Skip to content

Skip to table of contents

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪ੍ਰਬੰਧਕ ਸਭਾ ਵੱਲੋਂ ਚਿੱਠੀ

ਰਾਜ ਦੇ ਪ੍ਰਚਾਰਕੋ:

ਕਲਪਨਾ ਕਰੋ ਕਿ ਤੁਸੀਂ ਮਸੀਹ ਦੇ ਇਕ ਰਸੂਲ ਹੋ ਅਤੇ ਜ਼ੈਤੂਨ ਪਹਾੜ ਉੱਤੇ ਖੜ੍ਹੇ ਹੋ। ਯਿਸੂ ਤੁਹਾਡੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਸਵਰਗ ਜਾਣ ਤੋਂ ਪਹਿਲਾਂ ਉਹ ਕਹਿੰਦਾ ਹੈ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਤੁਸੀਂ ਕਿਵੇਂ ਮਹਿਸੂਸ ਕਰੋਗੇ?

ਸ਼ਾਇਦ ਤੁਹਾਨੂੰ ਇਹ ਕੰਮ ਬਹੁਤ ਜ਼ਿਆਦਾ ਲੱਗੇ। ਤੁਸੀਂ ਸ਼ਾਇਦ ਆਪਣੇ ਮਨ ਵਿਚ ਕਹੋ: ‘ਅਸੀਂ ਮੁੱਠੀ ਭਰ ਚੇਲੇ “ਧਰਤੀ ਦੇ ਕੋਨੇ-ਕੋਨੇ ਵਿਚ” ਕਿਵੇਂ ਗਵਾਹੀ ਦੇ ਸਕਾਂਗੇ?’ ਤੁਹਾਨੂੰ ਸ਼ਾਇਦ ਯਿਸੂ ਦੀ ਚੇਤਾਵਨੀ ਯਾਦ ਆਵੇ ਜੋ ਉਸ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਦਿੱਤੀ ਸੀ: “ਗ਼ੁਲਾਮ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ; ਜੇ ਉਨ੍ਹਾਂ ਨੇ ਮੇਰੀ ਗੱਲ ਮੰਨੀ ਹੈ, ਤਾਂ ਉਹ ਤੁਹਾਡੀ ਗੱਲ ਵੀ ਮੰਨਣਗੇ। ਮੇਰੇ ਚੇਲੇ ਹੋਣ ਕਰਕੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਗੇ ਕਿਉਂਕਿ ਉਹ ਮੇਰੇ ਘੱਲਣ ਵਾਲੇ ਨੂੰ ਨਹੀਂ ਜਾਣਦੇ।” (ਯੂਹੰ. 15:20, 21) ਇਨ੍ਹਾਂ ਸ਼ਬਦਾਂ ʼਤੇ ਗੌਰ ਕਰਦਿਆਂ ਤੁਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੋ, ‘ਮੈਂ ਵਿਰੋਧ ਅਤੇ ਅਤਿਆਚਾਰ ਸਹਿੰਦਿਆਂ ਕਿਵੇਂ ਚੰਗੀ ਤਰ੍ਹਾਂ ਗਵਾਹੀ ਦੇ ਸਕਦਾ ਹਾਂ?’

ਅੱਜ ਸਾਡੇ ਸਾਮ੍ਹਣੇ ਵੀ ਇਹ ਸਵਾਲ ਖੜ੍ਹੇ ਹਨ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ “ਧਰਤੀ ਦੇ ਕੋਨੇ-ਕੋਨੇ ਵਿਚ” ਜਾ ਕੇ “ਸਾਰੀਆਂ ਕੌਮਾਂ ਦੇ ਲੋਕਾਂ ਨੂੰ” ਚੰਗੀ ਤਰ੍ਹਾਂ ਗਵਾਹੀ ਦੇਈਏ। (ਮੱਤੀ 28:19, 20) ਇਹ ਕੰਮ ਕਿਵੇਂ ਕੀਤਾ ਜਾ ਸਕਦਾ ਹੈ, ਖ਼ਾਸ ਤੌਰ ਤੇ ਵਿਰੋਧ ਦੇ ਬਾਵਜੂਦ?

ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਪਹਿਲੀ ਸਦੀ ਵਿਚ ਰਸੂਲਾਂ ਅਤੇ ਉਨ੍ਹਾਂ ਦੇ ਨਾਲ ਹੋਰ ਮਸੀਹੀਆਂ ਨੇ ਕਿਵੇਂ ਯਹੋਵਾਹ ਦੀ ਮਦਦ ਨਾਲ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਸੀ। ਇਹ ਕਿਤਾਬ ਜੋ ਤੁਸੀਂ ਹੁਣ ਪੜ੍ਹ ਰਹੇ ਹੋ, ਰਸੂਲਾਂ ਦੇ ਕੰਮ ਵਿਚ ਦਰਜ ਘਟਨਾਵਾਂ ਦੀ ਜਾਂਚ ਕਰਨ ਵਿਚ ਮਦਦ ਕਰੇਗੀ ਅਤੇ ਤੁਹਾਨੂੰ ਇਨ੍ਹਾਂ ਬਾਰੇ ਪੜ੍ਹ ਕੇ ਮਜ਼ਾ ਆਵੇਗਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਸੇਵਕਾਂ ਅਤੇ ਅੱਜ ਉਸ ਦੇ ਲੋਕਾਂ ਵਿਚ ਕਈ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਤੁਸੀਂ ਦੇਖੋਗੇ ਕਿ ਸਾਡੇ ਪ੍ਰਚਾਰ ਕਰਨ ਦੇ ਤਰੀਕੇ ਵੀ ਉਨ੍ਹਾਂ ਵਰਗੇ ਹੀ ਹਨ। ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰ ਕੇ ਤੁਹਾਡਾ ਭਰੋਸਾ ਵਧੇਗਾ ਕਿ ਯਹੋਵਾਹ ਪਰਮੇਸ਼ੁਰ ਆਪਣੇ ਸੰਗਠਨ ਰਾਹੀਂ ਧਰਤੀ ਉੱਤੇ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ।

ਸਾਨੂੰ ਉਮੀਦ ਹੈ ਕਿ ਇਸ ਕਿਤਾਬ ਦੀ ਸਟੱਡੀ ਕਰ ਕੇ ਇਸ ਗੱਲ ʼਤੇ ਤੁਹਾਡਾ ਭਰੋਸਾ ਵਧੇਗਾ ਕਿ ਯਹੋਵਾਹ ਤੁਹਾਡੀ ਮਦਦ ਕਰੇਗਾ ਅਤੇ ਆਪਣੀ ਪਵਿੱਤਰ ਸ਼ਕਤੀ ਨਾਲ ਤੁਹਾਨੂੰ ਤਾਕਤ ਬਖ਼ਸ਼ੇਗਾ। ਸਾਡੀ ਦੁਆ ਹੈ ਕਿ ਤੁਹਾਨੂੰ ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦੇ ਰਹਿਣ’ ਅਤੇ ਜ਼ਿੰਦਗੀ ਦੇ ਰਾਹ ʼਤੇ ਚੱਲਣ ਵਿਚ ਦੂਸਰਿਆਂ ਦੀ ਮਦਦ ਕਰਨ ਦੀ ਹੱਲਾਸ਼ੇਰੀ ਮਿਲੇ।​—ਰਸੂ. 28:23; 1 ਤਿਮੋ. 4:16.

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ