Skip to content

Skip to table of contents

ਭਾਗ 16

ਮਸੀਹ ਦੀ ਪਛਾਣ

ਮਸੀਹ ਦੀ ਪਛਾਣ

ਯਹੋਵਾਹ ਨੇ ਯਿਸੂ ਨਾਸਰੀ ਦੀ ਪਛਾਣ ਮਸੀਹ ਦੇ ਤੌਰ ਤੇ ਕਰਾਈ ਜਿਸ ਦੇ ਆਉਣ ਦਾ ਬਹੁਤ ਚਿਰ ਪਹਿਲਾਂ ਵਾਅਦਾ ਕੀਤਾ ਸੀ

ਕੀ ਯਹੋਵਾਹ ਨੇ ਮਸੀਹ ਨੂੰ ਪਛਾਣਨ ਵਿਚ ਆਪਣੇ ਲੋਕਾਂ ਦੀ ਮਦਦ ਕੀਤੀ ਸੀ? ਜੀ ਹਾਂ। ਧਿਆਨ ਦਿਓ ਕਿ ਪਰਮੇਸ਼ੁਰ ਨੇ ਉਸ ਦੀ ਪਛਾਣ ਕਿੱਦਾਂ ਕਰਾਈ। ਇਹ ਉਦੋਂ ਦੀ ਗੱਲ ਹੈ ਜਦੋਂ ਬਾਈਬਲ ਦੇ ਇਬਰਾਨੀ ਹਿੱਸੇ ਨੂੰ ਪੂਰਾ ਹੋਏ ਨੂੰ ਲਗਭਗ ਚਾਰ ਸਦੀਆਂ ਬੀਤ ਚੁੱਕੀਆਂ ਸਨ। ਜਿਬਰਾਏਲ ਨਾਂ ਦਾ ਦੂਤ ਗਲੀਲ ਦੇ ਨਾਸਰਤ ਸ਼ਹਿਰ ਵਿਚ ਮਰਿਯਮ ਨਾਂ ਦੀ ਕੁੜੀ ਨੂੰ ਮਿਲਣ ਆਇਆ। ਦੂਤ ਨੇ ਉਸ ਨੂੰ ਦੱਸਿਆ ਕਿ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਨਾਲ ਉਸ ਨੂੰ ਗਰਭਵਤੀ ਕਰੇਗਾ ਅਤੇ ਉਹ ਇਕ ਪੁੱਤਰ ਨੂੰ ਜਨਮ ਦੇਵੇਗੀ, ਭਾਵੇਂ ਕਿ ਉਹ ਅਜੇ ਕੁਆਰੀ ਸੀ। ਇਹ ਬੱਚਾ ਪਰਮੇਸ਼ੁਰ ਦਾ ਪੁੱਤਰ ਸੀ ਜਿਸ ਦੀ ਜ਼ਿੰਦਗੀ ਪਰਮੇਸ਼ੁਰ ਨੇ ਸਵਰਗੋਂ ਮਰਿਯਮ ਦੀ ਕੁੱਖ ਵਿਚ ਪਾਈ। ਇਹ ਪੁੱਤਰ ਵਾਅਦਾ ਕੀਤਾ ਹੋਇਆ ਰਾਜਾ ਬਣੇਗਾ ਜਿਸ ਦੇ ਰਾਜ ਦਾ ਕਦੇ ਅੰਤ ਨਹੀਂ ਹੋਵੇਗਾ।

ਮਰਿਯਮ ਨੇ ਇਸ ਸਨਮਾਨ ਨੂੰ ਸਿਰ-ਮੱਥੇ ਸਵੀਕਾਰ ਕੀਤਾ। ਪਰਮੇਸ਼ੁਰ ਦੇ ਦੂਤ ਨੇ ਮਰਿਯਮ ਦੇ ਮੰਗੇਤਰ ਯੂਸੁਫ਼ ਨੂੰ ਸਮਝਾਇਆ ਕਿ ਮਰਿਯਮ ਕਿੱਦਾਂ ਗਰਭਵਤੀ ਹੋਈ ਸੀ। ਇਸ ਤੋਂ ਬਾਅਦ ਯੂਸੁਫ਼ ਨੇ ਮਰਿਯਮ ਨਾਲ ਵਿਆਹ ਕਰਾ ਲਿਆ। ਪਰ ਇਹ ਭਵਿੱਖਬਾਣੀ ਕਿੱਦਾਂ ਪੂਰੀ ਹੋਣੀ ਸੀ ਕਿ ਮਸੀਹ ਬੈਤਲਹਮ ਵਿਚ ਪੈਦਾ ਹੋਵੇਗਾ? (ਮੀਕਾਹ 5:2) ਇਹ ਛੋਟਾ ਜਿਹਾ ਸ਼ਹਿਰ ਨਾਸਰਤ ਤੋਂ ਤਕਰੀਬਨ 140 ਕਿਲੋਮੀਟਰ (90 ਮੀਲ) ਦੂਰ ਸੀ।

ਉਸ ਵੇਲੇ ਰੋਮੀ ਰਾਜੇ ਨੇ ਮਰਦਮਸ਼ੁਮਾਰੀ ਕਰਨ ਦਾ ਹੁਕਮ ਦਿੱਤਾ ਜਿਸ ਕਰਕੇ ਹਰ ਕਿਸੇ ਨੂੰ ਆਪਣੇ ਜੱਦੀ ਸ਼ਹਿਰ ਜਾ ਕੇ ਆਪਣਾ ਨਾਂ ਦਰਜ ਕਰਾਉਣਾ ਪੈਣਾ ਸੀ। ਯੂਸੁਫ਼ ਆਪਣੀ ਗਰਭਵਤੀ ਪਤਨੀ ਨੂੰ ਬੈਤਲਹਮ ਲੈ ਗਿਆ ਜਿਸ ਤੋਂ ਲੱਗਦਾ ਹੈ ਕਿ ਉਹ ਦੋਵੇਂ ਉੱਥੋਂ ਦੇ ਸਨ। (ਲੂਕਾ 2:3) ਮਰਿਯਮ ਨੇ ਇਕ ਤਬੇਲੇ ਵਿਚ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਨੂੰ ਇਕ ਖੁਰਲੀ ਵਿਚ ਲੰਮਾ ਪਾ ਦਿੱਤਾ। ਪਰਮੇਸ਼ੁਰ ਨੇ ਆਪਣੇ ਕਈ ਦੂਤ ਪਹਾੜੀਆਂ ਉੱਤੇ ਚਰਵਾਹਿਆਂ ਕੋਲ ਘੱਲੇ। ਉਨ੍ਹਾਂ ਦੂਤਾਂ ਨੇ ਚਰਵਾਹਿਆਂ ਨੂੰ ਦੱਸਿਆ ਕਿ ਬੱਚਾ ਵਾਅਦਾ ਕੀਤਾ ਹੋਇਆ ਮਸੀਹ ਸੀ।

ਬਾਅਦ ਵਿਚ ਦੂਸਰਿਆਂ ਨੇ ਵੀ ਇਸ ਗੱਲ ਦੀ ਗਵਾਹੀ ਦਿੱਤੀ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹ ਸੀ। ਯਸਾਯਾਹ ਨਬੀ ਨੇ ਦੱਸਿਆ ਸੀ ਕਿ ਇਕ ਆਦਮੀ ਮਸੀਹ ਦੇ ਮਹੱਤਵਪੂਰਣ ਕੰਮ ਲਈ ਰਾਹ ਤਿਆਰ ਕਰੇਗਾ। (ਯਸਾਯਾਹ 40:3) ਇਹ ਆਦਮੀ ਯੂਹੰਨਾ ਬਪਤਿਸਮਾ ਦੇਣ ਵਾਲਾ ਸੀ। ਜਦੋਂ ਉਸ ਨੇ ਯਿਸੂ ਨੂੰ ਦੇਖਿਆ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” ਯੂਹੰਨਾ ਦੇ ਕੁਝ ਚੇਲੇ ਉਸੇ ਵੇਲੇ ਯਿਸੂ ਦੇ ਮਗਰ ਤੁਰ ਪਏ। ਉਨ੍ਹਾਂ ਵਿੱਚੋਂ ਇਕ ਨੇ ਕਿਹਾ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ!’ਯੂਹੰਨਾ 1:29, 36, 41.

ਸਿਰਫ਼ ਇਨਸਾਨਾਂ ਨੇ ਹੀ ਯਿਸੂ ਦੇ ਮਸੀਹ ਹੋਣ ਦੀ ਗਵਾਹੀ ਨਹੀਂ ਦਿੱਤੀ। ਜਦੋਂ ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ, ਉਦੋਂ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਉਸ ਉੱਤੇ ਪਾ ਕੇ ਉਸ ਨੂੰ ਮਸੀਹ ਵਜੋਂ ਚੁਣਿਆ ਅਤੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:16, 17) ਆਖ਼ਰ ਉਹ ਮਸੀਹ ਪ੍ਰਗਟ ਹੋ ਗਿਆ ਜਿਸ ਬਾਰੇ ਸਦੀਆਂ ਪਹਿਲਾਂ ਵਾਅਦਾ ਕੀਤਾ ਗਿਆ ਸੀ!

ਉਹ ਕਿਸ ਸਮੇਂ ਪ੍ਰਗਟ ਹੋਇਆ ਸੀ? ਸਾਲ 29 ਈ. ਵਿਚ ਜਦੋਂ ਦਾਨੀਏਲ ਦੀ ਭਵਿੱਖਬਾਣੀ ਅਨੁਸਾਰ 483 ਸਾਲ ਪੂਰੇ ਹੋ ਗਏ। ਜੀ ਹਾਂ, ਇਹ ਯਿਸੂ ਦੇ ਮਸੀਹ ਹੋਣ ਦਾ ਇਕ ਬਹੁਤ ਵੱਡਾ ਸਬੂਤ ਹੈ। ਆਓ ਦੇਖੀਏ ਕਿ ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਲੋਕਾਂ ਨੂੰ ਕੀ ਸਿਖਾਇਆ ਸੀ।

—ਇਹ ਜਾਣਕਾਰੀ ਮੱਤੀ ਅਧਿਆਇ 1-3; ਮਰਕੁਸ ਅਧਿਆਇ 1; ਲੂਕਾ ਅਧਿਆਇ 2 ਅਤੇ ਯੂਹੰਨਾ ਅਧਿਆਇ 1 ਵਿੱਚੋਂ ਲਈ ਗਈ ਹੈ।