Skip to content

Skip to table of contents

ਛੇਵਾਂ ਅਧਿਆਇ

ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰੀਏ?

ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰੀਏ?

“ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।”​—1 ਕੁਰਿੰਥੀਆਂ 10:31.

1, 2. ਮਨੋਰੰਜਨ ਦੇ ਮਾਮਲੇ ਵਿਚ ਤੁਹਾਨੂੰ ਕੀ ਸੋਚਣ ਦੀ ਲੋੜ ਹੈ?

ਮੰਨ ਲਓ ਕਿ ਤੁਸੀਂ ਸੇਬ ਖਾਣ ਲੱਗੇ ਹੋ। ਤੁਸੀਂ ਦੇਖਦੇ ਹੋ ਕਿ ਸੇਬ ਥੋੜ੍ਹਾ ਜਿਹਾ ਗਲਿਆ ਹੋਇਆ ਹੈ। ਤੁਸੀਂ ਕੀ ਕਰੋਗੇ? ਜਾਂ ਤਾਂ ਤੁਸੀਂ ਗਲੇ ਹਿੱਸੇ ਸਮੇਤ ਪੂਰਾ ਸੇਬ ਖਾ ਸਕਦੇ ਹੋ। ਜਾਂ ਫਿਰ ਤੁਸੀਂ ਸਾਰੇ ਦਾ ਸਾਰਾ ਸੇਬ ਸੁੱਟ ਸਕਦੇ ਹੋ। ਜਾਂ ਗਲਿਆ ਹਿੱਸਾ ਕੱਟ ਕੇ ਚੰਗਾ ਹਿੱਸਾ ਖਾ ਸਕਦੇ ਹੋ।

2 ਇਕ ਤਰੀਕੇ ਨਾਲ ਮਨੋਰੰਜਨ ਵੀ ਫਲ ਵਾਂਗ ਹੈ। ਕਈ ਵਾਰ ਤੁਸੀਂ ਮਨੋਰੰਜਨ ਕਰਨਾ ਚਾਹੁੰਦੇ ਹੋ, ਪਰ ਤੁਸੀਂ ਦੇਖਿਆ ਹੋਣਾ ਕਿ ਦੁਨੀਆਂ ਵਿਚ ਜ਼ਿਆਦਾਤਰ ਮਨੋਰੰਜਨ ਗਲੇ ਹੋਏ ਫਲ ਦੀ ਤਰ੍ਹਾਂ ਬਹੁਤ ਹੀ ਘਟੀਆ ਹੈ। ਇਸ ਲਈ ਤੁਸੀਂ ਕੀ ਕਰੋਗੇ? ਕਈ ਲੋਕ ਹਰ ਤਰ੍ਹਾਂ ਦਾ ਮਨੋਰੰਜਨ ਕਰਦੇ ਹਨ ਭਾਵੇਂ ਉਹ ਘਟੀਆ ਹੀ ਕਿਉਂ ਨਾ ਹੋਵੇ। ਕਈ ਮਾੜੇ ਅਸਰ ਤੋਂ ਡਰਦੇ ਹੋਏ ਬਿਲਕੁਲ ਹੀ ਮਨੋਰੰਜਨ ਨਹੀਂ ਕਰਦੇ। ਹੋਰ ਕਈ ਲੋਕ ਬੜੇ ਧਿਆਨ ਨਾਲ ਘਟੀਆ ਮਨੋਰੰਜਨ ਤੋਂ ਦੂਰ ਰਹਿੰਦੇ ਹਨ ਅਤੇ ਸਾਫ਼-ਸੁਥਰਾ ਮਨੋਰੰਜਨ ਹੀ ਕਰਦੇ ਹਨ। ਜੇ ਤੁਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਦਾ ਮਨੋਰੰਜਨ ਚੁਣੋਗੇ?

3. ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?

3 ਜ਼ਿਆਦਾਤਰ ਭੈਣ-ਭਰਾ ਸੋਚ-ਸਮਝ ਕੇ ਮਨੋਰੰਜਨ ਕਰਨ ਦਾ ਫ਼ੈਸਲਾ ਕਰਦੇ ਹਨ। ਇਹ ਸੱਚ ਹੈ ਕਿ ਸਾਨੂੰ ਮਨੋਰੰਜਨ ਕਰਨ ਦੀ ਲੋੜ ਹੈ ਪਰ ਸਾਨੂੰ ਦੇਖਣਾ ਚਾਹੀਦਾ ਹੈ ਕਿ ਕਿਹੜਾ ਮਨੋਰੰਜਨ ਸਾਫ਼-ਸੁਥਰਾ ਹੈ ਤੇ ਕਿਹੜਾ ਨਹੀਂ। ਅਸੀਂ ਇਹ ਫ਼ੈਸਲਾ ਕਿਵੇਂ ਕਰ ਸਕਦੇ ਹਾਂ? ਇਸ ਦਾ ਜਵਾਬ ਜਾਣਨ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਮਨੋਰੰਜਨ ਦਾ ਸਾਡੀ ਭਗਤੀ ਉੱਤੇ ਕੀ ਅਸਰ ਪੈਂਦਾ ਹੈ।

“ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ”

4. ਯਹੋਵਾਹ ਨਾਲ ਕੀਤੇ ਵਾਅਦੇ ਦਾ ਸਾਡੇ ਮਨੋਰੰਜਨ ’ਤੇ ਕੀ ਅਸਰ ਪਵੇਗਾ?

4 ਇਕ ਬਜ਼ੁਰਗ ਗਵਾਹ ਨੇ 1946 ਵਿਚ ਬਪਤਿਸਮਾ ਲਿਆ ਸੀ। ਉਸ ਨੇ ਹਾਲ ਹੀ ਵਿਚ ਕਿਹਾ: “ਮੈਂ ਬਪਤਿਸਮੇ ਦੇ ਹਰ ਭਾਸ਼ਣ ਨੂੰ ਚੰਗੀ ਤਰ੍ਹਾਂ ਸੁਣਨ ਦੀ ਕੋਸ਼ਿਸ਼ ਕਰਦਾ ਹਾਂ ਜਿਵੇਂ ਮੈਂ ਆਪਣੇ ਬਪਤਿਸਮੇ ਦਾ ਭਾਸ਼ਣ ਸੁਣਿਆ ਸੀ।” ਉਹ ਕਿਉਂ ਇਸ ਤਰ੍ਹਾਂ ਕਰਦਾ ਹੈ? ਉਸ ਨੇ ਦੱਸਿਆ: “ਇਸ ਨਾਲ ਮੈਨੂੰ ਯਾਦ ਰਹਿੰਦਾ ਹੈ ਕਿ ਮੈਂ ਉਮਰ ਭਰ ਯਹੋਵਾਹ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਸੀ। ਇਹ ਗੱਲ ਯਾਦ ਰੱਖਣ ਨਾਲ ਮੈਨੂੰ ਵਫ਼ਾਦਾਰ ਰਹਿਣ ਦੀ ਪ੍ਰੇਰਣਾ ਮਿਲਦੀ ਹੈ।” ਤੁਸੀਂ ਇਸ ਭਰਾ ਦੀ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿਉਂਕਿ ਤੁਸੀਂ ਵੀ ਉਮਰ ਭਰ ਯਹੋਵਾਹ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਹੈ। ਇਹ ਵਾਅਦਾ ਯਾਦ ਰੱਖ ਕੇ ਤੁਸੀਂ ਹਮੇਸ਼ਾ ਉਸ ਦੇ ਵਫ਼ਾਦਾਰ ਰਹਿ ਸਕੋਗੇ। (ਉਪਦੇਸ਼ਕ ਦੀ ਪੋਥੀ 5:4 ਪੜ੍ਹੋ।) ਇਸ ਵਾਅਦੇ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਜੋ ਵੀ ਕਰੋਗੇ, ਸੋਚ-ਸਮਝ ਕੇ ਕਰੋਗੇ ਇੱਥੋਂ ਤਕ ਕਿ ਮਨੋਰੰਜਨ ਵੀ। ਪੌਲੁਸ ਨੇ ਵੀ ਮਸੀਹੀਆਂ ਨੂੰ ਇਹੀ ਗੱਲ ਕਹੀ ਸੀ: “ਤੁਸੀਂ ਚਾਹੇ ਖਾਂਦੇ ਚਾਹੇ ਪੀਂਦੇ ਚਾਹੇ ਕੁਝ ਹੋਰ ਕਰਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।”​—1 ਕੁਰਿੰਥੀਆਂ 10:31.

5. ਰੋਮੀਆਂ 12:1 ਸਮਝਣ ਵਿਚ ਲੇਵੀਆਂ 22:18-20 ਸਾਡੀ ਕਿਵੇਂ ਮਦਦ ਕਰਦਾ ਹੈ?

5 ਤੁਸੀਂ ਜ਼ਿੰਦਗੀ ਵਿਚ ਜੋ ਵੀ ਕਰਦੇ ਹੋ ਉਸ ਦਾ ਅਸਰ ਤੁਹਾਡੀ ਭਗਤੀ ਉੱਤੇ ਪੈਂਦਾ ਹੈ। ਧਿਆਨ ਦਿਓ ਕਿ ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਕੀ ਕਿਹਾ ਸੀ: “ਤੁਸੀਂ ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ।” (ਰੋਮੀਆਂ 12:1) ਇਸ ਆਇਤ ਦਾ ਡੂੰਘਾ ਅਰਥ ਹੈ। ਤੁਹਾਡੇ ‘ਸਰੀਰ’ ਵਿਚ ਤੁਹਾਡਾ ਮਨ, ਦਿਲ ਅਤੇ ਤਾਕਤ ਸ਼ਾਮਲ ਹਨ ਜਿਨ੍ਹਾਂ ਨੂੰ ਤੁਸੀਂ ਪਰਮੇਸ਼ੁਰ ਦੀ ਭਗਤੀ ਕਰਨ ਲਈ ਵਰਤਦੇ ਹੋ। (ਮਰਕੁਸ 12:30) ਪੌਲੁਸ ਨੇ ਇੱਥੇ ਸਾਡੀ ਭਗਤੀ ਦੀ ਤੁਲਨਾ ਬਲੀਦਾਨ ਨਾਲ ਕੀਤੀ ਸੀ। ਇਸ ਗੱਲ ’ਤੇ ਸਾਨੂੰ ਜ਼ਰਾ ਗੌਰ ਕਰਨ ਦੀ ਲੋੜ ਹੈ। ਮੂਸਾ ਦੇ ਕਾਨੂੰਨ ਅਨੁਸਾਰ ਜੇ ਬਲ਼ੀ ਚੜ੍ਹਾਏ ਜਾਣ ਵਾਲੇ ਜਾਨਵਰ ਵਿਚ ਨੁਕਸ ਹੁੰਦਾ ਸੀ, ਤਾਂ ਪਰਮੇਸ਼ੁਰ ਉਸ ਨੂੰ ਸਵੀਕਾਰ ਨਹੀਂ ਕਰਦਾ ਸੀ। (ਲੇਵੀਆਂ 22:18-20) ਇਸੇ ਤਰ੍ਹਾਂ ਜੇ ਅਸੀਂ ਆਪਣੇ ਮਨ, ਦਿਲ ਅਤੇ ਤਾਕਤ ਨੂੰ ਭ੍ਰਿਸ਼ਟ ਕੰਮਾਂ ਲਈ ਵਰਤਦੇ ਹਾਂ, ਤਾਂ ਪਰਮੇਸ਼ੁਰ ਸਾਡੀ ਭਗਤੀ ਸਵੀਕਾਰ ਨਹੀਂ ਕਰੇਗਾ। ਇਸ ਦਾ ਕੀ ਮਤਲਬ ਹੈ?

6, 7. ਮਸੀਹੀ ਆਪਣਾ ਸਰੀਰ ਕਿਵੇਂ ਭ੍ਰਿਸ਼ਟ ਕਰ ਸਕਦਾ ਹੈ ਅਤੇ ਇਸ ਦੇ ਕਿਹੜੇ ਮਾੜੇ ਨਤੀਜੇ ਨਿਕਲ ਸਕਦੇ ਹਨ?

6 ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਨਸੀਹਤ ਦਿੱਤੀ ਸੀ: “ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ।” ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ: ‘ਪਾਪੀ ਕੰਮਾਂ ਨੂੰ ਮਾਰ ਦਿਓ।’ (ਰੋਮੀਆਂ 6:12-14; 8:13) ਆਪਣੀ ਚਿੱਠੀ ਵਿਚ ਉਸ ਨੇ ਪਹਿਲਾਂ ਦੱਸਿਆ ਸੀ ਕਿ ‘ਪਾਪੀ ਕੰਮ’ ਕੀ ਹਨ। ਪਾਪੀ ਇਨਸਾਨਾਂ ਬਾਰੇ ਉਸ ਨੇ ਕਿਹਾ ਸੀ: “ਉਨ੍ਹਾਂ ਦੇ ਮੂੰਹ ਬੋਲ-ਕੁਬੋਲ ਤੇ ਕੌੜੇ ਸ਼ਬਦਾਂ ਨਾਲ ਭਰੇ ਹੋਏ ਹਨ।” “ਉਨ੍ਹਾਂ ਦੇ ਪੈਰ ਖ਼ੂਨ ਵਹਾਉਣ ਲਈ ਤੇਜ਼ੀ ਨਾਲ ਭੱਜਦੇ ਹਨ।” ‘ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ।’ (ਰੋਮੀਆਂ 3:13-17; 3:18, OV) ਜੇ ਕੋਈ ਮਸੀਹੀ ਅਜਿਹੇ ਕੰਮ ਕਰਨ ਲਈ ਸਰੀਰ ਦੇ ‘ਅੰਗ’ ਵਰਤਦਾ ਹੈ, ਤਾਂ ਉਸ ਦਾ ਸਰੀਰ ਭ੍ਰਿਸ਼ਟ ਹੋ ਜਾਂਦਾ ਹੈ। ਉਦਾਹਰਣ ਲਈ, ਜੇ ਕੋਈ ਮਸੀਹੀ ਜਾਣ-ਬੁੱਝ ਕੇ ਅਸ਼ਲੀਲ ਤਸਵੀਰਾਂ ਜਾਂ ਖ਼ੂਨ-ਖ਼ਰਾਬੇ ਨਾਲ ਭਰੀਆਂ ਫ਼ਿਲਮਾਂ ਦੇਖਦਾ ਹੈ, ਤਾਂ ਉਹ ‘ਆਪਣੀਆਂ ਅੱਖਾਂ ਨੂੰ ਪਾਪ ਦੇ ਹਵਾਲੇ ਕਰਦਾ ਹੈ।’ ਇਸ ਲਈ ਉਸ ਦੀ ਭਗਤੀ ਪਵਿੱਤਰ ਨਹੀਂ ਰਹੇਗੀ ਅਤੇ ਪਰਮੇਸ਼ੁਰ ਉਸ ਦੀ ਭਗਤੀ ਨੂੰ ਸਵੀਕਾਰ ਨਹੀਂ ਕਰੇਗਾ। (ਬਿਵਸਥਾ ਸਾਰ 15:21; 1 ਪਤਰਸ 1:14-16; 2 ਪਤਰਸ 3:11) ਕੀ ਫ਼ਾਇਦਾ ਇੱਦਾਂ ਦਾ ਮਨੋਰੰਜਨ ਕਰਨ ਦਾ ਜੋ ਸਾਨੂੰ ਪਰਮੇਸ਼ੁਰ ਤੋਂ ਹੀ ਦੂਰ ਕਰ ਦੇਵੇ!

7 ਸੋ ਇਹ ਗੱਲ ਸਾਫ਼ ਹੈ ਕਿ ਘਟੀਆ ਮਨੋਰੰਜਨ ਦੇ ਸਾਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਲਈ ਸਾਨੂੰ ਸਾਫ਼-ਸੁਥਰਾ ਮਨੋਰੰਜਨ ਕਰਨਾ ਚਾਹੀਦਾ ਹੈ, ਤਾਂਕਿ ਯਹੋਵਾਹ ਸਾਡੀ ਭਗਤੀ ਨੂੰ ਸਵੀਕਾਰ ਕਰੇ। ਆਓ ਹੁਣ ਆਪਾਂ ਦੇਖੀਏ ਕਿ ਕਿਹੜਾ ਮਨੋਰੰਜਨ ਸਾਫ਼-ਸੁਥਰਾ ਹੈ ਤੇ ਕਿਹੜਾ ਘਟੀਆ।

“ਬੁਰਾਈ ਨਾਲ ਨਫ਼ਰਤ ਕਰੋ”

8, 9. (ੳ) ਮਨੋਰੰਜਨ ਨੂੰ ਮੁੱਖ ਤੌਰ ਤੇ ਕਿਹੜੇ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ? (ਅ) ਸਾਨੂੰ ਕਿਹੋ ਜਿਹੇ ਮਨੋਰੰਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਕਿਉਂ?

8 ਮੁੱਖ ਤੌਰ ਤੇ ਮਨੋਰੰਜਨ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਤਾਂ ਉਹ ਮਨੋਰੰਜਨ ਜਿਸ ਤੋਂ ਮਸੀਹੀਆਂ ਨੇ ਬਿਲਕੁਲ ਦੂਰ ਰਹਿਣਾ ਹੈ। ਦੂਜਾ ਉਹ ਮਨੋਰੰਜਨ ਜੋ ਕਈ ਮਸੀਹੀ ਕਰਨਾ ਠੀਕ ਸਮਝਣ ਤੇ ਕਈ ਗ਼ਲਤ ਸਮਝਣ। ਆਓ ਆਪਾਂ ਪਹਿਲੇ ਮਨੋਰੰਜਨ ਬਾਰੇ ਗੱਲ ਕਰੀਏ ਜਿਸ ਤੋਂ ਮਸੀਹੀਆਂ ਨੇ ਦੂਰ ਰਹਿਣਾ ਹੈ।

9 ਜਿਵੇਂ ਪਹਿਲੇ ਅਧਿਆਇ ਵਿਚ ਕਿਹਾ ਗਿਆ ਸੀ, ਕੁਝ ਕਿਸਮਾਂ ਦੇ ਮਨੋਰੰਜਨ ਵਿਚ ਅਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਦੀ ਬਾਈਬਲ ਵਿਚ ਸਾਫ਼ ਨਿੰਦਿਆ ਕੀਤੀ ਗਈ ਹੈ। ਉਦਾਹਰਣ ਲਈ, ਉਨ੍ਹਾਂ ਵੈੱਬਸਾਈਟਾਂ, ਫ਼ਿਲਮਾਂ, ਟੀ.ਵੀ. ਪ੍ਰੋਗ੍ਰਾਮਾਂ ਅਤੇ ਗਾਣਿਆਂ ਬਾਰੇ ਸੋਚੋ ਜਿਨ੍ਹਾਂ ਵਿਚ ਖ਼ੂਨ-ਖ਼ਰਾਬਾ, ਜਾਦੂਗਰੀ, ਅਸ਼ਲੀਲ ਤਸਵੀਰਾਂ ਅਤੇ ਗੰਦੇ-ਮੰਦੇ ਕੰਮ ਹੁੰਦੇ ਹਨ। ਅਜਿਹੇ ਮਨੋਰੰਜਨ ਨੂੰ ਆਮ ਲੋਕ ਵਧੀਆ ਸਮਝਦੇ ਹਨ, ਪਰ ਇਹ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਇਸ ਲਈ ਸੱਚੇ ਮਸੀਹੀਆਂ ਨੇ ਇਸ ਤੋਂ ਦੂਰ ਰਹਿਣਾ ਹੈ। (ਰਸੂਲਾਂ ਦੇ ਕੰਮ 15:28, 29; 1 ਕੁਰਿੰਥੀਆਂ 6:9, 10; ਪ੍ਰਕਾਸ਼ ਦੀ ਕਿਤਾਬ 21:8) ਅਜਿਹਾ ਮਨੋਰੰਜਨ ਨਾ ਕਰ ਕੇ ਤੁਸੀਂ ਯਹੋਵਾਹ ਨੂੰ ਦਿਖਾਉਂਦੇ ਹੋ ਕਿ ਤੁਸੀਂ ਬੁਰਾਈ ਨਾਲ ਨਫ਼ਰਤ ਕਰਦੇ ਹੋ। ਇਸ ਤਰ੍ਹਾਂ ਤੁਸੀਂ ਦਿਖਾਵੇ ਲਈ ਨਹੀਂ, ਸਗੋਂ ਦਿਲੋਂ ਉਸ ਦੀ ਭਗਤੀ ਕਰ ਰਹੇ ਹੋਵੋਗੇ।​—ਰੋਮੀਆਂ 12:9; ਜ਼ਬੂਰਾਂ ਦੀ ਪੋਥੀ 34:14; 1 ਤਿਮੋਥਿਉਸ 1:5.

10. ਮਨੋਰੰਜਨ ਬਾਰੇ ਕਿਸ ਤਰ੍ਹਾਂ ਦੀ ਸੋਚਣੀ ਖ਼ਤਰਨਾਕ ਹੋ ਸਕਦੀ ਹੈ ਅਤੇ ਕਿਉਂ?

10 ਕਈ ਲੋਕ ਸੋਚਦੇ ਹਨ ਕਿ ਗੰਦ-ਮੰਦ ਨਾਲ ਭਰੀਆਂ ਫ਼ਿਲਮਾਂ ਅਤੇ ਪ੍ਰੋਗ੍ਰਾਮ ਦੇਖਣ ਵਿਚ ਕੋਈ ਹਰਜ਼ ਨਹੀਂ। ਉਹ ਕਹਿੰਦੇ ਹਨ, ‘ਭਾਵੇਂ ਮੈਂ ਫ਼ਿਲਮਾਂ ਅਤੇ ਪ੍ਰੋਗ੍ਰਾਮਾਂ ਵਿਚ ਗੰਦੇ ਕੰਮ ਦੇਖਦਾ ਹਾਂ, ਪਰ ਮੈਂ ਆਪ ਇਹ ਕੰਮ ਥੋੜ੍ਹੀ ਕਰਨ ਲੱਗਾਂ।’ ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਅਤੇ ਅਜਿਹੀ ਸੋਚਣੀ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। (ਯਿਰਮਿਯਾਹ 17:9 ਪੜ੍ਹੋ।) ਜੇ ਅਸੀਂ ਉਹ ਸਭ ਕੁਝ ਦੇਖਦੇ ਹਾਂ ਜਿਸ ਨੂੰ ਯਹੋਵਾਹ ਨਿੰਦਦਾ ਹੈ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ‘ਬੁਰਾਈ ਨਾਲ ਨਫ਼ਰਤ ਕਰਦੇ’ ਹਾਂ? ਗੰਦੇ ਕੰਮ ਵਾਰ-ਵਾਰ ਦੇਖਣ ਨਾਲ ਇਕ ਦਿਨ ਇੱਦਾਂ ਹੋਵੇਗਾ ਕਿ ਇਹ ਸਾਨੂੰ ਇੰਨੇ ਗੰਦੇ ਨਹੀਂ ਲੱਗਣਗੇ। (ਜ਼ਬੂਰਾਂ ਦੀ ਪੋਥੀ 119:70; 1 ਤਿਮੋਥਿਉਸ 4:1, 2) ਨਤੀਜੇ ਵਜੋਂ, ਅਸੀਂ ਵੀ ਇੱਦਾਂ ਦੇ ਮਾੜੇ ਕੰਮ ਕਰਨ ਲੱਗ ਪਵਾਂਗੇ ਅਤੇ ਦੂਸਰਿਆਂ ਦੇ ਬੁਰੇ ਚਾਲ-ਚਲਣ ਵਿਚ ਸਾਨੂੰ ਕੋਈ ਖ਼ਰਾਬੀ ਨਜ਼ਰ ਨਹੀਂ ਆਵੇਗੀ।

11. ਮਨੋਰੰਜਨ ਦੇ ਮਾਮਲੇ ਵਿਚ ਗਲਾਤੀਆਂ 6:7 ਕਿਵੇਂ ਲਾਗੂ ਹੁੰਦਾ ਹੈ?

11 ਕਈ ਮਸੀਹੀਆਂ ਨਾਲ ਸੱਚ-ਮੁੱਚ ਇਸ ਤਰ੍ਹਾਂ ਹੋਇਆ ਹੈ। ਉਨ੍ਹਾਂ ਨੇ ਗ਼ਲਤ ਕੰਮ ਕੀਤੇ ਕਿਉਂਕਿ ਉਹ ਗੰਦੀਆਂ ਫ਼ਿਲਮਾਂ ਅਤੇ ਪ੍ਰੋਗ੍ਰਾਮ ਦੇਖਦੇ ਹੁੰਦੇ ਸਨ। ਆਪਣੀਆਂ ਗ਼ਲਤੀਆਂ ਦੇ ਮਾੜੇ ਨਤੀਜੇ ਭੁਗਤਣ ਤੋਂ ਬਾਅਦ ਹੀ ਉਨ੍ਹਾਂ ਦੇ ਖਾਨੇ ਇਹ ਗੱਲ ਪਈ ਕਿ “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।” (ਗਲਾਤੀਆਂ 6:7) ਪਰ ਇਨ੍ਹਾਂ ਮਾੜੇ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ। ਜੇ ਤੁਸੀਂ ਆਪਣੇ ਮਨ ਵਿਚ ਚੰਗੀਆਂ ਗੱਲਾਂ ਭਰੋਗੇ, ਤਾਂ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ।​—“ ਮੈਂ ਕਿਹੋ ਜਿਹਾ ਮਨੋਰੰਜਨ ਕਰਾਂ?” ਨਾਮਕ ਡੱਬੀ ਦੇਖੋ।

ਮਨੋਰੰਜਨ ਬਾਰੇ ਫ਼ੈਸਲਾ ਕਰਨ ਲਈ ਬਾਈਬਲ ਦੇ ਅਸੂਲ

12. ਗਲਾਤੀਆਂ 6:5 ਮਨੋਰੰਜਨ ਦੇ ਮਾਮਲੇ ਵਿਚ ਕਿਵੇਂ ਲਾਗੂ ਹੁੰਦਾ ਹੈ ਅਤੇ ਅਸੀਂ ਮਨੋਰੰਜਨ ਸੰਬੰਧੀ ਫ਼ੈਸਲਾ ਕਿਸ ਤਰ੍ਹਾਂ ਕਰ ਸਕਦੇ ਹਾਂ?

12 ਆਓ ਹੁਣ ਆਪਾਂ ਉਸ ਮਨੋਰੰਜਨ ਬਾਰੇ ਗੱਲ ਕਰੀਏ ਜਿਸ ਦੀ ਬਾਈਬਲ ਵਿਚ ਨਾ ਤਾਂ ਨਿੰਦਿਆ ਕੀਤੀ ਗਈ ਹੈ ਤੇ ਨਾ ਹੀ ਇਸ ਨੂੰ ਠੀਕ ਕਿਹਾ ਗਿਆ ਹੈ। ਅਜਿਹੇ ਮਨੋਰੰਜਨ ਸੰਬੰਧੀ ਹਰ ਮਸੀਹੀ ਨੂੰ ਆਪ ਫ਼ੈਸਲਾ ਕਰਨਾ ਪਵੇਗਾ। (ਗਲਾਤੀਆਂ 6:5 ਪੜ੍ਹੋ।) ਇਹ ਫ਼ੈਸਲਾ ਕਰਨ ਲਈ ਬਾਈਬਲ ਵਿਚ ਕਈ ਅਸੂਲ ਦਿੱਤੇ ਗਏ ਹਨ। ਇਨ੍ਹਾਂ ਅਸੂਲਾਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਮਨੋਰੰਜਨ ਬਾਰੇ ਯਹੋਵਾਹ ਦਾ ਨਜ਼ਰੀਆ ਜਾਣ ਸਕਦੇ ਹਾਂ।​—ਅਫ਼ਸੀਆਂ 5:17.

13. ਅਸੀਂ ਅਜਿਹੇ ਮਨੋਰੰਜਨ ਤੋਂ ਕਿਵੇਂ ਦੂਰ ਰਹਿ ਸਕਦੇ ਹਾਂ ਜਿਸ ਤੋਂ ਯਹੋਵਾਹ ਨੂੰ ਨਫ਼ਰਤ ਹੈ?

13 ਇਹ ਸੱਚ ਹੈ ਕਿ ਕਈ ਭੈਣ-ਭਰਾਵਾਂ ਨੂੰ ਬਾਈਬਲ ਦੇ ਅਸੂਲਾਂ ਦੀ ਸਮਝ ਜ਼ਿਆਦਾ ਹੁੰਦੀ ਹੈ ਅਤੇ ਕਈਆਂ ਨੂੰ ਘੱਟ। (ਫ਼ਿਲਿੱਪੀਆਂ 1:9) ਇਸ ਤੋਂ ਇਲਾਵਾ ਹਰੇਕ ਦੀ ਪਸੰਦ ਵੀ ਵੱਖੋ-ਵੱਖਰੀ ਹੁੰਦੀ ਹੈ। ਇਸ ਕਰਕੇ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਸਾਰੇ ਜਣੇ ਇੱਕੋ ਜਿਹਾ ਫ਼ੈਸਲਾ ਕਰਨ। ਅਸੀਂ ਬਾਈਬਲ ਦੇ ਅਸੂਲਾਂ ਉੱਤੇ ਜਿੰਨਾ ਜ਼ਿਆਦਾ ਸੋਚ-ਵਿਚਾਰ ਕਰਾਂਗੇ ਉੱਨਾ ਹੀ ਜ਼ਿਆਦਾ ਅਸੀਂ ਅਜਿਹੇ ਮਨੋਰੰਜਨ ਤੋਂ ਦੂਰ ਰਹਾਂਗੇ ਜਿਸ ਤੋਂ ਯਹੋਵਾਹ ਨੂੰ ਨਫ਼ਰਤ ਹੈ।​—ਜ਼ਬੂਰਾਂ ਦੀ ਪੋਥੀ 119:11, 129; 1 ਪਤਰਸ 2:16.

14. (ੳ) ਮਨੋਰੰਜਨ ਦੇ ਸੰਬੰਧ ਵਿਚ ਤੁਹਾਨੂੰ ਹੋਰ ਕਿਹੜੀ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ? (ਅ) ਤੁਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਕਿਵੇਂ ਦੇ ਸਕਦੇ ਹੋ?

14 ਮਨੋਰੰਜਨ ਦੇ ਸੰਬੰਧ ਵਿਚ ਤੁਹਾਨੂੰ ਇਕ ਹੋਰ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਉਹ ਹੈ ਤੁਹਾਡਾ ਸਮਾਂ। ਤੁਸੀਂ ਜਿਸ ਤਰ੍ਹਾਂ ਦਾ ਮਨੋਰੰਜਨ ਕਰਦੇ ਹੋ ਉਸ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਕੀ ਪਸੰਦ ਹੈ। ਪਰ ਤੁਸੀਂ ਮਨੋਰੰਜਨ ਵਿਚ ਜਿੰਨਾ ਸਮਾਂ ਲਗਾਉਂਦੇ ਹੋ ਉਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਲਈ ਕਿਹੜੀ ਚੀਜ਼ ਜ਼ਿਆਦਾ ਅਹਿਮ ਹੈ—ਮਨੋਰੰਜਨ ਜਾਂ ਕੋਈ ਹੋਰ ਚੀਜ਼। ਮਸੀਹੀਆਂ ਲਈ ਪਰਮੇਸ਼ੁਰ ਦੇ ਕੰਮ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੇ ਹਨ। (ਮੱਤੀ 6:33 ਪੜ੍ਹੋ।) ਤੁਸੀਂ ਉਸ ਦੇ ਕੰਮਾਂ ਨੂੰ ਪਹਿਲ ਕਿਵੇਂ ਦੇ ਸਕਦੇ ਹੋ? ਪੌਲੁਸ ਰਸੂਲ ਨੇ ਕਿਹਾ ਸੀ: “ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।” (ਅਫ਼ਸੀਆਂ 5:15, 16) ਮਨੋਰੰਜਨ ਲਈ ਸਮਾਂ ਬੰਨ੍ਹਣ ਨਾਲ ਤੁਹਾਡੇ ਕੋਲ “ਜ਼ਿਆਦਾ ਜ਼ਰੂਰੀ ਗੱਲਾਂ” ਯਾਨੀ ਪਰਮੇਸ਼ੁਰ ਦੇ ਕੰਮਾਂ ਲਈ ਕਾਫ਼ੀ ਸਮਾਂ ਹੋਵੇਗਾ। (ਫ਼ਿਲਿੱਪੀਆਂ 1:10) ਇਸ ਦਾ ਤੁਹਾਨੂੰ ਹੀ ਫ਼ਾਇਦਾ ਹੋਵੇਗਾ ਕਿਉਂਕਿ ਤੁਸੀਂ ਸੱਚਾਈ ਵਿਚ ਪੱਕੇ ਹੁੰਦੇ ਜਾਵੋਗੇ।

15. ਮਨੋਰੰਜਨ ਦੇ ਮਾਮਲੇ ਵਿਚ ਸਾਨੂੰ ਖ਼ਬਰਦਾਰ ਕਿਉਂ ਰਹਿਣਾ ਚਾਹੀਦਾ ਹੈ?

15 ਦੁਬਾਰਾ ਫਲ ਦੀ ਉਦਾਹਰਣ ਉੱਤੇ ਗੌਰ ਕਰੋ। ਜਦੋਂ ਅਸੀਂ ਗਲਿਆ ਹਿੱਸਾ ਕੱਟਦੇ ਹਾਂ, ਤਾਂ ਅਸੀਂ ਥੋੜ੍ਹਾ ਜਿਹਾ ਚੰਗਾ ਹਿੱਸਾ ਵੀ ਕੱਟ ਦਿੰਦੇ ਹਾਂ ਤਾਂਕਿ ਅਸੀਂ ਗ਼ਲਤੀ ਨਾਲ ਵੀ ਗਲਿਆ ਹਿੱਸਾ ਨਾ ਖਾ ਲਈਏ। ਮਨੋਰੰਜਨ ਦੇ ਮਾਮਲੇ ਵਿਚ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ। ਸਮਝਦਾਰ ਮਸੀਹੀ ਘਟੀਆ ਮਨੋਰੰਜਨ ਤੋਂ ਦੂਰ ਰਹਿਣ ਦੇ ਨਾਲ-ਨਾਲ ਅਜਿਹੇ ਮਨੋਰੰਜਨ ਤੋਂ ਵੀ ਦੂਰ ਰਹਿੰਦੇ ਹਨ ਜਿਸ ਵਿਚ ਇਤਰਾਜ਼ਯੋਗ ਗੱਲਾਂ ਹੋ ਸਕਦੀਆਂ ਹਨ ਜੋ ਉਨ੍ਹਾਂ ਨੂੰ ਸੱਚਾਈ ਵਿਚ ਕਮਜ਼ੋਰ ਕਰ ਸਕਦੀਆਂ ਹਨ। (ਕਹਾਉਤਾਂ 4:25-27) ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਰਹਿਣ ਨਾਲ ਅਸੀਂ ਅਜਿਹੇ ਮਨੋਰੰਜਨ ਤੋਂ ਦੂਰ ਰਹਿ ਸਕਦੇ ਹਾਂ।

“ਸਾਫ਼-ਸੁਥਰੀਆਂ” ਗੱਲਾਂ ’ਤੇ ਵਿਚਾਰ ਕਰੋ

ਬਾਈਬਲ ਦੇ ਅਸੂਲਾਂ ਮੁਤਾਬਕ ਮਨੋਰੰਜਨ ਦੀ ਚੋਣ ਕਰ ਕੇ ਅਸੀਂ ਯਹੋਵਾਹ ਨਾਲ ਰਿਸ਼ਤਾ ਬਣਾਈ ਰੱਖਾਂਗੇ

16. (ੳ) ਬੁਰਾਈ ਪ੍ਰਤੀ ਯਹੋਵਾਹ ਦਾ ਨਜ਼ਰੀਆ ਕੀ ਹੈ? (ਅ) ਯਹੋਵਾਹ ਦੇ ਨਜ਼ਰੀਏ ਦਾ ਤੁਹਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

16 ਮਨੋਰੰਜਨ ਦੀ ਚੋਣ ਕਰਦੇ ਸਮੇਂ ਸੱਚੇ ਮਸੀਹੀ ਯਹੋਵਾਹ ਦੇ ਨਜ਼ਰੀਏ ਨੂੰ ਧਿਆਨ ਵਿਚ ਰੱਖਦੇ ਹਨ। ਬਾਈਬਲ ਵਿਚ ਯਹੋਵਾਹ ਦੀ ਪਸੰਦ-ਨਾਪਸੰਦ ਅਤੇ ਅਸੂਲਾਂ ਬਾਰੇ ਦੱਸਿਆ ਗਿਆ ਹੈ। ਉਦਾਹਰਣ ਲਈ ਰਾਜਾ ਸੁਲੇਮਾਨ ਨੇ ਉਨ੍ਹਾਂ ਚੀਜ਼ਾਂ ਬਾਰੇ ਦੱਸਿਆ ਸੀ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। ਇਹ ਹਨ “ਝੂਠੀ ਜੀਭ, ਅਤੇ ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ, ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ।” (ਕਹਾਉਤਾਂ 6:16-19) ਯਹੋਵਾਹ ਦੇ ਨਜ਼ਰੀਏ ਦਾ ਤੁਹਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!” (ਜ਼ਬੂਰਾਂ ਦੀ ਪੋਥੀ 97:10) ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਰ ਕੇ ਦਿਖਾਓ ਕਿ ਤੁਸੀਂ ਉਨ੍ਹਾਂ ਚੀਜ਼ਾਂ ਨਾਲ ਸੱਚ-ਮੁੱਚ ਨਫ਼ਰਤ ਕਰਦੇ ਹੋ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। (ਗਲਾਤੀਆਂ 5:19-21) ਇਹ ਵੀ ਯਾਦ ਰੱਖੋ ਕਿ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਬੰਦ ਕਮਰੇ ਵਿਚ ਤੁਸੀਂ ਜੋ ਵੀ ਕਰਦੇ ਹੋ, ਉਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ। (ਜ਼ਬੂਰਾਂ ਦੀ ਪੋਥੀ 11:4; 16:8) ਜੇ ਤੁਸੀਂ ਜ਼ਿੰਦਗੀ ਵਿਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋਗੇ ਕਿ ਯਹੋਵਾਹ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ, ਤਾਂ ਤੁਸੀਂ ਹਮੇਸ਼ਾ ਸਹੀ ਫ਼ੈਸਲਾ ਕਰੋਗੇ।​—2 ਕੁਰਿੰਥੀਆਂ 3:18.

17. ਮਨੋਰੰਜਨ ਦੀ ਚੋਣ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

17 ਯਹੋਵਾਹ ਦੇ ਨਜ਼ਰੀਏ ਮੁਤਾਬਕ ਮਨੋਰੰਜਨ ਦੀ ਚੋਣ ਕਰਨ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ? ਅਗਲੇ ਸਵਾਲ ਉੱਤੇ ਵਿਚਾਰ ਕਰੋ, ‘ਇਸ ਮਨੋਰੰਜਨ ਦਾ ਮੇਰੇ ਅਤੇ ਯਹੋਵਾਹ ਨਾਲ ਮੇਰੇ ਰਿਸ਼ਤੇ ਉੱਤੇ ਕੀ ਅਸਰ ਪਵੇਗਾ?’ ਉਦਾਹਰਣ ਲਈ ਕੋਈ ਫ਼ਿਲਮ ਦੇਖਣ ਤੋਂ ਪਹਿਲਾਂ ਆਪਣੇ ਤੋਂ ਪੁੱਛੋ, ‘ਇਸ ਫ਼ਿਲਮ ਦਾ ਮੇਰੀ ਜ਼ਮੀਰ ਉੱਤੇ ਕੀ ਅਸਰ ਪਵੇਗਾ?’ ਆਓ ਆਪਾਂ ਇਸ ਸੰਬੰਧੀ ਕੁਝ ਅਸੂਲਾਂ ’ਤੇ ਵਿਚਾਰ ਕਰੀਏ।

18, 19. (ੳ) ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਰਨ ਵਿਚ ਫ਼ਿਲਿੱਪੀਆਂ 4:8 ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ? (ਅ) ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਰਨ ਵਿਚ ਹੋਰ ਕਿਹੜੇ ਅਸੂਲ ਸਾਡੀ ਮਦਦ ਕਰ ਸਕਦੇ ਹਨ? (ਫੁਟਨੋਟ ਦੇਖੋ।)

18 ਫ਼ਿਲਿੱਪੀਆਂ 4:8 ਵਿਚ ਇਕ ਖ਼ਾਸ ਅਸੂਲ ਦੱਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ: “ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।” ਪੌਲੁਸ ਨੇ ਇੱਥੇ ਦੱਸਿਆ ਸੀ ਕਿ ਸਾਨੂੰ ਸ਼ੁੱਧ ਗੱਲਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 19:14) ਪਰ ਇਸ ਅਸੂਲ ਨੂੰ ਮਨੋਰੰਜਨ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਕਿਵੇਂ?

19 ਆਪਣੇ ਤੋਂ ਪੁੱਛੋ: ‘ਜਿਹੜੀਆਂ ਫ਼ਿਲਮਾਂ, ਵਿਡਿਓ ਗੇਮਾਂ, ਗਾਣੇ ਵਗੈਰਾ ਮੈਨੂੰ ਪਸੰਦ ਹਨ, ਕੀ ਉਨ੍ਹਾਂ ਨਾਲ ਮੇਰੇ ਮਨ ਵਿਚ ਸਾਫ਼-ਸੁਥਰੇ ਵਿਚਾਰ ਆਉਂਦੇ ਹਨ?’ ਉਦਾਹਰਣ ਲਈ, ਕੋਈ ਫ਼ਿਲਮ ਦੇਖਣ ਤੋਂ ਬਾਅਦ ਕਿਹੜੇ ਸੀਨ ਤੁਹਾਡੇ ਮਨ ਵਿਚ ਵਾਰ-ਵਾਰ ਆਉਂਦੇ ਹਨ? ਜੇ ਚੰਗੇ, ਸ਼ੁੱਧ ਅਤੇ ਖ਼ੁਸ਼ ਕਰਨ ਵਾਲੇ ਸੀਨ ਮਨ ਵਿਚ ਆਉਂਦੇ ਹਨ, ਤਾਂ ਤੁਸੀਂ ਜਾਣਦੇ ਹੋ ਕਿ ਤੁਹਾਡਾ ਮਨੋਰੰਜਨ ਸਾਫ਼-ਸੁਥਰਾ ਸੀ। ਪਰ ਜੇ ਅਸ਼ੁੱਧ ਸੀਨ ਤੁਹਾਡੇ ਮਨ ਵਿਚ ਆਉਂਦੇ ਹਨ, ਤਾਂ ਤੁਹਾਡਾ ਮਨੋਰੰਜਨ ਘਟੀਆ ਤੇ ਹਾਨੀਕਾਰਕ ਸੀ। (ਮੱਤੀ 12:33; ਮਰਕੁਸ 7:20-23) ਕਿਉਂ? ਕਿਉਂਕਿ ਗੰਦੀਆਂ ਗੱਲਾਂ ਬਾਰੇ ਸੋਚਣ ਨਾਲ ਤੁਹਾਡੇ ਮਨ ਦੀ ਸ਼ਾਂਤੀ ਚਲੀ ਜਾਵੇਗੀ, ਤੁਹਾਡੀ ਜ਼ਮੀਰ ਮਰ ਜਾਵੇਗੀ ਅਤੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਟੁੱਟ ਜਾਵੇਗਾ। (ਅਫ਼ਸੀਆਂ 5:5; 1 ਤਿਮੋਥਿਉਸ 1:5, 19) ਅਜਿਹਾ ਮਨੋਰੰਜਨ ਤੁਹਾਡੇ ਲਈ ਹਾਨੀਕਾਰਕ ਹੈ ਇਸ ਲਈ ਇਸ ਤੋਂ ਬਿਲਕੁਲ ਦੂਰ ਰਹੋ। * (ਰੋਮੀਆਂ 12:2) ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ਨੂੰ ਪ੍ਰਾਰਥਨਾ ਕਰੋ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।”​—ਜ਼ਬੂਰਾਂ ਦੀ ਪੋਥੀ 119:37.

ਦੂਸਰਿਆਂ ਬਾਰੇ ਵੀ ਸੋਚੋ

20, 21. ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਰਨ ਵਿਚ 1 ਕੁਰਿੰਥੀਆਂ 10:23, 24 ਕਿਵੇਂ ਮਦਦ ਕਰਦਾ ਹੈ?

20 ਪੌਲੁਸ ਨੇ ਇਕ ਖ਼ਾਸ ਅਸੂਲ ਦਾ ਜ਼ਿਕਰ ਕੀਤਾ ਸੀ ਜਿਸ ਨੂੰ ਫ਼ੈਸਲੇ ਲੈਣ ਲੱਗਿਆਂ ਧਿਆਨ ਵਿਚ ਰੱਖਣ ਦੀ ਲੋੜ ਹੈ। ਉਸ ਨੇ ਕਿਹਾ ਸੀ: “ਸਾਰੀਆਂ ਗੱਲਾਂ ਜਾਇਜ਼ ਹਨ, ਪਰ ਸਾਰੀਆਂ ਗੱਲਾਂ ਤੋਂ ਹੌਸਲਾ ਨਹੀਂ ਮਿਲਦਾ। ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।” (1 ਕੁਰਿੰਥੀਆਂ 10:23, 24) ਇਹ ਅਸੂਲ ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਰਨ ਵਿਚ ਸਾਡੀ ਮਦਦ ਕਿਵੇਂ ਕਰ ਸਕਦਾ ਹੈ? ਆਪਣੇ ਤੋਂ ਪੁੱਛੋ: ‘ਮੈਂ ਜੋ ਮਨੋਰੰਜਨ ਕਰਦਾ ਹਾਂ ਉਸ ਦਾ ਦੂਸਰਿਆਂ ’ਤੇ ਕੀ ਅਸਰ ਪੈਂਦਾ ਹੈ?’

21 ਤੁਹਾਡੇ ਲਈ ਕੋਈ ਮਨੋਰੰਜਨ ਸ਼ਾਇਦ “ਜਾਇਜ਼” ਹੋਵੇ ਅਤੇ ਤੁਹਾਡੀ ਜ਼ਮੀਰ ਤੁਹਾਨੂੰ ਇਹ ਮਨੋਰੰਜਨ ਕਰਨ ਦੀ ਇਜਾਜ਼ਤ ਦੇਵੇ। ਪਰ ਜੇ ਤੁਹਾਨੂੰ ਲੱਗੇ ਕਿ ਕਈਆਂ ਲਈ ਇਹ ਮਨੋਰੰਜਨ ਇਤਰਾਜ਼ਯੋਗ ਹੈ, ਤਾਂ ਤੁਸੀਂ ਇਹ ਮਨੋਰੰਜਨ ਨਾ ਕਰਨ ਦਾ ਫ਼ੈਸਲਾ ਕਰ ਸਕਦੇ ਹੋ। ਕਿਉਂ? ਕਿਉਂਕਿ ਅਸੀਂ ਆਪਣੇ “ਭਰਾਵਾਂ ਖ਼ਿਲਾਫ਼ ਪਾਪ” ਅਤੇ “ਮਸੀਹ ਦੇ ਖ਼ਿਲਾਫ਼ ਪਾਪ” ਨਹੀਂ ਕਰਨਾ ਚਾਹੁੰਦੇ। ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਭਰਾਵਾਂ ਲਈ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਮੁਸ਼ਕਲ ਨਹੀਂ ਬਣਾਉਣਾ ਚਾਹੁੰਦੇ। ਤੁਸੀਂ ਇਹ ਨਸੀਹਤ ਯਾਦ ਰੱਖੋ: “ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ।” (1 ਕੁਰਿੰਥੀਆਂ 8:12; 10:32) ਸੱਚੇ ਮਸੀਹੀ ਪੌਲੁਸ ਦੀ ਇਸ ਵਧੀਆ ਸਲਾਹ ’ਤੇ ਚੱਲਦੇ ਹੋਏ ਅਜਿਹੇ ਮਨੋਰੰਜਨ ਤੋਂ ਦੂਰ ਰਹਿੰਦੇ ਹਨ ਜੋ ਸ਼ਾਇਦ ਉਨ੍ਹਾਂ ਨੂੰ ਤਾਂ “ਜਾਇਜ਼” ਲੱਗੇ, ਪਰ ਭਰਾਵਾਂ ਨੂੰ ਠੀਕ ਨਾ ਲੱਗੇ।​—ਰੋਮੀਆਂ 14:1; 15:1.

22. ਮਸੀਹੀਆਂ ਨੂੰ ਦੂਸਰਿਆਂ ਉੱਤੇ ਮਨੋਰੰਜਨ ਬਾਰੇ ਆਪਣੇ ਵਿਚਾਰ ਕਿਉਂ ਨਹੀਂ ਥੋਪਣੇ ਚਾਹੀਦੇ?

22 ਦੂਜਿਆਂ ਦੇ ਭਲੇ ਬਾਰੇ ਸੋਚਣ ਵੇਲੇ ਇਕ ਹੋਰ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ। ਕਿਸੇ ਮਸੀਹੀ ਦੀ ਜ਼ਮੀਰ ਸ਼ਾਇਦ ਉਸ ਨੂੰ ਬਿਲਕੁਲ ਹੀ ਮਨੋਰੰਜਨ ਕਰਨ ਦੀ ਇਜਾਜ਼ਤ ਨਾ ਦੇਵੇ। ਪਰ ਉਸ ਨੂੰ ਮੰਡਲੀ ਦੇ ਬਾਕੀ ਭੈਣ-ਭਰਾਵਾਂ ਉੱਤੇ ਜ਼ੋਰ ਨਹੀਂ ਪਾਉਣਾ ਚਾਹੀਦਾ ਕਿ ਉਹ ਵੀ ਬਿਲਕੁਲ ਮਨੋਰੰਜਨ ਨਾ ਕਰਨ। ਉਨ੍ਹਾਂ ਉੱਤੇ ਮਨੋਰੰਜਨ ਨਾ ਕਰਨ ਦਾ ਜ਼ੋਰ ਪਾਉਣਾ ਸਮਝਦਾਰੀ ਨਹੀਂ ਹੋਵੇਗੀ। ਜੇ ਭੈਣ-ਭਰਾ ਮਨੋਰੰਜਨ ਦੇ ਮਾਮਲੇ ਵਿਚ ਬਾਈਬਲ ਦਾ ਕੋਈ ਅਸੂਲ ਨਹੀਂ ਤੋੜ ਰਹੇ, ਤਾਂ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਕੀਤੀ ਜਾਣੀ ਚਾਹੀਦੀ। ਇਸ ਤਰ੍ਹਾਂ ਅਸੀਂ “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ” ਦਿੰਦੇ ਹਾਂ।​—ਫ਼ਿਲਿੱਪੀਆਂ 4:5; ਉਪਦੇਸ਼ਕ ਦੀ ਪੋਥੀ 7:16.

23. ਅਸੀਂ ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰ ਸਕਦੇ ਹਾਂ?

23 ਸੋ ਤੁਸੀਂ ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰ ਸਕਦੇ ਹੋ? ਅਜਿਹੀਆਂ ਫ਼ਿਲਮਾਂ ਨਾ ਦੇਖੋ ਜਿਨ੍ਹਾਂ ਵਿਚ ਖ਼ੂਨ-ਖ਼ਰਾਬਾ ਅਤੇ ਗੰਦ-ਮੰਦ ਦਿਖਾਇਆ ਜਾਂਦਾ ਹੈ, ਕਿਉਂਕਿ ਅਜਿਹੇ ਕੰਮਾਂ ਦੀ ਬਾਈਬਲ ਵਿਚ ਸਖ਼ਤ ਨਿੰਦਿਆ ਕੀਤੀ ਗਈ ਹੈ। ਜਿਸ ਮਨੋਰੰਜਨ ਬਾਰੇ ਬਾਈਬਲ ਵਿਚ ਸਿੱਧੇ ਤੌਰ ਤੇ ਕੁਝ ਨਹੀਂ ਕਿਹਾ ਗਿਆ ਹੈ, ਉਸ ਦੀ ਚੋਣ ਕਰਨ ਲੱਗਿਆਂ ਬਾਈਬਲ ਦੇ ਅਸੂਲਾਂ ’ਤੇ ਸੋਚ-ਵਿਚਾਰ ਕਰੋ। ਅਜਿਹੇ ਮਨੋਰੰਜਨ ਤੋਂ ਦੂਰ ਰਹੋ ਜਿਸ ਤੋਂ ਤੁਹਾਡੀ ਜ਼ਮੀਰ ਪਰੇਸ਼ਾਨ ਹੋਵੇ ਅਤੇ ਦੂਸਰਿਆਂ ਨੂੰ, ਖ਼ਾਸ ਕਰਕੇ ਤੁਹਾਡੇ ਭੈਣ-ਭਰਾਵਾਂ ਨੂੰ ਵੀ ਪਰੇਸ਼ਾਨੀ ਹੋਵੇ। ਯਹੋਵਾਹ ਦੀ ਮਹਿਮਾ ਕਰਨ ਅਤੇ ਉਸ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਪਿਆਰ ਬਰਕਰਾਰ ਰੱਖਣ ਲਈ ਸਾਫ਼-ਸੁਥਰਾ ਮਨੋਰੰਜਨ ਕਰੋ।

^ ਪੈਰਾ 19 ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਰਨ ਲਈ ਕਹਾਉਤਾਂ 3:31; 13:20; ਅਫ਼ਸੀਆਂ 5:3, 4 ਅਤੇ ਕੁਲੁੱਸੀਆਂ 3:5, 8, 20 ਦੇਖੋ।