Skip to content

Skip to table of contents

ਤੀਜਾ ਅਧਿਆਇ

ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰੋ

ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰੋ

“ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”​—ਕਹਾਉਤਾਂ 13:20.

1-3. (ੳ) ਬਾਈਬਲ ਦੀ ਕਿਹੜੀ ਗੱਲ ਸੋਲਾਂ ਆਨੇ ਸੱਚ ਹੈ? (ਅ) ਅਸੀਂ ਕਿਨ੍ਹਾਂ ਨੂੰ ਆਪਣੇ ਦੋਸਤ ਬਣਾ ਸਕਦੇ ਹਾਂ?

ਜਿਵੇਂ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਹੈ, ਉਸੇ ਤਰ੍ਹਾਂ ਲੋਕਾਂ ਦਾ ਇਕ-ਦੂਜੇ ਉੱਤੇ ਪ੍ਰਭਾਵ ਪੈਂਦਾ ਹੈ। ਆਪਣੇ ਸਾਥੀਆਂ ਨਾਲ ਉੱਠਣ-ਬੈਠਣ ਕਰਕੇ ਲੋਕ ਉਨ੍ਹਾਂ ਵਰਗੇ ਹੀ ਬਣ ਜਾਂਦੇ ਹਨ। ਉਹ ਆਪਣੇ ਸਾਥੀਆਂ ਦੇ ਸੁਭਾਅ, ਰਵੱਈਏ ਤੇ ਅਸੂਲਾਂ ਨੂੰ ਅਪਣਾ ਲੈਂਦੇ ਹਨ।

2 ਬਾਈਬਲ ਦੀ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਅਸੀਂ ਜਿਨ੍ਹਾਂ ਲੋਕਾਂ ਦਾ ਸਾਥ ਮਾਣਦੇ ਹਾਂ, ਉਨ੍ਹਾਂ ਨਾਲ ਸਾਡਾ ਪਿਆਰ ਤੇ ਲਗਾਅ ਹੁੰਦਾ ਹੈ। ਇਸੇ ਲਈ, ਜਿਨ੍ਹਾਂ ਨਾਲ ਅਸੀਂ ਉੱਠਦੇ-ਬੈਠਦੇ ਹਾਂ, ਉਨ੍ਹਾਂ ਦਾ ਸਾਡੇ ’ਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ।

3 ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੇ ਸਾਥੀ ਬਣਾਈਏ ਜਿਹੜੇ ਸਾਡੇ ’ਤੇ ਚੰਗਾ ਪ੍ਰਭਾਵ ਪਾ ਸਕਦੇ ਹਨ। ਅਸੀਂ ਕਿਨ੍ਹਾਂ ਨੂੰ ਆਪਣੇ ਦੋਸਤ ਬਣਾ ਸਕਦੇ ਹਾਂ? ਉਨ੍ਹਾਂ ਲੋਕਾਂ ਨੂੰ ਆਪਣੇ ਦੋਸਤ ਬਣਾਓ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ। ਜ਼ਰਾ ਸੋਚੋ। ਉਨ੍ਹਾਂ ਲੋਕਾਂ ਨਾਲੋਂ ਬਿਹਤਰ ਦੋਸਤ ਹੋਰ ਕਿਹੜੇ ਹੋ ਸਕਦੇ ਹਨ ਜੋ ਪਰਮੇਸ਼ੁਰ ਦੇ ਦੋਸਤ ਹਨ ਅਤੇ ਜਿਨ੍ਹਾਂ ਵਿਚ ਪਰਮੇਸ਼ੁਰੀ ਗੁਣ ਵੀ ਹਨ। ਇਸ ਲਈ ਆਓ ਆਪਾਂ ਦੇਖੀਏ ਕਿ ਯਹੋਵਾਹ ਕਿਹੋ ਜਿਹੇ ਲੋਕਾਂ ਨੂੰ ਪਿਆਰ ਕਰਦਾ ਹੈ, ਤਾਂਕਿ ਅਸੀਂ ਉਨ੍ਹਾਂ ਵਰਗਿਆਂ ਨਾਲ ਦੋਸਤੀ ਕਰ ਸਕੀਏ।

ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ

4. ਯਹੋਵਾਹ ਕੋਲ ਆਪਣੇ ਦੋਸਤ ਆਪ ਚੁਣਨ ਦਾ ਹੱਕ ਕਿਉਂ ਹੈ ਅਤੇ ਉਸ ਨੇ ਅਬਰਾਹਾਮ ਨੂੰ ਆਪਣਾ “ਦੋਸਤ” ਕਿਉਂ ਕਿਹਾ ਸੀ?

4 ਯਹੋਵਾਹ ਦੁਨੀਆਂ ਦਾ ਮਾਲਕ ਹੈ, ਇਸ ਲਈ ਉਸ ਕੋਲ ਆਪਣੇ ਦੋਸਤ ਆਪ ਚੁਣਨ ਦਾ ਹੱਕ ਹੈ। ਉਸ ਦੇ ਦੋਸਤ ਹੋਣਾ ਸਾਡੇ ਲਈ ਸਭ ਤੋਂ ਵੱਡਾ ਸਨਮਾਨ ਹੈ। ਉਹ ਹਰ ਕਿਸੇ ਨੂੰ ਆਪਣਾ ਦੋਸਤ ਨਹੀਂ ਬਣਾਉਂਦਾ। ਆਓ ਦੇਖੀਏ ਕਿ ਉਹ ਕਿਹੋ ਜਿਹੇ ਲੋਕਾਂ ਨੂੰ ਆਪਣੇ ਦੋਸਤ ਬਣਾਉਂਦਾ ਹੈ? ਉਨ੍ਹਾਂ ਲੋਕਾਂ ਨੂੰ ਜੋ ਉਸ ਉੱਤੇ ਪੂਰਾ ਭਰੋਸਾ ਰੱਖਦੇ ਹਨ। ਆਪਾਂ ਇਸ ਦੀ ਇਕ ਮਿਸਾਲ ਲੈਂਦੇ ਹਾਂ। ਅਬਰਾਹਾਮ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਸੀ। ਯਹੋਵਾਹ ਨੇ ਉਸ ਨੂੰ ਆਪਣੇ ਪੁੱਤ ਦੀ ਬਲ਼ੀ ਚੜ੍ਹਾਉਣ ਲਈ ਕਿਹਾ ਸੀ। ਇਕ ਬਾਪ ਲਈ ਇਸ ਤੋਂ ਵੱਡੀ ਪਰੀਖਿਆ ਕੀ ਹੋ ਸਕਦੀ ਹੈ! * ਪਰ, ਜਿਵੇਂ ਬਾਈਬਲ ਦੱਸਦੀ ਹੈ ਉਸ ਨੂੰ ਪੂਰਾ ਭਰੋਸਾ ਸੀ ਕਿ “ਪਰਮੇਸ਼ੁਰ ਉਸ ਦੇ ਪੁੱਤਰ ਨੂੰ ਮਰੇ ਹੋਏ ਲੋਕਾਂ ਵਿੱਚੋਂ ਦੁਬਾਰਾ ਜੀਉਂਦਾ ਕਰ ਸਕਦਾ ਸੀ,” ਇਸ ਲਈ ਉਸ ਨੇ “ਆਪਣੇ ਵੱਲੋਂ ਤਾਂ ਇਸਹਾਕ ਦੀ ਬਲ਼ੀ ਦੇ ਹੀ ਦਿੱਤੀ ਸੀ।” (ਇਬਰਾਨੀਆਂ 11:17-19) ਕਿਉਂਕਿ ਅਬਰਾਹਾਮ ਨੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ ਸੀ ਅਤੇ ਉਸ ਦਾ ਕਹਿਣਾ ਮੰਨਿਆ ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ।​—ਯਸਾਯਾਹ 41:8; ਯਾਕੂਬ 2:21-23.

5. ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਵੇਂ ਵਿਚਾਰਦਾ ਹੈ ਜੋ ਦਿਲੋਂ ਉਸ ਦਾ ਕਹਿਣਾ ਮੰਨਦੇ ਹਨ?

5 ਯਹੋਵਾਹ ਲਈ ਆਗਿਆਕਾਰੀ ਅਤੇ ਵਫ਼ਾਦਾਰੀ ਬਹੁਤ ਮਾਅਨੇ ਰੱਖਦੀ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਹੈ ਜੋ ਉਸ ਦੀ ਹਰ ਗੱਲ ਮੰਨਦੇ ਹਨ ਅਤੇ ਹਮੇਸ਼ਾ ਉਸ ਦੇ ਵਫ਼ਾਦਾਰ ਰਹਿੰਦੇ ਹਨ। ਜਿਵੇਂ ਅਸੀਂ ਇਸ ਕਿਤਾਬ ਦੇ ਪਹਿਲੇ ਅਧਿਆਇ ਵਿਚ ਦੇਖਿਆ ਸੀ, ਯਹੋਵਾਹ ਉਨ੍ਹਾਂ ਲੋਕਾਂ ਤੋਂ ਬਹੁਤ ਖ਼ੁਸ਼ ਹੁੰਦਾ ਹੈ ਜੋ ਦਿਲੋਂ ਉਸ ਦਾ ਕਹਿਣਾ ਮੰਨਦੇ ਹਨ। ਕਹਾਉਤਾਂ 3:32 ਵਿਚ ਕਿਹਾ ਗਿਆ ਹੈ: “ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।” ਜੋ ਲੋਕ ਉਸ ਦੇ ਹੁਕਮਾਂ ਨੂੰ ਮੰਨਦੇ ਹਨ ਉਹ ਉਨ੍ਹਾਂ ਨੂੰ ਆਪਣੇ “ਡੇਹਰੇ” ਵਿਚ ਆਉਣ ਦਾ ਸੱਦਾ ਦਿੰਦਾ ਹੈ। ਉਸ ਦੇ “ਡੇਹਰੇ” ਵਿਚ ਆਉਣ ਦਾ ਮਤਲਬ ਹੈ ਕਿ ਉਹ ਉਸ ਦੀ ਉਪਾਸਨਾ ਕਰ ਸਕਦੇ ਹਨ ਅਤੇ ਜਦ ਜੀ ਚਾਹੇ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਨ।​—ਜ਼ਬੂਰਾਂ ਦੀ ਪੋਥੀ 15:1-5.

6. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਨੂੰ ਪਿਆਰ ਕਰਦੇ ਹਾਂ ਅਤੇ ਯਹੋਵਾਹ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਉਸ ਦੇ ਪੁੱਤਰ ਦੀ ਰੀਸ ਕਰਦੇ ਹਨ?

6 ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਇਕਲੌਤੇ ਪੁੱਤਰ ਯਿਸੂ ਨੂੰ ਵੀ ਪਿਆਰ ਕਰਦੇ ਹਨ। ਇਸ ਬਾਰੇ ਯਿਸੂ ਨੇ ਕਿਹਾ ਸੀ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ, ਤਾਂ ਉਹ ਮੇਰੀ ਗੱਲ ਮੰਨੇਗਾ ਅਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ ਅਤੇ ਅਸੀਂ ਉਸ ਕੋਲ ਆਵਾਂਗੇ ਅਤੇ ਉਸ ਨਾਲ ਰਹਾਂਗੇ।” (ਯੂਹੰਨਾ 14:23) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਨਾਲ ਪਿਆਰ ਕਰਦੇ ਹਾਂ? ਉਸ ਦੇ ਹੁਕਮ ਮੰਨ ਕੇ। ਉਸ ਦਾ ਇਕ ਹੁਕਮ ਹੈ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ। (ਮੱਤੀ 28:19, 20; ਯੂਹੰਨਾ 14:15, 21) ਅਸੀਂ ਹਰ ਗੱਲ ਵਿਚ ਯਿਸੂ ਦੇ ‘ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ’ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਕੇ ਉਸ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। (1 ਪਤਰਸ 2:21) ਯਹੋਵਾਹ ਦਾ ਦਿਲ ਉਨ੍ਹਾਂ ਲੋਕਾਂ ਨੂੰ ਦੇਖ ਕੇ ਬੜਾ ਖ਼ੁਸ਼ ਹੁੰਦਾ ਹੈ ਜੋ ਉਸ ਦੇ ਪੁੱਤਰ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ!

7. ਯਹੋਵਾਹ ਦੇ ਦੋਸਤਾਂ ਨਾਲ ਦੋਸਤੀ ਕਰਨੀ ਅਕਲਮੰਦੀ ਦੀ ਗੱਲ ਕਿਉਂ ਹੈ?

7 ਯਹੋਵਾਹ ਆਪਣੇ ਦੋਸਤਾਂ ਤੋਂ ਭਰੋਸੇ, ਵਫ਼ਾਦਾਰੀ, ਆਗਿਆਕਾਰੀ ਅਤੇ ਯਿਸੂ ਲਈ ਪਿਆਰ ਦੀ ਉਮੀਦ ਰੱਖਦਾ ਹੈ। ਇਸ ਲਈ, ਸਾਨੂੰ ਸਾਰਿਆਂ ਨੂੰ ਆਪਣੇ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੇਰੇ ਦੋਸਤਾਂ ਵਿਚ ਇਹ ਗੁਣ ਹਨ? ਕੀ ਮੈਂ ਉਨ੍ਹਾਂ ਨੂੰ ਆਪਣੇ ਦੋਸਤ ਬਣਾਇਆ ਹੈ ਜੋ ਯਹੋਵਾਹ ਦੇ ਦੋਸਤ ਹਨ?’ ਅਜਿਹੇ ਲੋਕਾਂ ਨੂੰ ਦੋਸਤ ਬਣਾਉਣਾ ਅਕਲਮੰਦੀ ਦੀ ਗੱਲ ਹੈ। ਜਿਨ੍ਹਾਂ ਲੋਕਾਂ ਵਿਚ ਪਰਮੇਸ਼ੁਰੀ ਗੁਣ ਹਨ ਅਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ, ਉਹ ਸਾਡੇ ’ਤੇ ਚੰਗਾ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਲੋਕਾਂ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਹੋਰ ਵੀ ਪੱਕਾ ਕਰ ਸਕਦੇ ਹਾਂ।​— “ਚੰਗਾ ਦੋਸਤ ਕੌਣ ਹੁੰਦਾ ਹੈ?” ਨਾਮਕ ਡੱਬੀ ਦੇਖੋ।

ਬਾਈਬਲ ਵਿਚ ਦਿੱਤੀਆਂ ਮਿਸਾਲਾਂ ਤੋਂ ਸਿੱਖੋ

8. ਨਾਓਮੀ ਤੇ ਰੂਥ, ਤਿੰਨ ਇਬਰਾਨੀ ਨੌਜਵਾਨਾਂ ਅਤੇ ਪੌਲੁਸ ਤੇ ਤਿਮੋਥਿਉਸ ਦੇ ਰਿਸ਼ਤੇ ਦੀ ਕਿਹੜੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ?

8 ਬਾਈਬਲ ਵਿਚ ਅਜਿਹੇ ਲੋਕਾਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਚੰਗੇ ਦੋਸਤ ਬਣਾਉਣ ਦਾ ਫ਼ਾਇਦਾ ਹੋਇਆ ਸੀ। ਕੁਝ ਮਿਸਾਲਾਂ ਹਨ: ਨਾਓਮੀ ਤੇ ਉਸ ਦੀ ਨੂੰਹ ਰੂਥ; ਤਿੰਨ ਇਬਰਾਨੀ ਨੌਜਵਾਨ ਜਿਨ੍ਹਾਂ ਨੇ ਬਾਬਲ ਵਿਚ ਅਜ਼ਮਾਇਸ਼ਾਂ ਦੌਰਾਨ ਵੀ ਇਕ ਦੂਜੇ ਦਾ ਸਾਥ ਦਿੱਤਾ; ਅਤੇ ਪੌਲੁਸ ਤੇ ਤਿਮੋਥਿਉਸ। (ਰੂਥ 1:16; ਦਾਨੀਏਲ 3:17, 18; 1 ਕੁਰਿੰਥੀਆਂ 4:17; ਫ਼ਿਲਿੱਪੀਆਂ 2:20-22) ਦਾਊਦ ਅਤੇ ਯੋਨਾਥਾਨ ਦੀ ਦੋਸਤੀ ਵੀ ਬੇਮਿਸਾਲ ਸੀ। ਆਓ ਆਪਾਂ ਇਨ੍ਹਾਂ ਦੀ ਦੋਸਤੀ ਦੀ ਗੱਲ ਕਰੀਏ।

9, 10. ਦਾਊਦ ਅਤੇ ਯੋਨਾਥਾਨ ਵਿਚ ਦੋਸਤੀ ਕਿਉਂ ਹੋਈ ਸੀ?

9 ਬਾਈਬਲ ਦੱਸਦੀ ਹੈ ਕਿ ਜਦੋਂ ਦਾਊਦ ਨੇ ਗੋਲਿਅਥ ਨੂੰ ਮਾਰ-ਮੁਕਾਇਆ ਸੀ, ਤਾਂ ਉਸ ਸਮੇਂ “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ ਅਤੇ ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ।” (1 ਸਮੂਏਲ 18:1) ਭਾਵੇਂ ਉਨ੍ਹਾਂ ਦੋਵਾਂ ਦੀ ਉਮਰ ਵਿਚ ਬਹੁਤ ਫ਼ਰਕ ਸੀ, ਪਰ ਉਨ੍ਹਾਂ ਨੇ ਮਰਦੇ ਦਮ ਤਕ ਆਪਣੀ ਦੋਸਤੀ ਨਿਭਾਈ। * (2 ਸਮੂਏਲ 1:26) ਇਨ੍ਹਾਂ ਦੋਵਾਂ ਵਿਚ ਦੋਸਤੀ ਦਾ ਕੀ ਕਾਰਨ ਸੀ?

10 ਦਾਊਦ ਅਤੇ ਯੋਨਾਥਾਨ ਦੋਵਾਂ ਨੂੰ ਪਰਮੇਸ਼ੁਰ ਨਾਲ ਪਿਆਰ ਸੀ ਅਤੇ ਉਨ੍ਹਾਂ ਦੋਵਾਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰੀ ਦਾ ਜਜ਼ਬਾ ਸੀ। ਇਸੇ ਕਰਕੇ ਉਨ੍ਹਾਂ ਵਿਚ ਦੋਸਤੀ ਹੋਈ ਸੀ। ਦੋਵਾਂ ਵਿਚ ਅਜਿਹੇ ਗੁਣ ਸਨ ਜਿਸ ਕਰਕੇ ਉਹ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਯੋਨਾਥਾਨ ਨੂੰ ਦਾਊਦ ਦੀ ਇਹ ਗੱਲ ਚੰਗੀ ਲੱਗੀ ਕਿ ਉਸ ਨੇ ਦਲੇਰੀ ਤੇ ਨਿਡਰਤਾ ਨਾਲ ਯਹੋਵਾਹ ਦੇ ਨਾਮ ਨੂੰ ਬਦਨਾਮ ਹੋਣ ਤੋਂ ਬਚਾਇਆ ਸੀ। ਦਾਊਦ ਯੋਨਾਥਾਨ ਦੀ ਇਸ ਕਰਕੇ ਇੱਜ਼ਤ ਕਰਦਾ ਸੀ ਕਿ ਉਸ ਨੇ ਯਹੋਵਾਹ ਦੇ ਫ਼ੈਸਲੇ ਨੂੰ ਮਨਜ਼ੂਰ ਕੀਤਾ ਸੀ ਅਤੇ ਆਪਣੇ ਬਾਰੇ ਨਹੀਂ, ਪਰ ਦਾਊਦ ਬਾਰੇ ਸੋਚਿਆ ਸੀ। ਉਦਾਹਰਣ ਲਈ, ਜਦੋਂ ਦਾਊਦ ਯੋਨਾਥਨ ਦੇ ਪਿਤਾ ਦੁਸ਼ਟ ਰਾਜੇ ਸ਼ਾਊਲ ਤੋਂ ਜਾਨ ਬਚਾ ਕੇ ਜੰਗਲਾਂ ਵਿਚ ਭਟਕ ਰਿਹਾ ਸੀ, ਉਸ ਵੇਲੇ ਯੋਨਾਥਾਨ ਦਾਊਦ ਨੂੰ ਮਿਲਣ ਗਿਆ ਅਤੇ ਉਸ ਨੂੰ “ਪਰਮੇਸ਼ਰ ਦੀ ਸੁਰੱਖਿਆ ਦਾ ਵਾਸਤਾ ਦੇ ਕੇ ਹੌਂਸਲਾ ਦਿੱਤਾ।” (1 ਸਮੂਏਲ 23:16, CL) ਕਲਪਨਾ ਕਰੋ ਕਿ ਦਾਊਦ ਦਾ ਹੌਸਲਾ ਕਿੰਨਾ ਵਧਿਆ ਹੋਣਾ ਜਦੋਂ ਉਸ ਦੇ ਪਿਆਰੇ ਮਿੱਤਰ ਯੋਨਾਥਾਨ ਨੇ ਆ ਕੇ ਉਸ ਨੂੰ ਹੱਲਾਸ਼ੇਰੀ ਦਿੱਤੀ ਸੀ ਅਤੇ ਮੁਸ਼ਕਲ ਦੀ ਘੜੀ ਵਿਚ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ! *

11. ਅਸੀਂ ਯੋਨਾਥਾਨ ਅਤੇ ਦਾਊਦ ਦੀ ਮਿਸਾਲ ਤੋਂ ਦੋਸਤੀ ਬਾਰੇ ਕੀ ਸਿੱਖਦੇ ਹਾਂ?

11 ਅਸੀਂ ਯੋਨਾਥਾਨ ਅਤੇ ਦਾਊਦ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਸਭ ਤੋਂ ਅਹਿਮ ਗੱਲ ਇਹ ਸਿੱਖਦੇ ਹਾਂ ਕਿ ਸਾਡੇ ਦੋਸਤਾਂ ਦਾ ਪਰਮੇਸ਼ੁਰ ਨਾਲ ਪਿਆਰ ਹੋਣਾ ਅੱਤ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਉਹ ਉਸ ਦੀਆਂ ਸਿੱਖਿਆਵਾਂ ਅਤੇ ਅਸੂਲਾਂ ’ਤੇ ਚੱਲਣ। ਅਜਿਹੇ ਲੋਕਾਂ ਨਾਲ ਅਸੀਂ ਯਹੋਵਾਹ ਬਾਰੇ ਗੱਲਾਂ ਕਰ ਸਕਦੇ ਹਾਂ ਅਤੇ ਇਕ-ਦੂਜੇ ਨੂੰ ਤਜਰਬੇ ਦੱਸ ਸਕਦੇ ਹਾਂ। ਇਸ ਨਾਲ ਸਾਰਿਆਂ ਦਾ ਹੌਸਲਾ ਵਧੇਗਾ। (ਰੋਮੀਆਂ 1:11, 12 ਪੜ੍ਹੋ।) ਇੱਦਾਂ ਦੇ ਦੋਸਤ ਮੰਡਲੀ ਵਿਚ ਮਿਲਣਗੇ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਜੋ ਵੀ ਕਿੰਗਡਮ ਹਾਲ ਆਉਂਦਾ ਹੈ, ਉਹ ਸਾਡਾ ਚੰਗਾ ਦੋਸਤ ਬਣ ਸਕਦਾ ਹੈ? ਜ਼ਰੂਰੀ ਨਹੀਂ।

ਦੋਸਤ ਚੁਣਨੇ

12, 13. (ੳ) ਸਾਨੂੰ ਮੰਡਲੀ ਵਿਚ ਸੋਚ-ਸਮਝ ਕੇ ਦੋਸਤ ਬਣਾਉਣ ਦੀ ਕਿਉਂ ਲੋੜ ਹੈ? (ਅ) ਪਹਿਲੀ ਸਦੀ ਵਿਚ ਵੀ ਕਿਹੋ ਜਿਹੇ ਮਸੀਹੀ ਸਨ ਅਤੇ ਪੌਲੁਸ ਨੇ ਕੀ ਚੇਤਾਵਨੀ ਦਿੱਤੀ ਸੀ?

12 ਜੇ ਅਸੀਂ ਸੱਚਾਈ ਵਿਚ ਪੱਕੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਮੰਡਲੀ ਵਿਚ ਵੀ ਸੋਚ-ਸਮਝ ਕੇ ਦੋਸਤ ਬਣਾਉਣ ਦੀ ਲੋੜ ਹੈ। ਕਿਉਂ? ਜਿਵੇਂ ਦਰਖ਼ਤ ’ਤੇ ਲੱਗੇ ਕਈ ਫਲ ਛੇਤੀ ਪੱਕ ਜਾਂਦੇ ਹਾਂ ਤੇ ਕਈ ਫਲ ਹੌਲੀ-ਹੌਲੀ ਪੱਕਦੇ ਹਨ, ਇਸੇ ਤਰ੍ਹਾਂ ਮੰਡਲੀ ਵਿਚ ਕਈ ਭੈਣ-ਭਰਾ ਸੱਚਾਈ ਵਿਚ ਜਲਦੀ ਪੱਕੇ ਹੋ ਜਾਂਦੇ ਹਨ ਤੇ ਕਈਆਂ ਨੂੰ ਪੱਕੇ ਹੋਣ ਵਿਚ ਕੁਝ ਸਮਾਂ ਲੱਗਦਾ ਹੈ। (ਇਬਰਾਨੀਆਂ 5:12–6:3) ਪਰ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਮੰਡਲੀ ਵਿਚ ਨਵੇਂ ਲੋਕਾਂ ਅਤੇ ਕਮਜ਼ੋਰ ਭੈਣਾਂ-ਭਰਾਵਾਂ ਤੋਂ ਦੂਰ ਰਹੀਏ। ਸਾਨੂੰ ਪਿਆਰ ਤੇ ਧੀਰਜ ਨਾਲ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਸੱਚਾਈ ਵਿਚ ਪੱਕੇ ਹੋ ਸਕਣ।​—ਰੋਮੀਆਂ 14:1; 15:1.

13 ਤਾਂ ਫਿਰ, ਸਾਨੂੰ ਮੰਡਲੀ ਵਿਚ ਕਿਹੋ-ਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ? ਸ਼ਾਇਦ ਕਈਆਂ ਦਾ ਚਾਲ-ਚਲਣ ਚੰਗਾ ਨਾ ਹੋਵੇ। ਕਈਆਂ ਦਾ ਸੁਭਾਅ ਸ਼ਿਕਾਇਤੀ ਹੋਵੇ। ਪਹਿਲੀ ਸਦੀ ਵਿਚ ਵੀ ਇੱਦਾਂ ਦੇ ਮਸੀਹੀ ਸਨ। ਜ਼ਿਆਦਾਤਰ ਮਸੀਹੀ ਵਫ਼ਾਦਾਰ ਸਨ ਪਰ ਕੁਝ ਮਸੀਹੀਆਂ ਦਾ ਚਾਲ-ਚਲਣ ਠੀਕ ਨਹੀਂ ਸੀ। ਕੁਰਿੰਥੁਸ ਦੀ ਮੰਡਲੀ ਵਿਚ ਕਈ ਲੋਕ ਪਰਮੇਸ਼ੁਰ ਦੀਆਂ ਸਿੱਖਿਆਵਾਂ ਉੱਤੇ ਨਹੀਂ ਚੱਲ ਰਹੇ ਸਨ ਜਿਸ ਕਰਕੇ ਪੌਲੁਸ ਨੇ ਮੰਡਲੀ ਨੂੰ ਖ਼ਬਰਦਾਰ ਕਰਦਿਆਂ ਕਿਹਾ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:12, 33) ਪੌਲੁਸ ਨੇ ਤਿਮੋਥਿਉਸ ਨੂੰ ਇਸੇ ਗੱਲੋਂ ਖ਼ਬਰਦਾਰ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਇੱਦਾਂ ਦੇ ਲੋਕਾਂ ਤੋਂ ਦੂਰ ਰਹੇ।​—2 ਤਿਮੋਥਿਉਸ 2:20-22 ਪੜ੍ਹੋ।

14. ਅਸੀਂ ਪੌਲੁਸ ਦੀ ਸਲਾਹ ਉੱਤੇ ਕਿਵੇਂ ਚੱਲ ਸਕਦੇ ਹਾਂ?

14 ਅਸੀਂ ਪੌਲੁਸ ਦੀ ਇਸ ਸਲਾਹ ਉੱਤੇ ਕਿਵੇਂ ਚੱਲ ਸਕਦੇ ਹਾਂ? ਯਹੋਵਾਹ ਨਾਲ ਰਿਸ਼ਤਾ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ। ਇਸ ਲਈ ਸਾਨੂੰ ਉਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਜੋ ਸਾਡੇ ’ਤੇ ਬੁਰਾ ਪ੍ਰਭਾਵ ਪਾ ਸਕਦੇ ਹਨ, ਚਾਹੇ ਉਹ ਮੰਡਲੀ ਵਿਚ ਹੋਣ ਜਾਂ ਬਾਹਰ। (2 ਥੱਸਲੁਨੀਕੀਆਂ 3:6, 7, 14) ਇਹ ਗੱਲ ਯਾਦ ਰੱਖੋ ਕਿ ਜਿਵੇਂ ਟੋਕਰੀ ਵਿਚ ਪਿਆ ਗਲਿਆ ਸੇਬ ਸਾਰੇ ਚੰਗੇ ਸੇਬਾਂ ਨੂੰ ਖ਼ਰਾਬ ਕਰ ਦਿੰਦਾ ਹੈ, ਉਸੇ ਤਰ੍ਹਾਂ ਮਾੜੇ ਦੋਸਤ ਸਾਨੂੰ ਪੁੱਠੀਆਂ ਗੱਲਾਂ ਹੀ ਸਿਖਾਉਣਗੇ।​—1 ਕੁਰਿੰਥੀਆਂ 5:6.

ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕ ਚੰਗੇ ਦੋਸਤ ਹੁੰਦੇ ਹਨ

15. ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਕੌਣ ਯਹੋਵਾਹ ਨੂੰ ਪਿਆਰ ਕਰਦਾ ਹੈ?

15 ਖ਼ੁਸ਼ੀ ਦੀ ਗੱਲ ਹੈ ਕਿ ਮੰਡਲੀ ਵਿਚ ਤੁਸੀਂ ਬਹੁਤ ਸਾਰੇ ਚੰਗੇ ਦੋਸਤ ਬਣਾ ਸਕਦੇ ਹੋ। (ਜ਼ਬੂਰਾਂ ਦੀ ਪੋਥੀ 133:1) ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਕੌਣ ਯਹੋਵਾਹ ਨੂੰ ਪਿਆਰ ਕਰਦਾ ਹੈ? ਜਦੋਂ ਤੁਸੀਂ ਆਪਣੇ ਅੰਦਰ ਪਰਮੇਸ਼ੁਰੀ ਗੁਣ ਪੈਦਾ ਕਰੋਗੇ, ਤਾਂ ਉਹ ਲੋਕ ਤੁਹਾਡੇ ਵੱਲ ਖਿੱਚੇ ਜਾਣਗੇ ਜਿਨ੍ਹਾਂ ਵਿਚ ਪਰਮੇਸ਼ੁਰੀ ਗੁਣ ਹਨ। ਇਸ ਤੋਂ ਇਲਾਵਾ, ਅਜਿਹੇ ਲੋਕਾਂ ਨਾਲ ਦੋਸਤੀ ਕਰਨ ਲਈ ਤੁਹਾਨੂੰ ਖ਼ੁਦ ਪਹਿਲ ਕਰਨੀ ਚਾਹੀਦੀ ਹੈ। ( “ਅਸੀਂ ਚੰਗੇ ਦੋਸਤ ਕਿਵੇਂ ਬਣਾਏ” ਨਾਮਕ ਡੱਬੀ ਦੇਖੋ।) ਤੁਸੀਂ ਆਪ ਵੀ ਦੂਜਿਆਂ ਵਿਚ ਪਰਮੇਸ਼ੁਰੀ ਗੁਣ ਦੇਖੋ। ਬਾਈਬਲ ਸਲਾਹ ਦਿੰਦੀ ਹੈ: “ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।” (2 ਕੁਰਿੰਥੀਆਂ 6:13; 1 ਪਤਰਸ 2:17 ਪੜ੍ਹੋ।) ਇਸ ਲਈ, ਆਪਣੇ ਭੈਣਾਂ-ਭਰਾਵਾਂ ਦੀ ਜਾਤ, ਨਸਲ ਅਤੇ ਅਮੀਰੀ-ਗ਼ਰੀਬੀ ਨਾ ਦੇਖੋ। ਨਾਲੇ ਸਿਰਫ਼ ਹਮਉਮਰ ਦੇ ਲੋਕਾਂ ਨਾਲ ਹੀ ਦੋਸਤੀ ਨਾ ਕਰੋ। ਯਾਦ ਕਰੋ, ਯੋਨਾਥਾਨ ਦਾਊਦ ਤੋਂ ਉਮਰ ਵਿਚ ਬਹੁਤ ਵੱਡਾ ਸੀ। ਬਹੁਤ ਸਾਰੇ ਬਜ਼ੁਰਗ ਭੈਣ-ਭਰਾ ਤਜਰਬੇ ਅਤੇ ਬੁੱਧ ਦਾ ਭੰਡਾਰ ਹੁੰਦੇ ਹਨ, ਇਸ ਲਈ ਤੁਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ।

ਜਦੋਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ

16, 17. ਜੇ ਕੋਈ ਭੈਣ-ਭਰਾ ਸਾਨੂੰ ਦੁੱਖ ਪਹੁੰਚਾਉਂਦਾ ਹੈ, ਤਾਂ ਸਾਨੂੰ ਮੰਡਲੀ ਨੂੰ ਕਿਉਂ ਨਹੀਂ ਛੱਡਣਾ ਚਾਹੀਦਾ?

16 ਮੰਡਲੀ ਦੇ ਭੈਣਾਂ-ਭਰਾਵਾਂ ਦਾ ਸੁਭਾਅ ਅਤੇ ਪਿਛੋਕੜ ਵੱਖੋ-ਵੱਖਰਾ ਹੁੰਦਾ ਹੈ। ਇਸ ਲਈ ਕਦੀ-ਕਦੀ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਕਈ ਵਾਰ ਕਿਸੇ ਭੈਣ ਜਾਂ ਭਰਾ ਤੋਂ ਕੁਝ ਕਹਿ ਹੋ ਜਾਂਦਾ ਹੈ ਜੋ ਤੁਹਾਨੂੰ ਚੰਗਾ ਨਹੀਂ ਲੱਗਦਾ। (ਕਹਾਉਤਾਂ 12:18) ਸੁਭਾਅ ਵੱਖਰਾ ਹੋਣ ਕਰਕੇ, ਗ਼ਲਤਫ਼ਹਿਮੀਆਂ ਜਾਂ ਵੱਖੋ-ਵੱਖਰੇ ਵਿਚਾਰ ਹੋਣ ਕਰਕੇ ਕਈ ਵਾਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕੀ ਸਾਨੂੰ ਨਾਰਾਜ਼ ਹੋ ਕੇ ਮੰਡਲੀ ਨੂੰ ਛੱਡ ਦੇਣਾ ਚਾਹੀਦਾ ਹੈ? ਜੇ ਅਸੀਂ ਯਹੋਵਾਹ ਨੂੰ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ।

17 ਸਾਡਾ ਸਿਰਜਣਹਾਰ ਅਤੇ ਜੀਵਨਦਾਤਾ ਹੋਣ ਕਰਕੇ ਯਹੋਵਾਹ ਸਾਡੇ ਪਿਆਰ ਅਤੇ ਭਗਤੀ ਦਾ ਹੱਕਦਾਰ ਹੈ। (ਪ੍ਰਕਾਸ਼ ਦੀ ਕਿਤਾਬ 4:11) ਇਸ ਤੋਂ ਇਲਾਵਾ, ਯਹੋਵਾਹ ਚਾਹੁੰਦਾ ਹੈ ਕਿ ਅਸੀਂ ਮੰਡਲੀ ਨੂੰ ਵੀ ਪੂਰਾ-ਪੂਰਾ ਸਹਿਯੋਗ ਦੇਈਏ। (ਇਬਰਾਨੀਆਂ 13:17) ਜੇ ਸਾਨੂੰ ਕੋਈ ਭੈਣ ਜਾਂ ਭਰਾ ਦੁੱਖ ਪਹੁੰਚਾਉਂਦਾ ਹੈ, ਤਾਂ ਅਸੀਂ ਨਾਰਾਜ਼ ਹੋ ਕੇ ਮੰਡਲੀ ਨਹੀਂ ਛੱਡਾਂਗੇ। ਸਾਨੂੰ ਇਸ ਤਰ੍ਹਾਂ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਯਹੋਵਾਹ ਨੇ ਥੋੜ੍ਹੀ ਸਾਨੂੰ ਨਾਰਾਜ਼ ਕੀਤਾ। ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਇਸ ਲਈ ਅਸੀਂ ਕਦੇ ਵੀ ਉਸ ਤੋਂ ਜਾਂ ਉਸ ਦੇ ਲੋਕਾਂ ਤੋਂ ਦੂਰ ਨਹੀਂ ਜਾਵਾਂਗੇ।​—ਜ਼ਬੂਰਾਂ ਦੀ ਪੋਥੀ 119:165 ਪੜ੍ਹੋ।

18. (ੳ) ਅਸੀਂ ਮੰਡਲੀ ਵਿਚ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ? (ਅ) ਭੈਣਾਂ-ਭਰਾਵਾਂ ਨੂੰ ਮਾਫ਼ ਕਰਨ ਦੇ ਕੀ ਫ਼ਾਇਦੇ ਹਨ?

18 ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਾਂਗੇ। ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ, ਉਨ੍ਹਾਂ ਤੋਂ ਉਹ ਇਹ ਉਮੀਦ ਨਹੀਂ ਰੱਖਦਾ ਕਿ ਉਹ ਕੋਈ ਗ਼ਲਤੀ ਨਹੀਂ ਕਰਨਗੇ। ਸਾਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ। ਯਾਦ ਰੱਖੋ ਕਿ ਅਸੀਂ ਸਾਰੇ ਪਾਪੀ ਹਾਂ ਜਿਸ ਕਰਕੇ ਸਾਡੇ ਸਾਰਿਆਂ ਤੋਂ ਗ਼ਲਤੀਆਂ ਹੁੰਦੀਆਂ ਹਨ। ਇਸ ਲਈ ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ‘ਦਿਲੋਂ ਮਾਫ਼ ਕਰਦੇ ਰਹਾਂਗੇ,’ ਭਾਵੇਂ ਇਸ ਤਰ੍ਹਾਂ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। (ਕਹਾਉਤਾਂ 17:9; ਕੁਲੁੱਸੀਆਂ 3:13; 1 ਪਤਰਸ 4:8) ਜੇ ਅਸੀਂ ਗੁੱਸਾ ਨਾ ਥੁੱਕੀਏ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਖਾਰ ਖਾਣ ਲੱਗ ਪਵਾਂਗੇ। ਅਸੀਂ ਸੋਚਾਂਗੇ ਕਿ ਉਨ੍ਹਾਂ ਨਾਲ ਗੱਲ ਨਾ ਕਰ ਕੇ ਅਸੀਂ ਉਨ੍ਹਾਂ ਨੂੰ ਦੁਖੀ ਕਰ ਸਕਦੇ ਹਾਂ। ਅਸਲ ਵਿਚ, ਇਸ ਤਰ੍ਹਾਂ ਕਰ ਕੇ ਅਸੀਂ ਆਪ ਹੀ ਦੁਖੀ ਹੋਵਾਂਗੇ। ਆਪਣੇ ਭੈਣਾਂ-ਭਰਾਵਾਂ ਨੂੰ ਮਾਫ਼ ਕਰਨ ਦੇ ਕਈ ਫ਼ਾਇਦੇ ਹਨ। (ਲੂਕਾ 17:3, 4) ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਮੰਡਲੀ ਵਿਚ ਵੀ ਸ਼ਾਂਤੀ ਕਾਇਮ ਰੱਖਦੇ ਹਾਂ। ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਬਣਿਆ ਰਹਿੰਦਾ ਹੈ।​—ਮੱਤੀ 6:14, 15; ਰੋਮੀਆਂ 14:19.

ਕਦੋਂ ਅਸੀਂ ਕਿਸੇ ਮਸੀਹੀ ਤੋਂ ਦੂਰ ਰਹਿਣਾ ਹੈ?

19. ਕਦੋਂ ਸਾਨੂੰ ਮੰਡਲੀ ਦੇ ਕਿਸੇ ਮੈਂਬਰ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ?

19 ਜੇ ਮੰਡਲੀ ਦਾ ਕੋਈ ਮੈਂਬਰ ਬਿਨਾਂ ਪਛਤਾਏ ਯਹੋਵਾਹ ਦੇ ਹੁਕਮ ਤੋੜਦਾ ਹੈ ਜਾਂ ਫਿਰ ਝੂਠੀਆਂ ਸਿੱਖਿਆਵਾਂ ਫੈਲਾਉਂਦਾ ਹੈ, ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਜਾਂ ਕੋਈ ਮਸੀਹੀ ਕਿਸੇ ਕਾਰਨ ਕਰਕੇ ਮੰਡਲੀ ਨਾਲੋਂ ਨਾਤਾ ਤੋੜ ਲੈਂਦਾ ਹੈ। ਸਾਨੂੰ ਅਜਿਹੇ ਵਿਅਕਤੀ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ ਕਿ ਅਸੀਂ ‘ਉਸ ਨਾਲ ਸੰਗਤ ਕਰਨੀ ਛੱਡ ਦੇਈਏ।’ * (1 ਕੁਰਿੰਥੀਆਂ 5:11-13 ਪੜ੍ਹੋ; 2 ਯੂਹੰਨਾ 9-11) ਸਾਡੇ ਲਈ ਇਸ ਸਲਾਹ ’ਤੇ ਚੱਲਣਾ ਸ਼ਾਇਦ ਮੁਸ਼ਕਲ ਹੋਵੇ ਕਿਉਂਕਿ ਉਹ ਮੈਂਬਰ ਸਾਡਾ ਦੋਸਤ ਜਾਂ ਰਿਸ਼ਤੇਦਾਰ ਹੋ ਸਕਦਾ ਹੈ। ਪਰ ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਹਾਂ ਅਤੇ ਉਸ ਦੇ ਹੁਕਮਾਂ ’ਤੇ ਚੱਲਦੇ ਹਾਂ, ਤਾਂ ਅਸੀਂ ਇਸ ਸਲਾਹ ’ਤੇ ਜ਼ਰੂਰ ਚੱਲਾਂਗੇ। ਯਾਦ ਰੱਖੋ ਕਿ ਯਹੋਵਾਹ ਲਈ ਵਫ਼ਾਦਾਰੀ ਅਤੇ ਆਗਿਆਕਾਰੀ ਬਹੁਤ ਮਾਅਨੇ ਰੱਖਦੀ ਹੈ।

20, 21. (ੳ) ਛੇਕੇ ਜਾਣ ਦਾ ਪ੍ਰਬੰਧ ਸਾਰਿਆਂ ਦੇ ਭਲੇ ਲਈ ਕਿਉਂ ਹੈ? (ਅ) ਸਾਨੂੰ ਦੋਸਤ ਸੋਚ-ਸਮਝ ਕੇ ਕਿਉਂ ਬਣਾਉਣੇ ਚਾਹੀਦੇ ਹਨ?

20 ਬਿਨਾਂ ਪਛਤਾਏ ਪਾਪ ਕਰਨ ਵਾਲੇ ਵਿਅਕਤੀ ਨੂੰ ਛੇਕੇ ਜਾਣ ਦਾ ਪ੍ਰਬੰਧ ਸਾਰਿਆਂ ਦੇ ਭਲੇ ਲਈ ਹੈ। ਕਿਉਂ? ਕਿਉਂਕਿ ਅਜਿਹੇ ਵਿਅਕਤੀ ਨੂੰ ਛੇਕ ਕੇ ਅਸੀਂ ਯਹੋਵਾਹ ਦੇ ਨਾਮ ਨੂੰ ਬਦਨਾਮ ਹੋਣ ਤੋਂ ਬਚਾਉਂਦੇ ਹਾਂ। (1 ਪਤਰਸ 1:15, 16) ਇਸ ਨਾਲ ਮੰਡਲੀ ਵੀ ਸਾਫ਼ ਰਹਿੰਦੀ ਹੈ। ਵਫ਼ਾਦਾਰ ਭੈਣ-ਭਰਾ ਉਸ ਵਿਅਕਤੀ ਦੇ ਬੁਰੇ ਪ੍ਰਭਾਵ ਤੋਂ ਬਚੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਰਹਿੰਦਾ ਹੈ ਕਿ ਮੰਡਲੀ ਵਿਚ ਕੋਈ ਗ਼ਲਤ ਕੰਮ ਨਹੀਂ ਹੋ ਰਿਹਾ। (1 ਕੁਰਿੰਥੀਆਂ 5:7; ਇਬਰਾਨੀਆਂ 12:15, 16) ਪਾਪ ਕਰਨ ਵਾਲੇ ਨੂੰ ਉਸ ਦੇ ਭਲੇ ਲਈ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ। ਛੇਕੇ ਜਾਣ ਤੇ ਸ਼ਾਇਦ ਉਹ ਸੁਰਤ ਵਿਚ ਆ ਜਾਵੇ ਅਤੇ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਕਾਇਮ ਕਰਨ ਦਾ ਜਤਨ ਕਰੇ।​—ਇਬਰਾਨੀਆਂ 12:11.

21 ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਸਾਡੇ ਸਾਥੀਆਂ ਦਾ ਸਾਡੇ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਲਈ ਸਾਨੂੰ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ। ਯਹੋਵਾਹ ਦੇ ਦੋਸਤਾਂ ਨਾਲੋਂ ਬਿਹਤਰ ਦੋਸਤ ਹੋਰ ਕਿਹੜੇ ਹੋ ਸਕਦੇ ਹਨ? ਅਜਿਹੇ ਦੋਸਤ ਯਹੋਵਾਹ ਦੀ ਸੇਵਾ ਕਰਨ ਦੇ ਸਾਡੇ ਇਰਾਦੇ ਨੂੰ ਹੋਰ ਪੱਕਾ ਕਰਨਗੇ।

^ ਪੈਰਾ 4 ਅਬਰਾਹਾਮ ਨੂੰ ਆਪਣੇ ਪੁੱਤ ਦੀ ਕੁਰਬਾਨੀ ਦੇਣ ਲਈ ਕਹਿ ਕੇ ਯਹੋਵਾਹ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਉਹ ਖ਼ੁਦ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇਵੇਗਾ। (ਯੂਹੰਨਾ 3:16) ਜਦੋਂ ਅਬਰਾਹਾਮ ਇਸਹਾਕ ਨੂੰ ਹਲਾਲ ਕਰਨ ਲੱਗਾ ਸੀ, ਉਸ ਵੇਲੇ ਯਹੋਵਾਹ ਨੇ ਉਸ ਨੂੰ ਰੋਕਿਆ ਤੇ ਇਸਹਾਕ ਦੀ ਥਾਂ ਬਲ਼ੀ ਲਈ ਇਕ ਜਾਨਵਰ ਦਿੱਤਾ।​—ਉਤਪਤ 22:1, 2, 9-13.

^ ਪੈਰਾ 9 ਜਦੋਂ ਦਾਊਦ ਨੇ ਗੋਲਿਅਥ ਨੂੰ ਮਾਰਿਆ ਸੀ ਉਸ ਵੇਲੇ ਦਾਊਦ “ਮੁੰਡਾ ਹੀ” ਸੀ ਯਾਨੀ ਕਾਫ਼ੀ ਛੋਟੀ ਉਮਰ ਦਾ ਸੀ। ਜਦੋਂ ਯੋਨਾਥਾਨ ਮਰਿਆ ਸੀ, ਉਸ ਵੇਲੇ ਉਸ ਦੀ ਉਮਰ 60 ਕੁ ਸਾਲ ਅਤੇ ਦਾਊਦ ਦੀ ਉਮਰ ਲਗਭਗ 30 ਸਾਲ ਸੀ। (1 ਸਮੂਏਲ 17:33; 31:2; 2 ਸਮੂਏਲ 5:4) ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੋਨਾਥਾਨ ਦਾਊਦ ਤੋਂ 30 ਸਾਲ ਵੱਡਾ ਸੀ।

^ ਪੈਰਾ 10 ਜਿਵੇਂ 1 ਸਮੂਏਲ 23:17 ਵਿਚ ਦੱਸਿਆ ਹੈ, ਯੋਨਾਥਾਨ ਨੇ ਦਾਊਦ ਨੂੰ ਹੱਲਾਸ਼ੇਰੀ ਦੇਣ ਲਈ ਪੰਜ ਗੱਲਾਂ ਕਹੀਆਂ ਸਨ: (1) ਉਸ ਨੇ ਦਾਊਦ ਨੂੰ ਨਾ ਡਰਨ ਲਈ ਕਿਹਾ ਸੀ। (2) ਉਸ ਨੂੰ ਭਰੋਸਾ ਦਿੱਤਾ ਕਿ ਸ਼ਾਊਲ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇਗਾ। (3) ਉਸ ਨੇ ਦਾਊਦ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਉਸ ਨੂੰ ਰਾਜ ਜ਼ਰੂਰ ਮਿਲੇਗਾ। (4) ਉਸ ਨੇ ਦਾਊਦ ਨਾਲ ਦੋਸਤੀ ਨਿਭਾਉਣ ਦਾ ਵਾਅਦਾ ਕੀਤਾ। (5) ਉਸ ਨੇ ਦਾਊਦ ਨੂੰ ਦੱਸਿਆ ਕਿ ਸ਼ਾਊਲ ਵੀ ਉਨ੍ਹਾਂ ਦੀ ਪੱਕੀ ਦੋਸਤੀ ਬਾਰੇ ਜਾਣਦਾ ਸੀ।

^ ਪੈਰਾ 19 ਛੇਕੇ ਗਏ ਵਿਅਕਤੀ ਜਾਂ ਮੰਡਲੀ ਨਾਲੋਂ ਨਾਤਾ ਤੋੜ ਚੁੱਕੇ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ ਹੈ, ਇਸ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ “ਛੇਕੇ ਗਏ ਵਿਅਕਤੀ ਨਾਲ ਕਿਵੇਂ ਪੇਸ਼ ਆਈਏ?” ਦੇਖੋ।