Skip to content

Skip to table of contents

ਵਧੇਰੇ ਜਾਣਕਾਰੀ

ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਬਾਰੇ ਸੱਚਾਈ

ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਬਾਰੇ ਸੱਚਾਈ

ਤ੍ਰਿਏਕ ਦੀ ਸਿੱਖਿਆ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਮੰਨਦੇ ਹਨ ਕਿ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਇੱਕੋ ਸ਼ਖ਼ਸ ਵਿਚ ਤਿੰਨ ਸ਼ਖ਼ਸ ਹਨ। ਉਹ ਮੰਨਦੇ ਹਨ ਕਿ ਇਹ ਤਿੰਨੋਂ ਸ਼ਖ਼ਸ ਸਰਬਸ਼ਕਤੀਮਾਨ ਹਨ, ਇਕ-ਦੂਜੇ ਦੇ ਬਰਾਬਰ ਹਨ ਅਤੇ ਇਨ੍ਹਾਂ ਦੀ ਨਾ ਕੋਈ ਸ਼ੁਰੂਆਤ ਹੈ ਤੇ ਨਾ ਕੋਈ ਅੰਤ। ਤ੍ਰਿਏਕ ਦੀ ਸਿੱਖਿਆ ਮੁਤਾਬਕ ਪਿਤਾ ਵੀ ਪਰਮੇਸ਼ੁਰ ਹੈ, ਪੁੱਤਰ ਵੀ ਪਰਮੇਸ਼ੁਰ ਹੈ ਅਤੇ ਪਵਿੱਤਰ ਆਤਮਾ ਵੀ ਪਰਮੇਸ਼ੁਰ ਹੈ, ਪਰ ਹੈ ਇੱਕੋ ਪਰਮੇਸ਼ੁਰ।

ਤ੍ਰਿਏਕ ਵਿਚ ਵਿਸ਼ਵਾਸ ਕਰਨ ਵਾਲੇ ਕਈ ਲੋਕ ਕਬੂਲ ਕਰਦੇ ਹਨ ਕਿ ਉਹ ਇਸ ਸਿੱਖਿਆ ਨੂੰ ਸਮਝਾ ਨਹੀਂ ਸਕਦੇ। ਭਾਵੇਂ ਕਿ “ਤ੍ਰਿਏਕ” ਸ਼ਬਦ ਬਾਈਬਲ ਵਿਚ ਕਿਤੇ ਵੀ ਨਹੀਂ ਪਾਇਆ ਜਾਂਦਾ ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਇਹ ਜ਼ਰੂਰ ਬਾਈਬਲ ਦੀ ਸਿੱਖਿਆ ਹੈ। ਪਰ ਕੀ ਬਾਈਬਲ ਵਿਚ ਤ੍ਰਿਏਕ ਦਾ ਵਿਚਾਰ ਪਾਇਆ ਜਾਂਦਾ ਹੈ? ਇਸ ਸਵਾਲ ਦਾ ਜਵਾਬ ਪਾਉਣ ਲਈ ਆਓ ਆਪਾਂ ਇਕ ਹਵਾਲਾ ਦੇਖੀਏ ਜੋ ਤ੍ਰਿਏਕ ਨੂੰ ਸੱਚ ਸਾਬਤ ਕਰਨ ਲਈ ਅਕਸਰ ਵਰਤਿਆ ਜਾਂਦਾ ਹੈ।

“ਸ਼ਬਦ ਪਰਮੇਸ਼ੁਰ ਸੀ”

ਪੰਜਾਬੀ ਬਾਈਬਲ (OV) ਵਿਚ ਯੂਹੰਨਾ 1:1 ਕਹਿੰਦਾ ਹੈ: “ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ।” ਇਸੇ ਅਧਿਆਇ ਵਿਚ ਯੂਹੰਨਾ ਰਸੂਲ ਨੇ ਸਮਝਾਇਆ ਕਿ “ਸ਼ਬਦ” ਯਿਸੂ ਹੈ। (ਯੂਹੰਨਾ 1:14) ਪਰ ਕਿਉਂਕਿ ਪਹਿਲੀ ਆਇਤ ਵਿਚ ਸ਼ਬਦ ਨੂੰ ਪਰਮੇਸ਼ੁਰ ਕਿਹਾ ਗਿਆ ਹੈ, ਕਈ ਲੋਕ ਸੋਚਦੇ ਹਨ ਕਿ ਯਿਸੂ ਅਤੇ ਪਰਮੇਸ਼ੁਰ ਇੱਕੋ ਸ਼ਖ਼ਸ ਹਨ।

ਯਾਦ ਰੱਖੋ ਕਿ ਯੂਹੰਨਾ ਨੇ ਇਹ ਗੱਲਾਂ ਯੂਨਾਨੀ ਭਾਸ਼ਾ ਵਿਚ ਲਿਖੀਆਂ ਸਨ। ਬਾਅਦ ਵਿਚ ਇਸ ਦਾ ਤਰਜਮਾ ਦੂਸਰੀਆਂ ਭਾਸ਼ਾਵਾਂ ਵਿਚ ਕੀਤਾ ਗਿਆ ਸੀ। ਕਈ ਅਨੁਵਾਦਕਾਂ ਨੇ ਆਪਣੇ ਤਰਜਮਿਆਂ ਵਿਚ ਇਹ ਨਹੀਂ ਕਿਹਾ ਕਿ “ਸ਼ਬਦ ਪਰਮੇਸ਼ੁਰ ਸੀ।” ਕਿਉਂ ਨਹੀਂ? ਕਿਉਂਕਿ ਉਹ ਬਾਈਬਲ ਵਿਚ ਵਰਤੀ ਗਈ ਯੂਨਾਨੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਜਿਸ ਕਰਕੇ ਉਨ੍ਹਾਂ ਨੇ ਇਸ ਵਾਕ ਦਾ ਤਰਜਮਾ ਸਹੀ ਤਰੀਕੇ ਨਾਲ ਕੀਤਾ। ਕੁਝ ਤਰਜਮਿਆਂ ਉੱਤੇ ਗੌਰ ਕਰੋ: “ਲੋਗੋਸ [ਸ਼ਬਦ] ਪਰਮੇਸ਼ੁਰ ਵਰਗਾ ਸੀ।” (ਏ ਨਿਊ ਟ੍ਰਾਂਸਲੇਸ਼ਨ ਆਫ਼ ਦ ਬਾਈਬਲ) “ਸ਼ਬਦ ਇਕ ਈਸ਼ਵਰ ਸੀ।” (ਦ ਨਿਊ ਟੈਸਟਾਮੈਂਟ ਇਨ ਐਨ ਇਮਪਰੂਵਡ ਵਰਯਨ) “ਸ਼ਬਦ ਪਰਮੇਸ਼ੁਰ ਨਾਲ ਸੀ ਅਤੇ ਉਸ ਵਰਗਾ ਸੀ।” (ਦ ਟ੍ਰਾਂਸਲੇਟਰਜ਼ ਨਿਊ ਟੈਸਟਾਮੈਂਟ) ਇਨ੍ਹਾਂ ਤਰਜਮਿਆਂ ਅਨੁਸਾਰ ਸ਼ਬਦ ਯਾਨੀ ਯਿਸੂ ਖ਼ੁਦ ਪਰਮੇਸ਼ੁਰ ਨਹੀਂ ਸੀ। * ਪਰ ਯਿਸੂ ਨੂੰ ਇਸ ਲਈ “ਇਕ ਈਸ਼ਵਰ” ਕਿਹਾ ਗਿਆ ਹੈ ਕਿਉਂਕਿ ਪਰਮੇਸ਼ੁਰ ਦੇ ਦੂਤਾਂ ਵਿਚ ਉਸ ਦਾ ਸਭ ਤੋਂ ਉੱਚਾ ਅਹੁਦਾ ਹੈ। ਇੱਥੇ “ਈਸ਼ਵਰ” ਦਾ ਮਤਲਬ ਹੈ “ਸ਼ਕਤੀਮਾਨ” ਨਾ ਕਿ ਸਰਬਸ਼ਕਤੀਮਾਨ।

ਹੋਰ ਜਾਣਕਾਰੀ ਲਵੋ

ਜ਼ਿਆਦਾਤਰ ਲੋਕ ਬਾਈਬਲ ਦੀ ਯੂਨਾਨੀ ਭਾਸ਼ਾ ਨਹੀਂ ਜਾਣਦੇ। ਤਾਂ ਫਿਰ ਤੁਹਾਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਕਿ ਯੂਹੰਨਾ ਰਸੂਲ ਅਸਲ ਵਿਚ ਕੀ ਕਹਿਣਾ ਚਾਹੁੰਦਾ ਸੀ? ਜ਼ਰਾ ਇਕ ਮਿਸਾਲ ਵੱਲ ਧਿਆਨ ਦਿਓ: ਇਕ ਟੀਚਰ ਆਪਣੇ ਵਿਦਿਆਰਥੀਆਂ ਨੂੰ ਕੋਈ ਗੱਲ ਸਮਝਾਉਂਦਾ ਹੈ। ਪਰ ਬਾਅਦ ਵਿਚ ਵਿਦਿਆਰਥੀ ਉਸ ਦੀ ਗੱਲ ਦੇ ਮਤਲਬ ਬਾਰੇ ਇਕ-ਦੂਜੇ ਨਾਲ ਬਹਿਸ ਕਰਨ ਲੱਗਦੇ ਹਨ। ਉਹ ਇਸ ਮਾਮਲੇ ਨੂੰ ਕਿੱਦਾਂ ਸੁਲਝਾ ਸਕਦੇ ਹਨ? ਸਭ ਤੋਂ ਆਸਾਨ ਉਪਾਅ ਹੋਵੇਗਾ ਕਿ ਉਹ ਟੀਚਰ ਨੂੰ ਹੀ ਇਸ ਬਾਰੇ ਪੁੱਛਣ। ਟੀਚਰ ਤੋਂ ਹੋਰ ਜਾਣਕਾਰੀ ਲੈ ਕੇ ਵਿਦਿਆਰਥੀ ਉਸ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਣਗੇ। ਇਸੇ ਤਰ੍ਹਾਂ ਯੂਹੰਨਾ 1:1 ਨੂੰ ਸਮਝਣ ਲਈ ਤੁਸੀਂ ਯੂਹੰਨਾ ਦੀ ਇੰਜੀਲ ਪੜ੍ਹ ਕੇ ਯਿਸੂ ਦੇ ਅਹੁਦੇ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਜਾਣਕਾਰੀ ਨਾਲ ਤੁਸੀਂ ਸਹੀ ਨਤੀਜੇ ’ਤੇ ਪਹੁੰਚ ਸਕੋਗੇ।

ਮਿਸਾਲ ਲਈ, ਧਿਆਨ ਦਿਓ ਕਿ ਯੂਹੰਨਾ 1:18 ਵਿਚ ਕਿਹਾ ਗਿਆ ਹੈ: “ਕਿਸੇ ਵੀ ਇਨਸਾਨ ਨੇ [ਸਰਬਸ਼ਕਤੀਮਾਨ] ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ।” ਪਰ ਅਸੀਂ ਜਾਣਦੇ ਹਾਂ ਕਿ ਇਨਸਾਨਾਂ ਨੇ ਯਿਸੂ ਨੂੰ ਦੇਖਿਆ ਸੀ ਕਿਉਂਕਿ ਯੂਹੰਨਾ ਕਹਿੰਦਾ ਹੈ: “‘ਸ਼ਬਦ’ [ਯਿਸੂ] ਇਨਸਾਨ ਬਣ ਕੇ ਸਾਡੇ ਵਿਚ ਰਿਹਾ ਅਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ ਨੂੰ ਹੀ ਦਿੰਦਾ ਹੈ; ਅਤੇ ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਅਤੇ ਉਹ ਸੱਚਾਈ ਨਾਲ ਭਰਪੂਰ ਸੀ।” (ਯੂਹੰਨਾ 1:14) ਤਾਂ ਫਿਰ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਕਿੱਦਾਂ ਹੋ ਸਕਦਾ ਹੈ? ਯੂਹੰਨਾ ਇਹ ਵੀ ਕਹਿੰਦਾ ਹੈ ਕਿ ਯਿਸੂ ‘ਪਰਮੇਸ਼ੁਰ ਦੇ ਸੰਗ’ ਸੀ। ਇਕ ਇਨਸਾਨ ਕਿਸੇ ਦੇ ਸੰਗ ਹੁੰਦਿਆਂ ਹੋਇਆਂ ਉਹੀ ਇਨਸਾਨ ਕਿੱਦਾਂ ਹੋ ਸਕਦਾ ਹੈ? ਇਸ ਤੋਂ ਇਲਾਵਾ, ਯੂਹੰਨਾ 17:3 ਵਿਚ ਯਿਸੂ ਦੇ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਯਿਸੂ ਇੱਕੋ ਸ਼ਖ਼ਸ ਨਹੀਂ ਹਨ। ਇਸ ਆਇਤ ਵਿਚ ਯਿਸੂ ਨੇ ਆਪਣੇ ਪਿਤਾ ਨੂੰ “ਇੱਕੋ-ਇਕ ਸੱਚਾ ਪਰਮੇਸ਼ੁਰ” ਕਿਹਾ ਸੀ। ਆਪਣੀ ਇੰਜੀਲ ਦੇ ਅਖ਼ੀਰ ਵਿਚ ਯੂਹੰਨਾ ਨੇ ਇਸ ਮੁੱਦੇ ਨੂੰ ਇਸ ਗੱਲ ਨਾਲ ਸਮਾਪਤ ਕੀਤਾ: “ਉਹ ਇਸ ਕਰਕੇ ਲਿਖੇ ਗਏ ਹਨ ਤਾਂਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਮਸੀਹ ਤੇ ਪਰਮੇਸ਼ੁਰ ਦਾ ਪੁੱਤਰ ਹੈ।” (ਯੂਹੰਨਾ 20:31) ਧਿਆਨ ਦਿਓ ਕਿ ਯਿਸੂ ਨੂੰ ਇੱਥੇ ਪਰਮੇਸ਼ੁਰ ਦਾ ਪੁੱਤਰ ਕਿਹਾ ਗਿਆ ਹੈ, ਨਾ ਕਿ ਪਰਮੇਸ਼ੁਰ। ਯੂਹੰਨਾ ਰਸੂਲ ਦੀ ਇੰਜੀਲ ਵਿਚ ਇਸ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਯੂਹੰਨਾ 1:1 ਦਾ ਸਹੀ ਅਰਥ ਕੀ ਹੈ। ਯਿਸੂ ਨੂੰ “ਇਕ ਈਸ਼ਵਰ” ਕਹਿਣ ਦਾ ਇਹ ਮਤਲਬ ਨਹੀਂ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਸਗੋਂ ਇਹ ਕਿ ਸਵਰਗ ਵਿਚ ਉਸ ਦਾ ਬਹੁਤ ਉੱਚਾ ਅਹੁਦਾ ਹੈ।

ਜਾਣਕਾਰੀ ਦੀ ਪੁਸ਼ਟੀ ਕਰੋ

ਜ਼ਰਾ ਟੀਚਰ ਅਤੇ ਵਿਦਿਆਰਥੀਆਂ ਦੀ ਮਿਸਾਲ ਬਾਰੇ ਫਿਰ ਤੋਂ ਸੋਚੋ। ਜੇ ਟੀਚਰ ਤੋਂ ਹੋਰ ਜਾਣਕਾਰੀ ਲੈਣ ਤੋਂ ਬਾਅਦ ਕੁਝ ਵਿਦਿਆਰਥੀ ਫਿਰ ਵੀ ਉਸ ਦੀ ਗੱਲ ਨੂੰ ਸੱਚ ਨਾ ਮੰਨਣ, ਤਾਂ ਉਹ ਕੀ ਕਰ ਸਕਦੇ ਹਨ? ਉਹ ਕਿਸੇ ਹੋਰ ਟੀਚਰ ਤੋਂ ਜਾਣਕਾਰੀ ਲੈ ਸਕਦੇ ਹਨ। ਜੇ ਦੂਸਰਾ ਟੀਚਰ ਵੀ ਵਿਦਿਆਰਥੀਆਂ ਨੂੰ ਉਹੀ ਗੱਲ ਦੱਸੇ ਜੋ ਪਹਿਲੇ ਟੀਚਰ ਨੇ ਕਹੀ ਸੀ, ਤਾਂ ਉਨ੍ਹਾਂ ਦਾ ਸ਼ੱਕ ਦੂਰ ਹੋ ਸਕਦਾ ਹੈ। ਇਸੇ ਤਰ੍ਹਾਂ, ਜੇ ਤੁਸੀਂ ਯੂਹੰਨਾ ਦੀ ਇੰਜੀਲ ਤੋਂ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਯਿਸੂ ਦੇ ਰਿਸ਼ਤੇ ਨੂੰ ਨਹੀਂ ਸਮਝ ਪਾਏ, ਤਾਂ ਤੁਸੀਂ ਬਾਈਬਲ ਦੇ ਕਿਸੇ ਹੋਰ ਲਿਖਾਰੀ ਦੀਆਂ ਗੱਲਾਂ ਨੂੰ ਪੜ੍ਹ ਕੇ ਦੇਖ ਸਕਦੇ ਹੋ। ਮਿਸਾਲ ਲਈ, ਧਿਆਨ ਦਿਓ ਕਿ ਬਾਈਬਲ ਦੇ ਲੇਖਕ ਮੱਤੀ ਨੇ ਕੀ ਕਿਹਾ ਸੀ। ਮੱਤੀ ਨੇ ਇਸ ਦੁਸ਼ਟ ਦੁਨੀਆਂ ਦੇ ਅੰਤ ਬਾਰੇ ਯਿਸੂ ਦੇ ਸ਼ਬਦ ਦੁਹਰਾਉਂਦੇ ਹੋਏ ਕਿਹਾ: “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” (ਮੱਤੀ 24:36) ਇਹ ਗੱਲ ਕਿੱਦਾਂ ਸਾਬਤ ਕਰਦੀ ਹੈ ਕਿ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ?

ਯਿਸੂ ਇੱਥੇ ਕਹਿ ਰਿਹਾ ਸੀ ਕਿ ਪਿਤਾ ਪੁੱਤਰ ਨਾਲੋਂ ਜ਼ਿਆਦਾ ਜਾਣਦਾ ਹੈ। ਪਰ ਜੇ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੁੰਦਾ, ਤਾਂ ਉਸ ਨੂੰ ਵੀ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਸੀ ਜਿਨ੍ਹਾਂ ਬਾਰੇ ਪਿਤਾ ਨੂੰ ਪਤਾ ਹੈ। ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਪਿਤਾ ਅਤੇ ਪੁੱਤਰ ਇਕ-ਦੂਜੇ ਦੇ ਬਰਾਬਰ ਨਹੀਂ ਹਨ। ਪਰ ਕਈ ਸ਼ਾਇਦ ਕਹਿਣ ਕਿ ‘ਯਿਸੂ ਦੇ ਦੋ ਰੂਪ ਸਨ। ਇੱਥੇ ਉਹ ਆਦਮੀ ਵਜੋਂ ਗੱਲ ਕਰ ਰਿਹਾ ਸੀ।’ ਜੇ ਇਹ ਗੱਲ ਸੱਚ ਵੀ ਹੋਵੇ, ਤਾਂ ਪਵਿੱਤਰ ਆਤਮਾ ਬਾਰੇ ਕੀ? ਜੇ ਪਵਿੱਤਰ ਆਤਮਾ ਤੇ ਪਿਤਾ ਇਕ ਹਨ, ਤਾਂ ਯਿਸੂ ਨੇ ਇਹ ਕਿਉਂ ਨਹੀਂ ਕਿਹਾ ਕਿ ਪਵਿੱਤਰ ਆਤਮਾ ਨੂੰ ਵੀ ਉਹ ਸਾਰਾ ਕੁਝ ਪਤਾ ਹੈ ਜੋ ਪਿਤਾ ਜਾਣਦਾ ਹੈ?

ਜਿਉਂ-ਜਿਉਂ ਤੁਸੀਂ ਬਾਈਬਲ ਦੀ ਸਟੱਡੀ ਕਰਦੇ ਰਹੋਗੇ, ਤਿਉਂ-ਤਿਉਂ ਤੁਸੀਂ ਇਸ ਵਿਸ਼ੇ ਨਾਲ ਜੁੜੇ ਕਈ ਹੋਰ ਬਾਈਬਲ ਹਵਾਲਿਆਂ ਨੂੰ ਪੜ੍ਹੋਗੇ। ਇਨ੍ਹਾਂ ਹਵਾਲਿਆਂ ਤੋਂ ਤੁਸੀਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਬਾਰੇ ਸੱਚਾਈ ਸਿੱਖ ਸਕੋਗੇ।​—ਜ਼ਬੂਰਾਂ ਦੀ ਪੋਥੀ 90:2; ਰਸੂਲਾਂ ਦੇ ਕੰਮ 7:55; ਕੁਲੁੱਸੀਆਂ 1:15.

^ ਪੈਰਾ 4 ਜੇ ਤੁਸੀਂ ਯੂਹੰਨਾ 1:1 ਵਿਚ ਵਰਤੀ ਗਈ ਯੂਨਾਨੀ ਭਾਸ਼ਾ ਦੀ ਵਿਆਕਰਣ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? ਨਾਂ ਦੇ (ਹਿੰਦੀ) ਬਰੋਸ਼ਰ ਦੇ ਸਫ਼ੇ 26-29 ਦੇਖੋ। ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਨੇ ਛਾਪਿਆ ਹੈ।