Skip to content

Skip to table of contents

ਤੇਰ੍ਹਵਾਂ ਅਧਿਆਇ

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਦਿਨ-ਤਿਉਹਾਰ

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਦਿਨ-ਤਿਉਹਾਰ

“ਤੁਸੀਂ ਹਮੇਸ਼ਾ ਪਤਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ।”​—ਅਫ਼ਸੀਆਂ 5:10.

1. ਯਹੋਵਾਹ ਕਿਹੋ ਜਿਹੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਨ੍ਹਾਂ ਨੂੰ ਭਗਤੀ ਦੇ ਮਾਮਲੇ ਵਿਚ ਕਿਉਂ ਖ਼ਬਰਦਾਰ ਰਹਿਣ ਦੀ ਲੋੜ ਹੈ?

ਯਿਸੂ ਨੇ ਕਿਹਾ ਸੀ: “ਸੱਚੇ ਭਗਤ . . . ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ ਕਰਨਗੇ। ਅਸਲ ਵਿਚ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੀ ਭਗਤੀ ਇਸ ਤਰ੍ਹਾਂ ਕਰਨਗੇ।” (ਯੂਹੰਨਾ 4:23) ਯਹੋਵਾਹ ਅਜਿਹੇ ਲੋਕਾਂ ਨੂੰ ਭਾਲਦਾ ਹੈ ਜੋ ਬਾਈਬਲ ਦੀ ਸੱਚਾਈ ਅਨੁਸਾਰ ਭਗਤੀ ਕਰਨੀ ਚਾਹੁੰਦੇ ਹਨ। ਅਜਿਹੇ ਲੋਕ ਮਿਲ ਜਾਣ ’ਤੇ ਉਹ ਉਨ੍ਹਾਂ ਨੂੰ ਆਪਣੇ ਵੱਲ ਅਤੇ ਆਪਣੇ ਪੁੱਤਰ ਯਿਸੂ ਵੱਲ ਖਿੱਚ ਲੈਂਦਾ ਹੈ। ਯਹੋਵਾਹ ਨੇ ਤੁਹਾਨੂੰ ਵੀ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:44) ਇਹ ਕਿੰਨੇ ਮਾਣ ਦੀ ਗੱਲ ਹੈ! ਪਰ ਸ਼ੈਤਾਨ ਲੋਕਾਂ ਨੂੰ ਧੋਖਾ ਦੇਣ ਵਿਚ ਮਾਹਰ ਹੈ, ਇਸ ਲਈ ਸੱਚਾਈ ਨਾਲ ਭਗਤੀ ਕਰਨ ਵਾਲਿਆਂ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ “ਪ੍ਰਭੂ ਨੂੰ ਕੀ ਮਨਜ਼ੂਰ ਹੈ।”​—ਅਫ਼ਸੀਆਂ 5:10; ਪ੍ਰਕਾਸ਼ ਦੀ ਕਿਤਾਬ 12:9.

2. ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਜੋ ਸ਼ੁੱਧ ਭਗਤੀ ਵਿਚ ਮਿਲਾਵਟ ਕਰਦੇ ਹਨ? ਉਦਾਹਰਣ ਦਿਓ।

2 ਧਿਆਨ ਦਿਓ ਕਿ ਸੀਨਈ ਪਹਾੜ ਉੱਤੇ ਕੀ ਹੋਇਆ ਸੀ ਜਦੋਂ ਇਜ਼ਰਾਈਲੀਆਂ ਨੇ ਹਾਰੂਨ ਉੱਤੇ ਇਕ ਦੇਵਤਾ ਬਣਾਉਣ ਦਾ ਦਬਾਅ ਪਾਇਆ ਸੀ। ਹਾਰੂਨ ਨੇ ਦਬਾਅ ਹੇਠ ਆ ਕੇ ਉਨ੍ਹਾਂ ਲਈ ਸੋਨੇ ਦਾ ਵੱਛਾ ਬਣਾਇਆ ਅਤੇ ਉਸ ਨੂੰ ਯਹੋਵਾਹ ਦਾ ਦਰਜਾ ਦਿੱਤਾ। ਉਸ ਨੇ ਕਿਹਾ: “ਭਲਕੇ ਯਹੋਵਾਹ ਦਾ ਪਰਬ ਹੈ।” ਕੀ ਯਹੋਵਾਹ ਨੇ ਸ਼ੁੱਧ ਭਗਤੀ ਵਿਚ ਹੋਈ ਮਿਲਾਵਟ ਨੂੰ ਨਜ਼ਰਅੰਦਾਜ਼ ਕੀਤਾ ਸੀ? ਨਹੀਂ। ਉਸ ਦੇ ਹੁਕਮ ’ਤੇ 3,000 ਮੂਰਤੀ-ਪੂਜਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। (ਕੂਚ 32:1-6, 10, 28) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ‘ਕਿਸੇ ਪਲੀਤ ਚੀਜ਼ ਨੂੰ ਨਹੀਂ ਛੂਹਣਾ’ ਚਾਹੀਦਾ ਅਤੇ ਸ਼ੁੱਧ ਭਗਤੀ ਵਿਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਕਰਨੀ ਚਾਹੀਦੀ।​—ਯਸਾਯਾਹ 52:11; ਹਿਜ਼ਕੀਏਲ 44:23; ਗਲਾਤੀਆਂ 5:9.

3, 4. ਦਿਨ-ਤਿਉਹਾਰਾਂ ਅਤੇ ਰੀਤਾਂ-ਰਿਵਾਜਾਂ ਦੇ ਮਾਮਲੇ ਵਿਚ ਸਾਨੂੰ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?

3 ਯਿਸੂ ਦੇ ਚੇਲਿਆਂ ਨੇ ਜੀਉਂਦੇ-ਜੀ ਕਿਸੇ ਨੂੰ ਵੀ ਮਸੀਹ ਦੀਆਂ ਸਿੱਖਿਆਵਾਂ ਵਿਚ ਮਿਲਾਵਟ ਨਹੀਂ ਕਰਨ ਦਿੱਤੀ ਸੀ। ਉਨ੍ਹਾਂ ਦੇ ਮਰਨ ਤੋਂ ਬਾਅਦ ਕੁਝ ਮਸੀਹੀ ਸੱਚਾਈ ਤੋਂ ਭਟਕ ਗਏ ਅਤੇ ਦੂਜੇ ਧਰਮਾਂ ਦੇ ਦਿਨ-ਤਿਉਹਾਰ ਤੇ ਰੀਤੀ-ਰਿਵਾਜ ਮਨਾਉਣ ਲੱਗ ਪਏ। ਉਨ੍ਹਾਂ ਨੇ ਇਨ੍ਹਾਂ ਤਿਉਹਾਰਾਂ ਨੂੰ ਮਸੀਹੀ ਧਰਮ ਦਾ ਹਿੱਸਾ ਬਣਾ ਦਿੱਤਾ। (2 ਥੱਸਲੁਨੀਕੀਆਂ 2:7, 10) ਅੱਜ-ਕੱਲ੍ਹ ਲੋਕ ਮੌਜ-ਮੇਲੇ ਲਈ ਇਹ ਤਿਉਹਾਰ ਮਨਾਉਂਦੇ ਹਨ। ਇਸ ਅਧਿਆਇ ਵਿਚ ਅਜਿਹੇ ਕੁਝ ਤਿਉਹਾਰਾਂ ਬਾਰੇ ਗੱਲ ਕੀਤੀ ਜਾਵੇਗੀ। ਤੁਸੀਂ ਦੇਖੋਗੇ ਕਿ ਇਨ੍ਹਾਂ ਦਾ ਸੰਬੰਧ “ਮਹਾਂ ਬਾਬਲ” ਯਾਨੀ ਦੁਨੀਆਂ ਦੇ ਧਰਮਾਂ ਦੀਆਂ ਸਿੱਖਿਆਵਾਂ ਅਤੇ ਜਾਦੂਗਰੀ ਨਾਲ ਹੈ। * (ਪ੍ਰਕਾਸ਼ ਦੀ ਕਿਤਾਬ 18:2-4, 23) ਯਹੋਵਾਹ ਨੂੰ ਪਤਾ ਹੈ ਕਿ ਦਿਨ-ਤਿਉਹਾਰ ਕਿਨ੍ਹਾਂ ਘਿਣਾਉਣੇ ਧਾਰਮਿਕ ਰੀਤੀ-ਰਿਵਾਜਾਂ ਤੋਂ ਸ਼ੁਰੂ ਹੋਏ ਸਨ। ਇਸ ਲਈ ਉਸ ਨੂੰ ਅੱਜ ਵੀ ਇਨ੍ਹਾਂ ਨਾਲ ਉੱਨੀ ਹੀ ਨਫ਼ਰਤ ਹੈ ਜਿੰਨੀ ਪਹਿਲਾਂ ਸੀ। ਕੀ ਸਾਨੂੰ ਵੀ ਉਸ ਵਾਂਗ ਅਜਿਹੇ ਤਿਉਹਾਰਾਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ?​—2 ਯੂਹੰਨਾ 6, 7.

4 ਸੱਚੇ ਮਸੀਹੀ ਹੋਣ ਕਰਕੇ ਸਾਨੂੰ ਦਿਨ-ਤਿਉਹਾਰਾਂ ਬਾਰੇ ਯਹੋਵਾਹ ਦਾ ਨਜ਼ਰੀਆ ਪਤਾ ਹੈ। ਪਰ ਸਾਨੂੰ ਆਪਣਾ ਇਰਾਦਾ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਦਿਨ-ਤਿਉਹਾਰਾਂ ਵਿਚ ਬਿਲਕੁਲ ਵੀ ਹਿੱਸਾ ਨਹੀਂ ਲਵਾਂਗੇ ਤੇ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਯਹੋਵਾਹ ਸਾਡੇ ਨਾਲ ਨਾਰਾਜ਼ ਹੋ ਜਾਵੇ।

ਕ੍ਰਿਸਮਸ​—ਯਿਸੂ ਦਾ ਜਨਮ-ਦਿਨ ਜਾਂ ਸੂਰਜ ਦੀ ਪੂਜਾ?

5. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ 25 ਦਸੰਬਰ ਨੂੰ ਪੈਦਾ ਨਹੀਂ ਹੋਇਆ ਸੀ?

5 ਬਾਈਬਲ ਵਿਚ ਕਿਤੇ ਨਹੀਂ ਦੱਸਿਆ ਗਿਆ ਕਿ ਯਿਸੂ ਦਾ ਜਨਮ-ਦਿਨ ਮਨਾਇਆ ਜਾਂਦਾ ਸੀ। ਅਸਲ ਵਿਚ ਯਿਸੂ ਦੇ ਜਨਮ ਦੀ ਪੱਕੀ ਤਾਰੀਖ਼ ਵੀ ਕਿਸੇ ਨੂੰ ਪਤਾ ਨਹੀਂ ਹੈ। ਪਰ ਇੰਨਾ ਪਤਾ ਹੈ ਕਿ ਉਹ ਸਿਆਲਾਂ ਵਿਚ 25 ਦਸੰਬਰ ਨੂੰ ਪੈਦਾ ਨਹੀਂ ਹੋਇਆ ਸੀ। * ਲੂਕਾ ਨੇ ਦੱਸਿਆ ਕਿ ਜਦੋਂ ਯਿਸੂ ਜੰਮਿਆ ਸੀ, ਉਸ ਵੇਲੇ “ਚਰਵਾਹੇ ਘਰੋਂ ਬਾਹਰ ਰਹਿ ਰਹੇ ਸਨ” ਸਨ ਅਤੇ ਆਪਣੀਆਂ ਭੇਡਾਂ ਚਾਰਦੇ ਸਨ। (ਲੂਕਾ 2:8-11) ਜੇ ਚਰਵਾਹੇ ਪੂਰਾ ਸਾਲ ਹਰ ਮੌਸਮ ਵਿਚ “ਘਰੋਂ ਬਾਹਰ ਰਹਿ ਰਹੇ” ਹੁੰਦੇ, ਤਾਂ ਇਸ ਗੱਲ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਾ ਹੁੰਦੀ। ਪਰ ਚਰਵਾਹੇ ਸਿਆਲਾਂ ਵਿਚ ਆਪਣੀਆਂ ਭੇਡਾਂ ਨੂੰ ਵਾੜੇ ਵਿਚ ਹੀ ਰੱਖਦੇ ਸਨ ਕਿਉਂਕਿ ਸਿਆਲਾਂ ਵਿਚ ਬੈਤਲਹਮ ਵਿਚ ਮੀਂਹ ਅਤੇ ਬਰਫ਼ ਪੈਂਦੀ ਹੈ। ਇਸ ਤੋਂ ਇਲਾਵਾ, ਯੂਸੁਫ਼ ਅਤੇ ਮਰੀਅਮ ਮਰਦਮਸ਼ੁਮਾਰੀ ਯਾਨੀ ਰਜਿਸਟਰੇਸ਼ਨ ਕਰਕੇ ਆਪਣੇ ਜੱਦੀ ਸ਼ਹਿਰ ਆਏ ਹੋਏ ਸਨ। (ਲੂਕਾ 2:1-7) ਰਾਜਾ ਅਗਸਤੁਸ ਨੇ ਮਰਦਮਸ਼ੁਮਾਰੀ ਦਾ ਹੁਕਮ ਦਿੱਤਾ ਸੀ। ਉਸ ਨੇ ਲੋਕਾਂ ਨੂੰ ਸਿਆਲਾਂ ਵਿਚ ਆਪਣੇ ਜੱਦੀ ਸ਼ਹਿਰਾਂ-ਪਿੰਡਾਂ ਵਿਚ ਜਾਣ ਦਾ ਹੁਕਮ ਕਦੇ ਨਹੀਂ ਦੇਣਾ ਸੀ ਕਿਉਂਕਿ ਲੋਕ ਪਹਿਲਾਂ ਹੀ ਰੋਮੀ ਹਕੂਮਤ ਦੇ ਖ਼ਿਲਾਫ਼ ਸਨ।

6, 7. (ੳ) ਕ੍ਰਿਸਮਸ ਦੀ ਸ਼ੁਰੂਆਤ ਕਿਵੇਂ ਹੋਈ? (ਅ) ਤੋਹਫ਼ੇ ਦੇਣ ਦੇ ਮਾਮਲੇ ਵਿਚ ਕ੍ਰਿਸਮਸ ਮਨਾਉਣ ਵਾਲਿਆਂ ਅਤੇ ਸੱਚੇ ਮਸੀਹੀਆਂ ਵਿਚ ਕੀ ਫ਼ਰਕ ਹੈ?

6 ਬਾਈਬਲ ਵਿਚ ਕ੍ਰਿਸਮਸ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਹੈ। ਮਸੀਹ ਦੀ ਮੌਤ ਤੋਂ ਤਿੰਨ ਸੌ ਸਾਲ ਬਾਅਦ ਕ੍ਰਿਸਮਸ ਦੀ ਸ਼ੁਰੂਆਤ ਹੋਈ ਸੀ। ਅਸਲ ਵਿਚ, 25 ਦਸੰਬਰ ਨੂੰ ਰੋਮੀ ਲੋਕ ਆਪਣੇ ਖੇਤੀਬਾੜੀ ਦੇ ਦੇਵਤਾ ਸੈਟਰਨ ਦਾ ਤਿਉਹਾਰ ਮਨਾਉਂਦੇ ਹੁੰਦੇ ਸਨ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਮੁਤਾਬਕ, ਉਸੇ ਦਿਨ ਮਿਥਰਾਸ ਦੇਵਤਾ ਦੇ ਭਗਤ “ਸੂਰਜ ਦਾ ਜਨਮ-ਦਿਨ” ਮਨਾਉਂਦੇ ਹੁੰਦੇ ਸਨ। “ਕ੍ਰਿਸਮਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਰੋਮ ਵਿਚ ਲੋਕ ਵਧ-ਚੜ੍ਹ ਕੇ ਸੂਰਜ ਦੀ ਪੂਜਾ ਕਰਦੇ ਹੁੰਦੇ ਸਨ।”

ਸੱਚੇ ਮਸੀਹੀ ਦਿਲੋਂ ਦੂਜਿਆਂ ਨੂੰ ਤੋਹਫ਼ੇ ਦਿੰਦੇ ਹਨ

7 ਇਨ੍ਹਾਂ ਤਿਉਹਾਰਾਂ ਦੌਰਾਨ ਲੋਕ ਇਕ-ਦੂਜੇ ਨੂੰ ਤੋਹਫ਼ੇ ਦਿੰਦੇ ਹੁੰਦੇ ਸਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾਂਦੇ ਸਨ। ਪਰ ਉਹ ਖ਼ੁਸ਼ੀ ਨਾਲ ਇਕ-ਦੂਜੇ ਨੂੰ ਤੋਹਫ਼ੇ ਨਹੀਂ ਦਿੰਦੇ ਸਨ। ਅੱਜ ਵੀ ਲੋਕ ਕ੍ਰਿਸਮਸ ਦੌਰਾਨ ਇਸੇ ਤਰ੍ਹਾਂ ਕਰਦੇ ਹਨ। ਪਰ ਉਨ੍ਹਾਂ ਦੀ ਇਹ ਭਾਵਨਾ 2 ਕੁਰਿੰਥੀਆਂ 9:7 ਵਿਚ ਦਿੱਤੀ ਗਈ ਸਲਾਹ ਦੇ ਬਿਲਕੁਲ ਉਲਟ ਹੈ ਜਿੱਥੇ ਲਿਖਿਆ ਹੈ: “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” ਸੱਚੇ ਮਸੀਹੀ ਤੋਹਫ਼ੇ ਦੇਣ ਲਈ ਕਿਸੇ ਖ਼ਾਸ ਦਿਨ-ਤਿਉਹਾਰ ਦੀ ਉਡੀਕ ਨਹੀਂ ਕਰਦੇ ਜਾਂ ਮਜਬੂਰੀ ਨਾਲ ਤੋਹਫ਼ੇ ਨਹੀਂ ਦਿੰਦੇ, ਸਗੋਂ ਦਿਲੋਂ ਦਿੰਦੇ ਹਨ ਅਤੇ ਅੱਗਿਓਂ ਕਿਸੇ ਤੋਂ ਤੋਹਫ਼ਿਆਂ ਦੀ ਆਸ ਨਹੀਂ ਰੱਖਦੇ। (ਲੂਕਾ 14:12-14; ਰਸੂਲਾਂ ਦੇ ਕੰਮ 20:35 ਪੜ੍ਹੋ।) ਇਸ ਤੋਂ ਇਲਾਵਾ, ਉਨ੍ਹਾਂ ਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਉਹ ਕ੍ਰਿਸਮਸ ਦੇ ਝਮੇਲਿਆਂ ਤੋਂ ਅਤੇ ਚੀਜ਼ਾਂ ਖ਼ਰੀਦ-ਖ਼ਰੀਦ ਕੇ ਕਰਜ਼ੇ ਹੇਠ ਆਉਣ ਤੋਂ ਬਚੇ ਰਹਿੰਦੇ ਹਨ।​—ਮੱਤੀ 11:28-30; ਯੂਹੰਨਾ 8:32.

8. ਕੀ ਜੋਤਸ਼ੀ ਯਿਸੂ ਲਈ ਜਨਮ-ਦਿਨ ਦੇ ਤੋਹਫ਼ੇ ਲਿਆਏ ਸਨ? ਸਮਝਾਓ।

8 ਪਰ ਕਈ ਇਹ ਦਲੀਲ ਦਿੰਦੇ ਹਨ ਕਿ ਜੋਤਸ਼ੀ ਯਿਸੂ ਲਈ ਜਨਮ-ਦਿਨ ਦੇ ਤੋਹਫ਼ੇ ਲਿਆਏ ਸਨ। ਅਸਲ ਵਿਚ, ਉਹ ਯਿਸੂ ਦੇ ਜਨਮ ਵਾਲੇ ਦਿਨ ਨਹੀਂ ਆਏ ਸਨ, ਸਗੋਂ ਕੁਝ ਮਹੀਨਿਆਂ ਬਾਅਦ ਆਏ ਸਨ। (ਮੱਤੀ 2:2, 11) ਉਸ ਵੇਲੇ ਯਿਸੂ ਪਸ਼ੂਆਂ ਦੇ ਵਾੜੇ ਵਿਚ ਨਹੀਂ, ਸਗੋਂ ਘਰ ਵਿਚ ਰਹਿ ਰਿਹਾ ਸੀ। ਨਾਲੇ, ਉਸ ਵੇਲੇ ਦੇ ਰਿਵਾਜ ਅਨੁਸਾਰ ਜੋਤਸ਼ੀ ਯਿਸੂ ਨੂੰ ਇੱਜ਼ਤ-ਮਾਣ ਦੇਣ ਲਈ ਤੋਹਫ਼ੇ ਲੈ ਕੇ ਆਏ ਸਨ ਕਿਉਂਕਿ ਉਹ ਮਸੀਹ ਸੀ।​—1 ਰਾਜਿਆਂ 10:1, 2, 10, 13.

ਜਨਮ-ਦਿਨ ਮਨਾਉਣ ਸੰਬੰਧੀ ਬਾਈਬਲ ਕੀ ਕਹਿੰਦੀ ਹੈ?

9. ਬਾਈਬਲ ਵਿਚ ਜ਼ਿਕਰ ਕੀਤੇ ਗਏ ਫ਼ਿਰਊਨ ਅਤੇ ਹੇਰੋਦੇਸ ਦੇ ਜਨਮ-ਦਿਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਭਾਵੇਂ ਕਿ ਬੱਚੇ ਦਾ ਜਨਮ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਪਰ ਬਾਈਬਲ ਵਿਚ ਇਹ ਕਿਤੇ ਨਹੀਂ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਕਿਸੇ ਸੇਵਕ ਨੇ ਆਪਣਾ ਜਨਮ-ਦਿਨ ਮਨਾਇਆ ਸੀ। (ਜ਼ਬੂਰਾਂ ਦੀ ਪੋਥੀ 127:3) ਕੀ ਬਾਈਬਲ ਦੇ ਲੇਖਕ ਜਨਮ-ਦਿਨ ਮਨਾਏ ਜਾਣ ਦਾ ਜ਼ਿਕਰ ਕਰਨਾ ਭੁੱਲ ਗਏ ਸਨ? ਨਹੀਂ, ਕਿਉਂਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਿਸਰ ਦੇ ਫ਼ਿਰਊਨ ਨੇ ਅਤੇ ਹੇਰੋਦੇਸ ਅੰਤਿਪਾਸ ਨੇ ਆਪਣੇ ਜਨਮ-ਦਿਨ ਮਨਾਏ ਸਨ। (ਉਤਪਤ 40:20-22; ਮਰਕੁਸ 6:21-29 ਪੜ੍ਹੋ।) ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਦੇ ਜਨਮ-ਦਿਨ ’ਤੇ ਮਾੜੀਆਂ ਘਟਨਾਵਾਂ ਘਟੀਆਂ ਸਨ, ਖ਼ਾਸ ਤੌਰ ਤੇ ਹੇਰੋਦੇਸ ਦੇ ਜਨਮ-ਦਿਨ ’ਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਵੱਢਿਆ ਗਿਆ ਸੀ।

10, 11. ਮੁਢਲੇ ਮਸੀਹੀਆਂ ਦਾ ਜਨਮ-ਦਿਨ ਮਨਾਉਣ ਪ੍ਰਤੀ ਕੀ ਨਜ਼ਰੀਆ ਸੀ ਅਤੇ ਕਿਉਂ?

10 ਦ ਵਰਲਡ ਬੁੱਕ ਐਨਸਾਈਕਲੋਪੀਡੀਆ ਵਿਚ ਕਿਹਾ ਗਿਆ ਹੈ ਕਿ “ਮੁਢਲੇ ਮਸੀਹੀ ਕਿਸੇ ਦਾ ਜਨਮ-ਦਿਨ ਮਨਾਉਣਾ ਦੂਜੇ ਧਰਮਾਂ ਦਾ ਰਿਵਾਜ ਮੰਨਦੇ ਸਨ।” ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਯੂਨਾਨੀਆਂ ਦਾ ਇਹ ਵਿਸ਼ਵਾਸ ਸੀ ਕਿ ਜਿਸ ਦਿਨ ਕੋਈ ਪੈਦਾ ਹੁੰਦਾ ਸੀ, ਉਸ ਦਿਨ ਇਕ ਫ਼ਰਿਸ਼ਤਾ ਆਉਂਦਾ ਸੀ ਅਤੇ ਉਮਰ ਭਰ ਉਸ ਦੀ ਰੱਖਿਆ ਕਰਦਾ ਸੀ। ਜਨਮ-ਦਿਨ ਬਾਰੇ ਇਕ ਕਿਤਾਬ ਮੁਤਾਬਕ “ਇਹ ਫ਼ਰਿਸ਼ਤਾ ਉਸ ਦੇਵਤੇ ਦੁਆਰਾ ਘੱਲਿਆ ਜਾਂਦਾ ਸੀ ਜਿਸ ਦਾ ਜਨਮ-ਦਿਨ ਬੱਚੇ ਦੇ ਜਨਮ-ਦਿਨ ਨਾਲ ਮਿਲਦਾ ਸੀ।” ਜੋਤਸ਼ੀਆਂ ਅਤੇ ਜਨਮ-ਕੁੰਡਲੀਆਂ ਬਣਾਉਣ ਵਾਲਿਆਂ ਲਈ ਵੀ ਜਨਮ ਦੀ ਤਾਰੀਖ਼ ਅਹਿਮੀਅਤ ਰੱਖਦੀ ਹੈ।

11 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕ ਇਸ ਕਰਕੇ ਵੀ ਆਪਣੇ ਜਨਮ-ਦਿਨ ਨਹੀਂ ਮਨਾਉਂਦੇ ਸਨ ਕਿਉਂਕਿ ਉਹ ਹਲੀਮ ਸਨ। ਉਹ ਨਹੀਂ ਸੋਚਦੇ ਸਨ ਕਿ ਉਨ੍ਹਾਂ ਦਾ ਦੁਨੀਆਂ ਵਿਚ ਆਉਣਾ ਅਹਿਮ ਗੱਲ ਸੀ ਜਿਸ ਕਰਕੇ ਉਨ੍ਹਾਂ ਦਾ ਜਨਮ-ਦਿਨ ਮਨਾਇਆ ਜਾਵੇ। * (ਮੀਕਾਹ 6:8; ਲੂਕਾ 9:48) ਇਸ ਦੀ ਬਜਾਇ, ਉਹ ਯਹੋਵਾਹ ਦੀ ਮਹਿਮਾ ਕਰਦੇ ਸਨ ਜਿਸ ਨੇ ਉਨ੍ਹਾਂ ਨੂੰ ਜ਼ਿੰਦਗੀ ਬਖ਼ਸ਼ੀ ਸੀ। *​—ਜ਼ਬੂਰਾਂ ਦੀ ਪੋਥੀ 8:3, 4; 36:9; ਪ੍ਰਕਾਸ਼ ਦੀ ਕਿਤਾਬ 4:11.

12. ਸਾਡੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਵਧੀਆ ਕਿਉਂ ਹੈ?

12 ਉਪਦੇਸ਼ਕ ਦੀ ਪੋਥੀ 7:1 ਵਿਚ ਕਿਹਾ ਗਿਆ ਹੈ: “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਅਸੀਂ ਸਾਰੇ ਉਸ ਦੀਆਂ ਨਜ਼ਰਾਂ ਵਿਚ “ਨੇਕਨਾਮੀ” ਖੱਟਦੇ ਹਾਂ। ਜਦੋਂ ਕੋਈ ਵਫ਼ਾਦਾਰ ਭਗਤ ਮਰਦਾ ਹੈ, ਤਾਂ ਯਹੋਵਾਹ ਉਸ ਨੂੰ ਯਾਦ ਰੱਖਦਾ ਹੈ ਅਤੇ ਭਵਿੱਖ ਵਿਚ ਉਸ ਨੂੰ ਜ਼ਿੰਦਗੀ ਬਖ਼ਸ਼ਣ ਦਾ ਵਾਅਦਾ ਕਰਦਾ ਹੈ। (ਅੱਯੂਬ 14:14, 15) ਇਹ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਬਾਈਬਲ ਵਿਚ ਮਸੀਹੀਆਂ ਨੂੰ ਯਿਸੂ ਦਾ ਜਨਮ-ਦਿਨ ਮਨਾਉਣ ਦਾ ਨਹੀਂ, ਸਗੋਂ ਮੌਤ ਦੀ ਵਰ੍ਹੇਗੰਢ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ। ਉਸ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੰਗਾ “ਨਾਂ” ਕਮਾਇਆ ਸੀ ਅਤੇ ਉਸ ਰਾਹੀਂ ਸਾਨੂੰ ਮੁਕਤੀ ਮਿਲੇਗੀ।​—ਇਬਰਾਨੀਆਂ 1:3, 4; ਲੂਕਾ 22:17-20.

ਨਵੇਂ ਸਾਲ ਦਾ ਜਸ਼ਨ—ਮੌਜ-ਮੇਲਾ ਕਰਨ ਦਾ ਸਮਾਂ?

13, 14. ਮਸੀਹੀਆਂ ਨੂੰ ਨਵੇਂ ਸਾਲ ਦਾ ਜਸ਼ਨ ਕਿਉਂ ਨਹੀਂ ਮਨਾਉਣਾ ਚਾਹੀਦਾ?

13 ਨਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਵੀ ਹੋਰ ਧਰਮਾਂ ਵਿਚ ਹੋਈ ਸੀ। ਇਸ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਰੋਮੀ ਸਮਰਾਟ ਜੂਲੀਅਸ ਸੀਜ਼ਰ ਨੇ 46 ਈ. ਪੂ. ਵਿਚ ਜਨਵਰੀ ਦੇ ਪਹਿਲੇ ਦਿਨ ਨੂੰ ਨਵੇਂ ਸਾਲ ਦੇ ਦਿਨ ਵਜੋਂ ਸਥਾਪਿਤ ਕੀਤਾ ਸੀ। ਰੋਮੀ ਲੋਕਾਂ ਨੇ ਇਹ ਦਿਨ ਜੇਨਸ ਨਾਂ ਦੇ ਦੇਵਤੇ ਨੂੰ ਅਰਪਿਤ ਕੀਤਾ ਸੀ ਜੋ ਫਾਟਕਾਂ, ਦਰਵਾਜ਼ਿਆਂ ਅਤੇ ਸ਼ੁਰੂਆਤ ਦਾ ਦੇਵਤਾ ਮੰਨਿਆ ਜਾਂਦਾ ਸੀ। ਇਸ ਦੇ ਦੋ ਚਿਹਰੇ ਸਨ, ਇਕ ਚਿਹਰਾ ਅੱਗੇ ਨੂੰ ਅਤੇ ਦੂਜਾ ਪਿੱਛੇ ਨੂੰ ਦੇਖਦਾ ਸੀ। ਇਸੇ ਦੇਵਤੇ ਦੇ ਨਾਂ ’ਤੇ ਜਨਵਰੀ ਮਹੀਨੇ ਦਾ ਨਾਂ ਰੱਖਿਆ ਗਿਆ ਸੀ।”

14 ਵੱਖ-ਵੱਖ ਦੇਸ਼ਾਂ ਵਿਚ ਨਵੇਂ ਸਾਲ ਨਾਲ ਜੁੜੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ ਅਤੇ ਸ਼ਾਇਦ ਇਨ੍ਹਾਂ ਦੀ ਤਾਰੀਖ਼ ਵੀ ਵੱਖਰੀ ਹੋਵੇ। ਇਕ ਕਿਤਾਬ ਵਿਚ ਇਸ ਬਾਰੇ ਕਿਹਾ ਗਿਆ ਹੈ: “ਬਹੁਤ ਸਾਰੇ ਪੱਛਮੀ ਦੇਸ਼ਾਂ ਵਿਚ ਪੁਰਾਣਾ ਸਾਲ ਖ਼ਤਮ ਹੋਣ ਅਤੇ ਨਵਾਂ ਸਾਲ ਸ਼ੁਰੂ ਹੋਣ ’ਤੇ ਲੋਕ ਨੱਚਦੇ-ਗਾਉਂਦੇ ਹਨ, ਪਾਰਟੀਆਂ ਕਰਦੇ ਹਨ, ਸ਼ਰਾਬਾਂ ਪੀਂਦੇ ਹਨ ਅਤੇ ਹੋਰ ਬਦਮਸਤੀਆਂ ਕਰਦੇ ਹਨ।” (ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ, ਮਿਥੋਲੀਜੀ ਐਂਡ ਲੈਜਨਡ) ਇਹੀ ਕਿਤਾਬ ਦੱਸਦੀ ਹੈ ਕਿ ਹੋਰ ਦੇਸ਼ਾਂ ਵਿਚ ਵੀ ‘ਨਵਾਂ ਸਾਲ ਸ਼ੁਰੂ ਹੋਣ ਤੇ ਜਸ਼ਨ ਮਨਾਏ ਜਾਂਦੇ ਹਨ।’ ਪਰ ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਆਓ ਆਪਾਂ ਨੇਕੀ ਨਾਲ ਚੱਲੀਏ, ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਪਾਰਟੀਆਂ ਵਿਚ ਰੰਗਰਲੀਆਂ ਮਨਾਈਏ, ਨਾ ਸ਼ਰਾਬੀ ਹੋਈਏ, ਨਾ ਦੂਜਿਆਂ ਨਾਲ ਨਾਜਾਇਜ਼ ਸਰੀਰਕ ਸੰਬੰਧ ਰੱਖੀਏ, ਨਾ ਬੇਸ਼ਰਮ ਹੋ ਕੇ ਗ਼ਲਤ ਕੰਮ ਕਰੀਏ, ਨਾ ਲੜਾਈ-ਝਗੜਾ ਕਰੀਏ।”​—ਰੋਮੀਆਂ 13:13; 1 ਪਤਰਸ 4:3, 4; ਗਲਾਤੀਆਂ 5:19-21.

ਆਪਣੇ ਵਿਆਹ ਦੇ ਦਿਨ ਨੂੰ ਪਵਿੱਤਰ ਰੱਖੋ

15, 16. (ੳ) ਵਿਆਹ ਕਰਾਉਣ ਵਾਲੇ ਮਸੀਹੀਆਂ ਨੂੰ ਵਿਆਹ ਨਾਲ ਜੁੜੇ ਰੀਤੀ-ਰਿਵਾਜਾਂ ਦੇ ਮਾਮਲੇ ਵਿਚ ਬਾਈਬਲ ਦੇ ਅਸੂਲਾਂ ਉੱਤੇ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ? (ਅ) ਮਸੀਹੀਆਂ ਨੂੰ ਵਿਆਹ ਦੌਰਾਨ ਚੌਲ ਜਾਂ ਕੋਈ ਹੋਰ ਅੰਨ ਦੇ ਦਾਣੇ ਸੁੱਟਣ ਦਾ ਰਿਵਾਜ ਕਿਉਂ ਨਹੀਂ ਕਰਨਾ ਚਾਹੀਦਾ?

15 “[ਮਹਾਂ ਬਾਬਲ] ਵਿਚ ਲਾੜੇ ਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ।” (ਪ੍ਰਕਾਸ਼ ਦੀ ਕਿਤਾਬ 18:23) ਕਿਉਂ? ਕਿਉਂਕਿ ਜਾਦੂਗਰੀ ਦਾ ਗੜ੍ਹ ਹੋਣ ਕਰਕੇ ਮਹਾਂ ਬਾਬਲ ਦਾ ਨਾਮੋ-ਨਿਸ਼ਾਨ ਮਿੱਟ ਜਾਵੇਗਾ। ਜੇ ਕਿਸੇ ਮਸੀਹੀ ਦੇ ਵਿਆਹ ’ਤੇ ਅੰਧ-ਵਿਸ਼ਵਾਸ ਨਾਲ ਜੁੜੇ ਰੀਤੀ-ਰਿਵਾਜ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਹੀ ਗ਼ਲਤ ਹੁੰਦੀ ਹੈ।

16 ਹਰ ਦੇਸ਼ ਵਿਚ ਵਿਆਹ ਦੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ। ਕਈ ਰੀਤੀ-ਰਿਵਾਜ ਸ਼ਾਇਦ ਸਾਨੂੰ ਗ਼ਲਤ ਨਾ ਲੱਗਣ। ਪਰ ਉਨ੍ਹਾਂ ਦਾ ਸੰਬੰਧ ਝੂਠੀਆਂ ਧਾਰਮਿਕ ਸਿੱਖਿਆਵਾਂ ਨਾਲ ਹੋ ਸਕਦਾ ਹੈ ਤੇ ਇਹ ਸ਼ਾਇਦ ਲਾੜੇ-ਲਾੜੀ ਜਾਂ ਮਹਿਮਾਨਾਂ ਨੂੰ ਬੁਰੀਆਂ ਬਲਾਵਾਂ ਤੋਂ ਬਚਾਉਣ ਲਈ ਕੀਤੇ ਜਾਂਦੇ ਹਨ। ਇਕ ਰਿਵਾਜ ਹੈ ਚੌਲ ਜਾਂ ਕੋਈ ਹੋਰ ਅੰਨ ਦੇ ਦਾਣੇ ਸੁੱਟਣੇ। ਲੋਕ ਮੰਨਦੇ ਹਨ ਕਿ ਅਨਾਜ ਨਾਲ ਬੁਰੀਆਂ ਆਤਮਾਵਾਂ ਖ਼ੁਸ਼ ਹੋ ਜਾਂਦੀਆਂ ਹਨ ਅਤੇ ਲਾੜੇ-ਲਾੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ। ਇਸ ਤੋਂ ਇਲਾਵਾ, ਚੌਲ ਜਣਨ-ਸ਼ਕਤੀ, ਖ਼ੁਸ਼ੀ ਅਤੇ ਲੰਬੀ ਉਮਰ ਲਈ ਸ਼ੁੱਭ ਮੰਨੇ ਜਾਂਦੇ ਹਨ। ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਅਜਿਹੇ ਰੀਤੀ-ਰਿਵਾਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ।​—2 ਕੁਰਿੰਥੀਆਂ 6:14-18 ਪੜ੍ਹੋ।

17. ਵਿਆਹ ਦੀਆਂ ਤਿਆਰੀਆਂ ਕਰ ਰਹੇ ਮਸੀਹੀਆਂ ਅਤੇ ਰਸੈਪਸ਼ਨ ਵਿਚ ਆਏ ਮਹਿਮਾਨਾਂ ਨੂੰ ਬਾਈਬਲ ਦੇ ਕਿਹੜੇ ਅਸੂਲ ਯਾਦ ਰੱਖਣੇ ਚਾਹੀਦੇ ਹਨ?

17 ਯਹੋਵਾਹ ਦੇ ਸੇਵਕ ਦੁਨੀਆਂ ਦੇ ਲੋਕਾਂ ਦੀ ਰੀਸ ਕਰਦੇ ਹੋਏ ਵਿਆਹ ਦੇ ਦਿਨ ਜਾਂ ਰਸੈਪਸ਼ਨ ਵੇਲੇ ਇੱਦਾਂ ਦਾ ਕੋਈ ਕੰਮ ਨਹੀਂ ਕਰਦੇ ਜਿਸ ਨਾਲ ਵਿਆਹ ਦੀ ਪਵਿੱਤਰਤਾ ਘਟੇ ਜਾਂ ਕਿਸੇ ਨੂੰ ਠੋਕਰ ਲੱਗੇ। ਮਿਸਾਲ ਲਈ, ਉਹ ਵਿਆਹ ਵਿਚ ਲਾੜਾ-ਲਾੜੀ ਨੂੰ ਜਾਂ ਹੋਰਨਾਂ ਨੂੰ ਸ਼ਰਮਿੰਦਾ ਕਰਨ ਵਾਲੇ ਠੱਠੇ-ਮਸ਼ਕਰੀਆਂ ਜਾਂ ਭੱਦੇ ਮਜ਼ਾਕ ਨਹੀਂ ਕਰਦੇ ਤੇ ਨਾ ਹੀ ਗੰਦੀਆਂ ਬੋਲੀਆਂ ਪਾਉਂਦੇ ਹਨ ਜਾਂ ਲੱਚਰ ਗਾਣੇ ਲਾਉਂਦੇ ਹਨ। (ਕਹਾਉਤਾਂ 26:18, 19; ਲੂਕਾ 6:31; 10:27) ਦਿਖਾਵਾ ਕਰਨ ਲਈ ਉਹ ਵਿਆਹ ਦੀ ਰਸੈਪਸ਼ਨ ’ਤੇ ਪਾਣੀ ਵਾਂਗ ਪੈਸਾ ਨਹੀਂ ਰੋੜਦੇ ਜਾਂ ਬੇਹਿਸਾਬੀ ਸ਼ਰਾਬ ਨਹੀਂ ਵਰਤਾਉਂਦੇ। (1 ਯੂਹੰਨਾ 2:16) ਜੇ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹੋ, ਤਾਂ ਇਹ ਗੱਲ ਕਦੀ ਨਾ ਭੁੱਲੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਹਾਨੂੰ ਆਪਣੇ ਵਿਆਹ ਦੇ ਦਿਨ ਨੂੰ ਯਾਦ ਕਰ ਕੇ ਹਮੇਸ਼ਾ ਖ਼ੁਸ਼ੀ ਹੋਵੇ, ਨਾ ਕਿ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋ। *

ਕਿਸੇ ਦੀ ਸਲਾਮਤੀ ਦਾ ਜਾਮ ਪੀਣਾ​—ਇਕ ਧਾਰਮਿਕ ਰਸਮ

18, 19. ਕਿਸੇ ਦੀ ਸਲਾਮਤੀ ਦਾ ਜਾਮ ਪੀਣ ਦੀ ਰਸਮ ਬਾਰੇ ਇਕ ਕਿਤਾਬ ਕੀ ਕਹਿੰਦੀ ਹੈ ਅਤੇ ਮਸੀਹੀਆਂ ਨੂੰ ਇਸ ਤਰ੍ਹਾਂ ਕਿਉਂ ਨਹੀਂ ਕਰਨਾ ਚਾਹੀਦਾ?

18 ਵਿਆਹਾਂ ਅਤੇ ਹੋਰ ਪਾਰਟੀਆਂ ਵਿਚ ਕਿਸੇ ਦੀ ਸਲਾਮਤੀ ਦਾ ਜਾਮ ਪੀਣ ਜਾਂ ਜਾਮ ਨਾਲ ਜਾਮ ਟਕਰਾਉਣ ਦਾ ਰਿਵਾਜ ਆਮ ਹੈ। ਇਸ ਬਾਰੇ ਇਕ ਕਿਤਾਬ ਕਹਿੰਦੀ ਹੈ: ‘ਲੋਕ ਦੇਵਤਿਆਂ ਨੂੰ ਲਹੂ ਜਾਂ ਸ਼ਰਾਬ ਦਾ ਚੜ੍ਹਾਵਾ ਚੜ੍ਹਾਉਂਦੇ ਸਨ ਤਾਂਕਿ ਦੇਵਤੇ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕਰਨ। ਉਹ “ਜੁਗ-ਜੁਗ ਜੀਓ” ਜਾਂ “ਸਲਾਮਤ ਰਹੋ” ਸ਼ਬਦ ਕਹਿ ਕੇ ਕਿਸੇ ਦੀ ਸਲਾਮਤੀ ਲਈ ਦੁਆ ਕਰਦੇ ਸਨ।’​—ਇੰਟਰਨੈਸ਼ਨਲ ਹੈਂਡਬੁਕ ਆਨ ਅਲਕੋਹੌਲ ਐਂਡ ਕਲਚਰ।

19 ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਕਿਸੇ ਦੀ ਸਲਾਮਤੀ ਦਾ ਜਾਮ ਪੀਣ ਨੂੰ ਕੋਈ ਧਾਰਮਿਕ ਰਸਮ ਜਾਂ ਅੰਧ-ਵਿਸ਼ਵਾਸ ਨਹੀਂ ਮੰਨਦੇ। ਪਰ ਆਪਣੇ ਗਲਾਸ ਉੱਪਰ “ਸਵਰਗ” ਵੱਲ ਚੁੱਕਣ ਦਾ ਮਤਲਬ ਹੋ ਸਕਦਾ ਹੈ ਕਿ ਕਿਸੇ ਅਲੌਕਿਕ ਸ਼ਕਤੀ ਤੋਂ ਬਰਕਤ ਮੰਗਣੀ। ਬਾਈਬਲ ਮੁਤਾਬਕ ਬਰਕਤਾਂ ਪਾਉਣ ਦਾ ਇਹ ਤਰੀਕਾ ਸਹੀ ਨਹੀਂ ਹੈ।​—ਯੂਹੰਨਾ 14:6; 16:23. *

“ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!”

20. ਮਸੀਹੀਆਂ ਨੂੰ ਦੁਨੀਆਂ ਦੇ ਕਿਹੜੇ ਮੇਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਕਿਉਂ?

20 ਕਈ ਦੇਸ਼ਾਂ ਵਿਚ ਹਰ ਸਾਲ ਮੇਲੇ ਲੱਗਦੇ ਹਨ ਜਿਨ੍ਹਾਂ ਦਾ ਧਰਮਾਂ ਨਾਲ ਕੋਈ-ਨਾ-ਕੋਈ ਸੰਬੰਧ ਹੋ ਸਕਦਾ ਹੈ। ਇਨ੍ਹਾਂ ਮੇਲਿਆਂ ਤੋਂ ਦੁਨੀਆਂ ਦੇ ਡਿੱਗ ਰਹੇ ਚਾਲ-ਚਲਣ ਬਾਰੇ ਪਤਾ ਲੱਗਦਾ ਹੈ। ਕਈ ਮੇਲੇ ਸਿਰਫ਼ ਸਮਲਿੰਗੀ ਲੋਕਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਉਹ ਸ਼ਰੇਆਮ ਆਪਣੇ ਤੌਰ-ਤਰੀਕਿਆਂ ਦੀ ਨੁਮਾਇਸ਼ ਕਰਦੇ ਹਨ। ਇਨ੍ਹਾਂ ਵਿਚ ਗੰਦੇ ਨਾਚ ਕੀਤੇ ਜਾਂਦੇ ਹਨ। ਕੀ ਯਹੋਵਾਹ ਦੇ ਪ੍ਰੇਮੀਆਂ ਨੂੰ ਇੱਦਾਂ ਦੇ ਮੇਲਿਆਂ ਵਿਚ ਜਾਣਾ ਚਾਹੀਦਾ ਹੈ? ਜੇ ਉਹ ਅਜਿਹੇ ਮੇਲਿਆਂ ਵਿਚ ਜਾਂਦੇ ਹਨ, ਤਾਂ ਕੀ ਉਹ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਬੁਰਾਈ ਨਾਲ ਦਿਲੋਂ ਘਿਰਣਾ ਹੈ? (ਜ਼ਬੂਰਾਂ ਦੀ ਪੋਥੀ 1:1, 2; 97:10) ਸਾਡਾ ਰਵੱਈਆ ਵੀ ਜ਼ਬੂਰਾਂ ਦੇ ਲਿਖਾਰੀ ਵਰਗਾ ਹੋਣਾ ਚਾਹੀਦਾ ਹੈ ਜਿਸ ਨੇ ਪ੍ਰਾਰਥਨਾ ਕੀਤੀ ਸੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।”​—ਜ਼ਬੂਰਾਂ ਦੀ ਪੋਥੀ 119:37.

21. ਕਿਨ੍ਹਾਂ ਦਿਨ-ਤਿਉਹਾਰਾਂ ਵਿਚ ਹਿੱਸਾ ਲੈਣ ਜਾਂ ਨਾ ਲੈਣ ਬਾਰੇ ਮਸੀਹੀਆਂ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ?

21 ਦਿਨ-ਤਿਉਹਾਰ ’ਤੇ ਮਸੀਹੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਤੋਂ ਹੋਰਨਾਂ ਨੂੰ ਲੱਗੇ ਕਿ ਉਹ ਵੀ ਤਿਉਹਾਰ ਵਿਚ ਹਿੱਸਾ ਲੈ ਰਹੇ ਹਨ। ਪੌਲੁਸ ਨੇ ਕਿਹਾ ਸੀ: “ਤੁਸੀਂ ਚਾਹੇ ਖਾਂਦੇ ਚਾਹੇ ਪੀਂਦੇ ਚਾਹੇ ਕੁਝ ਹੋਰ ਕਰਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।” (1 ਕੁਰਿੰਥੀਆਂ 10:31; “ ਸਹੀ ਫ਼ੈਸਲੇ ਕਰਨੇ” ਨਾਮਕ ਡੱਬੀ ਦੇਖੋ।) ਦੂਜੇ ਪਾਸੇ, ਜੇ ਕਿਸੇ ਰੀਤੀ-ਰਿਵਾਜ ਜਾਂ ਦਿਨ-ਤਿਉਹਾਰ ਦਾ ਕਿਸੇ ਧਰਮ, ਰਾਜਨੀਤੀ ਜਾਂ ਦੇਸ਼ਭਗਤੀ ਨਾਲ ਕੋਈ ਸੰਬੰਧ ਨਾ ਹੋਵੇ ਜਾਂ ਜਿਸ ਨੂੰ ਮਨਾਉਣਾ ਬਾਈਬਲ ਦੇ ਅਸੂਲਾਂ ਦੇ ਉਲਟ ਨਾ ਹੋਵੇ, ਤਾਂ ਹਰ ਮਸੀਹੀ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਇਸ ਵਿਚ ਹਿੱਸਾ ਲਵੇਗਾ ਜਾਂ ਨਹੀਂ। ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਕਰਕੇ ਭੈਣਾਂ-ਭਰਾਵਾਂ ਨੂੰ ਠੋਕਰ ਨਾ ਲੱਗੇ।

ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਰੋ

22, 23. ਅਸੀਂ ਯਹੋਵਾਹ ਦੇ ਉੱਚੇ ਅਸੂਲਾਂ ਬਾਰੇ ਲੋਕਾਂ ਨੂੰ ਕਿਵੇਂ ਦੱਸ ਸਕਦੇ ਹਾਂ?

22 ਕਈ ਲੋਕ ਸੋਚਦੇ ਹਨ ਕਿ ਦਿਨ-ਤਿਉਹਾਰ ’ਤੇ ਸਾਰੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ। ਇਸ ਲਈ ਕਈਆਂ ਨੂੰ ਲੱਗਦਾ ਹੈ ਕਿ ਜੋ ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਇਨ੍ਹਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਹਨ, ਉਹ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਧਰਮੀ ਸਮਝਦੇ ਹਨ ਜਾਂ ਦੂਜਿਆਂ ਨੂੰ ਪਿਆਰ ਨਹੀਂ ਕਰਦੇ। ਅਸੀਂ ਉਨ੍ਹਾਂ ਨੂੰ ਸਮਝਾ ਸਕਦੇ ਹਾਂ ਕਿ ਯਹੋਵਾਹ ਦੇ ਗਵਾਹ ਆਪਣੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਨਾਲ ਸਮਾਂ ਗੁਜ਼ਾਰਨਾ ਪਸੰਦ ਕਰਦੇ ਹਨ। (ਕਹਾਉਤਾਂ 11:25; ਉਪਦੇਸ਼ਕ ਦੀ ਪੋਥੀ 3:12, 13; 2 ਕੁਰਿੰਥੀਆਂ 9:7) ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦਾ ਸਾਥ ਮਾਣਨ ਲਈ ਕਿਸੇ ਖ਼ਾਸ ਦਿਨ ਦਾ ਇੰਤਜ਼ਾਰ ਨਹੀਂ ਕਰਦੇ, ਪਰ ਯਹੋਵਾਹ ਨਾਲ ਪਿਆਰ ਕਰਨ ਕਰਕੇ ਅਸੀਂ ਅਜਿਹੇ ਖ਼ੁਸ਼ੀ ਭਰੇ ਮੌਕਿਆਂ ਨੂੰ ਗ਼ਲਤ ਰੀਤੀ-ਰਿਵਾਜਾਂ ਨਾਲ ਮਲੀਨ ਨਹੀਂ ਕਰਨਾ ਚਾਹੁੰਦੇ।​— “ ਸ਼ੁੱਧ ਭਗਤੀ ਕਰਨ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ” ਨਾਮਕ ਡੱਬੀ ਦੇਖੋ।

23 ਲੋਕਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਲਈ ਕੁਝ ਯਹੋਵਾਹ ਦੇ ਗਵਾਹਾਂ ਨੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ 16ਵੇਂ ਅਧਿਆਇ ਵਿਚ ਦਿੱਤੀ ਜਾਣਕਾਰੀ ਇਸਤੇਮਾਲ ਕੀਤੀ ਹੈ। * ਇਹ ਯਾਦ ਰੱਖੋ ਕਿ ਸਾਡਾ ਟੀਚਾ ਲੋਕਾਂ ਨਾਲ ਬਹਿਸ ਕਰਨੀ ਨਹੀਂ, ਸਗੋਂ ਉਨ੍ਹਾਂ ਦੇ ਦਿਲ ਜਿੱਤਣਾ ਹੈ। ਇਸ ਲਈ ਸਾਨੂੰ ਸਤਿਕਾਰ ਨਾਲ ਸ਼ਾਂਤ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਅਤੇ ‘ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਸਾਨੂੰ ਸਲੀਕੇ ਨਾਲ ਗੱਲ ਕਰਨੀ ਚਾਹੀਦੀ ਹੈ।’​—ਕੁਲੁੱਸੀਆਂ 4:6.

24, 25. ਯਹੋਵਾਹ ਨਾਲ ਪਿਆਰ ਕਰਨ ਅਤੇ ਉਸ ਉੱਤੇ ਨਿਹਚਾ ਕਰਨ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

24 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਕਿਉਂ ਕੁਝ ਦਿਨ-ਤਿਉਹਾਰ ਮਨਾਉਂਦੇ ਹਾਂ ਤੇ ਕੁਝ ਨਹੀਂ। (ਇਬਰਾਨੀਆਂ 5:14) ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰਨਾ ਸਿਖਾਉਣ। ਇਸ ਤਰ੍ਹਾਂ ਕਰ ਕੇ ਤੁਸੀਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰੋਗੇ ਅਤੇ ਉਨ੍ਹਾਂ ਨੂੰ ਯਕੀਨ ਦਿਵਾਓਗੇ ਕਿ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ। ਇਸ ਦੇ ਨਾਲ-ਨਾਲ ਉਹ ਸਿੱਖਣਗੇ ਕਿ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਬਾਈਬਲ ਵਿੱਚੋਂ ਕਿਵੇਂ ਸਮਝਾਉਣਾ ਹੈ।​—ਯਸਾਯਾਹ 48:17, 18; 1 ਪਤਰਸ 3:15.

25 “ਸੱਚਾਈ” ਨਾਲ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਲੋਕ ਦਿਨ-ਤਿਉਹਾਰਾਂ ਤੋਂ ਦੂਰ ਰਹਿਣ ਤੋਂ ਇਲਾਵਾ ਹਰ ਗੱਲ ਵਿਚ ਈਮਾਨਦਾਰ ਰਹਿਣ ਦੀ ਕੋਸ਼ਿਸ਼ ਵੀ ਕਰਦੇ ਹਨ। (ਯੂਹੰਨਾ 4:23) ਅੱਜ ਕਈ ਕਹਿੰਦੇ ਹਨ ਕਿ ਈਮਾਨਦਾਰੀ ਤੋਂ ਕੰਮ ਲੈਣਾ ਬੇਵਕੂਫ਼ੀ ਹੈ। ਪਰ ਜਿਵੇਂ ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ, ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲ ਕੇ ਹਮੇਸ਼ਾ ਸਾਡਾ ਭਲਾ ਹੁੰਦਾ ਹੈ।

^ ਪੈਰਾ 3 ਮੈਂ ਕੀ ਕਰਾਂ—ਦਿਨ-ਤਿਉਹਾਰ ਮਨਾਵਾਂ ਜਾਂ ਨਾ ਮਨਾਵਾਂ?” ਨਾਮਕ ਡੱਬੀ ਦੇਖੋ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਵਾਚ ਟਾਵਰ ਪਬਲੀਕੇਸ਼ਨ ਇੰਡੈਕਸ ਵਿਚ ਕਈ ਦਿਨ-ਤਿਉਹਾਰਾਂ ਦੀ ਸੂਚੀ ਦਿੱਤੀ ਗਈ ਹੈ।

^ ਪੈਰਾ 5 ਬਾਈਬਲ ਵਿਚ ਦੱਸੀਆਂ ਗੱਲਾਂ ਅਤੇ ਇਤਿਹਾਸ ਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਯਿਸੂ ਯਹੂਦੀਆਂ ਦੇ ਕਲੰਡਰ ਮੁਤਾਬਕ ਏਥਾਨੀਮ ਦੇ ਮਹੀਨੇ ਪੈਦਾ ਹੋਇਆ ਸੀ ਜੋ ਸਾਡੇ ਕਲੰਡਰ ਦੇ ਹਿਸਾਬ ਨਾਲ ਸਤੰਬਰ/ਅਕਤੂਬਰ ਦੇ ਮਹੀਨੇ ਆਉਂਦਾ ਹੈ।​—ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਐਨਸਾਈਕਲੋਪੀਡੀਆ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 2, ਸਫ਼ੇ 56-57 ਦੇਖੋ।

^ ਪੈਰਾ 11 ਮੂਸਾ ਦੇ ਕਾਨੂੰਨ ਮੁਤਾਬਕ, ਬੱਚਾ ਹੋਣ ਤੋਂ ਬਾਅਦ ਮਾਂ ਨੂੰ ਯਹੋਵਾਹ ਸਾਮ੍ਹਣੇ ਪਾਪ ਦੀ ਬਲ਼ੀ ਚੜ੍ਹਾਉਣੀ ਪੈਂਦੀ ਸੀ। (ਲੇਵੀਆਂ 12:1-8) ਇਸ ਨਾਲ ਮਾਂ-ਬਾਪ ਨੂੰ ਯਾਦ ਰਹਿੰਦਾ ਸੀ ਕਿ ਉਹ ਆਪਣੇ ਬੱਚੇ ਨੂੰ ਵਿਰਸੇ ਵਿਚ ਪਾਪ ਦੇ ਰਹੇ ਸਨ ਜੋ ਖ਼ੁਸ਼ੀ ਦੀ ਗੱਲ ਨਹੀਂ ਸੀ। ਇਸ ਕਰਕੇ ਉਹ ਦੂਜੇ ਧਰਮਾਂ ਦੇ ਲੋਕਾਂ ਵਾਂਗ ਜਨਮ-ਦਿਨ ਨਹੀਂ ਮਨਾਉਂਦੇ ਸਨ।​—ਜ਼ਬੂਰਾਂ ਦੀ ਪੋਥੀ 51:5.

^ ਪੈਰਾ 17 ਵਿਆਹਾਂ ਅਤੇ ਪਾਰਟੀਆਂ ਬਾਰੇ ਪਹਿਰਾਬੁਰਜ 15 ਅਕਤੂਬਰ 2006 ਸਫ਼ੇ 18-31 ਉੱਤੇ ਦਿੱਤੇ ਤਿੰਨ ਲੇਖ ਦੇਖੋ।

^ ਪੈਰਾ 23 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।