Skip to content

Skip to table of contents

ਵਧੇਰੇ ਜਾਣਕਾਰੀ

ਕੀ ਮਸੀਹੀਆਂ ਭਗਤੀ ਵਿਚ ਕ੍ਰਾਸ ਵਰਤਣਾ ਚਾਹੀਦਾ ਹੈ?

ਕੀ ਮਸੀਹੀਆਂ ਭਗਤੀ ਵਿਚ ਕ੍ਰਾਸ ਵਰਤਣਾ ਚਾਹੀਦਾ ਹੈ?

ਲੱਖਾਂ ਹੀ ਲੋਕ ਭਗਤੀ ਵਿਚ ਕ੍ਰਾਸ ਦੀ ਵਰਤੋਂ ਕਰਦੇ ਹਨ। ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ ਕ੍ਰਾਸ “ਈਸਾਈ ਮਤ ਦਾ ਧਾਰਮਿਕ ਚਿੰਨ੍ਹ” ਹੈ। ਪਰ ਕੀ ਮਸੀਹੀਆਂ ਨੂੰ ਕ੍ਰਾਸ ਵਰਤਣਾ ਚਾਹੀਦਾ ਹੈ?

ਇਕ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਯਿਸੂ ਮਸੀਹ ਕ੍ਰਾਸ ਉੱਤੇ ਨਹੀਂ ਮਰਿਆ ਸੀ। ਜਿਸ ਯੂਨਾਨੀ ਸ਼ਬਦ ਦਾ ਤਰਜਮਾ ਆਮ ਤੌਰ ਤੇ “ਕ੍ਰਾਸ” ਜਾਂ “ਸਲੀਬ” ਕੀਤਾ ਜਾਂਦਾ ਹੈ ਉਹ ਹੈ ਸਟਾਉਰੋਸ। ਇਸ ਸ਼ਬਦ ਦਾ ਮਤਲਬ ਹੈ “ਥੰਮ੍ਹ ਜਾਂ ਸੂਲ਼ੀ।” ਦ ਕੰਪੈਨੀਅਨ ਬਾਈਬਲ ਵਿਚ ਦੱਸਿਆ ਗਿਆ ਹੈ: ‘ਸਟਾਉਰੋਸ ਸ਼ਬਦ ਕ੍ਰਾਸ ਨੂੰ ਨਹੀਂ ਦਰਸਾਉਂਦਾ ਜਿਸ ਵਿਚ ਦੋ ਲੱਕੜਾਂ ਨੂੰ ਆਡੇਦਾਰ ਜੋੜਿਆ ਗਿਆ ਹੋਵੇ। ਯੂਨਾਨੀ ਲਿਖਤਾਂ (ਨਵਾਂ ਨੇਮ) ਵਿਚ ਅਜਿਹਾ ਕੋਈ ਵੀ ਸ਼ਬਦ ਨਹੀਂ ਪਾਇਆ ਜਾਂਦਾ ਜਿਸ ਤੋਂ ਦੋ ਲੱਕੜਾਂ ਨੂੰ ਜੋੜੇ ਜਾਣ ਦਾ ਸੰਕੇਤ ਮਿਲਦਾ ਹੋਵੇ।’

ਜਿਸ ਚੀਜ਼ ’ਤੇ ਯਿਸੂ ਨੂੰ ਮਾਰਿਆ ਗਿਆ ਸੀ, ਉਸ ਲਈ ਬਾਈਬਲ ਦੇ ਲਿਖਾਰੀਆਂ ਨੇ ਯੂਨਾਨੀ ਭਾਸ਼ਾ ਵਿਚ ਜ਼ਾਈਲੋਨ ਸ਼ਬਦ ਵਰਤਿਆ ਸੀ। (ਰਸੂਲਾਂ ਦੇ ਕੰਮ 5:30; 10:39; 13:29; ਗਲਾਤੀਆਂ 3:13; 1 ਪਤਰਸ 2:24) ਇਸ ਸ਼ਬਦ ਦਾ ਮਤਲਬ “ਲੱਕੜੀ” ਜਾਂ “ਕਾਠ, ਡੰਡਾ, ਸੋਟਾ ਜਾਂ ਰੁੱਖ” ਹੈ।

ਆਪਣੀ ਕਿਤਾਬ ਵਿਚ ਹਰਮਨ ਫੁਲਡਾ ਦੱਸਦਾ ਹੈ ਕਿ ਅਜਿਹੇ ਥੰਮ੍ਹ ਕਿਉਂ ਵਰਤੇ ਜਾਂਦੇ ਸਨ: “ਜਿਨ੍ਹਾਂ ਇਲਾਕਿਆਂ ਵਿਚ ਲੋਕਾਂ ਨੂੰ ਖੁੱਲ੍ਹੇ-ਆਮ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ, ਉਨ੍ਹਾਂ ਇਲਾਕਿਆਂ ਵਿਚ ਇੰਨੇ ਦਰਖ਼ਤ ਨਹੀਂ ਪਾਏ ਜਾਂਦੇ ਸਨ। ਇਸ ਲਈ ਮੁਜਰਮਾਂ ਨੂੰ ਸੂਲ਼ੀ ਚਾੜ੍ਹਨ ਲਈ ਜ਼ਮੀਨ ਵਿਚ ਇਕ ਥੰਮ੍ਹ ਗੱਡਿਆ ਜਾਂਦਾ ਸੀ। ਉਨ੍ਹਾਂ ਦੇ ਹੱਥ ਉੱਪਰ ਨੂੰ ਸਿੱਧੇ ਕਰ ਕੇ ਉਨ੍ਹਾਂ ਵਿਚ ਕਿੱਲ ਠੋਕੇ ਜਾਂਦੇ ਸਨ। ਅਕਸਰ ਉਨ੍ਹਾਂ ਦੇ ਪੈਰਾਂ ਨੂੰ ਬੰਨ੍ਹਿਆ ਜਾਂਦਾ ਸੀ ਜਾਂ ਉਨ੍ਹਾਂ ਵਿਚ ਵੀ ਕਿੱਲ ਠੋਕੇ ਜਾਂਦੇ ਸਨ।”​—The Cross and the Crucifixion.

ਪਰ ਸਭ ਤੋਂ ਵੱਡਾ ਸਬੂਤ ਕਿ ਯਿਸੂ ਕ੍ਰਾਸ ’ਤੇ ਨਹੀਂ ਮਰਿਆ ਸੀ, ਪਰਮੇਸ਼ੁਰ ਦੇ ਬਚਨ ਵਿਚ ਪਾਇਆ ਜਾਂਦਾ ਹੈ। ਪੌਲੁਸ ਰਸੂਲ ਨੇ ਕਿਹਾ: “ਮਸੀਹ ਨੇ ਸਾਨੂੰ ਖ਼ਰੀਦ ਕੇ ਮੂਸਾ ਦੇ ਕਾਨੂੰਨ ਦੇ ਸਰਾਪ ਤੋਂ ਮੁਕਤ ਕੀਤਾ ਹੈ। ਉਸ ਨੇ ਸਾਡਾ ਸਰਾਪ ਆਪਣੇ ’ਤੇ ਲੈ ਲਿਆ ਹੈ ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਜਿਹੜਾ ਵੀ ਆਦਮੀ ਸੂਲ਼ੀ ਉੱਤੇ ਟੰਗਿਆ ਜਾਂਦਾ ਹੈ, ਉਹ ਸਰਾਪਿਆ ਹੋਇਆ ਹੁੰਦਾ ਹੈ।’” (ਗਲਾਤੀਆਂ 3:13) ਪੌਲੁਸ ਇੱਥੇ ਬਿਵਸਥਾ ਸਾਰ 21:22, 23 ਦਾ ਹਵਾਲਾ ਦੇ ਰਿਹਾ ਸੀ ਜਿੱਥੇ ਕ੍ਰਾਸ ਦਾ ਨਹੀਂ ਬਲਕਿ ਰੁੱਖ ਦਾ ਜ਼ਿਕਰ ਕੀਤਾ ਗਿਆ ਹੈ। ਇਹ ਮੰਨਿਆ ਜਾਂਦਾ ਸੀ ਕਿ ਜਿਸ ਕਿਸੇ ਇਨਸਾਨ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ, ਉਹ ‘ਸਰਾਪਿਆ’ ਹੁੰਦਾ ਸੀ। ਤਾਂ ਫਿਰ, ਕਿਸੇ ਵੀ ਮਸੀਹੀ ਨੂੰ ਆਪਣੇ ਘਰ ਦੀ ਸਜਾਵਟ ਲਈ ਕ੍ਰਾਸ ਉੱਤੇ ਟੰਗੇ ਯਿਸੂ ਦੀ ਤਸਵੀਰ ਜਾਂ ਭਗਤੀ ਵਿਚ ਕ੍ਰਾਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਯਿਸੂ ਦੀ ਮੌਤ ਤੋਂ 300 ਸਾਲ ਬਾਅਦ ਹੀ ਈਸਾਈਆਂ ਨੇ ਭਗਤੀ ਵਿਚ ਕ੍ਰਾਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਚੌਥੀ ਸਦੀ ਦੌਰਾਨ ਜਦ ਕਾਂਸਟੰਟੀਨ ਨਾਂ ਦੇ ਰੋਮੀ ਸਮਰਾਟ ਨੇ ਈਸਾਈ ਧਰਮ ਅਪਣਾਇਆ, ਤਦ ਉਸ ਨੇ ਕ੍ਰਾਸ ਦੀ ਵਰਤੋਂ ਨੂੰ ਅੱਗੇ ਵਧਾਇਆ। ਸਾਨੂੰ ਇਹ ਨਹੀਂ ਪਤਾ ਕਿ ਕਾਂਸਟੰਟੀਨ ਨੇ ਇਸ ਤਰ੍ਹਾਂ ਕਿਉਂ ਕੀਤਾ, ਪਰ ਇਕ ਗੱਲ ਸਾਫ਼ ਹੈ ਕਿ ਕ੍ਰਾਸ ਦਾ ਯਿਸੂ ਮਸੀਹ ਨਾਲ ਕੋਈ ਸੰਬੰਧ ਨਹੀਂ ਹੈ। ਅਸਲ ਵਿਚ ਕ੍ਰਾਸ ਦਾ ਝੂਠੇ ਧਰਮ ਨਾਲ ਤਅੱਲਕ ਹੈ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਦੇ ਅਨੁਸਾਰ “ਕ੍ਰਾਸ ਦੀ ਵਰਤੋਂ ਮਸੀਹ ਤੋਂ ਪਹਿਲਾਂ ਦੇ ਸਭਿਆਚਾਰਾਂ ਵਿਚ ਅਤੇ ਕੁਝ ਗ਼ੈਰ-ਈਸਾਈ ਧਰਮਾਂ ਵਿਚ ਵੀ ਕੀਤੀ ਜਾਂਦੀ ਸੀ।” ਕਈ ਵਿਦਵਾਨਾਂ ਅਨੁਸਾਰ ਕ੍ਰਾਸ ਸੂਰਜ, ਚੰਦ, ਜਾਨਵਰਾਂ ਵਰਗੀਆਂ ਕੁਦਰਤੀ ਚੀਜ਼ਾਂ ਦੀ ਪੂਜਾ ਵਿਚ ਅਤੇ ਗ਼ੈਰ-ਈਸਾਈ ਧਰਮਾਂ ਦੀਆਂ ਕਾਮੁਕ ਰੀਤਾਂ-ਰਸਮਾਂ ਵਿਚ ਵਰਤਿਆ ਜਾਂਦਾ ਸੀ।

ਪਰ ਈਸਾਈਆਂ ਨੇ ਕ੍ਰਾਸ ਦੀ ਵਰਤੋਂ ਕਰਨੀ ਕਿਉਂ ਸ਼ੁਰੂ ਕੀਤੀ ਸੀ? ਕਿਉਂਕਿ ਉਹ ਚਾਹੁੰਦੇ ਸਨ ਕਿ ਗ਼ੈਰ-ਈਸਾਈ ਲੋਕ ਈਸਾਈ ਧਰਮ ਵੱਲ ਖਿੱਚੇ ਜਾਣ। ਪਰ ਯਾਦ ਰੱਖੋ ਕਿ ਬਾਈਬਲ ਵਿਚ ਮੂਰਤੀਆਂ ਜਾਂ ਹੋਰ ਕਿਸੇ ਵੀ ਚੀਜ਼ ਦੀ ਪੂਜਾ ਕਰਨ ਨੂੰ ਨਿੰਦਿਆ ਗਿਆ ਹੈ। (2 ਕੁਰਿੰਥੀਆਂ 6:14-18) ਜੀ ਹਾਂ, ਯਹੋਵਾਹ ਹਰ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਘਿਣ ਕਰਦਾ ਹੈ। (ਕੂਚ 20:4, 5; 1 ਕੁਰਿੰਥੀਆਂ 10:14) ਇਸੇ ਲਈ ਸੱਚੇ ਮਸੀਹੀ ਆਪਣੀ ਭਗਤੀ ਵਿਚ ਕ੍ਰਾਸ ਦੀ ਵਰਤੋਂ ਨਹੀਂ ਕਰਦੇ। *

^ ਪੈਰਾ 2 ਕ੍ਰਾਸ ਬਾਰੇ ਹੋਰ ਜਾਣਕਾਰੀ ਲਈ ਸ਼ਾਸਤਰ ਵਿੱਚੋਂ ਤਰਕ ਕਰਨਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਸਫ਼ੇ 89-93 ਅਤੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਂ ਦੇ ਬਰੋਸ਼ਰ ਦਾ ਪਾਠ 11, ਪੈਰਾ 6 ਦੇਖੋ। ਇਹ ਦੋਵੇਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਹਨ।