Skip to content

Skip to table of contents

ਅਧਿਆਇ 14

ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਓ

ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਓ
  • ਚੰਗਾ ਪਤੀ ਬਣਨ ਲਈ ਕੀ ਜ਼ਰੂਰੀ ਹੈ?

  • ਚੰਗੀ ਪਤਨੀ ਬਣਨ ਲਈ ਕੀ ਜ਼ਰੂਰੀ ਹੈ?

  • ਮਾਪਿਆਂ ਦੀ ਕੀ ਜ਼ਿੰਮੇਵਾਰੀ ਹੈ?

  • ਪਰਿਵਾਰ ਵਿਚ ਖ਼ੁਸ਼ੀਆਂ ਲਿਆਉਣ ਲਈ ਬੱਚੇ ਕੀ ਕਰ ਸਕਦੇ ਹਨ?

1. ਘਰ ਵਿਚ ਖ਼ੁਸ਼ੀਆਂ ਤੇ ਸ਼ਾਂਤੀ ਦਾ ਮਾਹੌਲ ਕਿੱਦਾਂ ਪੈਦਾ ਕੀਤਾ ਜਾ ਸਕਦਾ ਹੈ?

ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਹਾਡੇ ਪਰਿਵਾਰ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣ। ਇਸ ਲਈ ਉਸ ਨੇ ਆਪਣੇ ਬਚਨ ਵਿਚ ਪਰਿਵਾਰ ਦੇ ਹਰ ਜੀਅ ਨੂੰ ਸਲਾਹ ਦਿੱਤੀ ਹੈ। ਯਿਸੂ ਨੇ ਕਿਹਾ: “ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ।” (ਲੂਕਾ 11:28) ਜੇ ਪਰਿਵਾਰ ਦੇ ਸਾਰੇ ਜੀਅ ਪਰਮੇਸ਼ੁਰ ਦੀ ਸਲਾਹ ਨੂੰ ਲਾਗੂ ਕਰਨ, ਤਾਂ ਘਰ ਵਿਚ ਖ਼ੁਸ਼ੀਆਂ ਤੇ ਸ਼ਾਂਤੀ ਦਾ ਮਾਹੌਲ ਪੈਦਾ ਹੋਵੇਗਾ।

2. ਪਰਿਵਾਰ ਨੂੰ ਸੁਖੀ ਬਣਾਉਣ ਲਈ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

2 ਸਾਨੂੰ ਕਦੀ ਵੀ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਯਹੋਵਾਹ ਨੇ ਹੀ ਪਰਿਵਾਰ ਦੀ ਸ਼ੁਰੂਆਤ ਕੀਤੀ ਸੀ। ਉਹ ‘ਸਾਡਾ ਪਿਤਾ’ ਹੈ। (ਮੱਤੀ 6:9) ਉਸ ਨੇ ਹੀ ਪਹਿਲੀ ਜੋੜੀ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹ ਕੇ ਪਰਿਵਾਰ ਦੀ ਨੀਂਹ ਧਰੀ ਸੀ। ਉਹ ਜਾਣਦਾ ਹੈ ਕਿ ਪਰਿਵਾਰ ਨੂੰ ਸੁਖੀ ਬਣਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ। (ਅਫ਼ਸੀਆਂ 3:14, 15) ਤਾਂ ਫਿਰ, ਯਹੋਵਾਹ ਪਰਿਵਾਰ ਦੇ ਜੀਆਂ ਨੂੰ ਕੀ ਸਲਾਹ ਦਿੰਦਾ ਹੈ? ਆਓ ਆਪਾਂ ਦੇਖੀਏ।

ਪਰਮੇਸ਼ੁਰ ਨੇ ਪਰਿਵਾਰ ਦੀ ਨੀਂਹ ਧਰੀ

3. ਬਾਈਬਲ ਅਨੁਸਾਰ ਪਹਿਲੇ ਪਰਿਵਾਰ ਦੀ ਸ਼ੁਰੂਆਤ ਕਿੱਦਾਂ ਹੋਈ ਸੀ ਅਤੇ ਅਸੀਂ ਕਿੱਦਾਂ ਜਾਣਦੇ ਹਾਂ ਕਿ ਇਹ ਬਿਰਤਾਂਤ ਸੱਚ ਹੈ?

3 ਯਹੋਵਾਹ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਬਣਾਇਆ ਤੇ ਵਿਆਹ ਦੇ ਬੰਧਨ ਵਿਚ ਬੰਨ੍ਹ ਕੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਤੇ ਅਸੀਸ ਦਿੱਤੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤਪਤ 1:26-28; 2:18, 21-24) ਇਹ ਕੋਈ ਮਨ-ਘੜਤ ਕਹਾਣੀ ਨਹੀਂ ਹੈ, ਸਗੋਂ ਸੱਚੀ ਗੱਲ ਹੈ ਕਿਉਂਕਿ ਯਿਸੂ ਨੇ ਵੀ ਇਸ ਗੱਲ ਦੀ ਹਾਮੀ ਭਰੀ ਸੀ। (ਮੱਤੀ 19:4, 5) ਭਾਵੇਂ ਕਿ ਯਹੋਵਾਹ ਦੇ ਮੁਢਲੇ ਮਕਸਦ ਦੇ ਉਲਟ ਅੱਜ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ, ਪਰ ਫਿਰ ਵੀ ਅਸੀਂ ਕਾਫ਼ੀ ਹੱਦ ਤਕ ਆਪਣੇ ਪਰਿਵਾਰ ਵਿਚ ਖ਼ੁਸ਼ੀ ਪਾ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਇਹ ਕਿੱਦਾਂ ਮੁਮਕਿਨ ਹੈ।

4. (ੳ) ਪਰਿਵਾਰ ਦਾ ਹਰ ਜੀਅ ਆਪਣੇ ਘਰ ਦੀ ਖ਼ੁਸ਼ੀ ਕਿੱਦਾਂ ਵਧਾ ਸਕਦਾ ਹੈ? (ਅ) ਪਰਿਵਾਰ ਨੂੰ ਸੁਖੀ ਬਣਾਉਣ ਲਈ ਯਿਸੂ ਦੀ ਮਿਸਾਲ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ?

4 ਪਰਮੇਸ਼ੁਰ ਪਿਆਰ ਹੈ। ਪਰਿਵਾਰ ਦਾ ਹਰ ਜੀਅ ਪਰਮੇਸ਼ੁਰ ਦੀ ਰੀਸ ਕਰ ਕੇ ਪੂਰੇ ਪਰਿਵਾਰ ਵਿਚ ਪਿਆਰ ਦੀ ਖ਼ੁਸ਼ਬੂ ਫੈਲਾ ਸਕਦਾ ਹੈ। (ਅਫ਼ਸੀਆਂ 5:1, 2) ਪਰ ਜਦ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ, ਤਾਂ ਉਸ ਦੀ ਰੀਸ ਕਿੱਦਾਂ ਕਰ ਸਕਦੇ ਹਾਂ? ਅਸੀਂ ਯਿਸੂ ਦੀ ਮਿਸਾਲ ਤੋਂ ਪਰਮੇਸ਼ੁਰ ਦੇ ਪਿਆਰ ਬਾਰੇ ਸਿੱਖ ਸਕਦੇ ਹਾਂ। (ਯੂਹੰਨਾ 1:14, 18) ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਸੀ ਅਤੇ ਉਸ ਦੇ ਕੰਮ ਵੀ ਬਿਲਕੁਲ ਆਪਣੇ ਪਿਤਾ ਵਰਗੇ ਸਨ। (ਯੂਹੰਨਾ 14:9) ਤਾਂ ਫਿਰ, ਪਰਿਵਾਰ ਦੇ ਜੀਅ ਯਿਸੂ ਦੀ ਵਧੀਆ ਮਿਸਾਲ ’ਤੇ ਚੱਲ ਕੇ ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕਦੇ ਹਨ।

ਪਤੀਆਂ ਲਈ ਯਿਸੂ ਦੀ ਮਿਸਾਲ

5, 6. (ੳ) ਯਿਸੂ ਦੀ ਮਿਸਾਲ ਤੋਂ ਪਤੀ ਕੀ ਸਿੱਖ ਸਕਦੇ ਹਨ? (ਅ) ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਨੂੰ ਮਾਫ਼ ਕਰੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

5 ਬਾਈਬਲ ਕਹਿੰਦੀ ਹੈ ਕਿ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਸਲੂਕ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨਾਲ ਕੀਤਾ ਸੀ। ਬਾਈਬਲ ਸਲਾਹ ਦਿੰਦੀ ਹੈ: “ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ, ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ। . . . ਇਸੇ ਤਰ੍ਹਾਂ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ। ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ ਕਿਉਂਕਿ ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ, ਠੀਕ ਜਿਵੇਂ ਮਸੀਹ ਮੰਡਲੀ ਦੀ ਦੇਖ-ਭਾਲ ਕਰਦਾ ਹੈ।”​ਅਫ਼ਸੀਆਂ 5:23, 25-29.

6 ਭਾਵੇਂ ਕਿ ਯਿਸੂ ਦੇ ਚੇਲੇ ਨਾਮੁਕੰਮਲ ਸਨ, ਫਿਰ ਵੀ ਯਿਸੂ ਉਨ੍ਹਾਂ ਨੂੰ ਬੇਹੱਦ ਪਿਆਰ ਕਰਦਾ ਸੀ। ਯਿਸੂ ‘ਉਨ੍ਹਾਂ ਨਾਲ ਮਰਦੇ ਦਮ ਤਕ ਪਿਆਰ ਕਰਦਾ ਰਿਹਾ’ ਅਤੇ ਉਨ੍ਹਾਂ ਲਈ ਆਪਣੀ ਜਾਨ ਤਕ ਕੁਰਬਾਨ ਕਰ ਦਿੱਤੀ। ਪਿਆਰ ਦੀ ਕਿੰਨੀ ਵਧੀਆ ਮਿਸਾਲ! (ਯੂਹੰਨਾ 13:1; 15:13) ਇਸੇ ਤਰ੍ਹਾਂ ਪਤੀਆਂ ਨੂੰ ਵੀ ਤਾਕੀਦ ਕੀਤੀ ਜਾਂਦੀ ਹੈ ਕਿ ਉਹ ‘ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹਿਣ ਅਤੇ ਗੁੱਸੇ ਵਿਚ ਉਨ੍ਹਾਂ ਉੱਤੇ ਨਾ ਭੜਕਣ।’ (ਕੁਲੁੱਸੀਆਂ 3:19) ਇਸ ਸਲਾਹ ਨੂੰ ਲਾਗੂ ਕਰਨ ਵਿਚ ਕਿਹੜੀ ਗੱਲ ਪਤੀ ਦੀ ਮਦਦ ਕਰੇਗੀ, ਖ਼ਾਸ ਕਰਕੇ ਉਦੋਂ ਜਦੋਂ ਉਸ ਦੀ ਪਤਨੀ ਬਿਨਾਂ ਸੋਚੇ-ਸਮਝੇ ਕੁਝ ਕਰਦੀ ਜਾਂ ਕਹਿੰਦੀ ਹੈ? ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਪ ਵੀ ਗ਼ਲਤੀਆਂ ਕਰਦਾ ਹੈ। ਜੇ ਉਹ ਚਾਹੁੰਦਾ ਹੈ ਕਿ ਰੱਬ ਉਸ ਦੀਆਂ ਗ਼ਲਤੀਆਂ ਮਾਫ਼ ਕਰੇ, ਤਾਂ ਇਹ ਲਾਜ਼ਮੀ ਹੈ ਕਿ ਉਹ ਵੀ ਆਪਣੀ ਪਤਨੀ ਨੂੰ ਮਾਫ਼ ਕਰੇ। ਇਹ ਸਲਾਹ ਪਤਨੀ ’ਤੇ ਵੀ ਲਾਗੂ ਹੁੰਦੀ ਹੈ। (ਮੱਤੀ 6:12, 14, 15 ਪੜ੍ਹੋ।) ਜੇ ਦੋਨੋਂ ਇਕ-ਦੂਸਰੇ ਦੀਆਂ ਗ਼ਲਤੀਆਂ ਮਾਫ਼ ਕਰਨ ਲਈ ਤਿਆਰ ਰਹਿਣਗੇ, ਤਾਂ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।

7. ਯਿਸੂ ਨੇ ਆਪਣੇ ਚੇਲਿਆਂ ਦਾ ਕਿੱਦਾਂ ਧਿਆਨ ਰੱਖਿਆ ਅਤੇ ਪਤੀ ਇਸ ਤੋਂ ਕੀ ਸਬਕ ਸਿੱਖ ਸਕਦੇ ਹਨ?

7 ਪਤੀਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਹਮੇਸ਼ਾ ਆਪਣੇ ਚੇਲਿਆਂ ਦਾ ਖ਼ਿਆਲ ਰੱਖਦਾ ਸੀ। ਉਹ ਹਮੇਸ਼ਾ ਉਨ੍ਹਾਂ ਦੀਆਂ ਲੋੜਾਂ ਅਤੇ ਭਲਾਈ ਬਾਰੇ ਸੋਚਦਾ ਸੀ। ਮਿਸਾਲ ਲਈ, ਇਕ ਵਾਰ ਜਦ ਉਹ ਬਹੁਤ ਥੱਕੇ ਹੋਏ ਸਨ, ਤਦ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।” (ਮਰਕੁਸ 6:30-32) ਪਤੀ ਨੂੰ ਵੀ ਆਪਣੀ ਪਤਨੀ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਉਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੀ ਪਤਨੀ ਉਸ ਨਾਲੋਂ “ਨਾਜ਼ੁਕ” ਹੈ ਅਤੇ ਸਾਰਾ ਦਿਨ ਕੰਮ-ਕਾਰ ਕਰ ਕੇ ਥੱਕ ਜਾਂਦੀ ਹੈ। ਬਾਈਬਲ ਹੁਕਮ ਦਿੰਦੀ ਹੈ ਕਿ ਉਹ ਆਪਣੀ ਪਤਨੀ ਦੀ ‘ਇੱਜ਼ਤ ਕਰੇ।’ ਯਹੋਵਾਹ ਪਤੀ-ਪਤਨੀ ਦੋਹਾਂ ਨੂੰ ਇੱਕੋ ਜਿਹਾ ਸਮਝਦਾ ਹੈ। ਉਸ ਨੇ ਉਨ੍ਹਾਂ ਦੋਹਾਂ ਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ ਹੈ। (1 ਪਤਰਸ 3:7) ਹਾਂ, ਪਤੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਇਹ ਨਹੀਂ ਦੇਖਦਾ ਕਿ ਅਸੀਂ ਆਦਮੀ ਹਾਂ ਜਾਂ ਔਰਤ, ਸਗੋਂ ਇਹ ਦੇਖਦਾ ਹੈ ਕਿ ਅਸੀਂ ਉਸ ਪ੍ਰਤੀ ਵਫ਼ਾਦਾਰ ਹਾਂ ਕਿ ਨਹੀਂ।​—ਜ਼ਬੂਰਾਂ ਦੀ ਪੋਥੀ 101:6.

8. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਜੋ ਪਤੀ “ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ”? (ਅ) ਪਤੀ-ਪਤਨੀ ਦੇ “ਇਕ ਸਰੀਰ” ਹੋਣ ਦਾ ਕੀ ਅਰਥ ਹੈ?

8 ਬਾਈਬਲ ਕਹਿੰਦੀ ਹੈ ਕਿ “ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ।” ਇਹ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਸ਼ਾਦੀ ਤੋਂ ਬਾਅਦ ਪਤੀ-ਪਤਨੀ “ਦੋ ਨਹੀਂ, ਸਗੋਂ ਇਕ ਸਰੀਰ” ਹੋ ਜਾਂਦੇ ਹਨ। (ਮੱਤੀ 19:6) ਇਸ ਲਈ, ਪਤੀ-ਪਤਨੀ ਨੂੰ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਨਹੀਂ ਰੱਖਣੇ ਚਾਹੀਦੇ। ਜੇ ਉਹ ਇਕ-ਦੂਸਰੇ ਦੀਆਂ ਲੋੜਾਂ ਪੂਰੀਆਂ ਕਰਨਗੇ, ਤਾਂ ਉਹ ਕਿਸੇ ਵੀ ਪਰਾਈ ਔਰਤ ਜਾਂ ਪਰਾਏ ਮਰਦ ਵੱਲ ਖਿੱਚੇ ਨਹੀਂ ਜਾਣਗੇ। (ਕਹਾਉਤਾਂ 5:15-21; 1 ਕੁਰਿੰਥੀਆਂ 7:3-5; ਇਬਰਾਨੀਆਂ 13:4) ਬਾਈਬਲ ਸੱਚ ਕਹਿੰਦੀ ਹੈ ਕਿ “ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ।” ਤਾਂ ਫਿਰ, ਪਤੀ ਨੂੰ ਆਪਣੀ ਪਤਨੀ ਨੂੰ ਆਪਣੇ ਸਰੀਰ ਦਾ ਇਕ ਅੰਗ ਸਮਝ ਕੇ ਉਸ ਨਾਲ ਪਿਆਰ ਕਰਨਾ ਚਾਹੀਦਾ ਹੈ। ਪਤੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੇ ਮੁਖੀਏ ਯਿਸੂ ਮਸੀਹ ਨੂੰ ਆਪਣੇ ਕੰਮਾਂ ਦਾ ਲੇਖਾ ਦੇਣਾ ਹੈ।​—ਅਫ਼ਸੀਆਂ 5:29; 1 ਕੁਰਿੰਥੀਆਂ 11:3.

9. ਫ਼ਿਲਿੱਪੀਆਂ 1:8 ਵਿਚ ਯਿਸੂ ਦੇ ਕਿਹੜੇ ਗੁਣ ਬਾਰੇ ਦੱਸਿਆ ਗਿਆ ਹੈ ਅਤੇ ਪਤੀਆਂ ਨੂੰ ਉਸ ਦੀ ਕਿਉਂ ਰੀਸ ਕਰਨੀ ਚਾਹੀਦੀ ਹੈ?

9 ਪੌਲੁਸ ਰਸੂਲ ਨੇ ‘ਯਿਸੂ ਮਸੀਹ ਦੇ ਪਿਆਰ’ ਦਾ ਜ਼ਿਕਰ ਕੀਤਾ ਸੀ। (ਫ਼ਿਲਿੱਪੀਆਂ 1:8) ਯਿਸੂ ਦੇ ਚੇਲਿਆਂ ਵਿਚ ਕਈ ਔਰਤਾਂ ਵੀ ਸਨ। (ਯੂਹੰਨਾ 20:1, 11-13, 16) ਉਸ ਸਮੇਂ ਔਰਤਾਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ ਸੀ, ਪਰ ਯਿਸੂ ਉਨ੍ਹਾਂ ਨਾਲ ਪਿਆਰ ਅਤੇ ਕੋਮਲਤਾ ਨਾਲ ਪੇਸ਼ ਆਇਆ। ਪਤੀਆਂ ਨੂੰ ਵੀ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਪਤਨੀ ਦੀ ਇਹ ਦਿਲੀ ਇੱਛਾ ਪੂਰੀ ਹੋਵੇਗੀ ਕਿ ਉਸ ਦਾ ਪਤੀ ਉਸ ਨਾਲ ਗਹਿਰਾ ਪਿਆਰ ਕਰੇ।

ਪਤਨੀਆਂ ਲਈ ਯਿਸੂ ਦੀ ਮਿਸਾਲ

10. ਯਿਸੂ ਨੇ ਪਤਨੀਆਂ ਲਈ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਹੈ?

10 ਇਕ ਕੰਪਨੀ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਇਕ ਮਾਲਕ ਜਾਂ ਮੈਨੇਜਰ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਘਰ-ਬਾਰ ਚਲਾਉਣ ਦੀ ਜ਼ਿੰਮੇਵਾਰੀ ਯਹੋਵਾਹ ਨੇ ਆਦਮੀ ਨੂੰ ਸੌਂਪੀ ਹੈ। ਜਿਸ ਤਰ੍ਹਾਂ ਯਿਸੂ ਯਹੋਵਾਹ ਦੇ ਅਧੀਨ ਹੈ, ਉਸੇ ਤਰ੍ਹਾਂ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ। (1 ਕੁਰਿੰਥੀਆਂ 11:3) ਯਿਸੂ ਨੇ ਯਹੋਵਾਹ ਦੇ ਅਧੀਨ ਰਹਿ ਕੇ ਪਤਨੀਆਂ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ।

11. ਪਤਨੀ ਨੂੰ ਆਪਣੇ ਪਤੀ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ ਅਤੇ ਇਸ ਦਾ ਕੀ ਫ਼ਾਇਦਾ ਹੋ ਸਕਦਾ ਹੈ?

11 ਨਾਮੁਕੰਮਲ ਹੋਣ ਕਰਕੇ ਪਤੀਆਂ ਕੋਲੋਂ ਵੀ ਗ਼ਲਤੀਆਂ ਹੋ ਜਾਂਦੀਆਂ ਹਨ ਅਤੇ ਉਹ ਕਈ ਵਾਰ ਆਪਣੇ ਪਰਿਵਾਰ ਉੱਤੇ ਚੰਗੀ ਤਰ੍ਹਾਂ ਸਰਦਾਰੀ ਨਹੀਂ ਕਰਦੇ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਪਤਨੀ ਨੂੰ ਕੀ ਕਰਨਾ ਚਾਹੀਦਾ ਹੈ? ਕੀ ਉਸ ਨੂੰ ਪਤੀ ਦੀ ਥਾਂ ਆਪ ਘਰ-ਬਾਰ ਦੀ ਜ਼ਿੰਮੇਵਾਰੀ ਸੰਭਾਲ ਲੈਣੀ ਚਾਹੀਦੀ ਹੈ? ਨਹੀਂ, ਅਤੇ ਨਾ ਹੀ ਉਸ ਨੂੰ ਦੂਸਰਿਆਂ ਸਾਮ੍ਹਣੇ ਆਪਣੇ ਪਤੀ ਨੂੰ ਨੀਵਾਂ ਦਿਖਾਉਣਾ ਚਾਹੀਦਾ। ਪਤਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਉਸ ਵਿਚ ਸ਼ਾਂਤ ਅਤੇ ਨਰਮ ਸੁਭਾਅ ਵਰਗੇ ਗੁਣ ਦੇਖਣੇ ਚਾਹੁੰਦਾ ਹੈ। (1 ਪਤਰਸ 3:4) ਜੇ ਪਤਨੀ ਵਿਚ ਇਹ ਗੁਣ ਹੋਣਗੇ, ਤਾਂ ਮੁਸ਼ਕਲਾਂ ਵੇਲੇ ਵੀ ਉਹ ਆਪਣੇ ਪਤੀ ਦੇ ਅਧੀਨ ਰਹਿ ਸਕੇਗੀ। ਬਾਈਬਲ ਵਿਚ ਪਤਨੀ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ‘ਉਹ ਆਪਣੇ ਪਤੀ ਦਾ ਗਹਿਰਾ ਆਦਰ ਕਰੇ।’ (ਅਫ਼ਸੀਆਂ 5:33) ਪਰ ਉਦੋਂ ਕੀ ਜਦ ਪਤੀ ਯਹੋਵਾਹ ਦੀ ਭਗਤੀ ਨਹੀਂ ਕਰਦਾ ਅਤੇ ਯਿਸੂ ਦੇ ਅਧੀਨ ਨਹੀਂ ਹੁੰਦਾ? ਇਸ ਮਾਮਲੇ ਵਿਚ ਬਾਈਬਲ ਕਹਿੰਦੀ ਹੈ: “ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ, ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ ਕਿਉਂਕਿ ਉਹ ਆਪਣੀ ਅੱਖੀਂ ਦੇਖੇਗਾ ਕਿ ਉਸ ਦੀ ਪਤਨੀ ਦਾ ਚਾਲ-ਚਲਣ ਨੇਕ ਹੈ ਅਤੇ ਉਹ ਦਿਲੋਂ ਉਸ ਦੀ ਇੱਜ਼ਤ ਕਰਦੀ ਹੈ।”​1 ਪਤਰਸ 3:1, 2.

12. ਪਤਨੀ ਲਈ ਅਦਬ ਨਾਲ ਆਪਣੀ ਰਾਇ ਦੇਣੀ ਗ਼ਲਤ ਕਿਉਂ ਨਹੀਂ ਹੈ?

12 ਜੇ ਪਤਨੀ ਆਪਣੇ ਪਤੀ ਤੋਂ ਵੱਖਰੀ ਰਾਇ ਦਿੰਦੀ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਆਪਣੇ ਪਤੀ ਦਾ ਅਪਮਾਨ ਕਰ ਰਹੀ ਹੈ? ਨਹੀਂ। ਚਾਹੇ ਪਤੀ ਯਹੋਵਾਹ ਦਾ ਭਗਤ ਹੈ ਜਾਂ ਨਹੀਂ, ਪਿਆਰ ਤੇ ਅਦਬ ਨਾਲ ਰਾਇ ਪੇਸ਼ ਕਰਨ ਵਿਚ ਕੋਈ ਹਰਜ਼ ਨਹੀਂ। ਹੋ ਸਕਦਾ ਹੈ ਕਿ ਪਤਨੀ ਦੀ ਰਾਇ ਠੀਕ ਹੋਵੇ ਜਿਸ ਤੋਂ ਪਰਿਵਾਰ ਨੂੰ ਫ਼ਾਇਦਾ ਹੋਵੇਗਾ। ਅਬਰਾਹਾਮ ਦੀ ਮਿਸਾਲ ਲੈ ਲਓ। ਇਕ ਵਾਰ ਉਸ ਦੀ ਪਤਨੀ ਸਾਰਾਹ ਨੇ ਇਕ ਘਰੇਲੂ ਮਸਲੇ ਨੂੰ ਸੁਲਝਾਉਣ ਲਈ ਸੁਝਾਅ ਦਿੱਤਾ। ਭਾਵੇਂ ਕਿ ਅਬਰਾਹਾਮ ਆਪਣੀ ਪਤਨੀ ਨਾਲ ਸਹਿਮਤ ਨਹੀਂ ਸੀ, ਪਰ ਯਹੋਵਾਹ ਨੇ ਉਸ ਨੂੰ ਕਿਹਾ: ‘ਤੂੰ ਉਹ ਦੀ ਗੱਲ ਸੁਣ।’ (ਉਤਪਤ 21:9-12 ਪੜ੍ਹੋ।) ਲੇਕਿਨ ਜਦੋਂ ਪਤੀ ਕੋਈ ਫ਼ੈਸਲਾ ਕਰਦਾ ਹੈ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਨਹੀਂ ਹੈ, ਉਦੋਂ ਪਤਨੀ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ।​—ਰਸੂਲਾਂ ਦੇ ਕੰਮ 5:29; ਅਫ਼ਸੀਆਂ 5:24.

ਸਾਰਾਹ ਨੇ ਪਤਨੀਆਂ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਸੀ?

13. (ੳ) ਤੀਤੁਸ 2:4, 5 ਵਿਚ ਪਤਨੀਆਂ ਨੂੰ ਕੀ ਸਲਾਹ ਦਿੱਤੀ ਗਈ ਹੈ? (ਅ) ਬਾਈਬਲ ਪਤੀ-ਪਤਨੀ ਦੇ ਅੱਡ ਹੋਣ ਅਤੇ ਤਲਾਕ ਲੈਣ ਬਾਰੇ ਕੀ ਕਹਿੰਦੀ ਹੈ?

13 ਪਤਨੀ ਆਪਣੇ ਪਰਿਵਾਰ ਦੀ ਭਲਾਈ ਲਈ ਬਹੁਤ ਕੁਝ ਕਰ ਸਕਦੀ ਹੈ। ਮਿਸਾਲ ਲਈ, ਬਾਈਬਲ ਸ਼ਾਦੀ-ਸ਼ੁਦਾ ਔਰਤਾਂ ਨੂੰ ਸਲਾਹ ਦਿੰਦੀ ਹੈ ਕਿ “ਉਹ ਆਪਣੇ ਪਤੀਆਂ ਅਤੇ ਆਪਣੇ ਬੱਚਿਆਂ ਨਾਲ ਪਿਆਰ ਕਰਨ, ਸਮਝਦਾਰ ਬਣਨ, ਸ਼ੁੱਧ ਰਹਿਣ, ਘਰ-ਬਾਰ ਸੰਭਾਲਣ, ਨੇਕ ਰਹਿਣ ਅਤੇ ਆਪਣੇ ਪਤੀਆਂ ਦੇ ਅਧੀਨ ਰਹਿਣ।” (ਤੀਤੁਸ 2:4, 5) ਅਜਿਹੀ ਔਰਤ ਨੂੰ ਸਾਰੇ ਸਲਾਹੁੰਦੇ ਹਨ। (ਕਹਾਉਤਾਂ 31:10, 28 ਪੜ੍ਹੋ।) ਵਿਆਹ ਦੋ ਨਾਮੁਕੰਮਲ ਇਨਸਾਨਾਂ ਦਾ ਮੇਲ ਹੁੰਦਾ ਹੈ ਜਿਸ ਕਰਕੇ ਕਦੀ-ਕਦੀ ਮਤਭੇਦ ਹੋਣ ਕਾਰਨ ਉਹ ਅੱਡ ਹੋ ਜਾਂਦੇ ਹਨ ਜਾਂ ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ। ਬਾਈਬਲ ਅਨੁਸਾਰ ਸਿਰਫ਼ ਕੁਝ ਹੀ ਗੰਭੀਰ ਹਾਲਾਤਾਂ ਵਿਚ ਪਤੀ-ਪਤਨੀ ਲਈ ਅੱਡ ਹੋਣਾ ਜਾਇਜ਼ ਹੈ। ਉਨ੍ਹਾਂ ਨੂੰ ਐਵੇਂ ਛੋਟੀਆਂ-ਮੋਟੀਆਂ ਗੱਲਾਂ ’ਤੇ ਅੱਡ ਨਹੀਂ ਹੋ ਜਾਣਾ ਚਾਹੀਦਾ ਕਿਉਂਕਿ ਬਾਈਬਲ ਸਲਾਹ ਦਿੰਦੀ ਹੈ ਕਿ “ਪਤਨੀ ਆਪਣੇ ਪਤੀ ਨੂੰ ਨਾ ਛੱਡੇ . . . ਅਤੇ ਪਤੀ ਵੀ ਆਪਣੀ ਪਤਨੀ ਨੂੰ ਨਾ ਛੱਡੇ।” (1 ਕੁਰਿੰਥੀਆਂ 7:10, 11) ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਤੀ-ਪਤਨੀ ਸਿਰਫ਼ ਹਰਾਮਕਾਰੀ ਕਾਰਨ ਹੀ ਇਕ-ਦੂਜੇ ਨੂੰ ਤਲਾਕ ਦੇ ਸਕਦੇ ਹਨ।​—ਮੱਤੀ 19:9.

ਮਾਪਿਆਂ ਲਈ ਯਿਸੂ ਦੀ ਮਿਸਾਲ

14. ਯਿਸੂ ਬੱਚਿਆਂ ਨਾਲ ਕਿੱਦਾਂ ਪੇਸ਼ ਆਇਆ ਸੀ ਅਤੇ ਮਾਪਿਆਂ ਨੂੰ ਬੱਚਿਆਂ ਲਈ ਕੀ ਕਰਨਾ ਚਾਹੀਦਾ ਹੈ?

14 ਯਿਸੂ ਨੇ ਮਾਪਿਆਂ ਲਈ ਵੀ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਸੀ। ਇਕ ਮੌਕੇ ਤੇ ਯਿਸੂ ਦੇ ਚੇਲਿਆਂ ਨੇ ਕੁਝ ਛੋਟੇ ਬੱਚਿਆਂ ਨੂੰ ਉਸ ਕੋਲ ਆਉਣ ਤੋਂ ਰੋਕਿਆ, ਪਰ ਯਿਸੂ ਨੇ ਕਿਹਾ: “ਨਿਆਣਿਆਂ ਨੂੰ ਮੇਰੇ ਕੋਲ ਆਉਣ ਦਿਓ; ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ।” ਫਿਰ ਉਸ ਨੇ “ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਲਿਆ ਅਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੇ ਸਿਰਾਂ ’ਤੇ ਹੱਥ ਰੱਖਿਆ।” (ਮਰਕੁਸ 10:13-16) ਜਿੱਦਾਂ ਯਿਸੂ ਨੇ ਬੱਚਿਆਂ ਲਈ ਸਮਾਂ ਕੱਢਿਆ ਸੀ, ਉੱਦਾਂ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ। ਬੱਚਿਆਂ ਨੂੰ ਸਿਰਫ਼ 5-10 ਮਿੰਟ ਦੇਣੇ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨਾਲ ਜ਼ਿਆਦਾ ਸਮਾਂ ਗੁਜ਼ਾਰਨ ਦੀ ਲੋੜ ਹੈ। ਸਮਾਂ ਕੱਢ ਕੇ ਬੱਚਿਆਂ ਨੂੰ ਯਹੋਵਾਹ ਬਾਰੇ ਸਿੱਖਿਆ ਦੇਣੀ ਜ਼ਰੂਰੀ ਹੈ। ਮਾਪਿਓ, ਇਹ ਯਹੋਵਾਹ ਦਾ ਹੁਕਮ ਹੈ!​—ਬਿਵਸਥਾ ਸਾਰ 6:4-9 ਪੜ੍ਹੋ।

15. ਮਾਪੇ ਆਪਣੇ ਬੱਚਿਆਂ ਦੀ ਰੱਖਿਆ ਕਿੱਦਾਂ ਕਰ ਸਕਦੇ ਹਨ?

15 ਇਹ ਦੁਸ਼ਟ ਦੁਨੀਆਂ ਦਿਨ-ਬਦਿਨ ਬੁਰੀ ਹੁੰਦੀ ਜਾ ਰਹੀ ਹੈ। ਲੋਕਾਂ ਦੀ ਨੀਅਤ ਵੀ ਖੋਟੀ ਹੁੰਦੀ ਜਾ ਰਹੀ ਹੈ। ਕਈ ਲੋਕ ਸਾਡੇ ਫੁੱਲ ਵਰਗੇ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਰੱਖਿਆ ਕਰਨ ਵਿਚ ਕੋਈ ਕਮੀ ਨਹੀਂ ਛੱਡਣੀ ਚਾਹੀਦੀ। ਧਿਆਨ ਦਿਓ ਕਿ ਯਿਸੂ ਨੇ ਆਪਣੇ ਚੇਲਿਆਂ ਦੀ ਕਿੱਦਾਂ ਰੱਖਿਆ ਕੀਤੀ ਸੀ ਜਿਨ੍ਹਾਂ ਨੂੰ ਉਹ ਆਪਣੇ ਬੱਚੇ ਸਮਝਦਾ ਸੀ। ਆਪਣੀ ਗਿਰਫ਼ਤਾਰੀ ਦੇ ਸਮੇਂ ਯਿਸੂ ਨੇ ਆਪਣੇ ਚੇਲਿਆਂ ਦੇ ਬਚਾਅ ਦਾ ਰਾਹ ਕੱਢਿਆ ਸੀ। (ਯੂਹੰਨਾ 13:33; 18:7-9) ਸ਼ੈਤਾਨ ਸਾਡੇ ਬੱਚਿਆਂ ਨੂੰ ਆਪਣੇ ਫੰਦਿਆਂ ਵਿਚ ਫਸਾ ਕੇ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ। ਨਾਲੇ ਸਾਡੇ ਬੱਚਿਆਂ ਨੂੰ ਜਿਸਮਾਨੀ ਅਤੇ ਨੈਤਿਕ ਤੌਰ ਤੇ ਅੱਗੇ ਨਾਲੋਂ ਅੱਜ ਕਿਤੇ ਜ਼ਿਆਦਾ ਖ਼ਤਰਾ ਹੈ। ਇਸ ਲਈ ਮਾਪਿਆਂ ਨੂੰ ਸ਼ੈਤਾਨ ਦੇ ਫੰਦਿਆਂ ਤੋਂ ਵਾਕਫ਼ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਖ਼ਬਰਦਾਰ ਕਰ ਸਕਦੇ ਹਨ ਤਾਂਕਿ ਉਹ ਸ਼ੈਤਾਨ ਦੇ ਸ਼ਿਕੰਜੇ ਵਿਚ ਨਾ ਫਸਣ। *​—1 ਪਤਰਸ 5:8.

ਮਾਪੇ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

16. ਯਿਸੂ ਨੇ ਆਪਣੇ ਚੇਲਿਆਂ ਨੂੰ ਕਿੱਦਾਂ ਸੁਧਾਰਿਆ ਸੀ ਅਤੇ ਮਾਪੇ ਇਸ ਤੋਂ ਕੀ ਸਿੱਖ ਸਕਦੇ ਹਨ?

16 ਯਿਸੂ ਦੇ ਮਰਨ ਤੋਂ ਇਕ ਰਾਤ ਪਹਿਲਾਂ ਉਸ ਦੇ ਚੇਲੇ ਆਪਸ ਵਿਚ ਇਸ ਗੱਲ ’ਤੇ ਝਗੜ ਪਏ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। ਗੁੱਸੇ ਨਾਲ ਉਨ੍ਹਾਂ ਨੂੰ ਝਿੜਕਣ ਦੀ ਬਜਾਇ ਯਿਸੂ ਨੇ ਆਪਣੀ ਮਿਸਾਲ ਅਤੇ ਸ਼ਬਦਾਂ ਰਾਹੀਂ ਉਨ੍ਹਾਂ ਨੂੰ ਪਿਆਰ ਨਾਲ ਸੁਧਾਰਿਆ। (ਲੂਕਾ 22:24-27; ਯੂਹੰਨਾ 13:3-8) ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪਿਆਰ ਨਾਲ ਸੁਧਾਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਦੀ ਵੀ ਖਿੱਝ ਕੇ ਜਾਂ ਗੁੱਸੇ ਵਿਚ ਆ ਕੇ ਤਾੜਨਾ ਨਹੀਂ ਦੇਣੀ ਚਾਹੀਦੀ। ਇਸ ਤੋਂ ਇਲਾਵਾ, ਬੱਚਿਆਂ ਨੂੰ ਉਨ੍ਹਾਂ ਦੀ ਗ਼ਲਤੀ ਮੁਤਾਬਕ ‘ਜੋਗ ਸਜ਼ਾ’ ਦਿੱਤੀ ਜਾਣੀ ਚਾਹੀਦੀ ਹੈ। ਸਾਨੂੰ ਕਦੀ ਵੀ ਉਨ੍ਹਾਂ ਨਾਲ ਰੁੱਖੇ ਤਰੀਕੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਰੁੱਖੇ ਸ਼ਬਦ ਤਿੱਖੀ ਤਲਵਾਰ ਵਾਂਗ ਉਨ੍ਹਾਂ ਦੇ ਦਿਲਾਂ ਨੂੰ ਵਿੰਨ੍ਹ ਸਕਦੇ ਹਨ। (ਯਿਰਮਿਯਾਹ 30:11, CL; ਕਹਾਉਤਾਂ 12:18) ਤਾਂ ਫਿਰ, ਤਾੜਨਾ ਅਜਿਹੇ ਤਰੀਕੇ ਨਾਲ ਦਿੱਤੀ ਜਾਣੀ ਚਾਹੀਦੀ ਹੈ ਕਿ ਬੱਚਾ ਸਮਝ ਸਕੇ ਕਿ ਉਸ ਨੂੰ ਤਾੜਨਾ ਕਿਉਂ ਦਿੱਤੀ ਗਈ ਸੀ।​—ਅਫ਼ਸੀਆਂ 6:4; ਇਬਰਾਨੀਆਂ 12:9-11.

ਬੱਚਿਆਂ ਲਈ ਯਿਸੂ ਦੀ ਮਿਸਾਲ

17. ਯਿਸੂ ਨੇ ਬੱਚਿਆਂ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

17 ਬੱਚੇ ਵੀ ਯਿਸੂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਆਪਣੀ ਮਿਸਾਲ ਰਾਹੀਂ ਯਿਸੂ ਨੇ ਦਿਖਾਇਆ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਉਸ ਨੇ ਯਹੋਵਾਹ ਬਾਰੇ ਕਿਹਾ: “ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ।” ਅੱਗੇ ਉਸ ਨੇ ਕਿਹਾ: “ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।” (ਯੂਹੰਨਾ 8:28, 29) ਯਿਸੂ ਨੇ ਹਮੇਸ਼ਾ ਆਪਣੇ ਸਵਰਗੀ ਪਿਤਾ ਦੀ ਗੱਲ ਮੰਨੀ। ਜਦ ਯਿਸੂ ਧਰਤੀ ’ਤੇ ਆਇਆ, ਤਾਂ ਉਹ ਆਪਣੇ ਨਾਮੁਕੰਮਲ ਮਾਤਾ-ਪਿਤਾ ਦੇ ਕਹਿਣੇ ਵਿਚ ਵੀ ਰਿਹਾ। (ਲੂਕਾ 2:4, 5, 51, 52) ਬਾਈਬਲ ਵਿਚ ਬੱਚਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮਾਪਿਆਂ ਦਾ ਕਹਿਣਾ ਮੰਨਣ। (ਅਫ਼ਸੀਆਂ 6:1-3 ਪੜ੍ਹੋ।) ਜਿਸ ਘਰ ਵਿਚ ਬੱਚੇ ਮਾਪਿਆਂ ਦਾ ਕਹਿਣਾ ਮੰਨਦੇ ਹਨ, ਉੱਥੇ ਖ਼ੁਸ਼ੀ ਭਰਿਆ ਮਾਹੌਲ ਹੁੰਦਾ ਹੈ।

18. ਯਿਸੂ ਹਮੇਸ਼ਾ ਆਪਣੇ ਸਵਰਗੀ ਪਿਤਾ ਦੇ ਆਖੇ ਕਿਉਂ ਲੱਗਿਆ ਸੀ ਅਤੇ ਬੱਚੇ ਮਾਪਿਆਂ ਦੇ ਆਖੇ ਲੱਗ ਕੇ ਕਿਸ ਨੂੰ ਖ਼ੁਸ਼ ਕਰ ਸਕਦੇ ਹਨ?

18 ਬੱਚਿਓ, ਕੀ ਤੁਸੀਂ ਯਿਸੂ ਦੀ ਰੀਸ ਕਰ ਕੇ ਆਪਣੇ ਮਾਪਿਆਂ ਦਾ ਦਿਲ ਖ਼ੁਸ਼ ਕਰ ਸਕਦੇ ਹੋ? ਇਹ ਸੱਚ ਹੈ ਕਿ ਮਾਪਿਆਂ ਦਾ ਕਹਿਣਾ ਮੰਨਣਾ ਹਮੇਸ਼ਾ ਆਸਾਨ ਨਹੀਂ ਹੁੰਦਾ, ਪਰ ਯਹੋਵਾਹ ਬੱਚਿਆਂ ਤੋਂ ਇਹੀ ਚਾਹੁੰਦਾ ਹੈ। (ਕਹਾਉਤਾਂ 1:8; 6:20) ਯਿਸੂ ਨੇ ਹਮੇਸ਼ਾ ਆਪਣੇ ਸਵਰਗੀ ਪਿਤਾ ਦਾ ਕਹਿਣਾ ਮੰਨਿਆ ਸੀ, ਉਦੋਂ ਵੀ ਜਦ ਉਸ ਉੱਤੇ ਮੁਸ਼ਕਲਾਂ ਆਈਆਂ ਸਨ। ਮਿਸਾਲ ਲਈ, ਜਦ ਯਹੋਵਾਹ ਨੇ ਯਿਸੂ ਨੂੰ ਇਕ ਬਹੁਤ ਹੀ ਔਖਾ ਕੰਮ ਕਰਨ ਲਈ ਕਿਹਾ, ਤਾਂ ਉਸ ਨੇ ਕੀ ਕੀਤਾ? ਭਾਵੇਂ ਇਹ ਕੰਮ ਯਿਸੂ ਲਈ ਆਸਾਨ ਨਹੀਂ ਸੀ, ਫਿਰ ਵੀ ਉਸ ਨੇ ਉਹੀ ਕੀਤਾ ਜੋ ਉਸ ਦੇ ਪਿਤਾ ਦਾ ਹੁਕਮ ਸੀ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਦੀ ਕਹੀ ਹਰ ਗੱਲ ਹਮੇਸ਼ਾ ਠੀਕ ਹੁੰਦੀ ਹੈ। (ਲੂਕਾ 22:42) ਜੇ ਬੱਚੇ ਆਖੇ ਲੱਗਣਾ ਸਿੱਖਣ, ਤਾਂ ਉਹ ਸਿਰਫ਼ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਯਹੋਵਾਹ ਦਾ ਦਿਲ ਵੀ ਖ਼ੁਸ਼ ਕਰਨਗੇ। *​—ਕਹਾਉਤਾਂ 23:22-25.

ਜਦੋਂ ਦੋਸਤ-ਮਿੱਤਰ ਕੋਈ ਗ਼ਲਤ ਕੰਮ ਕਰਨ ਲਈ ਕਹਿੰਦੇ ਹਨ, ਤਾਂ ਬੱਚੇ ਕਿਹੜੀ ਗੱਲ ਯਾਦ ਰੱਖ ਸਕਦੇ ਹਨ?

19. (ੳ) ਬੱਚਿਆਂ ਨੂੰ ਸ਼ੈਤਾਨ ਕਿੱਦਾਂ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ? (ਅ) ਬੱਚਿਆਂ ਦੇ ਬੁਰੇ ਕੰਮਾਂ ਦਾ ਮਾਪਿਆਂ ’ਤੇ ਕੀ ਅਸਰ ਪੈ ਸਕਦਾ ਹੈ?

19 ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਸ਼ੈਤਾਨ ਨੇ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ, ਉਸੇ ਤਰ੍ਹਾਂ ਉਹ ਸਾਡੇ ਬੱਚਿਆਂ ਨੂੰ ਵੀ ਭਰਮਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। (ਮੱਤੀ 4:1-10) ਬੱਚਿਆਂ ਨੂੰ ਕੁਰਾਹੇ ਪਾਉਣ ਲਈ ਸ਼ੈਤਾਨ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਨੂੰ ਇਸਤੇਮਾਲ ਕਰ ਸਕਦਾ ਹੈ। ਉਹ ਜਾਣਦਾ ਹੈ ਕਿ ਬੱਚਿਆਂ ਲਈ ਆਪਣੇ ਦੋਸਤਾਂ ਦੀ ਗੱਲ ਟਾਲਣੀ ਬਹੁਤ ਮੁਸ਼ਕਲ ਹੁੰਦੀ ਹੈ। ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਬੱਚੇ ਮਾੜੀ ਸੰਗਤ ਤੋਂ ਦੂਰ ਰਹਿਣ। (1 ਕੁਰਿੰਥੀਆਂ 15:33) ਅਸੀਂ ਯਾਕੂਬ ਦੀ ਧੀ ਦੀਨਾਹ ਦੀ ਮਿਸਾਲ ਤੋਂ ਬੁਰੀ ਸੰਗਤ ਦੇ ਬੁਰੇ ਨਤੀਜੇ ਦੇਖ ਸਕਦੇ ਹਾਂ। ਬਾਈਬਲ ਦੱਸਦੀ ਹੈ ਕਿ ਉਸ ਨੇ ਉਨ੍ਹਾਂ ਲੋਕਾਂ ਨਾਲ ਦੋਸਤੀ ਕੀਤੀ ਜੋ ਯਹੋਵਾਹ ਦੇ ਭਗਤ ਨਹੀਂ ਸਨ ਜਿਸ ਕਰਕੇ ਉਸ ਉੱਤੇ ਬਹੁਤ ਮੁਸੀਬਤਾਂ ਆਈਆਂ। (ਉਤਪਤ 34:1, 2) ਜ਼ਰਾ ਸੋਚੋ ਕਿ ਉਸ ਪਰਿਵਾਰ ਉੱਤੇ ਕੀ ਬੀਤਦੀ ਹੈ ਜਿਸ ਦਾ ਇਕ ਜੀਅ ਮਾੜੀ ਸੰਗਤ ਵਿਚ ਪੈ ਕੇ ਹਰਾਮਕਾਰੀ ਕਰ ਬੈਠਦਾ ਹੈ!​—ਕਹਾਉਤਾਂ 17:21, 25.

ਰੱਬ ਦੀ ਸਲਾਹ ਮੰਨ ਕੇ ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

20. ਪਰਿਵਾਰ ਵਿਚ ਖ਼ੁਸ਼ੀਆਂ ਭਰਿਆ ਮਾਹੌਲ ਪੈਦਾ ਕਰਨ ਲਈ ਹਰ ਜੀਅ ਨੂੰ ਕੀ ਕਰਨਾ ਚਾਹੀਦਾ ਹੈ?

20 ਸਾਡੇ ਪਰਿਵਾਰ ਦੀ ਖ਼ੁਸ਼ੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਯਹੋਵਾਹ ਦੀ ਸਲਾਹ ਮੰਨੀਏ। ਪਰਮੇਸ਼ੁਰ ਦੀ ਸਲਾਹ ਮੰਨ ਕੇ ਅਸੀਂ ਘਰੇਲੂ ਮੁਸ਼ਕਲਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕਾਂਗੇ। ਤਾਂ ਫਿਰ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਨਾਲ ਉਸ ਤਰ੍ਹਾਂ ਪੇਸ਼ ਆਓ ਜਿਸ ਤਰ੍ਹਾਂ ਯਿਸੂ ਆਪਣੇ ਚੇਲਿਆਂ ਨਾਲ ਪੇਸ਼ ਆਇਆ ਸੀ। ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਅਤੇ ਕਹਾਉਤਾਂ 31:10-31 ਵਿਚ ਜ਼ਿਕਰ ਕੀਤੀ ਗਈ ਪਤਨੀ ਦੀ ਰੀਸ ਕਰੋ। ਮਾਪਿਓ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ। (ਕਹਾਉਤਾਂ 22:6) ਪਿਤਾਓ, ‘ਆਪਣੇ ਪਰਿਵਾਰ ਦੀ ਚੰਗੀ ਤਰਾਂ ਦੇਖ-ਭਾਲ ਕਰੋ।’ (1 ਤਿਮੋਥਿਉਸ 3:4, 5; 5:8) ਅਤੇ ਬੱਚਿਓ, ਆਪਣੇ ਮਾਪਿਆਂ ਦੇ ਆਗਿਆਕਾਰ ਰਹੋ। (ਕੁਲੁੱਸੀਆਂ 3:20) ਇਹ ਨਾ ਭੁੱਲੋ ਕਿ ਪਰਿਵਾਰ ਦੇ ਸਾਰੇ ਜੀਅ ਨਾਮੁਕੰਮਲ ਹਨ ਅਤੇ ਸਾਰਿਆਂ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ। ਇਸ ਲਈ ਨਿਮਰਤਾ ਨਾਲ ਇਕ-ਦੂਸਰੇ ਤੋਂ ਮਾਫ਼ੀ ਮੰਗੋ ਅਤੇ ਦਿਲੋਂ ਇਕ-ਦੂਸਰੇ ਨੂੰ ਮਾਫ਼ ਕਰੋ।

21. ਅੱਜ ਅਸੀਂ ਪਰਿਵਾਰ ਵਿਚ ਖ਼ੁਸ਼ੀ ਕਿੱਦਾਂ ਪਾ ਸਕਦੇ ਹਾਂ ਅਤੇ ਆਉਣ ਵਾਲੇ ਸਮੇਂ ਲਈ ਸਾਡੀ ਕੀ ਉਮੀਦ ਹੈ?

21 ਸੱਚ-ਮੁੱਚ ਬਾਈਬਲ ਨੂੰ ਅਸੀਂ ਜ਼ਿੰਦਗੀ ਦੀ ਕਿਤਾਬ ਕਹਿ ਸਕਦੇ ਹਾਂ। ਜ਼ਿੰਦਗੀ ਦੇ ਹਰ ਪਹਿਲੂ ਵਿਚ ਇਸ ਦੀ ਸਲਾਹ ਨੂੰ ਲਾਗੂ ਕਰ ਕੇ ਸਾਡੇ ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਆ ਜਾਵੇਗੀ। ਬਾਈਬਲ ਸਾਨੂੰ ਉਸ ਸਮੇਂ ਬਾਰੇ ਵੀ ਦੱਸਦੀ ਹੈ ਜਦ ਯਹੋਵਾਹ ਪੂਰੀ ਧਰਤੀ ਨੂੰ ਸੁੰਦਰ ਬਣਾ ਦੇਵੇਗਾ। ਉਸ ਸਮੇਂ ਸਾਰੇ ਯਹੋਵਾਹ ਦੀ ਸੱਚੀ ਭਗਤੀ ਕਰਨਗੇ ਅਤੇ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਨਹੀਂ ਲੱਗੇਗਾ।​—ਪ੍ਰਕਾਸ਼ ਦੀ ਕਿਤਾਬ 21:3, 4.

^ ਪੈਰਾ 15 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਮਹਾਨ ਸਿੱਖਿਅਕ ਤੋਂ ਸਿੱਖੋ (ਹਿੰਦੀ) ਦੇ 32ਵੇਂ ਅਧਿਆਇ ਵਿਚ ਬੱਚਿਆਂ ਦੀ ਰੱਖਿਆ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।

^ ਪੈਰਾ 18 ਜੇ ਮਾਪੇ ਬੱਚਿਆਂ ਨੂੰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਕੁਝ ਕਰਨ ਲਈ ਕਹਿਣ, ਤਾਂ ਬੱਚਿਆਂ ਨੂੰ ਮਾਪਿਆਂ ਦੀ ਬਜਾਇ ਯਹੋਵਾਹ ਦੀ ਗੱਲ ਸੁਣਨੀ ਚਾਹੀਦੀ ਹੈ।​—ਰਸੂਲਾਂ ਦੇ ਕੰਮ 5:29.