Skip to content

Skip to table of contents

ਵਧੇਰੇ ਜਾਣਕਾਰੀ

1914—ਬਾਈਬਲ ਭਵਿੱਖਬਾਣੀ ਵਿਚ ਇਕ ਅਹਿਮ ਸਾਲ

1914—ਬਾਈਬਲ ਭਵਿੱਖਬਾਣੀ ਵਿਚ ਇਕ ਅਹਿਮ ਸਾਲ

ਸਾਲ 1914 ਤੋਂ ਕਈ ਸਾਲ ਪਹਿਲਾਂ ਬਾਈਬਲ ਦੇ ਵਿਦਿਆਰਥੀਆਂ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਦੌਰਾਨ ਖ਼ਾਸ ਘਟਨਾਵਾਂ ਵਾਪਰਨਗੀਆਂ। ਇਹ ਘਟਨਾਵਾਂ ਕੀ ਸਨ? ਅਤੇ ਕੀ ਸਬੂਤ ਹੈ ਕਿ 1914 ਇਕ ਖ਼ਾਸ ਸਾਲ ਸੀ?

ਯਿਸੂ ਨੇ ਕਿਹਾ ਸੀ: “ਕੌਮਾਂ ਉਦੋਂ ਤਕ ਯਰੂਸ਼ਲਮ ਨੂੰ ਪੈਰਾਂ ਹੇਠ ਮਿੱਧਣਗੀਆਂ ਜਿੰਨਾ ਚਿਰ ਕੌਮਾਂ ਦਾ ਮਿਥਿਆ ਸਮਾਂ ਪੂਰਾ ਨਹੀਂ ਹੋ ਜਾਂਦਾ।” (ਲੂਕਾ 21:24) ਯਰੂਸ਼ਲਮ ਯਹੂਦੀ ਕੌਮ ਦੀ ਰਾਜਧਾਨੀ ਸੀ ਜਿੱਥੋਂ ਰਾਜਾ ਦਾਊਦ ਅਤੇ ਉਸ ਦੇ ਵੰਸ ਦੇ ਰਾਜੇ ਰਾਜ ਕਰਦੇ ਸਨ। (ਜ਼ਬੂਰਾਂ ਦੀ ਪੋਥੀ 48:1, 2) ਇਹ ਰਾਜੇ ਹੋਰ ਕੌਮਾਂ ਦੇ ਰਾਜਿਆਂ ਤੋਂ ਵੱਖਰੇ ਸਨ ਕਿਉਂਕਿ ਉਹ “ਯਹੋਵਾਹ ਦੇ ਸਿੰਘਾਸਣ” ਉੱਤੇ ਬੈਠ ਕੇ ਰਾਜ ਕਰਦੇ ਸਨ। ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਜ਼ਰੀਏ ਯਹੋਵਾਹ ਹੀ ਰਾਜ ਕਰਦਾ ਸੀ। (1 ਇਤਹਾਸ 29:23) ਹਾਂ, ਯਰੂਸ਼ਲਮ ਸ਼ਹਿਰ ਯਹੋਵਾਹ ਦੇ ਰਾਜ ਨੂੰ ਦਰਸਾਉਂਦਾ ਸੀ।

ਗ਼ੈਰ-ਯਹੂਦੀ ਕੌਮਾਂ ਨੇ ਪਰਮੇਸ਼ੁਰ ਦੀ ਰਾਜਧਾਨੀ ਨੂੰ ਕਦੋਂ ਅਤੇ ਕਿਸ ਤਰ੍ਹਾਂ ‘ਮਿੱਧਣਾ’ ਸ਼ੁਰੂ ਕੀਤਾ? ਇਹ 607 ਈਸਵੀ ਪੂਰਵ ਵਿਚ ਸ਼ੁਰੂ ਹੋਇਆ ਜਦ ਯਰੂਸ਼ਲਮ ਬਾਬਲੀਆਂ ਦੇ ਹੱਥੋਂ ਹਾਰ ਗਿਆ। ਨਤੀਜੇ ਵਜੋਂ ਉਸ ਵੇਲੇ ‘ਯਹੋਵਾਹ ਦਾ ਸਿੰਘਾਸਣ’ ਯਾਨੀ ਯਰੂਸ਼ਲਮ ਦੀ ਰਾਜ-ਗੱਦੀ ਖਾਲੀ ਹੋ ਗਈ। ਦਾਊਦ ਦੇ ਸ਼ਾਹੀ ਘਰਾਣੇ ਦੇ ਰਾਜਿਆਂ ਦੀ ਲੜੀ ਟੁੱਟ ਗਈ। (2 ਰਾਜਿਆਂ 25:1-26) ਪਰ ਕੀ ਇਹ ਲੜੀ ਟੁੱਟੀ ਰਹਿਣੀ ਸੀ ਯਾਨੀ ਪਰਮੇਸ਼ੁਰ ਦਾ ਸਿੰਘਾਸਣ ਹਮੇਸ਼ਾ ਲਈ ਖਾਲੀ ਰਹਿਣਾ ਸੀ? ਨਹੀਂ। ਯਰੂਸ਼ਲਮ ਦੇ ਆਖ਼ਰੀ ਰਾਜੇ ਸਿਦਕੀਯਾਹ ਦੇ ਸੰਬੰਧ ਵਿਚ ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ “ਅਮਾਮਾ ਉਤਾਰ ਅਤੇ ਤਾਜ ਲਾਹ ਦੇਹ। . . . ਏਹ ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।” (ਹਿਜ਼ਕੀਏਲ 21:26, 27) ਦਾਊਦ ਦੀ ਰਾਜ-ਗੱਦੀ ’ਤੇ ਬੈਠਣ ਦਾ “ਹੱਕ” ਸਿਰਫ਼ ਯਿਸੂ ਮਸੀਹ ਦਾ ਹੀ ਹੈ। (ਲੂਕਾ 1:32, 33) ਇਸ ਲਈ ਪਰਮੇਸ਼ੁਰ ਦੇ ਰਾਜ ਦਾ ‘ਮਿੱਧਿਆ’ ਜਾਣਾ ਉਸ ਸਮੇਂ ਖ਼ਤਮ ਹੋਣਾ ਸੀ ਜਦ ਯਿਸੂ ਨੇ ਰਾਜਾ ਬਣਨਾ ਸੀ।

ਤਾਂ ਫਿਰ ਯਿਸੂ ਨੇ ਰਾਜਾ ਕਦੋਂ ਬਣਨਾ ਸੀ? ਯਿਸੂ ਨੇ ਕਿਹਾ ਸੀ ਕਿ ਗ਼ੈਰ-ਯਹੂਦੀ ਕੌਮਾਂ ਨੇ ਸਿਰਫ਼ ਇਕ ਨਿਸ਼ਚਿਤ ਸਮੇਂ ਲਈ ਹੀ ਰਾਜ ਕਰਨਾ ਸੀ। ਦਾਨੀਏਲ ਦੀ ਕਿਤਾਬ ਦੇ ਚੌਥੇ ਅਧਿਆਇ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਇਹ ਸਮਾਂ ਕਿੰਨਾ ਲੰਬਾ ਹੋਣਾ ਸੀ। ਇਸ ਅਧਿਆਇ ਵਿਚ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਇਕ ਸੁਪਨੇ ਬਾਰੇ ਦੱਸਿਆ ਗਿਆ ਹੈ। ਉਸ ਨੇ ਸੁਪਨੇ ਵਿਚ ਇਕ ਬਹੁਤ ਹੀ ਵੱਡਾ ਦਰਖ਼ਤ ਦੇਖਿਆ ਜਿਸ ਨੂੰ ਵੱਢ ਦਿੱਤਾ ਗਿਆ ਸੀ। ਭਾਵੇਂ ਜੜ੍ਹਾਂ ਦਾ ਮੁੱਢ ਹਾਲੇ ਜ਼ਮੀਨ ਵਿਚ ਸੀ, ਪਰ ਉਹ ਵਧ ਨਾ ਸਕਿਆ ਕਿਉਂਕਿ ਇਸ ਨੂੰ ਲੋਹੇ ਤੇ ਤਾਂਬੇ ਦੇ ਸੰਮਾਂ ਨਾਲ ਬੰਨ੍ਹਿਆ ਗਿਆ ਸੀ। ਇਕ ਦੂਤ ਨੇ ਐਲਾਨ ਕੀਤਾ ਕਿ ‘ਉਸ ਉੱਤੇ ਸੱਤ ਸਮੇ ਬੀਤਣਗੇ।’​—ਦਾਨੀਏਲ 4:10-16.

ਬਾਈਬਲ ਵਿਚ ਕਈ ਦਫ਼ਾ ਦਰਖ਼ਤ ਹਕੂਮਤ ਨੂੰ ਦਰਸਾਉਣ ਲਈ ਵਰਤੇ ਗਏ ਹਨ। (ਹਿਜ਼ਕੀਏਲ 17:22-24; 31:2-5) ਦਰਖ਼ਤ ਦਾ ਵੱਢਿਆ ਜਾਣਾ ਇਹ ਦਰਸਾਉਂਦਾ ਸੀ ਕਿ ਯਹੋਵਾਹ ਦੀ ਹਕੂਮਤ ਯਾਨੀ ਯਰੂਸ਼ਲਮ ਦੇ ਰਾਜਿਆਂ ਦੀ ਲੜੀ ਟੁੱਟ ਜਾਣੀ ਸੀ। ਪਰ ਇਸ ਦਰਸ਼ਣ ਦੇ ਅਨੁਸਾਰ ਯਰੂਸ਼ਲਮ ਹਮੇਸ਼ਾ ਲਈ ਲਤਾੜਿਆ ਨਹੀਂ ਜਾਣਾ ਸੀ, ਸਗੋਂ ਇਹ ਹਾਲਤ ਸਿਰਫ਼ ‘ਸੱਤ ਸਮਿਆਂ’ ਲਈ ਹੀ ਰਹਿਣੀ ਸੀ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਹ ਸੱਤ ਸਮੇਂ ਕਿੰਨੇ ਕੁ ਲੰਬੇ ਸਨ?

ਪ੍ਰਕਾਸ਼ ਦੀ ਕਿਤਾਬ 12:6, 14 ਵਿਚ ਦੱਸਿਆ ਗਿਆ ਹੈ ਕਿ ਸਾਢੇ ਤਿੰਨ ਸਮੇਂ “1,260 ਦਿਨ” ਬਣਦੇ ਹਨ। ਇਸ ਲਈ “ਸੱਤ ਸਮੇ” 2,520 ਦਿਨ ਬਣਦੇ ਹਨ। ਕੀ ਇਸ ਦਾ ਇਹ ਮਤਲਬ ਹੈ ਕਿ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ ਗ਼ੈਰ-ਯਹੂਦੀ ਕੌਮਾਂ ਨੇ ਸਿਰਫ਼ 2,520 ਦਿਨਾਂ ਤਕ ਰਾਜ ਕਰਨਾ ਸੀ? ਨਹੀਂ, ਇਸ ਭਵਿੱਖਬਾਣੀ ਦਾ ਸਮਾਂ ਇਸ ਤੋਂ ਕਿਤੇ ਜ਼ਿਆਦਾ ਲੰਬਾ ਸੀ। ਗਿਣਤੀ 14:34 ਅਤੇ ਹਿਜ਼ਕੀਏਲ 4:6 ਅਨੁਸਾਰ ‘ਇੱਕ ਦਿਨ ਬਦਲੇ ਇੱਕ ਵਰ੍ਹਾ ਹੁੰਦਾ ਹੈ।’ ਇਸ ਦਾ ਮਤਲਬ ਹੈ ਕਿ “ਸੱਤ ਸਮੇ” 2,520 ਸਾਲ ਲੰਬੇ ਹਨ।

ਇਹ 2,520 ਸਾਲਾਂ ਦਾ ਸਮਾਂ ਅਕਤੂਬਰ 607 ਈਸਵੀ ਪੂਰਵ ਵਿਚ ਸ਼ੁਰੂ ਹੋਇਆ ਸੀ ਜਦ ਯਰੂਸ਼ਲਮ ਉੱਤੇ ਬਾਬਲੀਆਂ ਨੇ ਕਬਜ਼ਾ ਕਰ ਕੇ ਦਾਊਦ ਦੇ ਘਰਾਣੇ ਦੇ ਰਾਜੇ ਨੂੰ ਗੱਦੀਓਂ ਲਾਹ ਦਿੱਤਾ ਸੀ ਅਤੇ ਇਹ ਸਮਾਂ ਅਕਤੂਬਰ 1914 ਵਿਚ ਖ਼ਤਮ ਹੋਇਆ। ਉਸ ਵਕਤ ‘ਕੌਮਾਂ ਦਾ ਮਿਥਿਆ ਸਮਾਂ ਪੂਰਾ ਹੋ ਗਿਆ’ ਅਤੇ ਪਰਮੇਸ਼ੁਰ ਨੇ ਸਵਰਗ ਵਿਚ ਯਿਸੂ ਮਸੀਹ ਨੂੰ ਰਾਜਾ ਬਣਾਇਆ ਸੀ। *​—ਜ਼ਬੂਰਾਂ ਦੀ ਪੋਥੀ 2:1-6; ਦਾਨੀਏਲ 7:13, 14.

ਯਿਸੂ ਨੇ ਦੱਸਿਆ ਸੀ ਕਿ ਰਾਜੇ ਵਜੋਂ ਉਸ ਦੀ “ਮੌਜੂਦਗੀ” ਤੋਂ ਬਾਅਦ ਧਰਤੀ ਉੱਤੇ ਕਈ ਘਟਨਾਵਾਂ ਵਾਪਰਨਗੀਆਂ। ਉਸ ਨੇ ਕਿਹਾ ਸੀ ਕਿ ਥਾਂ-ਥਾਂ ਲੜਾਈਆਂ ਹੋਣਗੀਆਂ, ਕਾਲ਼ ਪੈਣਗੇ, ਭੁਚਾਲ਼ ਆਉਣਗੇ ਅਤੇ ਬੀਮਾਰੀਆਂ ਫੈਲਰਨਗੀਆਂ। (ਮੱਤੀ 24:3-8; ਲੂਕਾ 21:11) ਸਾਲ 1914 ਤੋਂ ਹੋ ਰਹੀਆਂ ਭਿਆਨਕ ਘਟਨਾਵਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸੇ ਸਾਲ ਸਵਰਗ ਵਿਚ ਯਹੋਵਾਹ ਦਾ ਰਾਜ ਸਥਾਪਿਤ ਹੋਇਆ ਸੀ ਅਤੇ ਇਸ ਦੁਸ਼ਟ ਦੁਨੀਆਂ ਦੇ ਅਖ਼ੀਰਲੇ ਦਿਨ ਸ਼ੁਰੂ ਹੋਏ ਸਨ।​—2 ਤਿਮੋਥਿਉਸ 3:1-5.

^ ਪੈਰਾ 3 ਅਕਤੂਬਰ 607 ਈਸਵੀ ਪੂਰਵ ਤੋਂ ਲੈ ਕੇ ਅਕਤੂਬਰ 1 ਈਸਵੀ ਪੂਰਵ ਤਕ 606 ਸਾਲ ਬਣਦੇ ਹਨ। ਕੋਈ ਜ਼ੀਰੋ ਸਾਲ ਨਾ ਹੋਣ ਕਰਕੇ ਅਕਤੂਬਰ 1 ਈਸਵੀ ਪੂਰਵ ਤੋਂ ਅਕਤੂਬਰ 1914 ਈਸਵੀ ਤਕ 1,914 ਸਾਲ ਬਣਦੇ ਹਨ। ਜੇ ਅਸੀਂ 606 ਸਾਲ ਤੇ 1,914 ਸਾਲ ਜੋੜੀਏ, ਤਾਂ ਇਹ ਕੁਲ ਮਿਲਾ ਕੇ 2,520 ਸਾਲ ਬਣਦੇ ਹਨ। ਸਾਲ 607 ਈਸਵੀ ਪੂਰਵ ਵਿਚ ਯਰੂਸ਼ਲਮ ਦੀ ਤਬਾਹੀ ਬਾਰੇ ਹੋਰ ਜਾਣਕਾਰੀ ਲਈ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਕਿਤਾਬ ਦਾ 6ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।