Skip to content

Skip to table of contents

ਭਾਗ 14

ਪਰਮੇਸ਼ੁਰ ਨੇ ਨਬੀਆਂ ਰਾਹੀਂ ਸੰਦੇਸ਼ ਦਿੱਤੇ

ਪਰਮੇਸ਼ੁਰ ਨੇ ਨਬੀਆਂ ਰਾਹੀਂ ਸੰਦੇਸ਼ ਦਿੱਤੇ

ਯਹੋਵਾਹ ਨੇ ਨਬੀਆਂ ਨੂੰ ਨਿਆਂ, ਸ਼ੁੱਧ ਭਗਤੀ ਅਤੇ ਮਸੀਹ ਦੇ ਰਾਜ ਬਾਰੇ ਸੰਦੇਸ਼ ਦੇਣ ਲਈ ਚੁਣਿਆ ਸੀ

ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੌਰਾਨ ਪਰਮੇਸ਼ੁਰ ਨੇ ਕੁਝ ਖ਼ਾਸ ਬੰਦਿਆਂ ਨੂੰ ਨਬੀਆਂ ਵਜੋਂ ਚੁਣਿਆ। ਪਰਮੇਸ਼ੁਰ ਦੇ ਸੰਦੇਸ਼ ਦੇਣ ਵਾਲੇ ਇਨ੍ਹਾਂ ਬੰਦਿਆਂ ਦੀ ਨਿਹਚਾ ਅਤੇ ਦਲੇਰੀ ਬੇਮਿਸਾਲ ਸੀ। ਇਨ੍ਹਾਂ ਨਬੀਆਂ ਦੇ ਚਾਰ ਮੁੱਖ ਸੰਦੇਸ਼ਾਂ ਉੱਤੇ ਗੌਰ ਕਰੋ।

1. ਯਰੂਸ਼ਲਮ ਦੀ ਤਬਾਹੀ। ਪਰਮੇਸ਼ੁਰ ਦੇ ਨਬੀਆਂ, ਖ਼ਾਸ ਤੌਰ ਤੇ ਯਸਾਯਾਹ ਅਤੇ ਯਿਰਮਿਯਾਹ ਨੇ ਬਹੁਤ ਚਿਰ ਪਹਿਲਾਂ ਹੀ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਯਰੂਸ਼ਲਮ ਦੀ ਤਬਾਹੀ ਹੋਵੇਗੀ ਅਤੇ ਇਹ ਬੇਆਬਾਦ ਪਿਆ ਰਹੇਗਾ। ਉਨ੍ਹਾਂ ਨੇ ਸਾਫ਼-ਸਾਫ਼ ਸ਼ਬਦਾਂ ਵਿਚ ਦੱਸਿਆ ਕਿ ਪਰਮੇਸ਼ੁਰ ਯਰੂਸ਼ਲਮ ਦੇ ਲੋਕਾਂ ਨਾਲ ਕਿਉਂ ਨਾਰਾਜ਼ ਸੀ। ਲੋਕੀਂ ਪਰਮੇਸ਼ੁਰ ਦੇ ਸੇਵਕ ਹੋਣ ਦਾ ਝੂਠਾ ਦਾਅਵਾ ਕਰਦੇ ਸਨ, ਕਿਉਂਕਿ ਉਹ ਹੋਰਨਾਂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਅਤੇ ਖ਼ੂਨ-ਖ਼ਰਾਬਾ ਤੇ ਹੋਰ ਗ਼ਲਤ ਕੰਮ ਕਰਦੇ ਸਨ।2 ਰਾਜਿਆਂ 21:10-15; ਯਸਾਯਾਹ 3:1-8, 16-26; ਯਿਰਮਿਯਾਹ 2:1–3:13.

2. ਲੋਕ ਦੁਬਾਰਾ ਸ਼ੁੱਧ ਭਗਤੀ ਕਰਨਗੇ। 70 ਸਾਲ ਗ਼ੁਲਾਮੀ ਵਿਚ ਰਹਿਣ ਤੋਂ ਬਾਅਦ ਪਰਮੇਸ਼ੁਰ ਦੇ ਲੋਕਾਂ ਨੂੰ ਬਾਬਲ ਤੋਂ ਆਜ਼ਾਦ ਕੀਤਾ ਜਾਣਾ ਸੀ। ਉਹ ਆਪਣੇ ਦੇਸ਼ ਵਾਪਸ ਮੁੜਨਗੇ ਅਤੇ ਯਰੂਸ਼ਲਮ ਵਿਚ ਯਹੋਵਾਹ ਦਾ ਮੰਦਰ ਦੁਬਾਰਾ ਬਣਾਉਣਗੇ। (ਯਿਰਮਿਯਾਹ 46:27; ਆਮੋਸ 9:13-15) ਲਗਭਗ 200 ਸਾਲ ਪਹਿਲਾਂ ਯਸਾਯਾਹ ਨੇ ਦੱਸ ਦਿੱਤਾ ਸੀ ਕਿ ਖੋਰੁਸ ਨਾਂ ਦਾ ਰਾਜਾ ਬਾਬਲੀਆਂ ਨੂੰ ਜਿੱਤੇਗਾ ਅਤੇ ਫਿਰ ਪਰਮੇਸ਼ੁਰ ਦੇ ਲੋਕਾਂ ਨੂੰ ਯਰੂਸ਼ਲਮ ਜਾਣ ਦੀ ਇਜਾਜ਼ਤ ਦੇਵੇਗਾ ਤਾਂਕਿ ਉਹ ਦੁਬਾਰਾ ਸ਼ੁੱਧ ਭਗਤੀ ਕਰ ਸਕਣ। ਯਸਾਯਾਹ ਨਬੀ ਨੇ ਤਾਂ ਇਹ ਵੀ ਖੋਲ੍ਹ ਕੇ ਦੱਸਿਆ ਸੀ ਕਿ ਰਾਜਾ ਖੋਰੁਸ ਨੇ ਬਾਬਲ ਸ਼ਹਿਰ ਨੂੰ ਜਿੱਤਣ ਲਈ ਕਿਹੜਾ ਅਨੋਖਾ ਤਰੀਕਾ ਵਰਤਣਾ ਸੀ।ਯਸਾਯਾਹ 44:24–45:3.

3. ਮਸੀਹ ਦਾ ਜਨਮ ਅਤੇ ਜ਼ਿੰਦਗੀ। ਭਵਿੱਖਬਾਣੀ ਅਨੁਸਾਰ ਮਸੀਹ ਬੈਤਲਹਮ ਸ਼ਹਿਰ ਵਿਚ ਪੈਦਾ ਹੋਵੇਗਾ। (ਮੀਕਾਹ 5:2) ਉਹ ਹਲੀਮ ਸੁਭਾਅ ਵਾਲਾ ਹੋਵੇਗਾ ਅਤੇ ਉਹ ਗਧੇ ਉੱਤੇ ਸਵਾਰ ਹੋ ਕੇ ਯਰੂਸ਼ਲਮ ਆਵੇਗਾ। (ਜ਼ਕਰਯਾਹ 9:9) ਭਾਵੇਂ ਉਹ ਸਾਰਿਆਂ ਨਾਲ ਬੜੀ ਨਰਮਾਈ ਅਤੇ ਪਿਆਰ ਨਾਲ ਪੇਸ਼ ਆਵੇਗਾ, ਪਰ ਉਹ ਲੋਕਾਂ ਵਿਚ ਹਰਮਨ-ਪਿਆਰਾ ਨਹੀਂ ਹੋਵੇਗਾ ਅਤੇ ਕਈ ਲੋਕ ਉਸ ਉੱਤੇ ਨਿਹਚਾ ਨਹੀਂ ਕਰਨਗੇ। (ਯਸਾਯਾਹ 42:1-3; 53:1, 3) ਉਸ ਨੂੰ ਬੇਰਹਿਮੀ ਨਾਲ ਜਾਨੋਂ ਮਾਰਿਆ ਜਾਵੇਗਾ। ਕੀ ਮੌਤ ਹੋਣ ਤੇ ਮਸੀਹ ਦਾ ਕੰਮ ਖ਼ਤਮ ਹੋ ਜਾਵੇਗਾ? ਨਹੀਂ, ਕਿਉਂਕਿ ਉਸ ਦੀ ਕੁਰਬਾਨੀ ਸਦਕਾ ਬਹੁਤ ਸਾਰੇ ਲੋਕਾਂ ਦੇ ਪਾਪ ਮਾਫ਼ ਹੋਣਗੇ। (ਯਸਾਯਾਹ 53:4, 5, 9-12) ਪਰ ਇਸ ਵਾਸਤੇ ਉਸ ਨੂੰ ਦੁਬਾਰਾ ਜੀਉਂਦਾ ਕਰਨਾ ਜ਼ਰੂਰੀ ਹੋਵੇਗਾ।

4. ਧਰਤੀ ਉੱਤੇ ਮਸੀਹ ਦਾ ਰਾਜ। ਨਾਮੁਕੰਮਲ ਇਨਸਾਨ ਸ਼ਾਂਤੀ ਨਾਲ ਰਾਜ ਕਰਨ ਦੇ ਕਾਬਲ ਨਹੀਂ ਹਨ, ਪਰ ਮਸੀਹ ਸ਼ਾਂਤੀ ਦਾ ਰਾਜਕੁਮਾਰ ਕਹਾਵੇਗਾ। (ਯਸਾਯਾਹ 9:6, 7; ਯਿਰਮਿਯਾਹ 10:23) ਉਸ ਦੇ ਰਾਜ ਵਿਚ ਸਾਰੇ ਲੋਕ ਅਤੇ ਜੀਵ-ਜੰਤੂ ਮਿਲ-ਜੁਲ ਕੇ ਸ਼ਾਂਤੀ ਨਾਲ ਰਹਿਣਗੇ। (ਯਸਾਯਾਹ 11:3-7) ਬੀਮਾਰੀਆਂ ਖ਼ਤਮ ਹੋ ਜਾਣਗੀਆਂ। (ਯਸਾਯਾਹ 33:24) ਇੱਥੋਂ ਤਕ ਕਿ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। (ਯਸਾਯਾਹ 25:8) ਜੋ ਲੋਕ ਮਰ ਚੁੱਕੇ ਹਨ, ਉਨ੍ਹਾਂ ਨੂੰ ਮਸੀਹ ਦੇ ਰਾਜ ਦੌਰਾਨ ਮੁੜ ਜੀਉਂਦਾ ਕੀਤਾ ਜਾਵੇਗਾ।ਦਾਨੀਏਲ 12:13.

ਇਹ ਜਾਣਕਾਰੀ ਯਸਾਯਾਹ, ਯਿਰਮਿਯਾਹ, ਦਾਨੀਏਲ, ਆਮੋਸ, ਮੀਕਾਹ ਅਤੇ ਜ਼ਕਰਯਾਹ ਦੀ ਕਿਤਾਬ ਵਿੱਚੋਂ ਲਈ ਗਈ ਹੈ।