Skip to content

Skip to table of contents

ਵਧੇਰੇ ਜਾਣਕਾਰੀ

ਪਰਮੇਸ਼ੁਰ ਦਾ ਨਾਂ—ਇਸ ਦੀ ਵਰਤੋਂ ਅਤੇ ਇਸ ਦਾ ਮਤਲਬ

ਪਰਮੇਸ਼ੁਰ ਦਾ ਨਾਂ—ਇਸ ਦੀ ਵਰਤੋਂ ਅਤੇ ਇਸ ਦਾ ਮਤਲਬ

ਤੁਹਾਡੀ ਬਾਈਬਲ ਵਿਚ ਜ਼ਬੂਰਾਂ ਦੀ ਪੋਥੀ 83:18 ਦਾ ਤਰਜਮਾ ਕਿਸ ਤਰ੍ਹਾਂ ਕੀਤਾ ਗਿਆ ਹੈ? ਪੰਜਾਬੀ ਦੀ ਪਵਿੱਤਰ ਬਾਈਬਲ ਵਿਚ ਇਹ ਆਇਤ ਕਹਿੰਦੀ ਹੈ: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਹੋਰਨਾਂ ਕਈ ਤਰਜਮਿਆਂ ਵਿਚ ਵੀ ਇਸੇ ਤਰ੍ਹਾਂ ਲਿਖਿਆ ਗਿਆ ਹੈ। ਪਰ ਕੁਝ ਤਰਜਮਿਆਂ ਵਿਚ ਯਹੋਵਾਹ ਦੀ ਥਾਂ “ਪ੍ਰਭੂ” ਜਾਂ “ਪਰਮੇਸ਼ੁਰ” ਲਿਖਿਆ ਗਿਆ ਹੈ। ਤਾਂ ਫਿਰ, ਇਸ ਆਇਤ ਵਿਚ ਕੀ ਹੋਣਾ ਚਾਹੀਦਾ ਹੈ? ਪਰਮੇਸ਼ੁਰ ਦਾ ਨਾਂ ਯਹੋਵਾਹ ਜਾਂ ਉਸ ਦਾ ਕੋਈ ਖ਼ਿਤਾਬ?

ਇਬਰਾਨੀ ਲਿਪੀ ਵਿਚ ਪਰਮੇਸ਼ੁਰ ਦਾ ਨਾਂ

ਬਾਈਬਲ ਦਾ ਪਹਿਲਾ ਹਿੱਸਾ ਇਬਰਾਨੀ ਭਾਸ਼ਾ ਵਿਚ ਲਿਖਿਆ ਗਿਆ ਸੀ। ਮੁਢਲੀਆਂ ਇਬਰਾਨੀ ਲਿਖਤਾਂ ਵਿਚ ਜ਼ਬੂਰਾਂ ਦੀ ਪੋਥੀ 83:18 ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ। ਇਬਰਾਨੀ ਭਾਸ਼ਾ ਵਿਚ ਇਸ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਸੀ יהוה (YHWH)। ਪੰਜਾਬੀ ਵਿਚ ਇਸ ਨਾਂ ਦਾ ਅਨੁਵਾਦ “ਯਹੋਵਾਹ” ਕੀਤਾ ਗਿਆ ਹੈ। ਕੀ ਇਹ ਨਾਂ ਸਿਰਫ਼ ਬਾਈਬਲ ਦੀ ਇੱਕੋ ਆਇਤ ਵਿਚ ਪਾਇਆ ਜਾਂਦਾ ਹੈ? ਨਹੀਂ! ਮੁਢਲੀਆਂ ਇਬਰਾਨੀ ਲਿਖਤਾਂ ਵਿਚ ਇਹ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ!

ਪਰਮੇਸ਼ੁਰ ਦਾ ਨਾਂ ਕਿੰਨਾ ਕੁ ਮਹੱਤਵਪੂਰਣ ਹੈ? ਜ਼ਰਾ ਉਸ ਪ੍ਰਾਰਥਨਾ ਬਾਰੇ ਸੋਚੋ ਜੋ ਯਿਸੂ ਨੇ ਇਕ ਨਮੂਨੇ ਵਜੋਂ ਆਪਣੇ ਚੇਲਿਆਂ ਨੂੰ ਸਿਖਾਈ ਸੀ। ਉਸ ਨੇ ਇਹ ਪ੍ਰਾਰਥਨਾ ਇਸ ਤਰ੍ਹਾਂ ਸ਼ੁਰੂ ਕੀਤੀ: “ਹੇ ਸਾਡੇ ਪਿਤਾ, ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਕਿਸੇ ਹੋਰ ਮੌਕੇ ਤੇ ਯਿਸੂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ: “ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਜਵਾਬ ਵਿਚ ਪਰਮੇਸ਼ੁਰ ਨੇ ਸਵਰਗੋਂ ਕਿਹਾ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।” (ਯੂਹੰਨਾ 12:28) ਇਨ੍ਹਾਂ ਗੱਲਾਂ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਨਾਂ ਬਹੁਤ ਹੀ ਮਹੱਤਵਪੂਰਣ ਹੈ। ਲੇਕਿਨ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਪਰਮੇਸ਼ੁਰ ਦਾ ਨਾਂ ਇੰਨਾ ਮਹੱਤਵਪੂਰਣ ਹੈ, ਤਾਂ ਕੁਝ ਅਨੁਵਾਦਕਾਂ ਨੇ ਇਸ ਨਾਂ ਨੂੰ ਬਾਈਬਲ ਵਿੱਚੋਂ ਕੱਢ ਕੇ ਉਸ ਦੀ ਥਾਂ “ਪ੍ਰਭੂ” ਕਿਉਂ ਲਿਖ ਦਿੱਤਾ ਹੈ?

ਇਸ ਦੇ ਦੋ ਖ਼ਾਸ ਕਾਰਨ ਹਨ। ਪਹਿਲੀ ਗੱਲ ਹੈ ਕਿ ਕਈ ਇਹ ਦਾਅਵਾ ਕਰਦੇ ਹਨ ਕਿ ਸਾਨੂੰ ਇਹ ਨਾਂ ਸਹੀ ਤਰੀਕੇ ਨਾਲ ਕਹਿਣਾ ਨਹੀਂ ਆਉਂਦਾ, ਇਸ ਲਈ ਸਾਨੂੰ ਇਹ ਵਰਤਣਾ ਹੀ ਨਹੀਂ ਚਾਹੀਦਾ। ਮੁਢਲੀ ਇਬਰਾਨੀ ਭਾਸ਼ਾ ਵਿਚ ਸ੍ਵਰ-ਅੱਖਰ ਨਹੀਂ ਵਰਤੇ ਜਾਂਦੇ ਸਨ, ਇਸ ਲਈ ਅੱਜ ਕੋਈ ਵੀ ਨਹੀਂ ਜਾਣਦਾ ਕਿ ਪੁਰਾਣੇ ਜ਼ਮਾਨੇ ਵਿਚ ਇਸ ਨੂੰ ਕਿੱਦਾਂ ਉਚਾਰਿਆ ਜਾਂਦਾ ਸੀ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਪਰਮੇਸ਼ੁਰ ਦਾ ਨਾਂ ਲੈਣਾ ਹੀ ਨਹੀਂ ਚਾਹੀਦਾ? ਜ਼ਰਾ ਇਸ ਬਾਰੇ ਸੋਚੋ। ਯਿਸੂ ਦੇ ਜ਼ਮਾਨੇ ਦੇ ਲੋਕ ਸ਼ਾਇਦ ਉਸ ਨੂੰ ਯੇਸ਼ੂਆ ਜਾਂ ਯਹੋਸ਼ੁਆ ਕਹਿੰਦੇ ਸਨ। ਕੋਈ ਵੀ ਪੱਕੀ ਤਰ੍ਹਾਂ ਨਹੀਂ ਜਾਣਦਾ ਕਿ ਯਿਸੂ ਦਾ ਨਾਂ ਕਿਸ ਤਰ੍ਹਾਂ ਉਚਾਰਿਆ ਜਾਂਦਾ ਸੀ। ਪਰ ਦੁਨੀਆਂ ਭਰ ਵਿਚ ਲੋਕ ਯਿਸੂ ਦਾ ਨਾਂ ਆਪਣੀ ਭਾਸ਼ਾ ਦੇ ਮੁਤਾਬਕ ਵੱਖੋ-ਵੱਖਰੇ ਤਰੀਕਿਆਂ ਨਾਲ ਲੈਂਦੇ ਹਨ। ਉਹ ਉਸ ਦਾ ਨਾਂ ਲੈਣ ਤੋਂ ਝਿਜਕਦੇ ਨਹੀਂ। ਇਸੇ ਤਰ੍ਹਾਂ, ਜੇ ਤੁਸੀਂ ਪਰਦੇਸ ਜਾਓ, ਤਾਂ ਹੋ ਸਕਦਾ ਹੈ ਕਿ ਉੱਥੇ ਦੇ ਲੋਕ ਤੁਹਾਡਾ ਨਾਂ ਆਪਣੀ ਭਾਸ਼ਾ ਅਨੁਸਾਰ ਵੱਖਰੇ ਤਰੀਕੇ ਨਾਲ ਲੈਣ। ਪਰ ਫਿਰ ਵੀ ਉਹ ਤੁਹਾਡਾ ਨਾਂ ਲੈ ਕੇ ਹੀ ਗੱਲ ਕਰਦੇ ਹਨ। ਤਾਂ ਫਿਰ ਪਰਮੇਸ਼ੁਰ ਦੇ ਨਾਂ ਦਾ ਸਹੀ ਉਚਾਰਣ ਨਾ ਜਾਣਨ ਦਾ ਇਹ ਮਤਲਬ ਨਹੀਂ ਕਿ ਸਾਨੂੰ ਉਸ ਦਾ ਨਾਂ ਲੈਣਾ ਹੀ ਨਹੀਂ ਚਾਹੀਦਾ।

ਪਰਮੇਸ਼ੁਰ ਦੇ ਨਾਂ ਨੂੰ ਬਾਈਬਲ ਵਿੱਚੋਂ ਕੱਢਣ ਦਾ ਦੂਜਾ ਕਾਰਨ ਕੀ ਹੈ? ਯਹੂਦੀ ਰੀਤੀ-ਰਿਵਾਜ। ਕਈ ਯਹੂਦੀ ਕਹਿੰਦੇ ਸਨ ਕਿ ਪਰਮੇਸ਼ੁਰ ਦਾ ਨਾਂ ਜ਼ਬਾਨ ’ਤੇ ਨਹੀਂ ਲਿਆਉਣਾ ਚਾਹੀਦਾ। ਉਹ ਇਸ ਤਰ੍ਹਾਂ ਕਿਉਂ ਕਹਿੰਦੇ ਸਨ? ਕਿਉਂਕਿ ਉਨ੍ਹਾਂ ਨੇ ਬਾਈਬਲ ਦੇ ਇਸ ਹੁਕਮ ਦਾ ਗ਼ਲਤ ਮਤਲਬ ਕੱਢਿਆ ਸੀ ਕਿ “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂ ਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।”​—ਕੂਚ 20:7.

ਇਸ ਹੁਕਮ ਮੁਤਾਬਕ ਸਾਨੂੰ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਪਰ ਕੀ ਅਸੀਂ ਆਦਰ ਨਾਲ ਉਸ ਦਾ ਨਾਂ ਲੈ ਸਕਦੇ ਹਾਂ? ਜੀ ਹਾਂ, ਬਿਲਕੁਲ ਲੈ ਸਕਦੇ ਹਾਂ। ਇਬਰਾਨੀ ਲਿਖਤਾਂ (ਜਿਸ ਨੂੰ ਲੋਕ “ਪੁਰਾਣਾ ਨੇਮ” ਵੀ ਕਹਿੰਦੇ ਹਨ) ਦੇ ਸਾਰੇ ਲੇਖਕ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਸਨ ਜੋ ਇਜ਼ਰਾਈਲੀਆਂ ਨੂੰ ਦਿੱਤੀ ਬਿਵਸਥਾ ਅਨੁਸਾਰ ਚੱਲਦੇ ਸਨ। ਉਹ ਸਾਰੇ ਪਰਮੇਸ਼ੁਰ ਦਾ ਨਾਂ ਲੈਂਦੇ ਸਨ। ਮਿਸਾਲ ਲਈ, ਪਰਮੇਸ਼ੁਰ ਦਾ ਨਾਂ ਕਈ ਭਜਨਾਂ ਵਿਚ ਪਾਇਆ ਜਾਂਦਾ ਹੈ ਜੋ ਕਿ ਪਰਮੇਸ਼ੁਰ ਦੇ ਭਗਤ ਮਿਲ ਕੇ ਗਾਉਂਦੇ ਸਨ। ਯਹੋਵਾਹ ਪਰਮੇਸ਼ੁਰ ਨੇ ਖ਼ੁਦ ਆਪਣੇ ਵਫ਼ਾਦਾਰ ਸੇਵਕਾਂ ਨੂੰ ਉਸ ਦਾ ਨਾਂ ਲੈਣ ਲਈ ਕਿਹਾ ਸੀ ਅਤੇ ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਸੀ। (ਯੋਏਲ 2:32; ਰਸੂਲਾਂ ਦੇ ਕੰਮ 2:21) ਇਸ ਲਈ ਯਿਸੂ ਦੀ ਰੀਸ ਕਰਦੇ ਹੋਏ ਸਾਨੂੰ ਵੀ ਪਰਮੇਸ਼ੁਰ ਦਾ ਨਾਂ ਲੈਣ ਤੋਂ ਕਦੇ ਝਿਜਕਣਾ ਨਹੀਂ ਚਾਹੀਦਾ।​—ਯੂਹੰਨਾ 17:26.

ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਕੇ ਅਨੁਵਾਦਕਾਂ ਨੇ ਬਹੁਤ ਹੀ ਵੱਡੀ ਗ਼ਲਤੀ ਕੀਤੀ ਹੈ। ਉਹ ਪਰਮੇਸ਼ੁਰ ਨੂੰ ਇਕ ਅਜਨਬੀ ਦੇ ਤੌਰ ਤੇ ਪੇਸ਼ ਕਰਦੇ ਹਨ ਜੋ ਸਾਡੇ ਤੋਂ ਬਹੁਤ ਦੂਰ ਹੈ ਤੇ ਜਿਸ ਨਾਲ ਅਸੀਂ ਨਿੱਜੀ ਰਿਸ਼ਤਾ ਨਹੀਂ ਜੋੜ ਸਕਦੇ। ਪਰ ਬਾਈਬਲ ਸਾਨੂੰ ਉਸ ਨਾਲ “ਦੋਸਤੀ” ਕਰਨ ਦੀ ਤਾਕੀਦ ਕਰਦੀ ਹੈ। (ਕਹਾਉਤਾਂ 3:32) ਜ਼ਰਾ ਆਪਣੇ ਕਿਸੇ ਜਿਗਰੀ ਦੋਸਤ ਬਾਰੇ ਸੋਚੋ। ਉਸ ਦੋਸਤ ਨਾਲ ਤੁਹਾਡੀ ਕਿਹੋ ਜਿਹੀ ਦੋਸਤੀ ਹੋਵੇਗੀ ਜਿਸ ਦਾ ਤੁਸੀਂ ਨਾਂ ਤਕ ਨਹੀਂ ਜਾਣਦੇ? ਇਸੇ ਤਰ੍ਹਾਂ, ਜੇ ਲੋਕਾਂ ਨੂੰ ਇਹ ਨਾ ਦੱਸਿਆ ਜਾਵੇ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ, ਤਾਂ ਉਹ ਉਸ ਨਾਲ ਦੋਸਤੀ ਕਿੱਦਾਂ ਕਰਨਗੇ? ਇਸ ਤੋਂ ਇਲਾਵਾ, ਜਦ ਲੋਕ ਪਰਮੇਸ਼ੁਰ ਦਾ ਨਾਂ ਹੀ ਨਹੀਂ ਵਰਤਦੇ, ਤਾਂ ਉਹ ਇਸ ਨਾਂ ਦਾ ਅਸਲੀ ਮਤਲਬ ਵੀ ਨਹੀਂ ਜਾਣ ਸਕਦੇ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦੇ ਨਾਂ ਦਾ ਕੀ ਮਤਲਬ ਹੈ।

ਆਪਣੇ ਵਫ਼ਾਦਾਰ ਸੇਵਕ ਮੂਸਾ ਨੂੰ ਪਰਮੇਸ਼ੁਰ ਨੇ ਖ਼ੁਦ ਆਪਣੇ ਨਾਂ ਦਾ ਮਤਲਬ ਸਮਝਾਇਆ ਸੀ। ਜਦ ਮੂਸਾ ਨੇ ਪਰਮੇਸ਼ੁਰ ਨੂੰ ਉਸ ਦੇ ਨਾਂ ਬਾਰੇ ਪੁੱਛਿਆ, ਤਦ ਯਹੋਵਾਹ ਨੇ ਕਿਹਾ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” (ਕੂਚ 3:14, NW) ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਨੂੰ ਜੋ ਕੁਝ ਬਣਨ ਦੀ ਲੋੜ ਹੁੰਦੀ ਹੈ, ਉਹ ਉਹੋ ਬਣ ਜਾਂਦਾ ਹੈ। ਨਾਲੇ ਉਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਤੋਂ ਕੁਝ ਵੀ ਕਰਵਾ ਸਕਦਾ ਹੈ।

ਜ਼ਰਾ ਕਲਪਨਾ ਕਰੋ ਕਿ ਜੇ ਤੁਸੀਂ ਜੋ ਚਾਹੋ ਬਣ ਸਕੋ, ਤਾਂ ਤੁਸੀਂ ਆਪਣੇ ਦੋਸਤ-ਮਿੱਤਰਾਂ ਲਈ ਕੀ-ਕੀ ਕਰੋਗੇ। ਜੇ ਉਨ੍ਹਾਂ ਵਿੱਚੋਂ ਕੋਈ ਬਹੁਤ ਬੀਮਾਰ ਹੋ ਜਾਵੇ, ਤਾਂ ਤੁਸੀਂ ਡਾਕਟਰ ਬਣ ਕੇ ਉਸ ਦਾ ਇਲਾਜ ਕਰ ਸਕਦੇ। ਜੇ ਕੋਈ ਪੈਸੇ ਤੋਂ ਤੰਗ ਹੋਵੇ, ਤਾਂ ਤੁਸੀਂ ਅਮੀਰ ਬਣ ਕੇ ਉਸ ਦੀ ਮਦਦ ਕਰ ਸਕਦੇ। ਪਰ ਸੱਚਾਈ ਤਾਂ ਇਹ ਹੈ ਕਿ ਅਸੀਂ ਮਾਮੂਲੀ ਇਨਸਾਨ ਹਾਂ ਅਤੇ ਅਸੀਂ ਉਹ ਨਹੀਂ ਬਣ ਸਕਦੇ ਜੋ ਅਸੀਂ ਚਾਹੁੰਦੇ ਹਾਂ। ਜਿਉਂ-ਜਿਉਂ ਤੁਸੀਂ ਬਾਈਬਲ ਦੀ ਸਟੱਡੀ ਕਰੋਗੇ, ਤਿਉਂ-ਤਿਉਂ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਕਰਨ ਲਈ ਕੁਝ ਵੀ ਬਣ ਸਕਦਾ ਹੈ। ਸੱਚ ਤਾਂ ਇਹ ਹੈ ਕਿ ਉਹ ਆਪਣੇ ਸੱਚੇ ਭਗਤਾਂ ਦੀ ਮਦਦ ਕਰ ਕੇ ਬਹੁਤ ਖ਼ੁਸ਼ ਹੁੰਦਾ ਹੈ। (2 ਇਤਹਾਸ 16:9) ਜੋ ਪਰਮੇਸ਼ੁਰ ਦਾ ਨਾਂ ਨਹੀਂ ਜਾਣਦੇ, ਉਹ ਪਰਮੇਸ਼ੁਰ ਦੇ ਗੁਣਾਂ ਤੋਂ ਅਣਜਾਣ ਰਹਿੰਦੇ ਹਨ।

ਤਾਂ ਫਿਰ ਇਹ ਸਾਫ਼ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਬਾਈਬਲ ਵਿਚ ਹੋਣਾ ਚਾਹੀਦਾ ਹੈ। ਉਸ ਦੇ ਨਾਂ ਦਾ ਅਸਲੀ ਮਤਲਬ ਜਾਣਨ ਅਤੇ ਆਪਣੀ ਭਗਤੀ ਵਿਚ ਉਸ ਦਾ ਨਾਂ ਲੈਣ ਨਾਲ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰ ਸਕਾਂਗੇ।