Skip to content

Skip to table of contents

ਭਾਗ 1

ਸਿਰਜਣਹਾਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਵਸਾਇਆ

ਸਿਰਜਣਹਾਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਵਸਾਇਆ

ਰੱਬ ਨੇ ਆਸਮਾਨ, ਧਰਤੀ ਅਤੇ ਜੀਵ-ਜੰਤੂਆਂ ਨੂੰ ਸਿਰਜਿਆ; ਉਸ ਨੇ ਆਦਮੀ ਤੇ ਤੀਵੀਂ ਨੂੰ ਬਣਾ ਕੇ ਉਨ੍ਹਾਂ ਨੂੰ ਸੋਹਣੇ ਬਾਗ਼ ਵਿਚ ਰੱਖਿਆ ਅਤੇ ਉਨ੍ਹਾਂ ਦੀ ਸੇਧ ਲਈ ਹੁਕਮ ਵੀ ਦਿੱਤੇ

ਬਾਈਬਲ ਇਨ੍ਹਾਂ ਮਸ਼ਹੂਰ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਬਾਈਬਲ ਦੀ ਪਹਿਲੀ ਹੀ ਆਇਤ ਵਿਚ ਪਰਮੇਸ਼ੁਰ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਖ਼ਾਸ ਤੌਰ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬਾਰੇ ਦੱਸਿਆ ਗਿਆ ਹੈ। ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਹੀ ਆਸਮਾਨ ਅਤੇ ਧਰਤੀ ਨੂੰ ਬਣਾਇਆ। ਅਗਲੀਆਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਰੱਬ ਨੇ ਇਕ-ਇਕ ਕਰ ਕੇ ਸਾਰੇ ਸੋਹਣੇ-ਸੋਹਣੇ ਜੀਵ-ਜੰਤੂ, ਫਲ-ਫੁੱਲ ਤੇ ਹੋਰ ਕਈ ਚੀਜ਼ਾਂ ਬਣਾਈਆਂ। ਸਾਰੀਆਂ ਚੀਜ਼ਾਂ ਨੂੰ ਬਣਾਉਣ ਲਈ ਛੇ ਦਿਨ ਲੱਗੇ, ਪਰ ਇਹ 24 ਘੰਟਿਆਂ ਵਾਲੇ ਆਮ ਦਿਨ ਨਹੀਂ ਸਨ। ਪਰਮੇਸ਼ੁਰ ਨੇ ਇਨਸਾਨਾਂ ਦੇ ਰਹਿਣ ਵਾਸਤੇ ਧਰਤੀ ਨੂੰ ਸੋਹਣੇ ਤਰੀਕੇ ਨਾਲ ਤਿਆਰ ਕੀਤਾ।

ਪਰ ਪਰਮੇਸ਼ੁਰ ਦੀ ਕਾਰੀਗਰੀ ਦਾ ਬੇਮਿਸਾਲ ਨਮੂਨਾ ਸੀ ਇਨਸਾਨ। ਹਾਂ, ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ। ਕਹਿਣ ਦਾ ਮਤਲਬ ਹੈ ਕਿ ਇਨਸਾਨ ਵਿਚ ਪਰਮੇਸ਼ੁਰ ਵਾਂਗ ਪਿਆਰ ਕਰਨ, ਬੁੱਧੀ ਇਸਤੇਮਾਲ ਕਰਨ ਅਤੇ ਹੋਰ ਗੁਣ ਜ਼ਾਹਰ ਕਰਨ ਦੀ ਕਾਬਲੀਅਤ ਹੈ। ਪਰਮੇਸ਼ੁਰ ਨੇ ਪਹਿਲੇ ਇਨਸਾਨ ਨੂੰ ਮਿੱਟੀ ਤੋਂ ਬਣਾਇਆ ਅਤੇ ਉਸ ਦਾ ਨਾਂ ਆਦਮ ਰੱਖਿਆ। ਆਦਮ ਨੂੰ ਅਦਨ ਦੇ ਬਾਗ਼ ਵਿਚ ਵਸਾਇਆ ਗਿਆ ਜਿਸ ਨੂੰ ਪਰਮੇਸ਼ੁਰ ਨੇ ਆਪਣੀ ਹੱਥੀਂ ਲਾਇਆ ਸੀ। ਇਹ ਸੁੰਦਰ ਬਾਗ਼ ਖ਼ੂਬਸੂਰਤ ਅਤੇ ਫਲ ਦੇਣ ਵਾਲੇ ਦਰਖ਼ਤਾਂ ਨਾਲ ਭਰਿਆ ਹੋਇਆ ਸੀ।

ਪਰਮੇਸ਼ੁਰ ਨੇ ਦੇਖਿਆ ਕਿ ਆਦਮ ਨੂੰ ਇਕ ਸਾਥੀ ਦੀ ਲੋੜ ਸੀ। ਇਸ ਲਈ ਉਸ ਨੇ ਆਦਮ ਦੀ ਪਸਲੀ ਲੈ ਕੇ ਇਕ ਤੀਵੀਂ ਬਣਾਈ ਅਤੇ ਉਸ ਨੂੰ ਆਦਮ ਕੋਲ ਲਿਆਂਦਾ। ਇਹ ਤੀਵੀਂ, ਜਿਸ ਦਾ ਨਾਂ ਬਾਅਦ ਵਿਚ ਹੱਵਾਹ ਰੱਖਿਆ, ਆਦਮ ਦੀ ਪਤਨੀ ਬਣੀ। ਆਦਮ ਇੰਨਾ ਖ਼ੁਸ਼ ਸੀ ਕਿ ਉਸ ਨੇ ਹੱਵਾਹ ਦੀਆਂ ਤਾਰੀਫ਼ਾਂ ਕਰਦਿਆਂ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ।” ਪਰਮੇਸ਼ੁਰ ਨੇ ਕਿਹਾ: “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।”—ਉਤਪਤ 2:22-24; 3:20.

ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਦੋ ਹੁਕਮ ਵੀ ਦਿੱਤੇ ਸਨ। ਪਹਿਲਾ, ਉਸ ਨੇ ਉਨ੍ਹਾਂ ਨੂੰ ਧਰਤੀ ਦੀ ਵਾਹੀ ਤੇ ਦੇਖ-ਰੇਖ ਕਰਨ ਅਤੇ ਆਪਣੀ ਸੰਤਾਨ ਨੂੰ ਸਾਰੀ ਧਰਤੀ ਉੱਤੇ ਵਸਾਉਣ ਦਾ ਹੁਕਮ ਦਿੱਤਾ ਸੀ। ਦੂਸਰਾ, ਉਸ ਨੇ ਉਨ੍ਹਾਂ ਨੂੰ ਇੰਨੇ ਵੱਡੇ ਬਾਗ਼ ਵਿੱਚੋਂ ਸਿਰਫ਼ ਇਕ ਦਰਖ਼ਤ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਇਹ ‘ਭਲੇ ਬੁਰੇ ਦੀ ਸਿਆਣ ਦਾ ਦਰਖ਼ਤ’ ਸੀ। (ਉਤਪਤ 2:17) ਜੇ ਉਹ ਇਸ ਹੁਕਮ ਦੀ ਉਲੰਘਣਾ ਕਰਦੇ, ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣੀ ਸੀ। ਪਰਮੇਸ਼ੁਰ ਨੇ ਇਹ ਹੁਕਮ ਕਿਉਂ ਦਿੱਤਾ ਸੀ? ਤਾਂਕਿ ਆਦਮ ਤੇ ਹੱਵਾਹ ਇਹ ਦਿਖਾ ਸਕਣ ਕਿ ਉਹ ਪਰਮੇਸ਼ੁਰ ਦੀ ਹਕੂਮਤ ਦੇ ਅਧੀਨ ਰਹਿਣਾ ਚਾਹੁੰਦੇ ਸਨ ਜਾਂ ਨਹੀਂ। ਇਸ ਦੇ ਨਾਲ-ਨਾਲ ਇਸ ਹੁਕਮ ਨੂੰ ਮੰਨ ਕੇ ਉਹ ਮਾਨੋ ਪਰਮੇਸ਼ੁਰ ਨੂੰ ਕਹਿ ਸਕਦੇ ਸੀ, ‘ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਜੋ ਵੀ ਤੁਸੀਂ ਸਾਡੇ ਲਈ ਕੀਤਾ ਹੈ, ਅਸੀਂ ਉਸ ਦਾ ਅਹਿਸਾਨ ਮੰਨਦੇ ਹਾਂ।’ ਉਹ ਦੋਵੇਂ ਮੁਕੰਮਲ ਸਨ, ਉਨ੍ਹਾਂ ਵਿਚ ਕੋਈ ਨੁਕਸ ਜਾਂ ਕਮੀ ਨਹੀਂ ਸੀ। ਬਾਈਬਲ ਸਾਨੂੰ ਦੱਸਦੀ ਹੈ: “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”—ਉਤਪਤ 1:31.

ਇਹ ਜਾਣਕਾਰੀ ਉਤਪਤ ਅਧਿਆਇ 1-2 ਵਿੱਚੋਂ ਲਈ ਗਈ ਹੈ।