Skip to content

Skip to table of contents

ਅਧਿਆਇ 12

“ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ”

“ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ”

ਪੌਲੁਸ ਅਤੇ ਬਰਨਾਬਾਸ ਨਿਮਰ, ਦ੍ਰਿੜ੍ਹ ਤੇ ਨਿਡਰ ਰਹਿੰਦੇ ਹਨ

ਰਸੂਲਾਂ ਦੇ ਕੰਮ 14:1-28 ਵਿੱਚੋਂ

1, 2. ਲੁਸਤ੍ਰਾ ਵਿਚ ਪੌਲੁਸ ਅਤੇ ਬਰਨਾਬਾਸ ਨਾਲ ਕੀ-ਕੀ ਹੋਇਆ?

 ਲੁਸਤ੍ਰਾ ਵਿਚ ਹਲਚਲ ਮਚੀ ਹੋਈ ਹੈ। ਜਨਮ ਤੋਂ ਲੰਗੜਾ ਇਕ ਆਦਮੀ ਖ਼ੁਸ਼ੀ ਦੇ ਮਾਰੇ ਨੱਚਣ-ਟੱਪਣ ਲੱਗ ਜਾਂਦਾ ਹੈ ਜਦੋਂ ਦੋ ਅਜਨਬੀ ਉਸ ਨੂੰ ਠੀਕ ਕਰ ਦਿੰਦੇ ਹਨ। ਇਹ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ ਅਤੇ ਉਹ ਉਨ੍ਹਾਂ ਦੋਵਾਂ ਨੂੰ ਦੇਵਤੇ ਸਮਝਦੇ ਹਨ। ਜ਼ੂਸ ਦੇਵਤੇ ਦਾ ਪੁਜਾਰੀ ਉਨ੍ਹਾਂ ਲਈ ਫੁੱਲਾਂ ਦਾ ਮੁਕਟ ਲਿਆਉਂਦਾ ਹੈ ਤੇ ਬਲਦਾਂ ਨੂੰ ਝਟਕਾਉਣ ਦੀ ਤਿਆਰੀ ਕਰਦਾ ਹੈ। ਪੌਲੁਸ ਅਤੇ ਬਰਨਾਬਾਸ ਉੱਚੀ ਆਵਾਜ਼ ਵਿਚ ਉਨ੍ਹਾਂ ਨੂੰ ਇਹ ਸਭ ਕਰਨ ਤੋਂ ਰੋਕਦੇ ਹਨ। ਉਹ ਦੋਵੇਂ ਆਪਣੇ ਕੱਪੜੇ ਪਾੜ ਲੈਂਦੇ ਹਨ ਅਤੇ ਭੀੜ ਵਿਚ ਜਾ ਕੇ ਲੋਕਾਂ ਨੂੰ ਮਸਾਂ ਰੋਕਦੇ ਹਨ ਕਿ ਉਹ ਉਨ੍ਹਾਂ ਦੀ ਭਗਤੀ ਨਾ ਕਰਨ।

2 ਫਿਰ ਪਸੀਦੀਆ ਦੇ ਸ਼ਹਿਰ ਅੰਤਾਕੀਆ ਅਤੇ ਇਕੁਨਿਉਮ ਤੋਂ ਵਿਰੋਧ ਕਰਨ ਵਾਲੇ ਯਹੂਦੀ ਆਉਂਦੇ ਹਨ। ਭਰਾਵਾਂ ਨੂੰ ਬਦਨਾਮ ਕਰਨ ਲਈ ਉਹ ਲੁਸਤ੍ਰਾ ਦੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰਦੇ ਹਨ। ਜਿਹੜੀ ਭੀੜ ਪਹਿਲਾਂ ਪੌਲੁਸ ਦੀ ਭਗਤੀ ਕਰਨੀ ਚਾਹੁੰਦੀ ਸੀ, ਉਹੀ ਭੀੜ ਹੁਣ ਉਸ ਦੇ ਖ਼ਿਲਾਫ਼ ਹੋ ਜਾਂਦੀ ਹੈ ਅਤੇ ਪੱਥਰ ਮਾਰ-ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੰਦੀ ਹੈ। ਜਦ ਉਹ ਆਪਣਾ ਸਾਰਾ ਗੁੱਸਾ ਕੱਢ ਲੈਂਦੀ ਹੈ, ਤਾਂ ਉਹ ਪੌਲੁਸ ਨੂੰ ਮਰਿਆ ਸਮਝ ਕੇ ਸ਼ਹਿਰੋਂ ਬਾਹਰ ਘੜੀਸ ਲਿਆਉਂਦੀ ਹੈ।

3. ਅਸੀਂ ਇਸ ਅਧਿਆਇ ਵਿਚ ਕਿਹੜੇ ਸਵਾਲਾਂ ਉੱਤੇ ਗੌਰ ਕਰਾਂਗੇ?

3 ਇਹ ਘਟਨਾਵਾਂ ਕਿਸ ਕਾਰਨ ਹੋਈਆਂ ਸਨ? ਬਰਨਾਬਾਸ, ਪੌਲੁਸ ਅਤੇ ਝੱਟ ਆਪਣਾ ਰੰਗ ਬਦਲਣ ਵਾਲੇ ਲੁਸਤ੍ਰਾ ਦੇ ਲੋਕਾਂ ਨਾਲ ਸੰਬੰਧਿਤ ਘਟਨਾਵਾਂ ਤੋਂ ਅੱਜ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਕੀ ਸਿੱਖ ਸਕਦੇ ਹਨ? ਬਰਨਾਬਾਸ ਅਤੇ ਪੌਲੁਸ ਦੀ ਮਿਸਾਲ ਉੱਤੇ ਅੱਜ ਮਸੀਹੀ ਨਿਗਾਹਬਾਨ ਕਿਵੇਂ ਚੱਲ ਸਕਦੇ ਹਨ ਜੋ ਵਫ਼ਾਦਾਰੀ ਨਾਲ ਪ੍ਰਚਾਰ ਕਰਦੇ ਰਹੇ ਤੇ ‘ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਨਿਡਰ ਹੋ ਕੇ ਗੱਲ ਕਰਦੇ ਰਹੇ’?​—ਰਸੂ. 14:3.

“ਬਹੁਤ ਸਾਰੇ . . . ਨਿਹਚਾ ਕਰਨ ਲੱਗ ਪਏ” (ਰਸੂ. 14:1-7)

4, 5. ਪੌਲੁਸ ਤੇ ਬਰਨਾਬਾਸ ਇਕੁਨਿਉਮ ਕਿਉਂ ਗਏ ਅਤੇ ਉੱਥੇ ਕੀ ਹੋਇਆ?

4 ਕੁਝ ਦਿਨ ਪਹਿਲਾਂ ਪਸੀਦੀਆ ਦੇ ਰੋਮੀ ਸ਼ਹਿਰ ਅੰਤਾਕੀਆ ਵਿਚ ਯਹੂਦੀ ਵਿਰੋਧੀਆਂ ਨੇ ਲੋਕਾਂ ਨੂੰ ਪੌਲੁਸ ਅਤੇ ਬਰਨਾਬਾਸ ਖ਼ਿਲਾਫ਼ ਭੜਕਾਇਆ ਸੀ ਜਿਨ੍ਹਾਂ ਨੇ ਉਨ੍ਹਾਂ ਦੋਵਾਂ ਨੂੰ ਸ਼ਹਿਰੋਂ ਬਾਹਰ ਸੁੱਟ ਦਿੱਤਾ ਸੀ। ਪਰ ਹੌਸਲਾ ਹਾਰਨ ਦੀ ਬਜਾਇ, ਇਨ੍ਹਾਂ ਦੋ ਭਰਾਵਾਂ ਨੇ ਉਸ ਸ਼ਹਿਰ ਵਿਚ ਗੱਲ ਨਾ ਸੁਣਨ ਵਾਲੇ ਲੋਕਾਂ ਨੂੰ ਚੇਤਾਵਨੀ ਦੇਣ ਲਈ “ਆਪਣੇ ਪੈਰਾਂ ਦੀ ਧੂੜ ਝਾੜੀ” ਸੀ। (ਰਸੂ. 13:50-52; ਮੱਤੀ 10:14) ਪੌਲੁਸ ਅਤੇ ਬਰਨਾਬਾਸ ਉੱਥੋਂ ਸ਼ਾਂਤੀ ਨਾਲ ਚਲੇ ਗਏ ਅਤੇ ਉਨ੍ਹਾਂ ਵਿਰੋਧੀਆਂ ਦਾ ਫ਼ੈਸਲਾ ਪਰਮੇਸ਼ੁਰ ਦੇ ਹੱਥਾਂ ਵਿਚ ਛੱਡ ਦਿੱਤਾ। (ਰਸੂ. 18:5, 6; 20:26) ਉਹ ਦੋਵੇਂ ਖ਼ੁਸ਼ੀ-ਖ਼ੁਸ਼ੀ ਆਪਣੇ ਦੌਰੇ ʼਤੇ ਅੱਗੇ ਵਧਦੇ ਰਹੇ। ਉਹ ਲਗਭਗ 150 ਕਿਲੋਮੀਟਰ (ਲਗਭਗ 100 ਮੀਲ) ਤੁਰ ਕੇ ਦੱਖਣ-ਪੂਰਬ ਵੱਲ ਟਾਰਸ ਅਤੇ ਸੁਲਤਾਨ ਪਰਬਤ-ਲੜੀਆਂ ਵਿਚਕਾਰ ਉਚਾਈ ʼਤੇ ਸਥਿਤ ਇਕ ਉਪਜਾਊ ਇਲਾਕੇ ਵਿਚ ਪਹੁੰਚੇ।

5 ਪੌਲੁਸ ਤੇ ਬਰਨਾਬਾਸ ਪਹਿਲਾਂ ਯੂਨਾਨੀ ਸਭਿਆਚਾਰ ਵਾਲੇ ਸ਼ਹਿਰ ਇਕੁਨਿਉਮ ਰੁਕੇ ਜੋ ਰੋਮੀ ਸੂਬੇ ਗਲਾਤੀਆ ਦਾ ਮੁੱਖ ਸ਼ਹਿਰ ਸੀ। a ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਯਹੂਦੀਆਂ ਦਾ ਕਾਫ਼ੀ ਦਬਦਬਾ ਸੀ ਅਤੇ ਇੱਥੇ ਯਹੂਦੀ ਧਰਮ ਅਪਣਾਉਣ ਵਾਲੇ ਬਹੁਤ ਸਾਰੇ ਗ਼ੈਰ-ਯਹੂਦੀ ਲੋਕ ਰਹਿੰਦੇ ਸਨ। ਪੌਲੁਸ ਅਤੇ ਬਰਨਾਬਾਸ ਆਪਣੇ ਦਸਤੂਰ ਅਨੁਸਾਰ ਸਭਾ ਘਰ ਜਾ ਕੇ ਪ੍ਰਚਾਰ ਕਰਨ ਲੱਗ ਪਏ। (ਰਸੂ. 13:5, 14) ਉਨ੍ਹਾਂ ਨੇ “ਇੰਨੇ ਵਧੀਆ ਢੰਗ ਨਾਲ ਗੱਲ ਕੀਤੀ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀ ਨਿਹਚਾ ਕਰਨ ਲੱਗ ਪਏ।”​—ਰਸੂ. 14:1.

6. ਪੌਲੁਸ ਅਤੇ ਬਰਨਾਬਾਸ ਅਸਰਦਾਰ ਸਿੱਖਿਅਕ ਕਿਉਂ ਸਨ ਅਤੇ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

6 ਪੌਲੁਸ ਅਤੇ ਬਰਨਾਬਾਸ ਦੇ ਬੋਲਣ ਦਾ ਢੰਗ ਇੰਨਾ ਅਸਰਦਾਰ ਕਿਉਂ ਸੀ? ਪੌਲੁਸ ਨੂੰ ਧਰਮ-ਗ੍ਰੰਥ ਦਾ ਗਿਆਨ ਸੀ ਅਤੇ ਇਸ ਨੂੰ ਅਕਲਮੰਦੀ ਨਾਲ ਇਸਤੇਮਾਲ ਕਰਨਾ ਜਾਣਦਾ ਸੀ। ਉਸ ਨੇ ਬੜੀ ਕੁਸ਼ਲਤਾ ਨਾਲ ਇਜ਼ਰਾਈਲੀਆਂ ਦੇ ਇਤਿਹਾਸ, ਭਵਿੱਖਬਾਣੀਆਂ ਅਤੇ ਮੂਸਾ ਦੇ ਕਾਨੂੰਨ ਵਿੱਚੋਂ ਹਵਾਲੇ ਦੇ ਕੇ ਸਾਬਤ ਕੀਤਾ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਸੀ। (ਰਸੂ. 13:15-31; 26:22, 23) ਬਰਨਾਬਾਸ ਦੇ ਗੱਲ ਕਰਨ ਦੇ ਤਰੀਕੇ ਤੋਂ ਸਾਫ਼ ਝਲਕਦਾ ਸੀ ਕਿ ਉਹ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਸੀ। (ਰਸੂ. 4:36, 37; 9:27; 11:23, 24) ਦੋਹਾਂ ਵਿੱਚੋਂ ਕਿਸੇ ਨੇ ਵੀ ਆਪਣੀ ਸਮਝ ਦਾ ਸਹਾਰਾ ਨਹੀਂ ਲਿਆ, ਸਗੋਂ “ਯਹੋਵਾਹ ਤੋਂ ਮਿਲੇ ਅਧਿਕਾਰ ਨਾਲ” ਗੱਲ ਕੀਤੀ। ਪ੍ਰਚਾਰ ਕਰਦਿਆਂ ਤੁਸੀਂ ਇਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹੋ? ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਵਾਕਫ਼ ਹੋਵੋ। ਉਹ ਹਵਾਲੇ ਚੁਣੋ ਜੋ ਪ੍ਰਚਾਰ ਦੌਰਾਨ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ। ਲੋਕਾਂ ਨੂੰ ਹੌਸਲਾ ਦਿਓ ਤੇ ਉਨ੍ਹਾਂ ਦੀ ਮਦਦ ਕਰਨ ਦੇ ਤਰੀਕੇ ਭਾਲੋ। ਨਾਲੇ ਆਪਣੀ ਸਮਝ ਦੇ ਸਹਾਰੇ ਸਿੱਖਿਆ ਦੇਣ ਦੀ ਬਜਾਇ, ਹਮੇਸ਼ਾ ਯਹੋਵਾਹ ਦੇ ਬਚਨ ਤੋਂ ਸਿੱਖਿਆ ਦਿਓ।

7. (ੳ) ਖ਼ੁਸ਼ ਖ਼ਬਰੀ ਮੁਤਾਬਕ ਚੱਲਣ ਦੇ ਕਿਹੜੇ ਨਤੀਜੇ ਨਿਕਲਦੇ ਹਨ? (ਅ) ਜੇ ਖ਼ੁਸ਼ ਖ਼ਬਰੀ ਮੁਤਾਬਕ ਚੱਲਣ ਕਰਕੇ ਤੁਹਾਡੇ ਪਰਿਵਾਰ ਵਿਚ ਫੁੱਟ ਪਈ ਹੋਈ ਹੈ, ਤਾਂ ਤੁਹਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

7 ਇਕੁਨਿਉਮ ਦੇ ਸਾਰੇ ਲੋਕ ਪੌਲੁਸ ਅਤੇ ਬਰਨਾਬਾਸ ਦੀਆਂ ਗੱਲਾਂ ਸੁਣ ਕੇ ਖ਼ੁਸ਼ ਨਹੀਂ ਸਨ। ਲੂਕਾ ਦੱਸਦਾ ਹੈ: “ਜਿਨ੍ਹਾਂ ਯਹੂਦੀਆਂ ਨੇ ਨਿਹਚਾ ਨਹੀਂ ਕੀਤੀ ਸੀ, ਉਨ੍ਹਾਂ ਨੇ ਗ਼ੈਰ-ਯਹੂਦੀ ਲੋਕਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਮਨਾਂ ਵਿਚ ਭਰਾਵਾਂ ਦੇ ਖ਼ਿਲਾਫ਼ ਜ਼ਹਿਰ ਭਰ ਦਿੱਤਾ।” ਪੌਲੁਸ ਅਤੇ ਬਰਨਾਬਾਸ ਨੇ ਉੱਥੇ ਰੁਕਣਾ ਜ਼ਰੂਰੀ ਸਮਝਿਆ ਤਾਂਕਿ ਉਹ ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲ ਸਕਣ। ਉਹ ਉੱਥੇ ‘ਕਾਫ਼ੀ ਸਮਾਂ ਰਹੇ ਅਤੇ ਨਿਡਰ ਹੋ ਕੇ ਗੱਲ ਕਰਦੇ ਰਹੇ।’ ਨਤੀਜੇ ਵਜੋਂ, “ਸ਼ਹਿਰ ਦੇ ਬਹੁਤ ਸਾਰੇ ਲੋਕਾਂ ਵਿਚ ਫੁੱਟ ਪੈ ਗਈ; ਕੁਝ ਯਹੂਦੀਆਂ ਵੱਲ ਹੋ ਗਏ ਅਤੇ ਬਾਕੀ ਰਸੂਲਾਂ ਵੱਲ।” (ਰਸੂ. 14:2-4) ਅੱਜ ਵੀ ਖ਼ੁਸ਼ ਖ਼ਬਰੀ ਕਾਰਨ ਇਹੋ ਜਿਹੇ ਨਤੀਜੇ ਨਿਕਲਦੇ ਹਨ, ਜਿਵੇਂ ਕਿ ਇਸ ਕਾਰਨ ਕੁਝ ਲੋਕਾਂ ਵਿਚ ਏਕਤਾ ਹੋ ਜਾਂਦੀ ਹੈ ਅਤੇ ਕਈਆਂ ਵਿਚ ਫੁੱਟ ਪੈ ਜਾਂਦੀ ਹੈ। (ਮੱਤੀ 10:34-36) ਜੇ ਖ਼ੁਸ਼ ਖ਼ਬਰੀ ਮੁਤਾਬਕ ਚੱਲਣ ਕਰਕੇ ਤੁਹਾਡੇ ਪਰਿਵਾਰ ਵਿਚ ਫੁੱਟ ਪਈ ਹੋਈ ਹੈ, ਤਾਂ ਯਾਦ ਰੱਖੋ ਕਿ ਸ਼ਾਇਦ ਉਹ ਇਸ ਲਈ ਤੁਹਾਡਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਬਾਰੇ ਅਫ਼ਵਾਹਾਂ ਜਾਂ ਸਰਾਸਰ ਝੂਠੀਆਂ ਗੱਲਾਂ ਸੁਣੀਆਂ ਹੋਣ। ਤੁਹਾਡਾ ਨੇਕ ਚਾਲ-ਚਲਣ ਉਨ੍ਹਾਂ ਦੇ ਮਨਾਂ ਵਿਚ ਭਰੇ ਜ਼ਹਿਰ ਨੂੰ ਬੇਅਸਰ ਕਰ ਸਕਦਾ ਹੈ ਤੇ ਉਨ੍ਹਾਂ ਵਿਰੋਧੀਆਂ ਦੇ ਦਿਲ ਪਿਘਲ ਸਕਦੇ ਹਨ।​—1 ਪਤ. 2:12; 3:1, 2.

8. ਪੌਲੁਸ ਅਤੇ ਬਰਨਾਬਾਸ ਇਕੁਨਿਉਮ ਛੱਡ ਕੇ ਕਿਉਂ ਚਲੇ ਗਏ ਅਤੇ ਉਨ੍ਹਾਂ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

8 ਕੁਝ ਸਮੇਂ ਬਾਅਦ ਇਕੁਨਿਉਮ ਵਿਚ ਵਿਰੋਧੀਆਂ ਨੇ ਪੌਲੁਸ ਅਤੇ ਬਰਨਾਬਾਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰਨ ਦੀ ਸਾਜ਼ਸ਼ ਘੜੀ। ਇਸ ਸਾਜ਼ਸ਼ ਬਾਰੇ ਪਤਾ ਲੱਗਣ ਤੇ ਇਹ ਕਿਸੇ ਹੋਰ ਇਲਾਕੇ ਵਿਚ ਪ੍ਰਚਾਰ ਕਰਨ ਚਲੇ ਗਏ। (ਰਸੂ. 14:5-7) ਅੱਜ ਰਾਜ ਦਾ ਪ੍ਰਚਾਰ ਕਰਨ ਵਾਲੇ ਵੀ ਇਸੇ ਤਰ੍ਹਾਂ ਸਮਝਦਾਰੀ ਵਰਤਦੇ ਹਨ। ਜਦੋਂ ਲੋਕ ਅਫ਼ਵਾਹਾਂ ਫੈਲਾਉਂਦੇ ਹਨ ਜਾਂ ਬੁਰਾ-ਭਲਾ ਕਹਿੰਦੇ ਹਨ, ਤਾਂ ਅਸੀਂ ਨਿਡਰਤਾ ਨਾਲ ਸੱਚਾਈ ਦੇ ਪੱਖ ਵਿਚ ਗੱਲ ਕਰਦੇ ਹਾਂ। (ਫ਼ਿਲਿ. 1:7; 1 ਪਤ. 3:13-15) ਪਰ ਜਦੋਂ ਸਾਡੇ ਨਾਲ ਕੁੱਟ-ਮਾਰ ਹੋਣ ਦਾ ਡਰ ਹੁੰਦਾ ਹੈ, ਤਾਂ ਅਸੀਂ ਅਜਿਹੀ ਕੋਈ ਬੇਵਕੂਫ਼ੀ ਨਹੀਂ ਕਰਦੇ ਜਿਸ ਨਾਲ ਸਾਡੀ ਜਾਂ ਹੋਰ ਭੈਣਾਂ-ਭਰਾਵਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ।​—ਕਹਾ. 22:3.

“ਜੀਉਂਦੇ ਪਰਮੇਸ਼ੁਰ ਵੱਲ ਮੁੜੋ” (ਰਸੂ. 14:8-19)

9, 10. ਲੁਸਤ੍ਰਾ ਕਿੱਥੇ ਸੀ ਅਤੇ ਉੱਥੇ ਦੇ ਲੋਕਾਂ ਬਾਰੇ ਅਸੀਂ ਕੀ ਜਾਣਦੇ ਹਾਂ?

9 ਪੌਲੁਸ ਅਤੇ ਬਰਨਾਬਾਸ ਰੋਮੀ ਕਲੋਨੀ ਲੁਸਤ੍ਰਾ ਲਈ ਰਵਾਨਾ ਹੋ ਗਏ ਜੋ ਇਕੁਨਿਉਮ ਦੇ ਦੱਖਣ-ਪੱਛਮ ਵੱਲ ਲਗਭਗ 30 ਕਿਲੋਮੀਟਰ (ਲਗਭਗ 20 ਮੀਲ) ਦੂਰ ਹੈ। ਲੁਸਤ੍ਰਾ ਸ਼ਹਿਰ ਕਈ ਗੱਲਾਂ ਵਿਚ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਰਗਾ ਹੀ ਸੀ, ਪਰ ਲੁਸਤ੍ਰਾ ਵਿਚ ਇੰਨੇ ਯਹੂਦੀ ਨਹੀਂ ਸਨ ਜਿੰਨੇ ਅੰਤਾਕੀਆ ਵਿਚ ਸਨ। ਲੁਸਤ੍ਰਾ ਦੇ ਲੋਕ ਯੂਨਾਨੀ ਭਾਸ਼ਾ ਬੋਲਦੇ ਸਨ, ਪਰ ਉਨ੍ਹਾਂ ਦੀ ਮਾਂ-ਬੋਲੀ ਲੁਕਾਉਨੀ ਸੀ। ਇਸ ਸ਼ਹਿਰ ਵਿਚ ਸਭਾ ਘਰ ਨਾ ਹੋਣ ਕਰਕੇ ਪੌਲੁਸ ਅਤੇ ਬਰਨਾਬਾਸ ਨੇ ਕਿਸੇ ਪਬਲਿਕ ਥਾਂ ʼਤੇ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਪੌਲੁਸ ਨੇ ਜਨਮ ਤੋਂ ਲੰਗੜੇ ਆਦਮੀ ਨੂੰ ਠੀਕ ਕੀਤਾ। (ਰਸੂ. 14:8-10) ਯਾਦ ਕਰੋ, ਯਰੂਸ਼ਲਮ ਵਿਚ ਪਤਰਸ ਨੇ ਵੀ ਜਨਮ ਤੋਂ ਲੰਗੜੇ ਆਦਮੀ ਨੂੰ ਠੀਕ ਕੀਤਾ ਸੀ। ਉਦੋਂ ਇਸ ਚਮਤਕਾਰ ਕਾਰਨ ਬਹੁਤ ਸਾਰੇ ਲੋਕ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਸਨ। (ਰਸੂ. 3:1-10) ਪਰ ਪੌਲੁਸ ਦੇ ਇਸ ਚਮਤਕਾਰ ਕਾਰਨ ਲੋਕਾਂ ਨੇ ਬਿਲਕੁਲ ਵੱਖਰਾ ਰਵੱਈਆ ਦਿਖਾਇਆ।

10 ਜਿਵੇਂ ਇਸ ਅਧਿਆਇ ਦੇ ਸ਼ੁਰੂ ਵਿਚ ਦੱਸਿਆ ਗਿਆ ਹੈ, ਜਦੋਂ ਲੁਸਤ੍ਰਾ ਵਿਚ ਲੰਗੜਾ ਆਦਮੀ ਠੀਕ ਹੋ ਕੇ ਨੱਚਣ-ਟੱਪਣ ਲੱਗ ਪਿਆ, ਤਾਂ ਝੂਠੇ ਦੇਵੀ-ਦੇਵਤਿਆਂ ਨੂੰ ਪੂਜਣ ਵਾਲੇ ਲੋਕਾਂ ਨੇ ਤੁਰੰਤ ਗ਼ਲਤ ਸਿੱਟਾ ਕੱਢ ਲਿਆ। ਉਨ੍ਹਾਂ ਨੇ ਸਮਝਿਆ ਕਿ ਬਰਨਾਬਾਸ ਦੇ ਰੂਪ ਵਿਚ ਦੇਵਤਿਆਂ ਦਾ ਰਾਜਾ ਜ਼ੂਸ ਅਤੇ ਪੌਲੁਸ ਦੇ ਰੂਪ ਵਿਚ ਜ਼ੂਸ ਦਾ ਪੁੱਤਰ ਤੇ ਦੇਵਤਿਆਂ ਦਾ ਬੁਲਾਰਾ ਹਰਮੇਸ ਉੱਥੇ ਆਇਆ ਸੀ। (“ ਲੁਸਤ੍ਰਾ ਅਤੇ ਜ਼ੂਸ ਤੇ ਹਰਮੇਸ ਦੇਵਤਿਆਂ ਦਾ ਪੰਥ” ਨਾਂ ਦੀ ਡੱਬੀ ਦੇਖੋ।) ਬਰਨਾਬਾਸ ਅਤੇ ਪੌਲੁਸ ਨੇ ਲੋਕਾਂ ਨੂੰ ਦ੍ਰਿੜ੍ਹਤਾ ਨਾਲ ਸਮਝਾਇਆ ਕਿ ਉਨ੍ਹਾਂ ਨੇ ਜੋ ਕਿਹਾ ਤੇ ਕੀਤਾ, ਉਹ ਉਨ੍ਹਾਂ ਦੇ ਝੂਠੇ ਦੇਵਤਿਆਂ ਦੀ ਤਾਕਤ ਨਾਲ ਨਹੀਂ, ਸਗੋਂ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਦੀ ਤਾਕਤ ਨਾਲ ਕੀਤਾ ਸੀ।​—ਰਸੂ. 14:11-14.

‘ਇਨ੍ਹਾਂ ਵਿਅਰਥ ਚੀਜ਼ਾਂ ਨੂੰ ਛੱਡ ਕੇ ਜੀਉਂਦੇ ਪਰਮੇਸ਼ੁਰ ਵੱਲ ਮੁੜੋ ਜਿਸ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ ਹੈ।’​—ਰਸੂਲਾਂ ਦੇ ਕੰਮ 14:15

11-13. (ੳ) ਪੌਲੁਸ ਅਤੇ ਬਰਨਾਬਾਸ ਨੇ ਲੁਸਤ੍ਰਾ ਦੇ ਲੋਕਾਂ ਨੂੰ ਕੀ ਕਿਹਾ ਸੀ? (ਅ) ਪੌਲੁਸ ਅਤੇ ਬਰਨਾਬਾਸ ਦੇ ਸ਼ਬਦਾਂ ਤੋਂ ਅਸੀਂ ਕਿਹੜੀ ਗੱਲ ਸਿੱਖਦੇ ਹਾਂ?

11 ਲੁਸਤ੍ਰਾ ਵਿਚ ਮਚੀ ਹਲਚਲ ਦੌਰਾਨ ਪੌਲੁਸ ਅਤੇ ਬਰਨਾਬਾਸ ਨੇ ਲੋਕਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਲੂਕਾ ਦੁਆਰਾ ਲਿਖੀ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਹੋਰ ਧਰਮਾਂ ਦੇ ਲੋਕਾਂ ਨੂੰ ਅਸਰਦਾਰ ਤਰੀਕੇ ਨਾਲ ਖ਼ੁਸ਼ ਖ਼ਬਰੀ ਕਿਵੇਂ ਸੁਣਾਉਣੀ ਹੈ। ਧਿਆਨ ਦਿਓ ਕਿ ਪੌਲੁਸ ਅਤੇ ਬਰਨਾਬਾਸ ਨੇ ਲੋਕਾਂ ਨਾਲ ਕਿਵੇਂ ਗੱਲ ਕੀਤੀ: “ਭਰਾਵੋ, ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਾਂਗ ਦੁੱਖ-ਸੁੱਖ ਭੋਗਣ ਵਾਲੇ ਆਮ ਇਨਸਾਨ ਹਾਂ। ਅਸੀਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਤਾਂਕਿ ਤੁਸੀਂ ਇਨ੍ਹਾਂ ਵਿਅਰਥ ਚੀਜ਼ਾਂ ਨੂੰ ਛੱਡ ਕੇ ਜੀਉਂਦੇ ਪਰਮੇਸ਼ੁਰ ਵੱਲ ਮੁੜੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ। ਬੀਤੇ ਸਮੇਂ ਵਿਚ ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਰਾਹ ਚੱਲਣ ਦਿੱਤਾ, ਫਿਰ ਵੀ ਉਹ ਭਲਾਈ ਕਰਦਾ ਰਿਹਾ ਅਤੇ ਇਸ ਤਰ੍ਹਾਂ ਆਪਣੇ ਬਾਰੇ ਗਵਾਹੀ ਦਿੰਦਾ ਰਿਹਾ। ਉਹ ਤੁਹਾਡੇ ਲਈ ਆਕਾਸ਼ੋਂ ਮੀਂਹ ਵਰ੍ਹਾ ਕੇ ਤੇ ਚੰਗੀ ਪੈਦਾਵਾਰ ਵਾਲੀਆਂ ਰੁੱਤਾਂ ਦੇ ਕੇ ਤੁਹਾਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਰਜਾਉਂਦਾ ਰਿਹਾ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰਦਾ ਰਿਹਾ।”​—ਰਸੂ. 14:15-17.

12 ਪੌਲੁਸ ਦੇ ਇਹ ਸ਼ਬਦ ਸਾਨੂੰ ਕੀ ਸੋਚਣ ਲਈ ਮਜਬੂਰ ਕਰਦੇ ਹਨ? ਪਹਿਲੀ ਗੱਲ ਤਾਂ ਇਹ ਹੈ ਕਿ ਪੌਲੁਸ ਤੇ ਬਰਨਾਬਾਸ ਨੇ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨਾਲੋਂ ਵੱਡਾ ਨਹੀਂ ਸਮਝਿਆ ਜਿਨ੍ਹਾਂ ਨਾਲ ਉਹ ਗੱਲ ਕਰ ਰਹੇ ਸਨ। ਉਨ੍ਹਾਂ ਨੇ ਦੇਵਤੇ ਹੋਣ ਦਾ ਦਿਖਾਵਾ ਨਹੀਂ ਕੀਤਾ। ਇਸ ਦੀ ਬਜਾਇ, ਉਨ੍ਹਾਂ ਨੇ ਨਿਮਰਤਾ ਨਾਲ ਮੰਨਿਆ ਕਿ ਉਹ ਵੀ ਉਨ੍ਹਾਂ ਲੋਕਾਂ ਵਾਂਗ ਦੁੱਖ-ਸੁੱਖ ਭੋਗਣ ਵਾਲੇ ਇਨਸਾਨ ਹੀ ਸਨ। ਉਨ੍ਹਾਂ ਨੇ ਫੜ੍ਹਾਂ ਨਹੀਂ ਮਾਰੀਆਂ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ ਸੀ ਅਤੇ ਉਹ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋ ਗਏ ਸਨ। ਨਾਲੇ ਉਨ੍ਹਾਂ ਕੋਲ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਦੀ ਉਮੀਦ ਵੀ ਸੀ। ਪਰ ਉਨ੍ਹਾਂ ਨੂੰ ਪਤਾ ਸੀ ਕਿ ਮਸੀਹ ਦਾ ਕਹਿਣਾ ਮੰਨ ਕੇ ਲੁਸਤ੍ਰਾ ਦੇ ਲੋਕਾਂ ਨੂੰ ਵੀ ਇਹ ਦਾਤਾਂ ਮਿਲ ਸਕਦੀਆਂ ਸਨ।

13 ਅਸੀਂ ਜਿਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ, ਉਨ੍ਹਾਂ ਪ੍ਰਤੀ ਸਾਡਾ ਕੀ ਰਵੱਈਆ ਹੈ? ਕੀ ਅਸੀਂ ਉਨ੍ਹਾਂ ਨੂੰ ਆਪਣੇ ਬਰਾਬਰ ਸਮਝਦੇ ਹਾਂ? ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਸੱਚਾਈਆਂ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਕੀ ਅਸੀਂ ਪੌਲੁਸ ਅਤੇ ਬਰਨਾਬਾਸ ਵਾਂਗ ਆਪਣੀ ਵਾਹ-ਵਾਹ ਕਰਾਉਣ ਤੋਂ ਪਰਹੇਜ਼ ਕਰਦੇ ਹਾਂ? ਇਸ ਮਾਮਲੇ ਵਿਚ ਮਾਹਰ ਸਿੱਖਿਅਕ ਚਾਰਲਜ਼ ਟੇਜ਼ ਰਸਲ ਨੇ ਵਧੀਆ ਮਿਸਾਲ ਕਾਇਮ ਕੀਤੀ ਜਿਸ ਨੇ 19ਵੀਂ ਸਦੀ ਦੇ ਅਖ਼ੀਰਲੇ ਸਾਲਾਂ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਪ੍ਰਚਾਰ ਦੇ ਕੰਮ ਵਿਚ ਅਗਵਾਈ ਕੀਤੀ ਸੀ। ਉਸ ਨੇ ਲਿਖਿਆ ਸੀ: “ਅਸੀਂ ਨਹੀਂ ਚਾਹੁੰਦੇ ਕਿ ਲੋਕ ਸ਼ਰਧਾ ਨਾਲ ਸਾਡੇ ਅੱਗੇ ਸਿਰ ਝੁਕਾਉਣ ਜਾਂ ਸਾਡੀਆਂ ਲਿਖਤਾਂ ਲਈ ਸ਼ਰਧਾ ਦਿਖਾਉਣ ਤੇ ਨਾ ਹੀ ਅਸੀਂ ਆਪਣੇ ਆਪ ਨੂੰ ਪਾਦਰੀ ਜਾਂ ਰੱਬੀ [ਯਹੂਦੀ ਧਾਰਮਿਕ ਗੁਰੂ] ਕਹਾਉਣਾ ਚਾਹੁੰਦੇ ਹਾਂ।” ਭਰਾ ਰਸਲ ਨੇ ਪੌਲੁਸ ਅਤੇ ਬਰਨਾਬਾਸ ਵਾਂਗ ਨਿਮਰਤਾ ਦਿਖਾਈ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਸਾਡਾ ਮਕਸਦ ਆਪਣੀ ਵਡਿਆਈ ਕਰਾਉਣਾ ਨਹੀਂ, ਸਗੋਂ ਲੋਕਾਂ ਦੀ ਮਦਦ ਕਰਨਾ ਹੈ ਤਾਂਕਿ ਉਹ “ਜੀਉਂਦੇ ਪਰਮੇਸ਼ੁਰ” ਵੱਲ ਮੁੜਨ।

14-16. ਲੁਸਤ੍ਰਾ ਦੇ ਲੋਕਾਂ ਨੂੰ ਕਹੇ ਪੌਲੁਸ ਅਤੇ ਬਰਨਾਬਾਸ ਦੇ ਸ਼ਬਦਾਂ ਤੋਂ ਅਸੀਂ ਕਿਹੜੀ ਦੂਜੀ ਅਤੇ ਤੀਜੀ ਗੱਲ ਸਿੱਖ ਸਕਦੇ ਹਾਂ?

14 ਧਿਆਨ ਦਿਓ ਕਿ ਅਸੀਂ ਉਨ੍ਹਾਂ ਦੇ ਲਫ਼ਜ਼ਾਂ ਤੋਂ ਕਿਹੜੀ ਦੂਜੀ ਗੱਲ ਸਿੱਖ ਸਕਦੇ ਹਾਂ। ਪੌਲੁਸ ਅਤੇ ਬਰਨਾਬਾਸ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਗੱਲ ਕਰਦੇ ਸਨ। ਇਕੁਨਿਉਮ ਦੇ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਤੋਂ ਉਲਟ, ਲੁਸਤ੍ਰਾ ਦੇ ਲੋਕਾਂ ਨੂੰ ਧਰਮ-ਗ੍ਰੰਥ ਜਾਂ ਇਜ਼ਰਾਈਲੀਆਂ ਦੇ ਪਰਮੇਸ਼ੁਰ ਨਾਲ ਰਿਸ਼ਤੇ ਬਾਰੇ ਸ਼ਾਇਦ ਕੋਈ ਜਾਣਕਾਰੀ ਨਹੀਂ ਸੀ ਜਾਂ ਫਿਰ ਮਾੜੀ-ਮੋਟੀ ਹੀ ਸੀ। ਪੌਲੁਸ ਅਤੇ ਬਰਨਾਬਾਸ ਨੇ ਧਿਆਨ ਦਿੱਤਾ ਹੋਣਾ ਕਿ ਉਹ ਲੋਕ ਖੇਤੀਬਾੜੀ ਕਰਦੇ ਸਨ। ਲੁਸਤ੍ਰਾ ਦਾ ਮੌਸਮ ਖ਼ੁਸ਼ਗਵਾਰ ਸੀ ਅਤੇ ਖੇਤ ਉਪਜਾਊ ਸਨ। ਇਸ ਕਰਕੇ ਉਹ ਭਰਪੂਰ ਫ਼ਸਲਾਂ ਤੇ ਹੋਰ ਕਈ ਚੀਜ਼ਾਂ ਤੋਂ ਪਰਮੇਸ਼ੁਰ ਦੇ ਗੁਣਾਂ ਦਾ ਸਬੂਤ ਦੇਖ ਸਕਦੇ ਸਨ। ਉਨ੍ਹਾਂ ਨੇ ਇਸ ਜਾਣਕਾਰੀ ਨੂੰ ਵਰਤ ਕੇ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ।​—ਰੋਮੀ. 1:19, 20.

15 ਕੀ ਅਸੀਂ ਉਨ੍ਹਾਂ ਵਾਂਗ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਗੱਲ ਕਰ ਸਕਦੇ ਹਾਂ? ਭਾਵੇਂ ਕਿ ਕਿਸਾਨ ਆਪਣੇ ਕਈ ਖੇਤਾਂ ਵਿਚ ਇੱਕੋ ਤਰ੍ਹਾਂ ਦਾ ਬੀ ਬੀਜਦਾ ਹੈ, ਪਰ ਹਰ ਖੇਤ ਨੂੰ ਤਿਆਰ ਕਰਨ ਲਈ ਵੱਖੋ-ਵੱਖਰੇ ਤਰੀਕੇ ਵਰਤਣ ਦੀ ਲੋੜ ਹੁੰਦੀ ਹੈ। ਇਕ ਖੇਤ ਦੀ ਮਿੱਟੀ ਸ਼ਾਇਦ ਨਰਮ ਹੋਵੇ ਜਿਸ ਵਿਚ ਬੀ ਤੁਰੰਤ ਬੀਜਿਆ ਜਾ ਸਕਦਾ ਹੈ। ਦੂਸਰੇ ਖੇਤ ਦੀ ਮਿੱਟੀ ਨੂੰ ਸ਼ਾਇਦ ਨਰਮ ਕਰਨ ਦੀ ਲੋੜ ਹੋਵੇ। ਇਸੇ ਤਰ੍ਹਾਂ ਅਸੀਂ ਵੀ ਹਮੇਸ਼ਾ ਇੱਕੋ ਤਰ੍ਹਾਂ ਦਾ ਬੀ ਬੀਜਦੇ ਹਾਂ ਯਾਨੀ ਪਰਮੇਸ਼ੁਰ ਦੇ ਬਚਨ ਵਿਚ ਪਾਇਆ ਜਾਂਦਾ ਰਾਜ ਦਾ ਸੰਦੇਸ਼। ਪਰ ਪੌਲੁਸ ਅਤੇ ਬਰਨਾਬਾਸ ਵਾਂਗ ਅਸੀਂ ਵੀ ਲੋਕਾਂ ਦੇ ਹਾਲਾਤਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਧਰਮ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਅਸੀਂ ਇਸ ਜਾਣਕਾਰੀ ਨੂੰ ਵਰਤ ਕੇ ਲੋਕਾਂ ਨੂੰ ਵਧੀਆ ਢੰਗ ਨਾਲ ਰਾਜ ਦਾ ਸੰਦੇਸ਼ ਸੁਣਾਉਂਦੇ ਹਾਂ।​—ਲੂਕਾ 8:11, 15.

16 ਪੌਲੁਸ, ਬਰਨਬਾਸ ਅਤੇ ਲੁਸਤ੍ਰਾ ਦੇ ਲੋਕਾਂ ਸੰਬੰਧੀ ਇਸ ਜਾਣਕਾਰੀ ਤੋਂ ਅਸੀਂ ਕਿਹੜੀ ਤੀਜੀ ਗੱਲ ਸਿੱਖ ਸਕਦੇ ਹਾਂ? ਕਈ ਵਾਰ ਸਾਡੇ ਸਖ਼ਤ ਜਤਨਾਂ ਦੇ ਬਾਵਜੂਦ ਸ਼ੈਤਾਨ ਲੋਕਾਂ ਦੇ ਦਿਲਾਂ ਵਿੱਚੋਂ ਸੰਦੇਸ਼ ਦਾ ਬੀ ਕੱਢ ਕੇ ਲੈ ਜਾਂਦਾ ਹੈ ਜਾਂ ਇਹ ਪਥਰੀਲੀ ਜ਼ਮੀਨ ਉੱਤੇ ਡਿਗ ਜਾਂਦਾ ਹੈ। (ਮੱਤੀ 13:18-21) ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਨਿਰਾਸ਼ ਨਾ ਹੋਵੋ। ਜਿਵੇਂ ਪੌਲੁਸ ਨੇ ਬਾਅਦ ਵਿਚ ਰੋਮ ਦੇ ਚੇਲਿਆਂ ਨੂੰ ਯਾਦ ਕਰਾਇਆ ਸੀ, “ਅਸੀਂ ਸਾਰੇ [ਉਹ ਵੀ ਜਿਨ੍ਹਾਂ ਨਾਲ ਅਸੀਂ ਪਰਮੇਸ਼ੁਰ ਦੇ ਬਚਨ ਬਾਰੇ ਚਰਚਾ ਕਰਦੇ ਹਾਂ] ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ ਦਿਆਂਗੇ।”​—ਰੋਮੀ. 14:12.

“ਉਨ੍ਹਾਂ ਨੂੰ ਯਹੋਵਾਹ ਦੇ ਹੱਥ ਸੌਂਪ ਦਿੱਤਾ” (ਰਸੂ. 14:20-28)

17. ਦਰਬੇ ਤੋਂ ਬਾਅਦ ਪੌਲੁਸ ਅਤੇ ਬਰਨਾਬਾਸ ਕਿੱਥੇ ਗਏ ਅਤੇ ਕਿਉਂ?

17 ਜਦੋਂ ਪੌਲੁਸ ਨੂੰ ਮਰਿਆ ਸਮਝ ਕੇ ਲੁਸਤ੍ਰਾ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ ਗਿਆ, ਤਾਂ ਚੇਲਿਆਂ ਦੇ ਆਉਣ ਤੋਂ ਬਾਅਦ ਉਹ ਉੱਠ ਖੜ੍ਹਾ ਹੋਇਆ ਅਤੇ ਰਾਤ ਉਸ ਸ਼ਹਿਰ ਵਿਚ ਕੱਟੀ। ਅਗਲੇ ਦਿਨ ਪੌਲੁਸ ਤੇ ਬਰਨਾਬਾਸ 100 ਕਿਲੋਮੀਟਰ (60 ਮੀਲ) ਤੁਰ ਕੇ ਦਰਬੇ ਸ਼ਹਿਰ ਨੂੰ ਚਲੇ ਗਏ। ਇਹ ਸਫ਼ਰ ਕਰਨਾ ਪੌਲੁਸ ਲਈ ਬਹੁਤ ਔਖਾ ਸੀ ਕਿਉਂਕਿ ਕੁਝ ਹੀ ਘੰਟੇ ਪਹਿਲਾਂ ਉਸ ਨੂੰ ਪੱਥਰ ਮਾਰੇ ਗਏ ਸਨ। ਅਸੀਂ ਸਮਝ ਸਕਦੇ ਹਾਂ ਕਿ ਸਫ਼ਰ ਦੌਰਾਨ ਉਸ ਦੇ ਕਿੰਨੀਆਂ ਚੀਸਾਂ ਪੈਂਦੀਆਂ ਹੋਣੀਆਂ। ਫਿਰ ਵੀ ਪੌਲੁਸ ਅਤੇ ਬਰਨਾਬਾਸ ਦ੍ਰਿੜ੍ਹ ਰਹੇ ਅਤੇ ਦਰਬੇ ਪਹੁੰਚ ਕੇ ਉਨ੍ਹਾਂ ਨੇ ‘ਬਹੁਤ ਸਾਰੇ ਚੇਲੇ ਬਣਾਏ।’ ਉੱਥੋਂ ਉਹ ਛੋਟੇ ਰਸਤਿਓਂ ਸੀਰੀਆ ਦੇ ਸ਼ਹਿਰ ਅੰਤਾਕੀਆ ਵਾਪਸ ਨਹੀਂ ਗਏ ਜਿੱਥੋਂ ਉਨ੍ਹਾਂ ਨੇ ਆਪਣਾ ਦੌਰਾ ਸ਼ੁਰੂ ਕੀਤਾ ਸੀ। ਇਸ ਦੀ ਬਜਾਇ, ਉਹ “ਲੁਸਤ੍ਰਾ, ਇਕੁਨਿਉਮ ਤੇ [ਪਸੀਦੀਆ ਦੇ ਸ਼ਹਿਰ] ਅੰਤਾਕੀਆ ਨੂੰ ਮੁੜ ਆਏ।” ਕਿਉਂ? ‘ਚੇਲਿਆਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ ਦੀ ਹੱਲਾਸ਼ੇਰੀ ਦੇਣ’ ਲਈ। (ਰਸੂ. 14:20-22) ਇਨ੍ਹਾਂ ਦੋਵਾਂ ਭਰਾਵਾਂ ਨੇ ਕਿੰਨੀ ਸ਼ਾਨਦਾਰ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਆਪਣੇ ਆਰਾਮ ਬਾਰੇ ਨਹੀਂ ਸੋਚਿਆ, ਸਗੋਂ ਉਨ੍ਹਾਂ ਨੂੰ ਮੰਡਲੀ ਦਾ ਜ਼ਿਆਦਾ ਫ਼ਿਕਰ ਸੀ। ਅੱਜ ਵੀ ਸਰਕਟ ਓਵਰਸੀਅਰ ਅਤੇ ਮਿਸ਼ਨਰੀ ਉਨ੍ਹਾਂ ਦੀ ਮਿਸਾਲ ʼਤੇ ਚੱਲਦੇ ਹਨ।

18. ਬਜ਼ੁਰਗਾਂ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ?

18 ਆਪਣੀਆਂ ਗੱਲਾਂ ਅਤੇ ਮਿਸਾਲ ਦੁਆਰਾ ਚੇਲਿਆਂ ਨੂੰ ਹੌਸਲਾ ਦੇਣ ਤੋਂ ਇਲਾਵਾ ਪੌਲੁਸ ਅਤੇ ਬਰਨਾਬਾਸ ਨੇ “ਹਰ ਮੰਡਲੀ ਵਿਚ ਉਨ੍ਹਾਂ ਲਈ ਬਜ਼ੁਰਗ ਨਿਯੁਕਤ ਕੀਤੇ।” ਭਾਵੇਂ ਉਨ੍ਹਾਂ ਦੋਵਾਂ ਨੂੰ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਖ਼ਾਸ ਕੰਮ ਲਈ ਚੁਣਿਆ ਗਿਆ ਸੀ, ਫਿਰ ਵੀ ਉਨ੍ਹਾਂ ਨੇ ‘ਬਜ਼ੁਰਗਾਂ ਨੂੰ ਯਹੋਵਾਹ ਦੇ ਹੱਥ ਸੌਂਪਣ’ ਵੇਲੇ ਪ੍ਰਾਰਥਨਾ ਕੀਤੀ ਅਤੇ ਵਰਤ ਰੱਖਿਆ। (ਰਸੂ. 13:1-4; 14:23) ਅੱਜ ਵੀ ਕਿਸੇ ਭਰਾ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਬਜ਼ੁਰਗਾਂ ਦਾ ਸਮੂਹ ਪ੍ਰਾਰਥਨਾ ਕਰਦਾ ਹੈ ਅਤੇ ਦੇਖਦਾ ਹੈ ਕਿ ਉਹ ਭਰਾ ਬਾਈਬਲ ਦੀਆਂ ਮੰਗਾਂ ʼਤੇ ਖਰਾ ਉਤਰਦਾ ਹੈ ਜਾਂ ਨਹੀਂ। (1 ਤਿਮੋ. 3:1-10, 12, 13; ਤੀਤੁ. 1:5-9; ਯਾਕੂ. 3:17, 18; 1 ਪਤ. 5:2, 3) ਉਸ ਵੇਲੇ ਇਹ ਨਹੀਂ ਦੇਖਿਆ ਜਾਂਦਾ ਕਿ ਉਹ ਕਿੰਨੇ ਸਮੇਂ ਤੋਂ ਸੱਚਾਈ ਵਿਚ ਹੈ। ਇਸ ਦੀ ਬਜਾਇ, ਉਸ ਦੀ ਬੋਲੀ, ਚਾਲ-ਚਲਣ ਅਤੇ ਉਸ ਬਾਰੇ ਮੰਡਲੀ ਦੀ ਰਾਇ ਨੂੰ ਦੇਖਿਆ ਜਾਂਦਾ ਹੈ। ਇਨ੍ਹਾਂ ਗੱਲਾਂ ਤੋਂ ਸਬੂਤ ਮਿਲਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਪਵਿੱਤਰ ਸ਼ਕਤੀ ਮੁਤਾਬਕ ਕਿੰਨਾ ਕੁ ਚੱਲਦਾ ਹੈ। ਬਾਈਬਲ ਵਿਚ ਨਿਗਾਹਬਾਨਾਂ ਲਈ ਦੱਸੀਆਂ ਮੰਗਾਂ ਦੇ ਆਧਾਰ ʼਤੇ ਦੇਖਿਆ ਜਾਂਦਾ ਹੈ ਕਿ ਉਹ ਭਰਾ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਦੇ ਕਾਬਲ ਹੈ ਜਾਂ ਨਹੀਂ। (ਗਲਾ. 5:22, 23) ਇਨ੍ਹਾਂ ਭਰਾਵਾਂ ਨੂੰ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਸਰਕਟ ਓਵਰਸੀਅਰ ਦੀ ਹੈ।​—1 ਤਿਮੋਥਿਉਸ 5:22 ਵਿਚ ਨੁਕਤਾ ਦੇਖੋ।

19. ਬਜ਼ੁਰਗਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਸੰਬੰਧ ਵਿਚ ਕਿਹੜੀ ਗੱਲ ਦਾ ਅਹਿਸਾਸ ਹੈ ਅਤੇ ਉਹ ਪੌਲੁਸ ਤੇ ਬਰਨਾਬਾਸ ਦੀ ਮਿਸਾਲ ਉੱਤੇ ਕਿਵੇਂ ਚੱਲਦੇ ਹਨ?

19 ਬਜ਼ੁਰਗ ਜਾਣਦੇ ਹਨ ਕਿ ਉਹ ਮੰਡਲੀ ਨਾਲ ਜਿਸ ਤਰ੍ਹਾਂ ਪੇਸ਼ ਆਉਂਦੇ ਹਨ, ਉਸ ਲਈ ਉਹ ਯਹੋਵਾਹ ਨੂੰ ਜਵਾਬਦੇਹ ਹਨ। (ਇਬ. 13:17) ਪੌਲੁਸ ਅਤੇ ਬਰਨਾਬਾਸ ਵਾਂਗ ਬਜ਼ੁਰਗ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਦੇ ਹਨ। ਉਹ ਆਪਣੀਆਂ ਗੱਲਾਂ ਨਾਲ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦੇ ਹਨ। ਨਾਲੇ ਉਹ ਆਪਣੇ ਆਰਾਮ ਬਾਰੇ ਸੋਚਣ ਦੀ ਬਜਾਇ ਮੰਡਲੀ ਦੀ ਜ਼ਿਆਦਾ ਪਰਵਾਹ ਕਰਦੇ ਹਨ।​—ਫ਼ਿਲਿ. 2:3, 4.

20. ਪੌਲੁਸ ਅਤੇ ਬਰਨਾਬਾਸ ਦੇ ਵਫ਼ਾਦਾਰੀ ਨਾਲ ਕੀਤੇ ਕੰਮਾਂ ਬਾਰੇ ਪੜ੍ਹ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

20 ਜਦੋਂ ਪੌਲੁਸ ਅਤੇ ਬਰਨਾਬਾਸ ਸੀਰੀਆ ਦੇ ਸ਼ਹਿਰ ਅੰਤਾਕੀਆ ਵਾਪਸ ਪਹੁੰਚ ਗਏ ਜਿੱਥੋਂ ਉਨ੍ਹਾਂ ਨੇ ਆਪਣਾ ਦੌਰਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੇ ਦੱਸਿਆ ਕਿ “ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਕੀ-ਕੀ ਕੀਤਾ ਸੀ ਅਤੇ ਉਸ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਵੀ ਨਿਹਚਾ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ।” (ਰਸੂ. 14:27) ਜਦੋਂ ਅਸੀਂ ਪੌਲੁਸ ਅਤੇ ਬਰਨਾਬਾਸ ਦੇ ਵਫ਼ਾਦਾਰੀ ਨਾਲ ਕੀਤੇ ਕੰਮਾਂ ਬਾਰੇ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਕਿ ਯਹੋਵਾਹ ਨੇ ਉਨ੍ਹਾਂ ਦੀ ਮਿਹਨਤ ʼਤੇ ਕਿੰਨੀ ਬਰਕਤ ਪਾਈ ਸੀ, ਤਾਂ ਸਾਨੂੰ ਵੀ “ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਨਿਡਰ ਹੋ ਕੇ ਗੱਲ ਕਰਦੇ” ਰਹਿਣ ਦਾ ਹੌਸਲਾ ਮਿਲਦਾ ਹੈ।