਼ਲ ਹੋ ਸਕਦੇ ਹਨ। ਸ਼ੈਤਾਨ ਦੇ ਕੰਮਾਂ ਵਿਚ ਦਖ਼ਲਅੰਦਾਜ਼ੀ ਕਰ ਕੇ ਯਹੋਵਾਹ ਝੂਠ ਦਾ ਸਾਥ ਦੇ ਰਿਹਾ ਹੁੰਦਾ। ਪਰ ਸਾਨੂੰ ਪਤਾ ਹੈ ਕਿ “ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ।”​—ਇਬਰਾਨੀਆਂ 6:18.

17, 18. ਉਹ ਨੁਕਸਾਨ ਕਿੱਦਾਂ ਪੂਰਾ ਕੀਤਾ ਜਾਵੇਗਾ ਜੋ ਸ਼ੈਤਾਨ ਦੇ ਬੁਰੇ ਅਸਰ ਅਤੇ ਇਨਸਾਨਾਂ ਦੇ ਰਾਜ ਕਾਰਨ ਹੋਇਆ ਹੈ?

17 ਪਰ ਸ਼ੈਤਾਨ ਦੁਆਰਾ ਕੀਤੇ ਨੁਕਸਾਨ ਬਾਰੇ ਕੀ ਹੋਵੇਗਾ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਰਬਸ਼ਕਤੀਮਾਨ ਹੈ ਤੇ ਉਹ ਸਭ ਕੁਝ ਠੀਕ ਕਰ ਸਕਦਾ ਹੈ। ਜਿੱਦਾਂ ਅਸੀਂ ਪਹਿਲਾਂ ਦੇਖਿਆ ਹੈ, ਪੂਰੀ ਧਰਤੀ ਅਦਨ ਦੇ ਬਾਗ਼ ਵਾਂਗ ਸੁੰਦਰ ਬਣਾਈ ਜਾਵੇਗੀ। ਯਿਸੂ ਦੀ ਕੁਰਬਾਨੀ ਸਦਕਾ ਸਾਡੇ ਸਾਰੇ ਪਾਪ ਮਾਫ਼ ਕੀਤੇ ਜਾਣਗੇ। ਮੌਤ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ ਅਤੇ ਮਰੇ ਹੋਇਆਂ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ। ਇਸ ਤਰ੍ਹਾਂ, ਯਹੋਵਾਹ ਪਰਮੇਸ਼ੁਰ ਆਪਣੇ ਪੁੱਤਰ ਯਿਸੂ ਦੁਆਰਾ ‘ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰੇਗਾ।’ (1 ਯੂਹੰਨਾ 3:8) ਯਹੋਵਾਹ ਇਹ ਸਭ ਕੁਝ ਆਪਣੇ ਠਹਿਰਾਏ ਸਮੇਂ ’ਤੇ ਕਰੇਗਾ। ਸਾਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਯਹੋਵਾਹ ਨੇ ਇਸ ਬੁਰੀ ਦੁਨੀਆਂ ਨੂੰ ਅਜੇ ਤਕ ਖ਼ਤਮ ਨਹੀਂ ਕੀਤਾ ਕਿਉਂਕਿ ਉਸ ਦੇ ਧੀਰਜ ਕਰਕੇ ਹੀ ਸਾਨੂੰ ਉਸ ਬਾਰੇ ਸਿੱਖਣ ਅਤੇ ਉਸ ਦੀ ਭਗਤੀ ਕਰਨ ਦਾ ਮੌਕਾ ਮਿਲਿਆ ਹੈ। (2 ਪਤਰਸ 3:9, 10 ਪੜ੍ਹੋ।) ਅਤੇ ਯਹੋਵਾਹ ਉਨ੍ਹਾਂ ਸਾਰਿਆਂ ਦੀ ਮਦਦ ਕਰਦਾ ਹੈ ਜੋ ਨਵੀਂ ਦੁਨੀਆਂ ਦੀ ਉਡੀਕ ਕਰਦੇ ਹੋਏ ਦਿਲੋਂ ਉਸ ਦੀ ਭਗਤੀ ਕਰਦੇ ਹਨ। ਹਾਂ, ਉਹ ਹਰ ਮੁਸ਼ਕਲ ਵਿਚ ਉਨ੍ਹਾਂ ਨੂੰ ਸਹਾਰਾ ਦਿੰਦਾ ਹੈ।​—ਯੂਹੰਨਾ 4:23; 1 ਕੁਰਿੰਥੀਆਂ 10:13.

18 ਪਰ ਕਈ ਲੋਕ ਸ਼ਾਇਦ ਸੋਚਣ, ‘ਜੇ ਸਾਰੇ ਦੁੱਖ ਆਦਮ ਅਤੇ ਹੱਵਾਹ ਦੀ ਗ਼ਲਤੀ ਕਰਕੇ ਆਏ ਹਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਕਿਉਂ ਨਹੀਂ ਬਣਾਇਆ ਕਿ ਉਹ ਬਗਾਵਤ ਕਰਦੇ ਹੀ ਨਾ?’ ਇਸ ਸਵਾਲ ਦਾ ਜਵਾਬ ਪਾਉਣ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਸਾਰਿਆਂ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ।

ਅਸੀਂ ਆਪਣੀ ਆਜ਼ਾਦੀ ਕਿੱਦਾਂ ਇਸਤੇਮਾਲ ਕਰਾਂਗੇ?

ਦੁੱਖਾਂ ਨੂੰ ਸਹਿਣ ਵਿਚ ਯਹੋਵਾਹ ਤੁਹਾਡੀ ਮਦਦ ਕਰੇਗਾ

19. ਯਹੋਵਾਹ ਨੇ ਸਾਨੂੰ ਕਿਹੜੀ ਬਰਕਤ ਦਿੱਤੀ ਹੈ ਅਤੇ ਸਾਨੂੰ ਇਸ ਦੀ ਕਿਉਂ ਕਦਰ ਕਰਨੀ ਚਾਹੀਦੀ ਹੈ?

19 ਅਸੀਂ ਪੰਜਵੇਂ ਅਧਿਆਇ ਵਿਚ ਦੇਖਿਆ ਸੀ ਕਿ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਇਨਸਾਨਾਂ ਤੇ ਜਾਨਵਰਾਂ ਵਿਚ ਇਸ ਵੱਡੇ ਅੰਤਰ ਨੂੰ ਦੇਖ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਆਜ਼ਾਦੀ ਯਹੋਵਾਹ ਵੱਲੋਂ ਇਕ ਵੱਡੀ ਬਰਕਤ ਹੈ। ਅਸੀਂ ਸੋਚ-ਸਮਝ ਕੇ ਫ਼ੈਸਲੇ ਕਰ ਸਕਦੇ ਹਾਂ, ਪਰ ਜਾਨਵਰ ਇਸ ਤਰ੍ਹਾਂ ਨਹੀਂ ਕਰ ਸਕਦੇ। ਜਾਨਵਰ ਉਹ ਹੀ ਕੰਮ ਕਰਦੇ ਹਨ ਜਿਨ੍ਹਾਂ ਲਈ ਉਨ੍ਹਾਂ ਨੂੰ ਬਣਾਇਆ ਗਿਆ ਹੈ। ਜੇ ਯਹੋਵਾਹ ਨੇ ਸਾਨੂੰ ਉਨ੍ਹਾਂ ਵਰਗੇ ਹੀ ਬਣਾਇਆ ਹੁੰਦਾ, ਤਾਂ ਕੀ ਅਸੀਂ ਸੱਚ-ਮੁੱਚ ਖ਼ੁਸ਼ ਹੁੰਦੇ? ਨਹੀਂ। ਅਸੀਂ ਇਸ ਲਈ ਖ਼ੁਸ਼ ਹਾਂ ਕਿਉਂਕਿ ਅਸੀਂ ਖ਼ੁਦ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹਾਂ, ਜ਼ਿੰਦਗੀ ਵਿਚ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕਿਨ੍ਹਾਂ ਨਾਲ ਅਸੀਂ ਦੋਸਤੀ ਕਰਨੀ ਚਾਹੁੰਦੇ ਹਾਂ ਵਗੈਰਾ-ਵਗੈਰਾ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਆਜ਼ਾਦੀ ਨੂੰ ਇਸਤੇਮਾਲ ਕਰੀਏ।

20, 21. ਅਸੀਂ ਆਪਣੀ ਆਜ਼ਾਦੀ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਕਿੱਦਾਂ ਵਰਤ ਸਕਦੇ ਹਾਂ ਅਤੇ ਅਸੀਂ ਇਸ ਤਰ੍ਹਾਂ ਕਿਉਂ ਕਰਨਾ ਚਾਹੁੰਦੇ ਹਾਂ?

20 ਯਹੋਵਾਹ ਕਦੇ ਕਿਸੇ ਨੂੰ ਆਪਣੀ ਭਗਤੀ ਕਰਨ ਲਈ ਮਜਬੂਰ ਨਹੀਂ ਕਰਦਾ। (2 ਕੁਰਿੰਥੀਆਂ 9:7) ਮਿਸਾਲ ਲਈ, ਮਾਪਿਆਂ ਦੇ ਦਿਲਾਂ ਨੂੰ ਕਿਹੜੀ ਗੱਲ ਜ਼ਿਆਦਾ ਭਾਉਂਦੀ ਹੈ? ਇਹ ਕਿ ਬੱਚਾ ਦਿਲੋਂ ਉਨ੍ਹਾਂ ਦਾ ਆਦਰ-ਮਾਣ ਕਰ ਕੇ ਉਨ੍ਹਾਂ ਦੇ ਆਖੇ ਲੱਗੇ ਜਾਂ ਕਿ ਉਹ ਕਿਸੇ ਹੋਰ ਦੇ ਕਹਿਣ ਤੇ ਜਾਂ ਮਜਬੂਰ ਹੋ ਕੇ ਇੱਦਾਂ ਕਰੇ? ਤਾਂ ਫਿਰ, ਸਵਾਲ ਖੜ੍ਹਾ ਹੁੰਦਾ ਹੈ ਕਿ ਤੁਸੀਂ ਆਪਣੀ ਆਜ਼ਾਦੀ ਨੂੰ ਕਿੱਦਾਂ ਵਰਤੋਗੇ? ਯਾਦ ਰੱਖੋ, ਸ਼ੈਤਾਨ, ਆਦਮ ਤੇ ਹੱਵਾਹ ਨੇ ਆਪਣੇ ਪਿਤਾ ਯਹੋਵਾਹ ਨੂੰ ਠੁਕਰਾ ਕੇ ਆਪਣੀ ਆਜ਼ਾਦੀ ਨੂੰ ਸਹੀ ਤਰੀਕੇ ਨਾਲ ਨਹੀਂ ਵਰਤਿਆ ਸੀ। ਪਰ ਤੁਸੀਂ ਕੀ ਕਰੋਗੇ?

21 ਤੁਹਾਡੇ ਕੋਲ ਆਪਣੀ ਆਜ਼ਾਦੀ ਨੂੰ ਸਹੀ ਤਰੀਕੇ ਨਾਲ ਵਰਤਣ ਦਾ ਮੌਕਾ ਹੈ। ਤੁਸੀਂ ਯਹੋਵਾਹ ਦੇ ਲੱਖਾਂ ਭਗਤਾਂ ਵਿਚ ਗਿਣੇ ਜਾ ਸਕਦੇ ਹੋ। ਉਨ੍ਹਾਂ ਨਾਲ ਮਿਲ ਕੇ ਤੁਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕਦੇ ਹੋ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹੋ। (ਕਹਾਉਤਾਂ 27:11) ਅਗਲੇ ਅਧਿਆਇ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਕਿੱਦਾਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰ ਕੇ ਸਫ਼ਲ ਹੋ ਸਕਦੇ ਹਾਂ।