Skip to content

Skip to table of contents

ਅੱਠਵਾਂ ਅਧਿਆਇ

ਪਰਮੇਸ਼ੁਰ ਸ਼ੁੱਧ ਲੋਕਾਂ ਨੂੰ ਪਿਆਰ ਕਰਦਾ ਹੈ

ਪਰਮੇਸ਼ੁਰ ਸ਼ੁੱਧ ਲੋਕਾਂ ਨੂੰ ਪਿਆਰ ਕਰਦਾ ਹੈ

“ਸ਼ੁੱਧ [ਇਨਸਾਨ] ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਏਂਗਾ।”​—ਜ਼ਬੂਰਾਂ ਦੀ ਪੋਥੀ 18:26.

1-3. (ੳ) ਇਕ ਮਾਂ ਆਪਣੇ ਮੁੰਡੇ ਨੂੰ ਸਾਫ਼-ਸੁਥਰਾ ਕਿਉਂ ਰੱਖਦੀ ਹੈ? (ਅ) ਯਹੋਵਾਹ ਕਿਉਂ ਚਾਹੁੰਦਾ ਹੈ ਕਿ ਉਸ ਦੇ ਭਗਤ ਸ਼ੁੱਧ ਰਹਿਣ ਅਤੇ ਕਿਹੜੀ ਗੱਲ ਸਾਨੂੰ ਸ਼ੁੱਧ ਰਹਿਣ ਲਈ ਪ੍ਰੇਰਿਤ ਕਰਦੀ ਹੈ?

ਇਕ ਮਾਂ ਆਪਣੇ ਮੁੰਡੇ ਨੂੰ ਕਿਤੇ ਬਾਹਰ ਘੱਲਣ ਤੋਂ ਪਹਿਲਾਂ ਨਲ੍ਹਾਉਂਦੀ ਹੈ ਅਤੇ ਉਸ ਦੇ ਸਾਫ਼-ਸੁਥਰੇ ਕੱਪੜੇ ਪਾਉਂਦੀ ਹੈ। ਉਹ ਜਾਣਦੀ ਹੈ ਕਿ ਬੱਚੇ ਦੀ ਤੰਦਰੁਸਤੀ ਲਈ ਸਰੀਰ ਦੀ ਸਾਫ਼-ਸਫ਼ਾਈ ਜ਼ਰੂਰੀ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਮੁੰਡੇ ਨੂੰ ਸਾਫ਼-ਸੁਥਰਾ ਦੇਖ ਕੇ ਲੋਕ ਮਾਪਿਆਂ ਦੀ ਸਿਫ਼ਤ ਕਰਨਗੇ।

2 ਸਾਡਾ ਪਿਤਾ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਵੀ ਸ਼ੁੱਧ ਹੋਣ। ਉਸ ਦਾ ਬਚਨ ਕਹਿੰਦਾ ਹੈ: “ਸ਼ੁੱਧ [ਇਨਸਾਨ] ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਏਂਗਾ।” * (ਜ਼ਬੂਰਾਂ ਦੀ ਪੋਥੀ 18:26) ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਜਾਣਦਾ ਹੈ ਕਿ ਸ਼ੁੱਧ ਰਹਿਣ ਵਿਚ ਸਾਡਾ ਹੀ ਭਲਾ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਗਵਾਹ ਹੋਣ ਦੇ ਨਾਤੇ ਅਸੀਂ ਸ਼ੁੱਧ ਰਹੀਏ ਅਤੇ ਲੋਕ ਸਾਨੂੰ ਦੇਖ ਕੇ ਉਸ ਦੀ ਸਿਫ਼ਤ ਕਰਨ। ਸਾਡੀ ਸਾਫ਼-ਸੁਥਰੀ ਦਿੱਖ ਅਤੇ ਚੰਗੇ ਚਾਲ-ਚਲਣ ਕਰਕੇ ਉਸ ਦੇ ਪਵਿੱਤਰ ਨਾਂ ਦੀ ਬਦਨਾਮੀ ਨਹੀਂ ਸਗੋਂ ਮਹਿਮਾ ਹੋਵੇਗੀ।​—ਹਿਜ਼ਕੀਏਲ 36:22; 1 ਪਤਰਸ 2:12 ਪੜ੍ਹੋ।

3 ਯਹੋਵਾਹ ਸ਼ੁੱਧ ਲੋਕਾਂ ਨੂੰ ਪਿਆਰ ਕਰਦਾ ਹੈ, ਇਸ ਲਈ ਅਸੀਂ ਮਾੜੀਆਂ ਆਦਤਾਂ ਅਤੇ ਮੰਦੇ ਕੰਮ ਛੱਡ ਕੇ ਆਪਣੇ ਆਪ ਨੂੰ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਸਵਾਲਾਂ ’ਤੇ ਗੌਰ ਕਰੋ: ਸਾਨੂੰ ਸ਼ੁੱਧ ਰਹਿਣ ਦੀ ਕਿਉਂ ਲੋੜ ਹੈ? ਸ਼ੁੱਧ ਰਹਿਣ ਦਾ ਕੀ ਮਤਲਬ ਹੈ? ਅਸੀਂ ਆਪਣੇ ਆਪ ਨੂੰ ਸ਼ੁੱਧ ਕਿਵੇਂ ਰੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ’ਤੇ ਵਿਚਾਰ ਕਰਨ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।

ਸਾਨੂੰ ਸ਼ੁੱਧ ਰਹਿਣ ਦੀ ਕਿਉਂ ਲੋੜ ਹੈ?

4, 5. (ੳ) ਆਪਣੇ ਆਪ ਨੂੰ ਸ਼ੁੱਧ ਰੱਖਣ ਦਾ ਮੁੱਖ ਕਾਰਨ ਕੀ ਹੈ? (ਅ) ਯਹੋਵਾਹ ਦੀ ਸ਼ੁੱਧਤਾ ਉਸ ਦੀ ਸ੍ਰਿਸ਼ਟੀ ਤੋਂ ਕਿਵੇਂ ਦਿਖਾਈ ਦਿੰਦੀ ਹੈ?

4 ਯਹੋਵਾਹ ਨੇ ਸਫ਼ਾਈ ਦੇ ਮਾਮਲੇ ਵਿਚ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। ਇਸ ਲਈ ਉਸ ਦਾ ਬਚਨ ਸਾਨੂੰ ‘ਉਸ ਦੀ ਰੀਸ ਕਰਨ’ ਦੀ ਤਾਕੀਦ ਕਰਦਾ ਹੈ। (ਅਫ਼ਸੀਆਂ 5:1) ਆਪਣੇ ਆਪ ਨੂੰ ਸ਼ੁੱਧ ਰੱਖਣ ਦਾ ਮੁੱਖ ਕਾਰਨ ਇਹ ਹੈ ਕਿ ਯਹੋਵਾਹ ਸਾਡਾ ਪਰਮੇਸ਼ੁਰ ਹਰ ਪੱਖੋਂ ਸਾਫ਼, ਸ਼ੁੱਧ ਅਤੇ ਪਵਿੱਤਰ ਹੈ।​—ਲੇਵੀਆਂ 11:44, 45 ਪੜ੍ਹੋ।

5 ਯਹੋਵਾਹ ਦੀ ਸ਼ੁੱਧਤਾ ਉਸ ਦੀ ਸ੍ਰਿਸ਼ਟੀ ਤੋਂ ਸਾਫ਼ ਦਿਖਾਈ ਦਿੰਦੀ ਹੈ। (ਰੋਮੀਆਂ 1:20) ਉਸ ਨੇ ਧਰਤੀ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਹ ਆਪਣੇ ਆਪ ਨੂੰ ਸਾਫ਼ ਰੱਖ ਸਕਦੀ ਹੈ। ਯਹੋਵਾਹ ਨੇ ਹਵਾ ਅਤੇ ਪਾਣੀ ਨੂੰ ਸਾਫ਼ ਰੱਖਣ ਲਈ ਕੁਦਰਤੀ ਚੱਕਰ ਕਾਇਮ ਕੀਤੇ ਹਨ। ਉਸ ਨੇ ਜੀਵਾਣੂ ਬਣਾਏ ਹਨ ਜੋ ਕੂੜੇ-ਕਰਕਟ ਨੂੰ ਖਾਦ ਵਿਚ ਬਦਲ ਦਿੰਦੇ ਹਨ। ਇਨਸਾਨ ਨੇ ਆਪਣੇ ਸੁਆਰਥ ਅਤੇ ਲਾਲਚ ਕਰਕੇ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਇਆ ਹੈ ਅਤੇ ਇਨਸਾਨਾਂ ਦੀਆਂ ਗ਼ਲਤੀਆਂ ਕਰਕੇ ਕਈਆਂ ਥਾਵਾਂ ’ਤੇ ਬਹੁਤ ਵੱਡੀ ਮਾਤਰਾ ਵਿਚ ਪੈਟਰੋਲ ਡੁੱਲ੍ਹਣ ਨਾਲ ਪ੍ਰਦੂਸ਼ਣ ਫੈਲਿਆ ਹੈ। ਅਜਿਹੀਆਂ ਥਾਵਾਂ ਨੂੰ ਸਾਫ਼ ਕਰਨ ਲਈ ਵਿਗਿਆਨੀਆਂ ਨੇ ਇਨ੍ਹਾਂ ਸੂਖਮ ਜੀਵਾਣੂਆਂ ਨੂੰ ਵਰਤਿਆ ਹੈ। ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ‘ਧਰਤੀ ਬਣਾਉਣ ਵਾਲੇ’ ਨੂੰ ਸਫ਼ਾਈ ਬਹੁਤ ਪਸੰਦ ਹੈ। (ਯਿਰਮਿਯਾਹ 10:12) ਸਾਨੂੰ ਵੀ ਸਫ਼ਾਈ-ਪਸੰਦ ਹੋਣਾ ਚਾਹੀਦਾ ਹੈ।

6, 7. ਮੂਸਾ ਦੇ ਕਾਨੂੰਨ ਵਿਚ ਇਸ ਗੱਲ ’ਤੇ ਕਿਵੇਂ ਜ਼ੋਰ ਦਿੱਤਾ ਗਿਆ ਸੀ ਕਿ ਯਹੋਵਾਹ ਦੇ ਭਗਤਾਂ ਨੂੰ ਸ਼ੁੱਧ ਰਹਿਣ ਦੀ ਲੋੜ ਸੀ?

6 ਸ਼ੁੱਧ ਰਹਿਣ ਦਾ ਦੂਸਰਾ ਕਾਰਨ ਇਹ ਹੈ ਕਿ ਸਾਡਾ ਮਾਲਕ ਯਹੋਵਾਹ ਆਪਣੇ ਭਗਤਾਂ ਤੋਂ ਸ਼ੁੱਧ ਰਹਿਣ ਦੀ ਉਮੀਦ ਰੱਖਦਾ ਹੈ। ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਅਨੁਸਾਰ ਯਹੋਵਾਹ ਦੀ ਭਗਤੀ ਕਰਨ ਲਈ ਹਰ ਗੱਲ ਵਿਚ ਸ਼ੁੱਧ ਹੋਣਾ ਜ਼ਰੂਰੀ ਸੀ। ਕਾਨੂੰਨ ਵਿਚ ਇਹ ਸਾਫ਼-ਸਾਫ਼ ਦੱਸਿਆ ਸੀ ਕਿ ਪ੍ਰਾਸਚਿਤ ਦੇ ਦਿਨ ਮਹਾਂ ਪੁਜਾਰੀ ਨੂੰ ਇਕ ਵਾਰ ਨਹੀਂ ਬਲਕਿ ਦੋ ਵਾਰ ਨਹਾਉਣ ਦੀ ਲੋੜ ਸੀ। (ਲੇਵੀਆਂ 16:4, 23, 24) ਸੇਵਾ ਕਰ ਰਹੇ ਪੁਜਾਰੀਆਂ ਨੂੰ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਉਣ ਤੋਂ ਪਹਿਲਾਂ ਆਪਣੇ ਹੱਥ-ਪੈਰ ਧੋਣ ਦੀ ਲੋੜ ਸੀ। (ਕੂਚ 30:17-21; 2 ਇਤਹਾਸ 4:6) ਕਾਨੂੰਨ ਵਿਚ ਲਗਭਗ 70 ਕਾਰਨ ਦਿੱਤੇ ਗਏ ਸਨ ਜਿਨ੍ਹਾਂ ਕਰਕੇ ਕੋਈ ਇਜ਼ਰਾਈਲੀ ਅਸ਼ੁੱਧ ਹੋ ਸਕਦਾ ਸੀ। ਅਸ਼ੁੱਧ ਹੋਣ ਕਰਕੇ ਉਹ ਡੇਹਰੇ ਵਿਚ ਆ ਕੇ ਯਹੋਵਾਹ ਦੀ ਭਗਤੀ ਨਹੀਂ ਕਰ ਸਕਦਾ ਸੀ। ਅਸ਼ੁੱਧ ਹੋਣ ਦੀ ਹਾਲਤ ਵਿਚ ਭਗਤੀ ਕਰਨ ਦਾ ਹੀਆ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲ ਸਕਦੀ ਸੀ। (ਲੇਵੀਆਂ 15:31) ਜੇ ਕੋਈ ਇਜ਼ਰਾਈਲੀ ਸ਼ੁੱਧ ਹੋਣ ਦੀਆਂ ਰਸਮਾਂ ਨਿਭਾਉਣ, ਜਿਵੇਂ ਨਹਾਉਣ ਅਤੇ ਕੱਪੜੇ ਧੋਣ ਤੋਂ ਇਨਕਾਰ ਕਰਦਾ ਸੀ, ਤਾਂ ਉਸ ਨੂੰ “ਸਭਾ ਵਿੱਚੋਂ ਛੇਕਿਆ” ਜਾਂਦਾ ਸੀ।​—ਗਿਣਤੀ 19:17-20.

7 ਭਾਵੇਂ ਸਾਨੂੰ ਮੂਸਾ ਦੇ ਕਾਨੂੰਨ ਉੱਤੇ ਚੱਲਣ ਦੀ ਲੋੜ ਨਹੀਂ ਹੈ, ਪਰ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਭਗਤਾਂ ਤੋਂ ਸ਼ੁੱਧ ਰਹਿਣ ਦੀ ਉਮੀਦ ਰੱਖਦਾ ਹੈ। ਯਹੋਵਾਹ ਆਪਣੇ ਅਸੂਲਾਂ ’ਤੇ ਅਟੱਲ ਰਹਿੰਦਾ ਹੈ, ਉਹ ਕਦੇ ਬਦਲਦਾ ਨਹੀਂ। (ਮਲਾਕੀ 3:6) ਜੇ ਸਾਡੀ ਭਗਤੀ “ਸ਼ੁੱਧ ਅਤੇ ਪਾਕ” ਨਹੀਂ ਹੈ, ਤਾਂ ਉਹ ਸਾਡੀ ਭਗਤੀ ਸਵੀਕਾਰ ਨਹੀਂ ਕਰੇਗਾ। (ਯਾਕੂਬ 1:27) ਇਸ ਲਈ ਸਾਨੂੰ ਜਾਣਨ ਦੀ ਲੋੜ ਹੈ ਕਿ ਉਹ ਸਫ਼ਾਈ ਦੇ ਮਾਮਲੇ ਵਿਚ ਸਾਡੇ ਤੋਂ ਕੀ ਉਮੀਦ ਰੱਖਦਾ ਹੈ।

ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦਾ ਕੀ ਮਤਲਬ ਹੈ?

8. ਯਹੋਵਾਹ ਸਾਡੇ ਤੋਂ ਕਿਨ੍ਹਾਂ ਪਹਿਲੂਆਂ ਵਿਚ ਸ਼ੁੱਧ ਰਹਿਣ ਦੀ ਉਮੀਦ ਰੱਖਦਾ ਹੈ?

8 ਬਾਈਬਲ ਅਨੁਸਾਰ ਸ਼ੁੱਧ ਰਹਿਣ ਦਾ ਮਤਲਬ ਸਿਰਫ਼ ਇਹੀ ਨਹੀਂ ਕਿ ਸਰੀਰਕ ਤੌਰ ਤੇ ਸ਼ੁੱਧ ਰਿਹਾ ਜਾਵੇ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦਾ ਮਤਲਬ ਹੈ ਕਿ ਅਸੀਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਸ਼ੁੱਧ ਰਹੀਏ। ਯਹੋਵਾਹ ਸਾਡੇ ਤੋਂ ਚਾਰ ਮੁੱਖ ਪਹਿਲੂਆਂ ਵਿਚ ਸ਼ੁੱਧ ਰਹਿਣ ਦੀ ਉਮੀਦ ਰੱਖਦਾ ਹੈ​—ਭਗਤੀ, ਚਾਲ-ਚਲਣ, ਮਨ ਅਤੇ ਸਰੀਰ। ਆਓ ਆਪਾਂ ਇਨ੍ਹਾਂ ਚਾਰ ਪਹਿਲੂਆਂ ਉੱਤੇ ਵਿਚਾਰ ਕਰੀਏ।

9, 10. ਆਪਣੀ ਭਗਤੀ ਸ਼ੁੱਧ ਰੱਖਣ ਦਾ ਕੀ ਮਤਲਬ ਹੈ ਅਤੇ ਸੱਚੇ ਮਸੀਹੀ ਕਿਹੜੀਆਂ ਗੱਲਾਂ ਤੋਂ ਦੂਰ ਰਹਿੰਦੇ ਹਨ?

9 ਸ਼ੁੱਧ ਭਗਤੀ। ਆਪਣੀ ਭਗਤੀ ਸ਼ੁੱਧ ਰੱਖਣ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਕਿਸੇ ਹੋਰ ਦੀ ਭਗਤੀ ਨਾ ਕਰੀਏ। ਜਦੋਂ ਇਜ਼ਰਾਈਲੀ ਬਾਬਲ ਤੋਂ ਛੁੱਟ ਕੇ ਯਰੂਸ਼ਲਮ ਨੂੰ ਆ ਰਹੇ ਸਨ, ਤਾਂ ਉਨ੍ਹਾਂ ਨੇ ਯਹੋਵਾਹ ਦੀ ਇਸ ਨਸੀਹਤ ਨੂੰ ਯਾਦ ਰੱਖਣਾ ਸੀ: “ਉੱਥੋਂ ਨਿੱਕਲ ਜਾਓ! ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ, . . . ਆਪ ਨੂੰ ਸਾਫ਼ ਕਰੋ।” (ਯਸਾਯਾਹ 52:11) ਇਜ਼ਰਾਈਲੀ ਯਹੋਵਾਹ ਦੀ ਭਗਤੀ ਮੁੜ ਸ਼ੁਰੂ ਕਰਨ ਲਈ ਆਪਣੇ ਦੇਸ਼ ਆ ਰਹੇ ਸਨ। ਉਨ੍ਹਾਂ ਨੇ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਬਾਬਲ ਦੇ ਧਰਮ ਦੀਆਂ ਸਿੱਖਿਆਵਾਂ ਤੇ ਰੀਤਾਂ-ਰਿਵਾਜਾਂ ਉੱਤੇ ਨਹੀਂ ਚੱਲਣਾ ਸੀ।

10 ਅੱਜ ਸੱਚੇ ਮਸੀਹੀ ਹੋਣ ਦੇ ਨਾਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹੋਰ ਧਰਮਾਂ ਦੇ ਰੀਤੀ-ਰਿਵਾਜਾਂ ਨਾਲ ਸਾਡੀ ਭਗਤੀ ਮਲੀਨ ਨਾ ਹੋਵੇ। (1 ਕੁਰਿੰਥੀਆਂ 10:21 ਪੜ੍ਹੋ।) ਦੁਨੀਆਂ ਉੱਤੇ ਧਰਮਾਂ ਦਾ ਇੰਨਾ ਪ੍ਰਭਾਵ ਹੈ ਕਿ ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਇਨ੍ਹਾਂ ਦਾ ਅਸਰ ਸਾਡੇ ’ਤੇ ਵੀ ਪੈ ਸਕਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਕਈ ਅਜਿਹੇ ਰੀਤ-ਰਿਵਾਜ ਹਨ ਜਿਨ੍ਹਾਂ ਦਾ ਸੰਬੰਧ ਧਰਮਾਂ ਦੀਆਂ ਝੂਠੀਆਂ ਸਿੱਖਿਆਵਾਂ ਨਾਲ ਹੈ ਜਿਵੇਂ ਮਰਿਆਂ ਦੇ ਸ਼ਰਾਧ ਕਰਨੇ। (ਉਪਦੇਸ਼ਕ ਦੀ ਪੋਥੀ 9:5, 6, 10) ਇਸ ਲਈ ਮਸੀਹੀਆਂ ਨੂੰ ਅਜਿਹੇ ਰੀਤਾਂ-ਰਿਵਾਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ। * ਦੂਜਿਆਂ ਦੇ ਦਬਾਅ ਹੇਠ ਆ ਕੇ ਸਾਨੂੰ ਆਪਣੀ ਭਗਤੀ ਨੂੰ ਮਲੀਨ ਨਹੀਂ ਕਰਨਾ ਚਾਹੀਦਾ।​—ਰਸੂਲਾਂ ਦੇ ਕੰਮ 5:29.

11. ਚਾਲ-ਚਲਣ ਸ਼ੁੱਧ ਰੱਖਣ ਦਾ ਕੀ ਮਤਲਬ ਹੈ ਅਤੇ ਇਸ ਨੂੰ ਸ਼ੁੱਧ ਰੱਖਣਾ ਕਿਉਂ ਜ਼ਰੂਰੀ ਹੈ?

11 ਸ਼ੁੱਧ ਚਾਲ-ਚਲਣ। ਚਾਲ-ਚਲਣ ਸ਼ੁੱਧ ਰੱਖਣ ਦਾ ਮਤਲਬ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਅਸ਼ਲੀਲ ਕੰਮ ਨਾ ਕਰੀਏ। (ਅਫ਼ਸੀਆਂ 5:5 ਪੜ੍ਹੋ।) ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ ਕਿ ਪਰਮੇਸ਼ੁਰ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਸਾਨੂੰ ‘ਹਰਾਮਕਾਰੀ ਤੋਂ ਭੱਜਣਾ’ ਚਾਹੀਦਾ ਹੈ। ਆਪਣੇ ਅਸ਼ਲੀਲ ਕੰਮਾਂ ਤੋਂ ਤੋਬਾ ਨਾ ਕਰਨ ਵਾਲੇ ਲੋਕ “ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” (1 ਕੁਰਿੰਥੀਆਂ 6:9, 10, 18) ਅਜਿਹੇ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ “ਗੰਦੇ ਤੇ ਨੀਚ” ਹਨ। ਜੇ ਉਹ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦੇ, ਤਾਂ ਉਨ੍ਹਾਂ ਨੂੰ “ਦੂਸਰੀ ਮੌਤ” ਮਿਲੇਗੀ।​—ਪ੍ਰਕਾਸ਼ ਦੀ ਕਿਤਾਬ 21:8.

12, 13. ਸਾਡੀ ਸੋਚ ਦਾ ਸਾਡੇ ਕੰਮਾਂ ਉੱਤੇ ਕੀ ਅਸਰ ਪੈਂਦਾ ਹੈ ਅਤੇ ਅਸੀਂ ਆਪਣਾ ਮਨ ਸ਼ੁੱਧ ਕਿਵੇਂ ਰੱਖ ਸਕਦੇ ਹਾਂ?

12 ਸ਼ੁੱਧ ਮਨ। ਸਾਡੀ ਸੋਚ ਦਾ ਸਾਡੇ ਕੰਮਾਂ ਉੱਤੇ ਅਸਰ ਪੈਂਦਾ ਹੈ। ਜੇ ਸਾਡਾ ਮਨ ਗ਼ਲਤ ਵਿਚਾਰਾਂ ਨਾਲ ਭਰਿਆ ਹੋਇਆ ਹੈ, ਤਾਂ ਕਿਸੇ-ਨਾ-ਕਿਸੇ ਦਿਨ ਅਸੀਂ ਗ਼ਲਤ ਕੰਮ ਕਰ ਹੀ ਬੈਠਾਂਗੇ। (ਮੱਤੀ 5:28; 15:18-20) ਪਰ ਜੇ ਅਸੀਂ ਆਪਣੇ ਮਨ ਵਿਚ ਸ਼ੁੱਧ ਤੇ ਸਾਫ਼ ਗੱਲਾਂ ਭਰਦੇ ਹਾਂ, ਤਾਂ ਅਸੀਂ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਾਂਗੇ। (ਫ਼ਿਲਿੱਪੀਆਂ 4:8 ਪੜ੍ਹੋ।) ਅਸੀਂ ਆਪਣੇ ਮਨ ਨੂੰ ਸ਼ੁੱਧ ਕਿਵੇਂ ਰੱਖ ਸਕਦੇ ਹਾਂ? ਇਕ ਤਾਂ ਇਹ ਕਿ ਸਾਨੂੰ ਅਜਿਹੇ ਮਨੋਰੰਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਡੀ ਸੋਚ ਨੂੰ ਖ਼ਰਾਬ ਕਰ ਸਕਦਾ ਹੈ। * ਇਸ ਤੋਂ ਇਲਾਵਾ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰ ਕੇ ਆਪਣੇ ਮਨ ਨੂੰ ਸਾਫ਼ ਵਿਚਾਰਾਂ ਨਾਲ ਭਰਨਾ ਚਾਹੀਦਾ ਹੈ।​—ਜ਼ਬੂਰਾਂ ਦੀ ਪੋਥੀ 19:8, 9.

13 ਪਰਮੇਸ਼ੁਰ ਨਾਲ ਪਿਆਰ ਕਰਦੇ ਰਹਿਣ ਲਈ ਸਾਨੂੰ ਆਪਣੀ ਭਗਤੀ, ਚਾਲ-ਚਲਣ ਅਤੇ ਮਨ ਨੂੰ ਸ਼ੁੱਧ ਰੱਖਣ ਦੀ ਲੋੜ ਹੈ। ਇਨ੍ਹਾਂ ਪਹਿਲੂਆਂ ਬਾਰੇ ਦੂਜੇ ਅਧਿਆਵਾਂ ਵਿਚ ਹੋਰ ਗੱਲਬਾਤ ਕੀਤੀ ਗਈ ਹੈ। ਆਓ ਆਪਾਂ ਹੁਣ ਚੌਥੇ ਪਹਿਲੂ, ਆਪਣੇ ਸਰੀਰ ਅਤੇ ਘਰ-ਬਾਰ ਦੀ ਸਫ਼ਾਈ ਰੱਖਣ ਬਾਰੇ ਗੱਲ ਕਰੀਏ।

ਸਾਫ਼-ਸਫ਼ਾਈ ਕਿਵੇਂ ਰੱਖੀਏ?

14. ਸਾਫ਼-ਸਫ਼ਾਈ ਨਾ ਰੱਖਣ ਨਾਲ ਕੀ ਹੋ ਸਕਦਾ ਹੈ?

14 ਸਾਨੂੰ ਆਪਣੇ ਸਰੀਰ, ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਦੀ ਲੋੜ ਹੈ। ਕੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ‘ਮੈਂ ਸਾਫ਼-ਸਫ਼ਾਈ ਰੱਖਾਂ ਜਾਂ ਨਾ ਇਸ ਤੋਂ ਦੂਜਿਆ ਨੂੰ ਕੀ?’ ਯਹੋਵਾਹ ਦੇ ਭਗਤਾਂ ਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਣਾ ਚਾਹੀਦਾ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਯਹੋਵਾਹ ਲਈ ਸਫ਼ਾਈ ਬਹੁਤ ਮਾਅਨੇ ਰੱਖਦੀ ਹੈ ਕਿਉਂਕਿ ਇਸ ਨਾਲ ਉਸ ਦਾ ਨਾਂ ਉੱਚਾ ਹੋਵੇਗਾ। ਸ਼ੁਰੂ ਵਿਚ ਦਿੱਤੀ ਗਈ ਬੱਚੇ ਦੀ ਉਦਾਹਰਣ ’ਤੇ ਦੁਬਾਰਾ ਗੌਰ ਕਰੋ। ਜੇ ਬੱਚੇ ਦਾ ਹੁਲੀਆ ਵਿਗੜਿਆ ਹੋਇਆ ਹੈ, ਤਾਂ ਤੁਸੀਂ ਇਹੀ ਸੋਚੋਗੇ ਕਿ ਉਸ ਦੇ ਮਾਂ-ਬਾਪ ਉਸ ਦਾ ਖ਼ਿਆਲ ਨਹੀਂ ਰੱਖਦੇ। ਜੇ ਅਸੀਂ ਆਪਣੇ ਸਰੀਰ ਦੀ ਸਾਫ਼-ਸਫ਼ਾਈ ਨਹੀਂ ਰੱਖਦੇ, ਤਾਂ ਸਾਡੇ ਪਿਤਾ ਯਹੋਵਾਹ ਦੇ ਨਾਂ ਦੀ ਬਦਨਾਮੀ ਹੋ ਸਕਦੀ ਹੈ ਤੇ ਪ੍ਰਚਾਰ ਵਿਚ ਸ਼ਾਇਦ ਲੋਕ ਸਾਡੀ ਗੱਲ ਨਾ ਸੁਣਨ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੇਵਕਾਈ ਵਿਚ ਕੋਈ ਨੁਕਸ ਕੱਢੇ, ਇਸ ਲਈ ਅਸੀਂ ਦੂਸਰਿਆਂ ਦੇ ਸਾਮ੍ਹਣੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਖੜ੍ਹੀ ਨਹੀਂ ਕਰਦੇ; ਸਗੋਂ ਅਸੀਂ ਹਰ ਗੱਲ ਵਿਚ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ।” (2 ਕੁਰਿੰਥੀਆਂ 6:3, 4) ਤਾਂ ਫਿਰ ਅਸੀਂ ਸਾਫ਼-ਸਫ਼ਾਈ ਕਿਵੇਂ ਰੱਖ ਸਕਦੇ ਹਾਂ?

15, 16. ਸਰੀਰ ਦੀ ਸਾਫ਼-ਸਫ਼ਾਈ ਕਿਵੇਂ ਰੱਖੀ ਜਾ ਸਕਦੀ ਹੈ ਅਤੇ ਕੱਪੜਿਆਂ ਬਾਰੇ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ?

15 ਸਰੀਰ ਅਤੇ ਕੱਪੜਿਆਂ ਦੀ ਸਾਫ਼-ਸਫ਼ਾਈ। ਭਾਵੇਂ ਹਰ ਦੇਸ਼ ਦੀ ਰਹਿਣੀ-ਬਹਿਣੀ ਵੱਖੋ-ਵੱਖਰੀ ਹੁੰਦੀ ਹੈ, ਪਰ ਨਹਾਉਣ-ਧੋਣ ਲਈ ਹਰ ਜਗ੍ਹਾ ਸਾਬਣ ਅਤੇ ਪਾਣੀ ਤਾਂ ਮਿਲ ਹੀ ਜਾਂਦਾ ਹੈ। ਰੋਟੀ ਪਕਾਉਣ, ਪਰੋਸਣ ਤੇ ਖਾਣ ਤੋਂ ਪਹਿਲਾਂ ਅਤੇ ਟਾਇਲਟ ਜਾਣ ਤੋਂ ਬਾਅਦ, ਬੱਚੇ ਦਾ ਡਾਈਪਰ ਜਾਂ ਪੋਤੜਾ ਬਦਲਣ ਤੋਂ ਬਾਅਦ ਸਾਬਣ ਨਾਲ ਹੱਥ ਧੋਣੇ ਜ਼ਰੂਰੀ ਹਨ। ਹੱਥ ਧੋਣ ਨਾਲ ਖ਼ਤਰਨਾਕ ਕੀਟਾਣੂ ਨਹੀਂ ਫੈਲਦੇ ਜਿਸ ਕਰਕੇ ਦਸਤ ਰੋਗਾਂ ਅਤੇ ਹੋਰ ਕਈ ਜਾਨਲੇਵਾ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜਿਨ੍ਹਾਂ ਥਾਵਾਂ ’ਤੇ ਸੀਵਰੇਜ ਨਹੀਂ ਪਿਆ ਹੋਇਆ ਹੈ ਉੱਥੇ ਗੰਦ-ਮੰਦ ਦੱਬ ਦੇਣਾ ਚਾਹੀਦਾ ਹੈ।​—ਬਿਵਸਥਾ ਸਾਰ 23:12, 13.

16 ਸਾਨੂੰ ਆਪਣੇ ਕੱਪੜਿਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਹ ਜ਼ਰੂਰੀ ਨਹੀਂ ਕਿ ਸਾਡੇ ਕੱਪੜੇ ਮਹਿੰਗੇ ਅਤੇ ਨਵੇਂ ਫ਼ੈਸ਼ਨ ਦੇ ਹੋਣ, ਪਰ ਇਹ ਸਾਫ਼-ਸੁਥਰੇ ਅਤੇ ਚੱਜ ਦੇ ਹੋਣੇ ਚਾਹੀਦੇ ਹਨ। (1 ਤਿਮੋਥਿਉਸ 2:9, 10 ਪੜ੍ਹੋ।) ਅਸੀਂ ਭਾਵੇਂ ਜਿੱਥੇ ਮਰਜ਼ੀ ਹੋਈਏ, ਸਾਨੂੰ ਆਪਣੇ “ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਉਣ” ਲਈ ਆਪਣੇ ਸਰੀਰ ਦੀ ਸਫ਼ਾਈ ਅਤੇ ਕੱਪੜਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।​—ਤੀਤੁਸ 2:10.

17. ਸਾਡਾ ਘਰ ਅਤੇ ਆਲਾ-ਦੁਆਲਾ ਕਿਉਂ ਸਾਫ਼ ਹੋਣਾ ਚਾਹੀਦਾ ਹੈ?

17 ਘਰ ਅਤੇ ਆਲਾ-ਦੁਆਲਾ। ਸਾਡਾ ਘਰ ਭਾਵੇਂ ਆਲੀਸ਼ਾਨ ਨਾ ਹੋਵੇ, ਪਰ ਜਿੱਥੋਂ ਤਕ ਹੋ ਸਕੇ ਸਾਫ਼-ਸੁਥਰਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਅਸੀਂ ਮੀਟਿੰਗਾਂ ਤੇ ਪ੍ਰਚਾਰ ਵਿਚ ਜਾਣ ਲਈ ਜੋ ਕਾਰ ਜਾਂ ਮੋਟਰ-ਸਾਈਕਲ ਵਰਤਦੇ ਹਾਂ ਉਹ ਵੀ ਸਾਨੂੰ ਸਾਫ਼ ਰੱਖਣਾ ਚਾਹੀਦਾ ਹੈ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਾਡਾ ਸਾਫ਼ ਘਰ ਅਤੇ ਆਲਾ-ਦੁਆਲਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਸਫ਼ਾਈ-ਪਸੰਦ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਅਸੀਂ ਲੋਕਾਂ ਨੂੰ ਵੀ ਇਹੀ ਸਿਖਾਉਂਦੇ ਹਾਂ ਕਿ ਯਹੋਵਾਹ ਲਈ ਸਫ਼ਾਈ ਬਹੁਤ ਅਹਿਮੀਅਤ ਰੱਖਦੀ ਹੈ ਅਤੇ ਉਹ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ” ਕਰ ਕੇ ਧਰਤੀ ਸੋਹਣੀ ਬਣਾ ਦੇਵੇਗਾ। (ਪ੍ਰਕਾਸ਼ ਦੀ ਕਿਤਾਬ 11:18; ਲੂਕਾ 23:43) ਅਸੀਂ ਆਪਣਾ ਘਰ ਅਤੇ ਆਲਾ-ਦੁਆਲਾ ਸਾਫ਼ ਰੱਖ ਕੇ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਨਵੇਂ ਸੰਸਾਰ ਵਿਚ ਰਹਿਣਾ ਚਾਹੁੰਦੇ ਹਾਂ, ਇਸ ਲਈ ਹੁਣ ਤੋਂ ਹੀ ਚੰਗੀਆਂ ਆਦਤਾਂ ਪਾ ਰਹੇ ਹਾਂ।

ਸਾਨੂੰ ਆਪਣੇ ਸਰੀਰ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਲੋੜ ਹੈ

18. ਅਸੀਂ ਆਪਣੇ ਕਿੰਗਡਮ ਹਾਲ ਦੀ ਕਦਰ ਕਿਵੇਂ ਕਰ ਸਕਦੇ ਹਾਂ?

18 ਸਾਡੀ ਭਗਤੀ ਦੀ ਥਾਂ। ਅਸੀਂ ਆਪਣੇ ਕਿੰਗਡਮ ਹਾਲ ਦੀ ਦੇਖ-ਭਾਲ ਕਰਦੇ ਹਾਂ ਕਿਉਂਕਿ ਇੱਥੇ ਯਹੋਵਾਹ ਦੀ ਭਗਤੀ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਕਿੰਗਡਮ ਹਾਲ ਵਿਚ ਆਉਣ ਵਾਲੇ ਨਵੇਂ ਲੋਕਾਂ ਉੱਤੇ ਚੰਗਾ ਪ੍ਰਭਾਵ ਪਵੇ। ਇਸ ਲਈ ਇਸ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ। ਕਿੰਗਡਮ ਹਾਲ ਨੂੰ ਸਹੀ ਹਾਲਤ ਵਿਚ ਰੱਖਣਾ ਅਤੇ ਇਸ ਦੀ ‘ਮੁਰੰਮਤ ਕਰਨੀ’ ਸਾਡੇ ਲਈ ਮਾਣ ਦੀ ਗੱਲ ਹੈ। (2 ਇਤਹਾਸ 34:10) ਇਸੇ ਤਰ੍ਹਾਂ ਜਿੱਥੇ ਕਿਤੇ ਸਾਡੀਆਂ ਅਸੈਂਬਲੀਆਂ ਅਤੇ ਸੰਮੇਲਨ ਹੁੰਦੇ ਹਨ, ਸਾਨੂੰ ਉਨ੍ਹਾਂ ਥਾਵਾਂ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ। ਇਸ ਕੰਮ ਵਿਚ ਆਪਣਾ ਸਮਾਂ ਲਗਾ ਕੇ ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ।

ਆਪਣੇ ਆਪ ਨੂੰ ਗੰਦੀਆਂ ਆਦਤਾਂ ਤੋਂ ਸ਼ੁੱਧ ਕਰੋ

19. ਸਾਨੂੰ ਆਪਣੇ ਸਰੀਰ ਨੂੰ ਸਾਫ਼ ਰੱਖਣ ਲਈ ਕੀ ਕਰਨ ਦੀ ਲੋੜ ਹੈ ਅਤੇ ਬਾਈਬਲ ਇਸ ਮਾਮਲੇ ਵਿਚ ਸਾਡੀ ਮਦਦ ਕਿਵੇਂ ਕਰ ਸਕਦੀ ਹੈ?

19 ਆਪਣੇ ਸਰੀਰ ਨੂੰ ਸਾਫ਼ ਰੱਖਣ ਦਾ ਇਹ ਵੀ ਮਤਲਬ ਹੈ ਕਿ ਅਸੀਂ ਸਿਗਰਟ ਪੀਣ, ਤਮਾਖੂ ਚੱਬਣ, ਹੱਦੋਂ ਵੱਧ ਸ਼ਰਾਬ ਪੀਣ ਜਾਂ ਨਸ਼ੇ ਕਰਨ ਵਰਗੀਆਂ ਮਾੜੀਆਂ ਆਦਤਾਂ ਤੋਂ ਦੂਰ ਰਹੀਏ। ਬਾਈਬਲ ਦੇ ਵਿਚ ਸਾਰੀਆਂ ਗੰਦੀਆਂ ਆਦਤਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਇਸ ਵਿਚ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਜਾਣ ਸਕਦੇ ਹਾਂ। ਉਸ ਦਾ ਨਜ਼ਰੀਆ ਜਾਣਨ ਤੋਂ ਬਾਅਦ ਅਸੀਂ ਉਹੀ ਕਰਾਂਗੇ ਜਿਸ ਤੋਂ ਰੱਬ ਨੂੰ ਖ਼ੁਸ਼ੀ ਹੁੰਦੀ ਹੈ। ਆਓ ਆਪਾਂ ਪੰਜ ਅਸੂਲਾਂ ’ਤੇ ਗੌਰ ਕਰੀਏ।

20, 21. ਯਹੋਵਾਹ ਸਾਡੇ ਤੋਂ ਕਿਹੜੇ ਕੰਮਾਂ ਤੋਂ ਦੂਰ ਰਹਿਣ ਦੀ ਉਮੀਦ ਰੱਖਦਾ ਹੈ ਅਤੇ ਇਸ ਸੰਬੰਧੀ ਬਾਈਬਲ ਸਾਨੂੰ ਕਿਹੜਾ ਜ਼ਬਰਦਸਤ ਕਾਰਨ ਦਿੰਦੀ ਹੈ?

20 “ਪਿਆਰੇ ਭਰਾਵੋ, ਸਾਡੇ ਨਾਲ ਇਹ ਵਾਅਦੇ ਕੀਤੇ ਹੋਣ ਕਰਕੇ ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ।” (2 ਕੁਰਿੰਥੀਆਂ 7:1) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹੀਏ ਜੋ ਸਾਡੇ ਸਰੀਰ ਅਤੇ ਮਨ ਯਾਨੀ ਸਾਡੀ ਸੋਚ ਨੂੰ ਭ੍ਰਿਸ਼ਟ ਕਰ ਸਕਦੇ ਹਨ। ਆਪਣੇ ਤਨ-ਮਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਮਾੜੀਆਂ ਚੀਜ਼ਾਂ ਦੀ ਆਦਤ ਨਹੀਂ ਪਾਉਣੀ ਚਾਹੀਦੀ।

21 ਬਾਈਬਲ ਸਾਨੂੰ “ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ” ਰੱਖਣ ਦਾ ਜ਼ਬਰਦਸਤ ਕਾਰਨ ਦਿੰਦੀ ਹੈ। ਧਿਆਨ ਦਿਓ ਕਿ 2 ਕੁਰਿੰਥੀਆਂ 7:1 ਦੇ ਸ਼ੁਰੂ ਵਿਚ ਕੀ ਕਿਹਾ ਗਿਆ ਹੈ: “ਸਾਡੇ ਨਾਲ ਇਹ ਵਾਅਦੇ ਕੀਤੇ ਹੋਣ ਕਰਕੇ।” ਕਿਹੜੇ ਵਾਅਦੇ? ਇਨ੍ਹਾਂ ਦਾ ਜ਼ਿਕਰ 2 ਕੁਰਿੰਥੀਆਂ 6:17, 18 ਵਿਚ ਕੀਤਾ ਗਿਆ ਹੈ ਜਿੱਥੇ ਯਹੋਵਾਹ ਨੇ ਵਾਅਦਾ ਕੀਤਾ ਹੈ: “ਮੈਂ ਤੁਹਾਨੂੰ ਕਬੂਲ ਕਰਾਂਗਾ। ਅਤੇ ਮੈਂ ਤੁਹਾਡਾ ਪਿਤਾ ਹੋਵਾਂਗਾ।” ਜ਼ਰਾ ਸੋਚੋ, ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਉਹ ਸਾਡਾ ਖ਼ਿਆਲ ਰੱਖੇਗਾ ਅਤੇ ਸਾਡੇ ਨਾਲ ਪਿਆਰ ਕਰੇਗਾ ਜਿਵੇਂ ਇਕ ਪਿਤਾ ਆਪਣੇ ਪੁੱਤ ਜਾਂ ਧੀ ਨਾਲ ਪਿਆਰ ਕਰਦਾ ਹੈ। ਪਰ ਯਹੋਵਾਹ ਤਾਂ ਹੀ ਇਹ ਵਾਅਦੇ ਪੂਰੇ ਕਰੇਗਾ ਜੇ ਅਸੀਂ ਆਪਣੇ ਤਨ-ਮਨ ਨੂੰ ਸ਼ੁੱਧ ਰੱਖਾਂਗੇ। ਭਲਾ, ਇਸ ਤੋਂ ਵੱਡੀ ਬੇਵਕੂਫ਼ੀ ਹੋਰ ਕਿਹੜੀ ਹੋ ਸਕਦੀ ਹੈ ਕਿ ਅਸੀਂ ਆਪਣੀ ਕਿਸੇ ਮਾੜੀ ਆਦਤ ਕਰਕੇ ਯਹੋਵਾਹ ਨਾਲ ਆਪਣਾ ਰਿਸ਼ਤਾ ਵਿਗਾੜ ਲਈਏ!

22-25. ਬਾਈਬਲ ਦੇ ਕਿਹੜੇ ਅਸੂਲ ਮਾੜੀਆਂ ਆਦਤਾਂ ਤੋਂ ਦੂਰ ਰਹਿਣ ਵਿਚ ਸਾਡੀ ਮਦਦ ਕਰ ਸਕਦੇ ਹਨ?

22 “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:37) ਯਿਸੂ ਨੇ ਇਸ ਹੁਕਮ ਨੂੰ ਸਭ ਤੋਂ ਵੱਡਾ ਹੁਕਮ ਕਿਹਾ ਸੀ। (ਮੱਤੀ 22:38) ਯਹੋਵਾਹ ਸਾਡੇ ਸੱਚੇ ਪਿਆਰ ਦਾ ਹੱਕਦਾਰ ਹੈ। ਉਸ ਨਾਲ ਪੂਰੇ ਦਿਲ, ਜਾਨ ਅਤੇ ਬੁੱਧ ਨਾਲ ਪਿਆਰ ਕਰਨ ਲਈ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਲੋੜ ਹੈ ਜੋ ਸਾਡੀ ਜ਼ਿੰਦਗੀ ਨੂੰ ਘਟਾ ਸਕਦੀਆਂ ਹਨ ਜਾਂ ਸਾਡੇ ਦਿਮਾਗ਼ ਨੂੰ ਥੋਥਾ ਕਰ ਸਕਦੀਆਂ ਹਨ।

23 “[ਯਹੋਵਾਹ] ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ।” (ਰਸੂਲਾਂ ਦੇ ਕੰਮ 17:24, 25) ਆਪਣੇ ਜੀਵਨਦਾਤੇ ਨੂੰ ਪਿਆਰ ਕਰਨ ਕਰਕੇ ਅਸੀਂ ਆਪਣੀ ਜ਼ਿੰਦਗੀ ਨਾਲ ਵੀ ਪਿਆਰ ਕਰਦੇ ਹਾਂ। ਅਸੀਂ ਸਿਹਤ ਨੂੰ ਵਿਗਾੜਨ ਵਾਲੀਆਂ ਆਦਤਾਂ ਨਹੀਂ ਪਾਉਂਦੇ ਕਿਉਂਕਿ ਇਨ੍ਹਾਂ ਨਾਲ ਜ਼ਿੰਦਗੀ ਦੀ ਬੇਕਦਰੀ ਹੁੰਦੀ ਹੈ।​—ਜ਼ਬੂਰਾਂ ਦੀ ਪੋਥੀ 36:9.

24 ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’ (ਮੱਤੀ 22:39) ਸਾਡੀਆਂ ਮਾੜੀਆਂ ਆਦਤਾਂ ਦਾ ਸਿਰਫ਼ ਸਾਡੇ ਉੱਤੇ ਹੀ ਅਸਰ ਨਹੀਂ ਪੈਂਦਾ, ਬਲਕਿ ਦੂਜਿਆਂ ’ਤੇ ਵੀ ਪੈਂਦਾ ਹੈ। ਉਦਾਹਰਣ ਲਈ, ਜੇ ਅਸੀਂ ਸਿਗਰਟ ਪੀਂਦੇ ਹਾਂ, ਤਾਂ ਸਾਡੇ ਲਾਗੇ ਬੈਠੇ ਬੰਦੇ ਉੱਤੇ ਸਿਗਰਟ ਦੇ ਧੂੰਏਂ ਦਾ ਮਾੜਾ ਅਸਰ ਪਵੇਗਾ। ਕੀ ਇੱਦਾਂ ਕਰਨ ਨਾਲ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਨ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਰਹੇ ਹੋਵਾਂਗੇ? ਸਾਡਾ ਇਹ ਕਹਿਣਾ ਵੀ ਝੂਠ ਹੋਵੇਗਾ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ।​—1 ਯੂਹੰਨਾ 4:20, 21.

25 ‘ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹੋ ਅਤੇ ਉਨ੍ਹਾਂ ਦਾ ਕਹਿਣਾ ਮੰਨੋ।’ (ਤੀਤੁਸ 3:1) ਬਹੁਤ ਸਾਰੇ ਦੇਸ਼ਾਂ ਵਿਚ ਆਪਣੇ ਕੋਲ ਨਸ਼ੇ ਰੱਖਣਾ ਜਾਂ ਨਸ਼ੇ ਕਰਨਾ ਗ਼ੈਰ-ਕਾਨੂੰਨੀ ਹੈ। ਸੱਚੇ ਮਸੀਹੀ ਹੋਣ ਦੇ ਨਾਤੇ ਅਸੀਂ ਨਾ ਤਾਂ ਆਪਣੇ ਕੋਲ ਨਸ਼ੇ ਰੱਖਾਂਗੇ ਤੇ ਨਾ ਹੀ ਕਰਾਂਗੇ।​—ਰੋਮੀਆਂ 13:1.

26. (ੳ) ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣਾ ਕਿਉਂ ਜ਼ਰੂਰੀ ਹੈ?

26 ਪਰਮੇਸ਼ੁਰ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਸਾਨੂੰ ਹਰ ਗੱਲ ਵਿਚ ਸ਼ੁੱਧ ਰਹਿਣ ਦੀ ਲੋੜ ਹੈ। ਮਾੜੀਆਂ ਆਦਤਾਂ ਛੱਡਣੀਆਂ ਅਤੇ ਇਨ੍ਹਾਂ ਤੋਂ ਦੂਰ ਰਹਿਣਾ ਔਖਾ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ। * ਪਰਮੇਸ਼ੁਰ ਹਮੇਸ਼ਾ ਸਾਡੇ ਭਲੇ ਦੀਆਂ ਗੱਲਾਂ ਹੀ ਸਿਖਾਉਂਦਾ ਹੈ, ਇਸ ਲਈ ਉਸ ਦੇ ਰਾਹਾਂ ’ਤੇ ਚੱਲ ਕੇ ਅਸੀਂ ਵਧੀਆ ਜ਼ਿੰਦਗੀ ਜੀ ਸਕਦੇ ਹਾਂ। (ਯਸਾਯਾਹ 48:17 ਪੜ੍ਹੋ।) ਇਸ ਤੋਂ ਵੱਡੀ ਖ਼ੁਸ਼ੀ ਹੋਰ ਕਿਹੜੀ ਹੋ ਸਕਦੀ ਹੈ ਕਿ ਆਪਣੇ ਆਪ ਨੂੰ ਸ਼ੁੱਧ ਰੱਖਣ ਨਾਲ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਅਤੇ ਉਸ ਨਾਲ ਸਾਡਾ ਪਿਆਰ ਕਾਇਮ ਰਹਿੰਦਾ ਹੈ।

^ ਪੈਰਾ 2 ਮੁਢਲੀ ਭਾਸ਼ਾ ਵਿਚ “ਸ਼ੁੱਧ” ਲਈ ਵਰਤੇ ਗਏ ਸ਼ਬਦ ਦਾ ਮਤਲਬ ਹੈ ਕਿ ਅਸੀਂ ਆਪਣੇ ਸਰੀਰ ਨੂੰ ਸਾਫ਼-ਸੁਥਰਾ ਰੱਖਣ ਦੇ ਨਾਲ-ਨਾਲ ਆਪਣੇ ਚਾਲ-ਚਲਣ ਅਤੇ ਭਗਤੀ ਨੂੰ ਵੀ ਸ਼ੁੱਧ ਰੱਖੀਏ।

^ ਪੈਰਾ 12 ਸਾਫ਼-ਸੁਥਰੇ ਮਨੋਰੰਜਨ ਬਾਰੇ ਜਾਣਕਾਰੀ ਲੈਣ ਲਈ ਇਸ ਕਿਤਾਬ ਦਾ 6ਵਾਂ ਅਧਿਆਇ ਦੇਖੋ।

^ ਪੈਰਾ 67 ਨਾਂ ਬਦਲਿਆ ਗਿਆ ਹੈ।