Skip to content

Skip to table of contents

ਅਧਿਆਇ 18

ਬਪਤਿਸਮਾ ਲੈ ਕੇ ਰੱਬ ਨਾਲ ਪੱਕਾ ਰਿਸ਼ਤਾ ਜੋੜੋ

ਬਪਤਿਸਮਾ ਲੈ ਕੇ ਰੱਬ ਨਾਲ ਪੱਕਾ ਰਿਸ਼ਤਾ ਜੋੜੋ
  • ਬਪਤਿਸਮਾ ਕਿੱਦਾਂ ਦਿੱਤਾ ਜਾਂਦਾ ਹੈ?

  • ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?

  • ਤੁਸੀਂ ਰੱਬ ਨੂੰ ਆਪਣੀ ਜ਼ਿੰਦਗੀ ਕਿੱਦਾਂ ਸਮਰਪਿਤ ਕਰ ਸਕਦੇ ਹੋ?

  • ਬਪਤਿਸਮਾ ਲੈਣ ਦਾ ਖ਼ਾਸ ਕਾਰਨ ਕੀ ਹੈ?

1. ਇਥੋਪੀਆ ਤੋਂ ਆਏ ਇਕ ਮੰਤਰੀ ਨੇ ਬਪਤਿਸਮਾ ਕਿਉਂ ਲੈਣਾ ਚਾਹਿਆ?

ਤਕਰੀਬਨ 2,000 ਸਾਲ ਪਹਿਲਾਂ ਦੀ ਗੱਲ ਹੈ। ਯਿਸੂ ਦਾ ਚੇਲਾ ਫ਼ਿਲਿੱਪੁਸ ਇਕ ਆਦਮੀ ਨਾਲ ਗੱਲ ਕਰ ਰਿਹਾ ਸੀ। ਫ਼ਿਲਿੱਪੁਸ ਨੇ ਇਥੋਪੀਆ ਤੋਂ ਆਏ ਉਸ ਮੰਤਰੀ ਨੂੰ ਪਵਿੱਤਰ ਲਿਖਤਾਂ ਵਿੱਚੋਂ ਸਮਝਾਇਆ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਸੀ। ਇਸ ਗੱਲ ਨੇ ਉਸ ਆਦਮੀ ਦੇ ਦਿਲ ਉੱਤੇ ਇੰਨਾ ਗਹਿਰਾ ਅਸਰ ਕੀਤਾ ਕਿ ਉਸ ਨੇ ਕਿਹਾ: “ਦੇਖ! ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” ਉਹ ਆਦਮੀ ਪਵਿੱਤਰ ਲਿਖਤਾਂ ਦੀ ਸਮਝ ਹਾਸਲ ਕਰ ਕੇ ਬਪਤਿਸਮਾ ਲੈਣ ਲਈ ਪ੍ਰੇਰਿਤ ਹੋਇਆ।​—ਰਸੂਲਾਂ ਦੇ ਕੰਮ 8:26-36.

2. ਤੁਹਾਨੂੰ ਬਪਤਿਸਮਾ ਲੈਣ ਬਾਰੇ ਕਿਉਂ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ?

2 ਜੇ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਇਸ ਕਿਤਾਬ ਦੀ ਧਿਆਨ ਨਾਲ ਸਟੱਡੀ ਕੀਤੀ ਹੈ, ਤਾਂ ਸ਼ਾਇਦ ਤੁਸੀਂ ਵੀ ਪੁੱਛੋ, ‘ਬਪਤਿਸਮਾ ਲੈਣ ਤੋਂ ਮੈਨੂੰ ਕਿਹੜੀ ਗੱਲ ਰੋਕਦੀ ਹੈ?’ ਤੁਸੀਂ ਬਾਈਬਲ ਵਿੱਚੋਂ ਸਿੱਖਿਆ ਹੈ ਕਿ ਸਾਡੀ ਧਰਤੀ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਇਨਸਾਨ ਇਸ ਉੱਤੇ ਸਦਾ ਲਈ ਵੱਸਣਗੇ। (ਜ਼ਬੂਰਾਂ ਦੀ ਪੋਥੀ 37:10, 11, 29; ਪ੍ਰਕਾਸ਼ ਦੀ ਕਿਤਾਬ 21:3, 4) ਤੁਸੀਂ ਇਹ ਵੀ ਸਿੱਖ ਚੁੱਕੇ ਹੋ ਕਿ ਮਰੇ ਹੋਏ ਕਿਸ ਹਾਲਤ ਵਿਚ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ। (ਉਪਦੇਸ਼ਕ ਦੀ ਪੋਥੀ 9:5; ਯੂਹੰਨਾ 5:28, 29) ਤੁਸੀਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾ ਕੇ ਅੱਖੀਂ ਦੇਖਿਆ ਹੋਣਾ ਕਿ ਉਹ ਕਿੱਦਾਂ ਸੱਚੇ ਧਰਮ ਦੇ ਰਾਹ ’ਤੇ ਚੱਲਦੇ ਹਨ। (ਯੂਹੰਨਾ 13:35) ਅਤੇ ਉਮੀਦ ਹੈ ਕਿ ਤੁਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲੱਗੇ ਹੋ।

3. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਹੁਕਮ ਦਿੱਤਾ ਸੀ? (ਅ) ਪਾਣੀ ਦਾ ਬਪਤਿਸਮਾ ਕਿੱਦਾਂ ਦਿੱਤਾ ਜਾਂਦਾ ਹੈ?

3 ਤੁਸੀਂ ਦੂਸਰਿਆਂ ਨੂੰ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਪਰਮੇਸ਼ੁਰ ਦੀ ਦਿਲੋਂ ਭਗਤੀ ਕਰਨੀ ਚਾਹੁੰਦੇ ਹੋ? ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ ਸੀ ਕਿ ‘ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ।’ (ਮੱਤੀ 28:19) ਯਿਸੂ ਨੇ ਖ਼ੁਦ ਪਾਣੀ ਵਿਚ ਬਪਤਿਸਮਾ ਲੈ ਕੇ ਸਾਡੇ ਲਈ ਨਮੂਨਾ ਛੱਡਿਆ ਸੀ। ਪਰ ਉਸ ਨੇ ਬਪਤਿਸਮਾ ਕਿੱਦਾਂ ਲਿਆ ਸੀ? ਕੀ ਕਿਸੇ ਨੇ ਉਸ ਦੀ ਦੇਹ ਉੱਤੇ ਪਾਣੀ ਛਿੜਕਿਆ ਸੀ ਜਾਂ ਉਸ ਦੇ ਸਿਰ ਉੱਤੇ ਥੋੜ੍ਹਾ ਜਿਹਾ ਪਾਣੀ ਪਾਇਆ ਸੀ? ਨਹੀਂ। (ਮੱਤੀ 3:16) ਯੂਨਾਨੀ ਭਾਸ਼ਾ ਵਿਚ “ਬਪਤਿਸਮਾ ਦੇਣ” ਦਾ ਮਤਲਬ ਹੈ “ਪਾਣੀ ਵਿਚ ਡੋਬਣਾ।” ਤਾਂ ਫਿਰ ਕਿਸੇ ਨੂੰ ਬਪਤਿਸਮਾ ਦੇਣ ਵੇਲੇ ਉਸ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬਕੀ ਜਾਂ ਗੋਤਾ ਦਿੱਤਾ ਜਾਂਦਾ ਹੈ।

4. ਪਾਣੀ ਦਾ ਬਪਤਿਸਮਾ ਲੈਣ ਦਾ ਕੀ ਮਤਲਬ ਹੈ?

4 ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਸੇਵਕ ਬਪਤਿਸਮਾ ਲੈਣ। ਸਾਰਿਆਂ ਦੇ ਸਾਮ੍ਹਣੇ ਬਪਤਿਸਮਾ ਲੈ ਕੇ ਤੁਸੀਂ ਦਿਖਾ ਸਕਦੇ ਹੋ ਕਿ ਹੁਣ ਤੋਂ ਤੁਸੀਂ ਯਹੋਵਾਹ ਦੀ ਹੀ ਇੱਛਾ ਪੂਰੀ ਕਰਨੀ ਚਾਹੁੰਦੇ ਹੋ। (ਜ਼ਬੂਰਾਂ ਦੀ ਪੋਥੀ 40:7, 8) ਪਰ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਕੁਝ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ।

ਗਿਆਨ ਤੇ ਨਿਹਚਾ ਜ਼ਰੂਰੀ ਹਨ

5. (ੳ) ਬਪਤਿਸਮੇ ਦੀ ਤਿਆਰੀ ਵਿਚ ਪਹਿਲਾ ਕਦਮ ਕੀ ਹੈ? (ਅ) ਸਭਾਵਾਂ ਵਿਚ ਆਉਣਾ ਕਿਉਂ ਜ਼ਰੂਰੀ ਹੈ?

5 ਪਹਿਲਾ ਕਦਮ ਹੈ ਕਿ ਤੁਸੀਂ ਯਹੋਵਾਹ ਅਤੇ ਯਿਸੂ ਮਸੀਹ ਬਾਰੇ ਜਾਣੋ। (ਯੂਹੰਨਾ 17:3 ਪੜ੍ਹੋ।) ਇਹ ਕਿੰਨੀ ਵਧੀਆ ਗੱਲ ਹੈ ਕਿ ਤੁਸੀਂ ਬਾਈਬਲ ਸਟੱਡੀ ਕਰ ਕੇ ਉਨ੍ਹਾਂ ਨੂੰ ਜਾਣਨ ਲੱਗੇ ਹੋ। ਪਰ ਯਾਦ ਰੱਖੋ ਕਿ ਹਾਲੇ ਸਿੱਖਣ ਲਈ ਹੋਰ ਬਹੁਤ ਕੁਝ ਬਾਕੀ ਹੈ। ਸੱਚੇ ਮਸੀਹੀਆਂ ਦੀ ਇਹੀ ਇੱਛਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ‘ਆਪਣੀ ਇੱਛਾ ਦਾ ਸਹੀ ਗਿਆਨ ਦੇਵੇ।’ (ਕੁਲੁੱਸੀਆਂ 1:9) ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਆ ਕੇ ਤੁਸੀਂ ਯਹੋਵਾਹ ਬਾਰੇ ਹੋਰ ਬਹੁਤ ਕੁਝ ਸਿੱਖੋਗੇ। (ਇਬਰਾਨੀਆਂ 10:24, 25) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਸਭਾਵਾਂ ਵਿਚ ਲਗਾਤਾਰ ਹਾਜ਼ਰ ਹੋਵੋ।

ਬਪਤਿਸਮਾ ਲੈਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਦਾ ਸਹੀ ਗਿਆਨ ਲਓ

6. ਬਪਤਿਸਮਾ ਲੈਣ ਤੋਂ ਪਹਿਲਾਂ ਬਾਈਬਲ ਦਾ ਕਿੰਨਾ ਕੁ ਗਿਆਨ ਹੋਣਾ ਜ਼ਰੂਰੀ ਹੈ?

6 ਕੀ ਇਸ ਦਾ ਇਹ ਮਤਲਬ ਹੈ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਬਾਈਬਲ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ? ਨਹੀਂ। ਸ਼ੁਰੂ ਵਿਚ ਦੱਸੇ ਗਏ ਮੰਤਰੀ ਕੋਲ ਪਵਿੱਤਰ ਲਿਖਤਾਂ ਦਾ ਥੋੜ੍ਹਾ-ਬਹੁਤਾ ਗਿਆਨ ਸੀ ਜਦ ਉਸ ਨੇ ਬਪਤਿਸਮਾ ਲਿਆ, ਪਰ ਉਸ ਨੂੰ ਹਾਲੇ ਵੀ ਕੁਝ ਗੱਲਾਂ ਸਮਝਣ ਵਿਚ ਮਦਦ ਦੀ ਲੋੜ ਸੀ। (ਰਸੂਲਾਂ ਦੇ ਕੰਮ 8:30, 31) ਇਸੇ ਤਰ੍ਹਾਂ ਤੁਹਾਨੂੰ ਵੀ ਹਾਲੇ ਬਹੁਤ ਕੁਝ ਸਿੱਖਣ ਅਤੇ ਸਮਝਣ ਦੀ ਲੋੜ ਹੈ। ਦਰਅਸਲ ਤੁਸੀਂ ਹਮੇਸ਼ਾ ਯਹੋਵਾਹ ਬਾਰੇ ਕੁਝ-ਨਾ-ਕੁਝ ਸਿੱਖਦੇ ਰਹੋਗੇ। (ਉਪਦੇਸ਼ਕ ਦੀ ਪੋਥੀ 3:11) ਪਰ ਬਪਤਿਸਮਾ ਲੈਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਘੱਟੋ-ਘੱਟ ਬਾਈਬਲ ਦੀਆਂ ਮੂਲ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਕਬੂਲ ਕਰੋ। (ਇਬਰਾਨੀਆਂ 5:12) ਮਿਸਾਲ ਲਈ, ਤੁਹਾਨੂੰ ਮਰੇ ਹੋਏ ਲੋਕਾਂ ਦੀ ਅਸਲੀ ਹਾਲਤ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਨਾਂ ਤੇ ਉਸ ਦੇ ਰਾਜ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ।

7. ਬਾਈਬਲ ਦੇ ਗਿਆਨ ਦਾ ਤੁਹਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

7 ਗਿਆਨ ਲੈਣ ਤੋਂ ਬਾਅਦ ਨਿਹਚਾ ਕਰਨੀ ਜ਼ਰੂਰੀ ਹੈ। ਹਾਂ, “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” (ਇਬਰਾਨੀਆਂ 11:6) ਬਾਈਬਲ ਸਾਨੂੰ ਦੱਸਦੀ ਹੈ ਕਿ ਜਦ ਕੁਰਿੰਥੁਸ ਸ਼ਹਿਰ ਦੇ ਕੁਝ ਲੋਕਾਂ ਨੇ ਯਿਸੂ ਦੇ ਚੇਲਿਆਂ ਦਾ ਸੰਦੇਸ਼ ਸੁਣਿਆ, ਤਾਂ ਉਨ੍ਹਾਂ ਨੇ ‘ਨਿਹਚਾ ਕੀਤੀ ਅਤੇ ਬਪਤਿਸਮਾ ਲਿਆ।’ (ਰਸੂਲਾਂ ਦੇ ਕੰਮ 18:8) ਇਸੇ ਤਰ੍ਹਾਂ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਵੀ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਬਾਈਬਲ ਯਹੋਵਾਹ ਦਾ ਹੀ ਬਚਨ ਹੈ। ਤੁਹਾਨੂੰ ਯਹੋਵਾਹ ਦੇ ਵਾਅਦਿਆਂ ਵਿਚ ਵੀ ਨਿਹਚਾ ਹੋਣੀ ਚਾਹੀਦੀ ਹੈ। ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਸਿਰਫ਼ ਯਿਸੂ ਦੇ ਕੀਮਤੀ ਲਹੂ ਰਾਹੀਂ ਤੁਸੀਂ ਪਾਪ ਅਤੇ ਮੌਤ ਦੇ ਸ਼ਿਕੰਜੇ ਤੋਂ ਮੁਕਤ ਹੋ ਸਕਦੇ ਹੋ।​—ਯਹੋਸ਼ੁਆ 23:14; ਰਸੂਲਾਂ ਦੇ ਕੰਮ 4:12; 2 ਤਿਮੋਥਿਉਸ 3:16, 17.

ਦੂਸਰਿਆਂ ਨੂੰ ਯਹੋਵਾਹ ਬਾਰੇ ਦੱਸੋ

8. ਤੁਹਾਨੂੰ ਦੂਸਰਿਆਂ ਨੂੰ ਸੱਚਾਈ ਬਾਰੇ ਦੱਸਣ ਲਈ ਕਿਹੜੀ ਗੱਲ ਪ੍ਰੇਰੇਗੀ?

8 ਜਿਉਂ-ਜਿਉਂ ਤੁਹਾਡੀ ਨਿਹਚਾ ਵਧੇਗੀ, ਤਿਉਂ-ਤਿਉਂ ਤੁਸੀਂ ਦੂਸਰਿਆਂ ਨੂੰ ਸੱਚਾਈ ਬਾਰੇ ਦੱਸਣਾ ਚਾਹੋਗੇ। ਤੁਸੀਂ ਇਨ੍ਹਾਂ ਸੱਚਾਈਆਂ ਨੂੰ ਆਪਣੇ ਅੰਦਰ ਦਬਾ ਕੇ ਨਹੀਂ ਰੱਖ ਸਕੋਗੇ। (ਯਿਰਮਿਯਾਹ 20:9) ਹਾਂ, ਤੁਸੀਂ ਦਿਲ ਖੋਲ੍ਹ ਕੇ ਯਹੋਵਾਹ ਅਤੇ ਉਸ ਦੇ ਵਾਅਦਿਆਂ ਬਾਰੇ ਦੂਸਰਿਆਂ ਨੂੰ ਦੱਸਣ ਲਈ ਉਤਾਵਲੇ ਹੋਵੋਗੇ।​—2 ਕੁਰਿੰਥੀਆਂ 4:13 ਪੜ੍ਹੋ।

ਪੱਕੀ ਨਿਹਚਾ ਹੋਣ ਕਾਰਨ ਤੁਸੀਂ ਦੂਸਰਿਆਂ ਨੂੰ ਸੱਚਾਈ ਬਾਰੇ ਦੱਸਣ ਲਈ ਪ੍ਰੇਰਿਤ ਹੋਵੋਗੇ

9, 10. (ੳ) ਸ਼ੁਰੂ-ਸ਼ੁਰੂ ਵਿਚ ਤੁਸੀਂ ਸੱਚਾਈ ਬਾਰੇ ਕਿਨ੍ਹਾਂ ਨਾਲ ਗੱਲ ਕਰ ਸਕਦੇ ਹੋ? (ਅ) ਜੇ ਤੁਸੀਂ ਘਰ-ਘਰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ?

9 ਸ਼ੁਰੂ-ਸ਼ੁਰੂ ਵਿਚ ਤੁਸੀਂ ਸ਼ਾਇਦ ਆਪਣੇ ਰਿਸ਼ਤੇਦਾਰਾਂ, ਦੋਸਤ-ਮਿੱਤਰਾਂ ਜਾਂ ਗੁਆਂਢੀਆਂ ਨਾਲ ਸੱਚਾਈ ਬਾਰੇ ਗੱਲ ਕਰੋ। ਪਰ ਸਮੇਂ ਦੇ ਬੀਤਣ ਨਾਲ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਮਿਲ ਕੇ ਘਰ-ਘਰ ਪ੍ਰਚਾਰ ਕਰਨਾ ਚਾਹੋਗੇ। ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਤਿਆਰ ਹੋ, ਤਾਂ ਉਨ੍ਹਾਂ ਨਾਲ ਗੱਲ ਕਰੋ ਜੋ ਤੁਹਾਡੇ ਨਾਲ ਸਟੱਡੀ ਕਰ ਰਹੇ ਹਨ। ਜੇ ਉਨ੍ਹਾਂ ਨੂੰ ਲੱਗੇ ਕਿ ਤੁਸੀਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਤਿਆਰ ਹੋ, ਤਾਂ ਉਹ ਮੰਡਲੀ ਦੇ ਬਜ਼ੁਰਗਾਂ ਨੂੰ ਦੱਸਣਗੇ। ਫਿਰ ਦੋ ਬਜ਼ੁਰਗ ਸਟੱਡੀ ਕਰਾਉਣ ਵਾਲੇ ਭਰਾ ਜਾਂ ਭੈਣ ਦੇ ਨਾਲ ਮਿਲ ਕੇ ਤੁਹਾਡੇ ਨਾਲ ਇਸ ਬਾਰੇ ਗੱਲ ਕਰਨਗੇ।

10 ਮੰਡਲੀ ਦੇ ਬਜ਼ੁਰਗਾਂ ਨੂੰ ਮੰਡਲੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। (ਰਸੂਲਾਂ ਦੇ ਕੰਮ 20:28; 1 ਪਤਰਸ 5:2, 3) ਇਹ ਭਰਾ ਇਹ ਜਾਣਨ ਲਈ ਤੁਹਾਨੂੰ ਕੁਝ ਸਵਾਲ ਪੁੱਛਣਗੇ ਕਿ ਤੁਸੀਂ ਬਾਈਬਲ ਦੀਆਂ ਮੂਲ ਸਿੱਖਿਆਵਾਂ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਸਮਝਦੇ ਹੋ ਅਤੇ ਮੰਨਦੇ ਹੋ। ਉਹ ਤੁਹਾਡੀ ਪਰੀਖਿਆ ਨਹੀਂ ਲੈਣਗੇ, ਸਗੋਂ ਉਹ ਇਹ ਦੇਖਣਾ ਚਾਹੁਣਗੇ ਕਿ ਕੀ ਤੁਸੀਂ ਯਹੋਵਾਹ ਦੇ ਅਸੂਲਾਂ ਉੱਤੇ ਪੂਰਾ ਉੱਤਰ ਰਹੇ ਹੋ ਜਾਂ ਨਹੀਂ ਅਤੇ ਕੀ ਤੁਸੀਂ ਦਿਲੋਂ ਯਹੋਵਾਹ ਦੇ ਸੇਵਕ ਬਣਨਾ ਚਾਹੁੰਦੇ ਹੋ ਜਾਂ ਨਹੀਂ। ਜੇ ਉਹ ਦੇਖਣ ਕਿ ਤੁਸੀਂ ਪ੍ਰਚਾਰ ਕਰਨ ਲਈ ਤਿਆਰ ਹੋ, ਤਾਂ ਉਹ ਤੁਹਾਨੂੰ ਦੱਸ ਦੇਣਗੇ।

11. ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਤੋਂ ਪਹਿਲਾਂ ਕਈਆਂ ਨੂੰ ਸ਼ਾਇਦ ਕੀ ਤਬਦੀਲੀਆਂ ਕਰਨੀਆਂ ਪੈਣ?

11 ਪਰ ਹੋ ਸਕਦਾ ਹੈ ਕਿ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰਨ ਜਾਂ ਬੁਰੀਆਂ ਆਦਤਾਂ ਛੱਡਣ ਦੀ ਲੋੜ ਪਵੇ। ਇਨ੍ਹਾਂ ਵਿਚ ਉਹ ਆਦਤਾਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਬਾਰੇ ਤੁਹਾਡੇ ਤੋਂ ਸਿਵਾਇ ਹੋਰ ਕੋਈ ਨਹੀਂ ਜਾਣਦਾ। ਇਸ ਲਈ, ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦੇ ਸੰਬੰਧ ਵਿਚ ਬਜ਼ੁਰਗਾਂ ਨਾਲ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਗ਼ਲਤ ਚਾਲ-ਚਲਣ, ਸ਼ਰਾਬੀਪੁਣਾ ਅਤੇ ਨਸ਼ਿਆਂ ਵਰਗੇ ਘਿਣਾਉਣੇ ਕੰਮ ਛੱਡਣੇ ਪੈਣਗੇ।​—1 ਕੁਰਿੰਥੀਆਂ 6:9, 10; ਗਲਾਤੀਆਂ 5:19-21 ਪੜ੍ਹੋ।

ਤੋਬਾ ਕਰ ਕੇ ਮੁੜੋ

12. ਤੋਬਾ ਕਰਨੀ ਕਿਉਂ ਜ਼ਰੂਰੀ ਹੈ?

12 ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਹੋਰ ਇਕ ਕਦਮ ਚੁੱਕਣ ਦੀ ਲੋੜ ਹੈ। ਪਤਰਸ ਰਸੂਲ ਨੇ ਕਿਹਾ: “ਤੋਬਾ ਕਰੋ ਅਤੇ ਪਰਮੇਸ਼ੁਰ ਵੱਲ ਮੁੜ ਆਓ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ।” (ਰਸੂਲਾਂ ਦੇ ਕੰਮ 3:19) ਤਾਂ ਫਿਰ ਅਗਲਾ ਕਦਮ ਹੈ ਤੋਬਾ ਕਰਨੀ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀਆਂ ਗ਼ਲਤੀਆਂ ਦਾ ਦਿਲੋਂ ਪਛਤਾਵਾ ਕਰੋ। ਮਿਸਾਲ ਲਈ, ਜੇ ਕੋਈ ਬੰਦਾ ਅਨੈਤਿਕ ਜ਼ਿੰਦਗੀ ਜੀ ਰਿਹਾ ਹੋਵੇ, ਤਾਂ ਉਸ ਨੂੰ ਤੋਬਾ ਕਰਨੀ ਚਾਹੀਦੀ ਹੈ। ਪਰ ਉਦੋਂ ਕੀ ਜਦ ਕੋਈ ਇਨਸਾਨ ਉੱਚੇ ਅਸੂਲਾਂ ’ਤੇ ਚੱਲਦਾ ਹੋਵੇ ਅਤੇ ਕਾਫ਼ੀ ਹੱਦ ਤਕ ਨੇਕ ਜ਼ਿੰਦਗੀ ਜੀ ਰਿਹਾ ਹੋਵੇ? ਕੀ ਉਸ ਨੂੰ ਵੀ ਤੋਬਾ ਕਰਨ ਦੀ ਲੋੜ ਹੋਵੇਗੀ? ਜੀ ਹਾਂ, ਕਿਉਂਕਿ ਸਾਰੇ ਇਨਸਾਨ ਪਾਪੀ ਹਨ ਅਤੇ ਗ਼ਲਤੀਆਂ ਕਰਦੇ ਹਨ, ਇਸ ਲਈ ਸਾਰਿਆਂ ਨੂੰ ਪਰਮੇਸ਼ੁਰ ਦੀ ਮਾਫ਼ੀ ਦੀ ਲੋੜ ਹੈ। (ਰੋਮੀਆਂ 3:23; 5:12) ਬਾਈਬਲ ਦੀ ਸਟੱਡੀ ਕਰਨ ਤੋਂ ਪਹਿਲਾਂ ਤੁਹਾਨੂੰ ਯਹੋਵਾਹ ਦੀ ਇੱਛਾ ਬਾਰੇ ਪਤਾ ਨਹੀਂ ਸੀ, ਇਸ ਲਈ ਤੁਸੀਂ ਉਸ ਦੀ ਮਰਜ਼ੀ ਅਨੁਸਾਰ ਨਹੀਂ ਚੱਲ ਸਕਦੇ ਸੀ। ਪਰ ਹੁਣ ਜਦ ਤੁਹਾਨੂੰ ਪਤਾ ਹੈ ਕਿ ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ, ਤਾਂ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਤੋਬਾ ਕਰੋ।

13. ਗ਼ਲਤ ਰਾਹ ਤੋਂ ‘ਮੁੜਨ’ ਦਾ ਕੀ ਮਤਲਬ ਹੈ?

13 ਤੋਬਾ ਕਰਨ ਤੋਂ ਬਾਅਦ ਗ਼ਲਤ ਰਾਹ ਤੋਂ ‘ਮੁੜਨ’ ਦੀ ਲੋੜ ਹੈ। ਤੁਹਾਨੂੰ ਆਪਣੀਆਂ ਗ਼ਲਤੀਆਂ ’ਤੇ ਬਹੁਤ ਅਫ਼ਸੋਸ ਹੈ ਅਤੇ ਤੁਸੀਂ ਤੋਬਾ ਵੀ ਕੀਤੀ ਹੈ, ਪਰ ਇਹ ਕਾਫ਼ੀ ਨਹੀਂ ਹੈ। ਇਸ ਦੇ ਨਾਲ-ਨਾਲ ਤੁਹਾਨੂੰ ਆਪਣੇ ਮਨ ਵਿਚ ਠਾਣ ਲੈਣਾ ਚਾਹੀਦਾ ਹੈ ਕਿ ਤੁਸੀਂ ਦੁਬਾਰਾ ਉਹੀ ਗ਼ਲਤੀ ਨਹੀਂ ਕਰੋਗੇ, ਸਗੋਂ ਹੁਣ ਤੋਂ ਸਹੀ ਕੰਮ ਕਰੋਗੇ। ਜੀ ਹਾਂ, ਬਪਤਿਸਮਾ ਲੈਣ ਤੋਂ ਪਹਿਲਾਂ ਤੋਬਾ ਕਰਨ ਦੇ ਨਾਲ-ਨਾਲ ਗ਼ਲਤ ਰਾਹ ਤੋਂ ਮੁੜਨਾ ਬਹੁਤ ਹੀ ਜ਼ਰੂਰੀ ਹੈ।

ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ

14. ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਹੋਰ ਕਿਹੜਾ ਕਦਮ ਚੁੱਕਣਾ ਚਾਹੀਦਾ ਹੈ?

14 ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਇਕ ਹੋਰ ਕਦਮ ਚੁੱਕਣ ਦੀ ਲੋੜ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋ।

ਕੀ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਹੈ?

15, 16. ਯਹੋਵਾਹ ਨੂੰ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ ਅਤੇ ਅਸੀਂ ਇਸ ਤਰ੍ਹਾਂ ਕਰਨ ਲਈ ਤਿਆਰ ਕਿਉਂ ਹੁੰਦੇ ਹਾਂ?

15 ਯਹੋਵਾਹ ਨੂੰ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਤੁਸੀਂ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਨੂੰ ਵਾਅਦਾ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਉਸ ਦੇ ਹਵਾਲੇ ਕਰ ਦਿੱਤੀ ਹੈ ਅਤੇ ਹੁਣ ਤੋਂ ਤੁਸੀਂ ਸਿਰਫ਼ ਉਸ ਦੀ ਹੀ ਮਰਜ਼ੀ ਪੂਰੀ ਕਰੋਗੇ। (ਬਿਵਸਥਾ ਸਾਰ 6:15) ਪਰ ਇਹ ਕਦਮ ਕੀ ਮਾਅਨੇ ਰੱਖਦਾ ਹੈ? ਜ਼ਰਾ ਇਸ ਮਿਸਾਲ ਉੱਤੇ ਗੌਰ ਕਰੋ। ਇਕ ਮੁੰਡਾ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਚੰਗੇ ਗੁਣਾਂ ਕਰਕੇ ਉਸ ਨਾਲ ਜ਼ਿੰਦਗੀ ਬਿਤਾਉਣੀ ਚਾਹੁੰਦਾ ਹੈ, ਉਸ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਹਮੇਸ਼ਾ ਵਫ਼ਾਦਾਰ ਰਹੇਗਾ ਅਤੇ ਉਸ ਦੀ ਤਨੋਂ-ਮਨੋਂ ਦੇਖ-ਭਾਲ ਕਰੇਗਾ। ਉਹ ਆਪਣੇ ਗਹਿਰੇ ਪਿਆਰ ਕਾਰਨ ਆਪਣੀ ਜ਼ਿੰਦਗੀ ਉਸ ਦੇ ਨਾਂ ਕਰਨ ਅਤੇ ਵਿਆਹੁਤਾ ਜ਼ਿੰਦਗੀ ਦੀਆਂ ਭਾਰੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਵੀ ਤਿਆਰ ਹੋ ਜਾਂਦਾ ਹੈ।

16 ਜਦੋਂ ਤੁਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲੱਗਦੇ ਹੋ ਅਤੇ ਉਸ ਲਈ ਤੁਹਾਡਾ ਪਿਆਰ ਵਧਦਾ ਹੈ, ਉਦੋਂ ਤੁਸੀਂ ਉਸ ਦੀ ਦਿਲੋ-ਜਾਨ ਨਾਲ ਸੇਵਾ ਕਰਨੀ ਚਾਹੋਗੇ। ਤੁਸੀਂ ਬਿਨਾਂ ਕਿਸੇ ਸ਼ਰਤ ਦੇ ਆਪਣੀ ਜ਼ਿੰਦਗੀ ਉਸ ਦੇ ਨਾਂ ਕਰਨ ਲਈ ਤਿਆਰ ਹੋਵੋਗੇ। ਬਾਈਬਲ ਇਹ ਵੀ ਕਹਿੰਦੀ ਹੈ ਕਿ ਜੋ ਯਹੋਵਾਹ ਦੇ ਪੁੱਤਰ ਯਿਸੂ ਮਗਰ ਚੱਲਣਾ ਚਾਹੁੰਦਾ ਹੈ, ਉਸ ਨੂੰ ‘ਆਪਣੇ ਆਪ ਦਾ ਤਿਆਗ ਕਰਨ’ ਦੀ ਲੋੜ ਹੈ। (ਮਰਕੁਸ 8:34) ਆਪਣੇ ਆਪ ਦਾ ਤਿਆਗ ਕਰਨ ਦਾ ਮਤਲਬ ਹੈ ਕਿ ਤੁਸੀਂ ਆਪਣੀਆਂ ਨਿੱਜੀ ਖ਼ਾਹਸ਼ਾਂ ਨੂੰ ਪਹਿਲ ਦੇਣ ਦੀ ਬਜਾਇ ਯਹੋਵਾਹ ਦੀ ਇੱਛਾ ਪੂਰੀ ਕਰੋਗੇ। ਤਾਂ ਫਿਰ ਬਪਤਿਸਮਾ ਲੈਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਦੀ ਇੱਛਾ ਨੂੰ ਪਹਿਲ ਦਿਓ।​—1 ਪਤਰਸ 4:2 ਪੜ੍ਹੋ।

ਨਾਕਾਮੀ ਤੋਂ ਨਾ ਡਰੋ

17. ਕਈ ਲੋਕ ਆਪਣੀ ਜ਼ਿੰਦਗੀ ਯਹੋਵਾਹ ਦੇ ਹਵਾਲੇ ਕਰਨ ਤੋਂ ਕਿਉਂ ਝਿਜਕਦੇ ਹਨ?

17 ਕਈ ਲੋਕ ਸ਼ਾਇਦ ਆਪਣੀ ਜ਼ਿੰਦਗੀ ਯਹੋਵਾਹ ਦੇ ਹਵਾਲੇ ਕਰਨ ਤੋਂ ਝਿਜਕਦੇ ਹੋਣ ਕਿਉਂਕਿ ਉਹ ਡਰਦੇ ਹਨ ਕਿ ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਹਰ ਗੱਲ ਲਈ ਯਹੋਵਾਹ ਨੂੰ ਜਵਾਬ ਦੇਣਾ ਪਵੇਗਾ। ਉਹ ਸ਼ਾਇਦ ਸੋਚਣ ਕਿ ‘ਮੈਂ ਤਾਂ ਨਾਮੁਕੰਮਲ ਹਾਂ। ਮੈਂ ਯਹੋਵਾਹ ਦੇ ਮਿਆਰਾਂ ’ਤੇ ਪੂਰਾ ਨਹੀਂ ਉੱਤਰ ਸਕਾਂਗਾ, ਬਿਹਤਰ ਹੋਵੇਗਾ ਕਿ ਮੈਂ ਇਹ ਕਦਮ ਨਾ ਹੀ ਚੁੱਕਾਂ।’

18. ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣ ਲਈ ਕਿਹੜੀ ਗੱਲ ਤੁਹਾਨੂੰ ਪ੍ਰੇਰ ਸਕਦੀ ਹੈ?

18 ਜਦੋਂ ਤੁਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਨ ਲੱਗੋਗੇ, ਉਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣ ਅਤੇ ਹਮੇਸ਼ਾ ਉਸ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਹੋਵੋਗੇ। (ਉਪਦੇਸ਼ਕ ਦੀ ਪੋਥੀ 5:4) ਆਪਣੀ ਜ਼ਿੰਦਗੀ ਯਹੋਵਾਹ ਨੂੰ ਦੇਣ ਤੋਂ ਬਾਅਦ ਯਕੀਨਨ ਤੁਸੀਂ ਹਰ ਵੇਲੇ ਉਹੀ ਕਰਨਾ ਚਾਹੋਗੇ ਜੋ ਯਹੋਵਾਹ ਦੇ ਦਿਲ ਨੂੰ ਭਾਉਂਦਾ ਹੈ। (ਕੁਲੁੱਸੀਆਂ 1:10) ਯਹੋਵਾਹ ਨੂੰ ਦਿਲੋਂ ਪਿਆਰ ਕਰਨ ਕਰਕੇ ਤੁਸੀਂ ਉਸ ਦੇ ਅਸੂਲਾਂ ਨੂੰ ਬੋਝ ਨਹੀਂ ਸਮਝੋਗੇ। ਬਿਨਾਂ ਸ਼ੱਕ ਤੁਸੀਂ ਯੂਹੰਨਾ ਰਸੂਲ ਦੇ ਸ਼ਬਦਾਂ ਦੀ ਹਾਮੀ ਭਰੋਗੇ ਜਿਸ ਨੇ ਲਿਖਿਆ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।”​—1 ਯੂਹੰਨਾ 5:3.

19. ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਤੁਹਾਨੂੰ ਕਿਉਂ ਨਹੀਂ ਡਰਨਾ ਚਾਹੀਦਾ?

19 ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਕਬੂਲ ਕਰਨ ਲਈ ਤਿਆਰ ਹੈ ਭਾਵੇਂ ਤੁਸੀਂ ਨਾਮੁਕੰਮਲ ਹੋ। ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿੰਨਾ ਕੁ ਕਰ ਸਕਦੇ ਹੋ ਅਤੇ ਉਹ ਤੁਹਾਡੇ ਤੋਂ ਇਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਰੱਖੇਗਾ। (ਜ਼ਬੂਰਾਂ ਦੀ ਪੋਥੀ 103:14) ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਮਿਆਰਾਂ ਉੱਤੇ ਚੱਲਣ ਵਿਚ ਕਾਮਯਾਬ ਹੋਵੋ ਅਤੇ ਉਹ ਵਾਅਦਾ ਕਰਦਾ ਹੈ ਕਿ ਉਹ ਹਮੇਸ਼ਾ ਤੁਹਾਡਾ ਸਾਥ ਦੇਵੇਗਾ। (ਯਸਾਯਾਹ 41:10 ਪੜ੍ਹੋ।) ਤੁਸੀਂ ਪੱਕਾ ਯਕੀਨ ਰੱਖ ਸਕਦੇ ਹੋ ਕਿ ਜੇ ਤੁਸੀਂ ਦਿਲੋਂ ਯਹੋਵਾਹ ’ਤੇ ਭਰੋਸਾ ਰੱਖੋਗੇ, ਤਾਂ ‘ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।’​—ਕਹਾਉਤਾਂ 3:5, 6.

ਬਪਤਿਸਮਾ​—ਸਮਰਪਣ ਦਾ ਸਬੂਤ

20. ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣ ਤੋਂ ਬਾਅਦ ਸਾਨੂੰ ਕਿਹੜਾ ਕਦਮ ਚੁੱਕਣਾ ਚਾਹੀਦਾ ਹੈ?

20 ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚਣ ਤੋਂ ਬਾਅਦ ਸ਼ਾਇਦ ਤੁਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਕਰੋ। ਪਰ ਅਗਲਾ ਕਦਮ ਕੀ ਹੈ? ਜੋ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਨ, ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ‘ਮੁਕਤੀ ਪਾਉਣ ਲਈ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਨ’ ਯਾਨੀ ਬਪਤਿਸਮਾ ਲੈ ਕੇ ਸਾਰਿਆਂ ਸਾਮ੍ਹਣੇ ਆਪਣੇ ਸਮਰਪਣ ਦਾ ਸਬੂਤ ਦੇਣ। (ਰੋਮੀਆਂ 10:10) ਤੁਸੀਂ ਇਹ ਕਿੱਦਾਂ ਕਰ ਸਕਦੇ ਹੋ?

ਬਪਤਿਸਮਾ ਲੈਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਿਆਗ ਕੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰ ਰਹੇ ਹੋ

21, 22. ਤੁਸੀਂ ਆਪਣੀ ਨਿਹਚਾ ਦਾ “ਐਲਾਨ” ਕਿਸ ਤਰ੍ਹਾਂ ਕਰ ਸਕਦੇ ਹੋ?

21 ਆਪਣੀ ਮੰਡਲੀ ਦੇ ਸਹਾਇਕ ਬਜ਼ੁਰਗ ਨੂੰ ਦੱਸੋ ਕਿ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ। ਫਿਰ ਉਹ ਪ੍ਰਬੰਧ ਕਰੇਗਾ ਤਾਂਕਿ ਕੁਝ ਬਜ਼ੁਰਗ ਬਾਈਬਲ ਦੀਆਂ ਮੂਲ ਸਿੱਖਿਆਵਾਂ ਬਾਰੇ ਤੁਹਾਨੂੰ ਕੁਝ ਸਵਾਲ ਪੁੱਛ ਸਕਣ। ਜੇ ਇਨ੍ਹਾਂ ਬਜ਼ੁਰਗਾਂ ਨੂੰ ਲੱਗੇ ਕਿ ਤੁਸੀਂ ਬਪਤਿਸਮਾ ਲੈਣ ਦੇ ਕਾਬਲ ਹੋ, ਤਾਂ ਤੁਸੀਂ ਅਗਲੇ ਸੰਮੇਲਨ ਵਿਚ ਬਪਤਿਸਮਾ ਲੈ ਸਕੋਗੇ। * ਸੰਮੇਲਨ ਵਿਚ ਬਪਤਿਸਮੇ ਦਾ ਭਾਸ਼ਣ ਦਿੱਤਾ ਜਾਵੇਗਾ ਜਿਸ ਵਿਚ ਬਪਤਿਸਮਾ ਲੈਣ ਦਾ ਅਰਥ ਸਮਝਾਇਆ ਜਾਵੇਗਾ। ਫਿਰ ਭਾਸ਼ਣਕਾਰ ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਤੋਂ ਦੋ ਸਵਾਲ ਪੁੱਛੇਗਾ। ਇਨ੍ਹਾਂ ਸਵਾਲਾਂ ਦਾ ਜਵਾਬ ਦੇ ਕੇ ਤੁਸੀਂ ਆਪਣੀ ਨਿਹਚਾ ਦਾ “ਐਲਾਨ” ਕਰ ਸਕੋਗੇ।

22 ਬਪਤਿਸਮਾ ਲੈਣ ਤੋਂ ਬਾਅਦ ਹੀ ਤੁਸੀਂ ਯਹੋਵਾਹ ਦੇ ਇਕ ਗਵਾਹ ਵਜੋਂ ਜਾਣੇ ਜਾਓਗੇ। ਬਪਤਿਸਮਾ ਦੇਣ ਵੇਲੇ ਤੁਹਾਨੂੰ ਸਾਰਿਆਂ ਦੇ ਸਾਮ੍ਹਣੇ ਪਾਣੀ ਵਿਚ ਗੋਤਾ ਦਿੱਤਾ ਜਾਵੇਗਾ। ਇਸ ਤਰ੍ਹਾਂ ਸਭ ਜਾਣ ਸਕਣਗੇ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਚੁੱਕੇ ਹੋ ਅਤੇ ਹੁਣ ਤੋਂ ਉਸ ਦੀ ਹੀ ਸੇਵਾ ਕਰੋਗੇ।

ਤੁਹਾਡੇ ਬਪਤਿਸਮੇ ਦਾ ਅਰਥ

23. “ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ” ਬਪਤਿਸਮਾ ਲੈਣ ਦਾ ਕੀ ਮਤਲਬ ਹੈ?

23 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ “ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ” ਬਪਤਿਸਮਾ ਲੈਣਗੇ। (ਮੱਤੀ 28:19) ਇਸ ਦਾ ਮਤਲਬ ਹੈ ਕਿ ਬਪਤਿਸਮਾ ਲੈਣ ਵਾਲਾ ਵਿਅਕਤੀ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਅਹੁਦੇ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਉਨ੍ਹਾਂ ਦੇ ਅਧਿਕਾਰ ਦੇ ਅਧੀਨ ਕਰਦਾ ਹੈ। (ਜ਼ਬੂਰਾਂ ਦੀ ਪੋਥੀ 83:18; ਮੱਤੀ 28:18) ਉਹ ਇਹ ਵੀ ਮੰਨਦਾ ਹੈ ਕਿ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਨਾਲ ਆਪਣੇ ਕੰਮ ਅਤੇ ਮਕਸਦ ਪੂਰੇ ਕਰਦਾ ਹੈ।​—ਗਲਾਤੀਆਂ 5:22, 23; 2 ਪਤਰਸ 1:21.

24, 25. (ੳ) ਬਪਤਿਸਮਾ ਕਿਸ ਗੱਲ ਨੂੰ ਦਰਸਾਉਂਦਾ ਹੈ? (ਅ) ਕਿਸ ਸਵਾਲ ਦਾ ਜਵਾਬ ਜਾਣਨਾ ਜ਼ਰੂਰੀ ਹੈ?

24 ਬਪਤਿਸਮਾ ਲੈਣਾ ਸਿਰਫ਼ ਇਕ ਰਸਮ ਹੀ ਨਹੀਂ, ਪਰ ਇਸ ਦਾ ਬਹੁਤ ਗਹਿਰਾ ਮਤਲਬ ਹੈ। ਜਦ ਤੁਸੀਂ ਪਾਣੀ ਦੇ ਅੰਦਰ ਜਾਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਿਆਗ ਰਹੇ ਹੋ। ਫਿਰ ਜਦ ਤੁਸੀਂ ਪਾਣੀ ਵਿੱਚੋਂ ਨਿਕਲਦੇ ਹੋ, ਤਦ ਮਾਨੋ ਤੁਸੀਂ ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰ ਰਹੇ ਹੋ। ਹੁਣ ਤੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਮਰਜ਼ੀ ਨੂੰ ਪਹਿਲ ਦਿਓਗੇ। ਇਹ ਵੀ ਯਾਦ ਰੱਖੋ ਕਿ ਤੁਸੀਂ ਆਪਣੀ ਜ਼ਿੰਦਗੀ ਕਿਸੇ ਕੰਮ, ਕਿਸੇ ਇਨਸਾਨ ਜਾਂ ਕਿਸੇ ਸੰਸਥਾ ਦੇ ਨਾਂ ਨਹੀਂ ਕੀਤੀ, ਸਗੋਂ ਯਹੋਵਾਹ ਪਰਮੇਸ਼ੁਰ ਦੇ ਨਾਂ ਕੀਤੀ ਹੈ। ਇਸ ਲਈ ਸਮਰਪਣ ਕਰਨ ਤੇ ਬਪਤਿਸਮਾ ਲੈਣ ਤੋਂ ਬਾਅਦ ਤੁਸੀਂ ਯਹੋਵਾਹ ਨਾਲ ਇਕ ਖ਼ਾਸ ਬੰਧਨ ਵਿਚ ਬੱਝ ਜਾਂਦੇ ਹੋ। ਹਾਂ, ਯਹੋਵਾਹ ਨਾਲ ਤੁਸੀਂ ਇਕ ਜਿਗਰੀ ਦੋਸਤ ਵਾਂਗ ਬਹੁਤ ਗੂੜ੍ਹਾ ਰਿਸ਼ਤਾ ਕਾਇਮ ਕਰਦੇ ਹੋ।​—ਕਹਾਉਤਾਂ 3:32.

25 ਪਰ ਯਾਦ ਰੱਖੋ ਕਿ ਬਪਤਿਸਮਾ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਸਾਨੂੰ ਸਦਾ ਦੀ ਜ਼ਿੰਦਗੀ ਮਿਲੇਗੀ। ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ ਰਹੋ।” (ਫ਼ਿਲਿੱਪੀਆਂ 2:12) ਬਪਤਿਸਮਾ ਸੱਚਾਈ ਦੇ ਰਾਹ ’ਤੇ ਚੱਲਣ ਦੀ ਸਿਰਫ਼ ਸ਼ੁਰੂਆਤ ਹੈ। ਸਾਨੂੰ ਯਹੋਵਾਹ ਨਾਲ ਕੀਤਾ ਆਪਣਾ ਵਾਅਦਾ ਨਿਭਾਉਣ ਦੀ ਲੋੜ ਹੈ। ਇਸ ਲਈ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਪਿਆਰ ਦੇ ਲਾਇਕ ਕਿਵੇਂ ਬਣਾਈ ਰੱਖ ਸਕਦੇ ਹੋ? ਅਖ਼ੀਰਲਾ ਅਧਿਆਇ ਇਸ ਸਵਾਲ ਦਾ ਜਵਾਬ ਦੇਵੇਗਾ।

^ ਪੈਰਾ 21 ਬਪਤਿਸਮਾ ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ਵਿਚ ਦਿੱਤਾ ਜਾਂਦਾ ਹੈ।