Skip to content

Skip to table of contents

ਵਧੇਰੇ ਜਾਣਕਾਰੀ

ਯਿਸੂ—ਵਾਅਦਾ ਕੀਤਾ ਹੋਇਆ ਮਸੀਹ

ਯਿਸੂ—ਵਾਅਦਾ ਕੀਤਾ ਹੋਇਆ ਮਸੀਹ

ਯਹੋਵਾਹ ਨੇ ਆਪਣੇ ਚੁਣੇ ਹੋਏ ਮਸੀਹ ਨੂੰ ਪਛਾਣਨ ਵਿਚ ਸਾਡੀ ਮਦਦ ਕੀਤੀ ਹੈ। ਕਿਸ ਤਰ੍ਹਾਂ? ਆਪਣੇ ਨਬੀਆਂ ਰਾਹੀਂ ਉਸ ਨੇ ਮਸੀਹ ਦੇ ਜਨਮ, ਉਸ ਦੇ ਪ੍ਰਚਾਰ ਅਤੇ ਉਸ ਦੀ ਮੌਤ ਬਾਰੇ ਦੱਸਿਆ। ਜੋ ਵੀ ਮਸੀਹ ਬਾਰੇ ਦੱਸਿਆ ਗਿਆ ਸੀ, ਉਹ ਸਭ ਕੁਝ ਯਿਸੂ ਮਸੀਹ ਵਿਚ ਪੂਰਾ ਹੋਇਆ। ਮਸੀਹ ਬਾਰੇ ਕੀਤੀਆਂ ਗਈਆਂ ਭਵਿੱਖਬਾਣੀਆਂ ਦੀ ਇਕ-ਇਕ ਗੱਲ ਸੋਲਾ ਆਨੇ ਸੱਚ ਸਾਬਤ ਹੋਈ। ਮਿਸਾਲ ਲਈ, ਆਓ ਆਪਾਂ ਮਸੀਹ ਦੇ ਜਨਮ ਅਤੇ ਉਸ ਦੇ ਬਚਪਨ ਬਾਰੇ ਕੁਝ ਗੱਲਾਂ ਵੱਲ ਧਿਆਨ ਦੇਈਏ।

ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਮਸੀਹ ਰਾਜਾ ਦਾਊਦ ਦੇ ਵੰਸ ਵਿੱਚੋਂ ਪੈਦਾ ਹੋਵੇਗਾ। (ਯਸਾਯਾਹ 9:7) ਇਤਿਹਾਸ ਗਵਾਹ ਹੈ ਕਿ ਯਿਸੂ ਦਾਊਦ ਦੇ ਹੀ ਘਰਾਣੇ ਵਿਚ ਪੈਦਾ ਹੋਇਆ ਸੀ।​—ਮੱਤੀ 1:1, 6-17.

ਮੀਕਾਹ ਨਾਂ ਦੇ ਇਕ ਹੋਰ ਨਬੀ ਨੇ ਕਿਹਾ ਕਿ ਮਸੀਹ ਰਾਜਾ ਬਣੇਗਾ ਅਤੇ ਉਸ ਦਾ ਜਨਮ “ਬੈਤਲਹਮ ਅਫ਼ਰਾਥਾਹ” ਪਿੰਡ ਵਿਚ ਹੋਵੇਗਾ। (ਮੀਕਾਹ 5:2) ਜਦ ਯਿਸੂ ਦਾ ਜਨਮ ਹੋਇਆ, ਤਾਂ ਇਜ਼ਰਾਈਲ ਵਿਚ ਬੈਤਲਹਮ ਨਾਂ ਦੇ ਦੋ ਸ਼ਹਿਰ ਸਨ। ਇਕ ਯਹੂਦਾਹ ਦੇ ਉੱਤਰੀ ਇਲਾਕੇ ਵਿਚ ਨਾਸਰਤ ਲਾਗੇ ਸੀ ਅਤੇ ਦੂਸਰਾ ਯਰੂਸ਼ਲਮ ਲਾਗੇ ਸੀ। ਯਰੂਸ਼ਲਮ ਲਾਗੇ ਬੈਤਲਹਮ ਸ਼ਹਿਰ ਦਾ ਨਾਂ ਪਹਿਲਾਂ ਅਫ਼ਰਾਥਾਹ ਹੁੰਦਾ ਸੀ। ਯਿਸੂ ਦਾ ਜਨਮ ਇਸੇ ਸ਼ਹਿਰ ਵਿਚ ਹੋਇਆ, ਠੀਕ ਜਿੱਦਾਂ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ!​—ਮੱਤੀ 2:1.

ਬਾਈਬਲ ਦੀ ਇਕ ਹੋਰ ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਪਰਮੇਸ਼ੁਰ ਦਾ ਪੁੱਤਰ “ਮਿਸਰ ਵਿੱਚੋਂ” ਸੱਦਿਆ ਜਾਵੇਗਾ। ਬਚਪਨ ਵਿਚ ਯਿਸੂ ਦੇ ਮਾਪੇ ਉਸ ਨੂੰ ਮਿਸਰ ਲੈ ਗਏ ਸਨ। ਪਰ ਰਾਜਾ ਹੇਰੋਦੇਸ ਦੀ ਮੌਤ ਤੋਂ ਬਾਅਦ ਉਹ ਵਾਪਸ ਆਪਣੇ ਦੇਸ਼ ਆ ਗਏ। ਇਸ ਤਰ੍ਹਾਂ ਇਹ ਭਵਿੱਖਬਾਣੀ ਵੀ ਬਿਲਕੁਲ ਸੱਚ ਸਾਬਤ ਹੋਈ।​—ਹੋਸ਼ੇਆ 11:1; ਮੱਤੀ 2:15.

 ਮਸੀਹ ਬਾਰੇ ਭਵਿੱਖਬਾਣੀਆਂ” ਨਾਂ ਦਾ ਚਾਰਟ ਦੇਖੋ। “ਭਵਿੱਖਬਾਣੀ” ਹੇਠ ਉਹ ਹਵਾਲੇ ਦਿੱਤੇ ਗਏ ਹਨ ਜਿਨ੍ਹਾਂ ਵਿਚ ਮਸੀਹ ਦਾ ਜ਼ਿਕਰ ਕੀਤਾ ਜਾਂਦਾ ਹੈ। ਇਨ੍ਹਾਂ ਹਵਾਲਿਆਂ ਦੀ ਤੁਲਨਾ ਉਨ੍ਹਾਂ ਹਵਾਲਿਆਂ ਨਾਲ ਕਰੋ ਜੋ “ਪੂਰਤੀ” ਹੇਠ ਦਿੱਤੇ ਗਏ ਹਨ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸੱਚਾਈ ਵਿਚ ਤੁਹਾਡੀ ਨਿਹਚਾ ਵਧੇਗੀ।

“ਭਵਿੱਖਬਾਣੀ” ਹੇਠਲੀਆਂ ਆਇਤਾਂ ਪੜ੍ਹਦੇ ਸਮੇਂ ਯਾਦ ਰੱਖੋ ਕਿ ਇਹ ਗੱਲਾਂ ਯਿਸੂ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ ਲਿਖੀਆਂ ਗਈਆਂ ਸਨ। ਯਿਸੂ ਨੇ ਕਿਹਾ: “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਅਤੇ ਜ਼ਬੂਰ ਵਿਚ ਜੋ ਕੁਝ ਵੀ ਮੇਰੇ ਬਾਰੇ ਲਿਖਿਆ ਗਿਆ ਹੈ, ਉਹ ਜ਼ਰੂਰ ਪੂਰਾ ਹੋਵੇਗਾ।” (ਲੂਕਾ 24:44) ਤੁਸੀਂ ਆਪਣੀ ਬਾਈਬਲ ਵਿਚ ਖ਼ੁਦ ਪੜ੍ਹ ਕੇ ਦੇਖ ਸਕਦੇ ਹੋ ਕਿ ਇਹ ਭਵਿੱਖਬਾਣੀਆਂ ਸੋਲਾ ਆਨੇ ਸੱਚ ਸਾਬਤ ਹੋਈਆਂ!