Skip to content

Skip to table of contents

ਭਾਗ 17

ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ

ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ

ਯਿਸੂ ਨੇ ਆਪਣੇ ਚੇਲਿਆਂ ਨੂੰ ਕਈ ਗੱਲਾਂ ਸਿਖਾਈਆਂ, ਪਰ ਉਸ ਨੇ ਖ਼ਾਸ ਤੌਰ ਤੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ

ਯਿਸੂ ਧਰਤੀ ਉੱਤੇ ਕਿਉਂ ਆਇਆ ਸੀ? ਉਸ ਨੇ ਆਪ ਹੀ ਦੱਸਿਆ: ‘ਮੈਨੂੰ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ ਹਾਂ।’ (ਲੂਕਾ 4:43) ਆਓ ਆਪਾਂ ਇਸ ਰਾਜ ਬਾਰੇ ਚਾਰ ਗੱਲਾਂ ’ਤੇ ਗੌਰ ਕਰੀਏ।

1. ਇਸ ਰਾਜ ਦਾ ਰਾਜਾ ਯਿਸੂ ਹੋਵੇਗਾ। ਯਿਸੂ ਨੇ ਆਪ ਆਪਣੀ ਪਛਾਣ ਕਰਾਈ ਕਿ ਉਹ ਉਹੀ ਮਸੀਹ ਸੀ ਜਿਸ ਦੀ ਭਵਿੱਖਬਾਣੀ ਕੀਤੀ ਗਈ ਸੀ। (ਯੂਹੰਨਾ 4:25, 26) ਉਸ ਨੇ ਇਹ ਵੀ ਜ਼ਾਹਰ ਕੀਤਾ ਕਿ ਉਹ ਉਹੀ ਰਾਜਾ ਹੈ ਜਿਸ ਨੂੰ ਦਾਨੀਏਲ ਨੇ ਦਰਸ਼ਣ ਵਿਚ ਦੇਖਿਆ ਸੀ। ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਹ ਇਕ ਦਿਨ “ਤੇਜ ਦੇ ਸਿੰਘਾਸਣ” ਉੱਤੇ ਬੈਠੇਗਾ ਅਤੇ ਉਹ ਵੀ ਉਸ ਨਾਲ ਸਿੰਘਾਸਣਾਂ ਉੱਤੇ ਬੈਠਣਗੇ। (ਮੱਤੀ 19:28) ਉਸ ਨੇ ਇਨ੍ਹਾਂ ਰਾਜਿਆਂ ਨੂੰ ‘ਛੋਟਾ ਝੁੰਡ’ ਕਿਹਾ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀਆਂ “ਹੋਰ ਵੀ ਭੇਡਾਂ” ਹਨ ਯਾਨੀ ਉਹ ਚੇਲੇ ਜੋ ਉਸ ਨਾਲ ਰਾਜ ਨਹੀਂ ਕਰਨਗੇ।ਲੂਕਾ 12:32; ਯੂਹੰਨਾ 10:16.

2. ਪਰਮੇਸ਼ੁਰ ਦੇ ਰਾਜ ਵਿਚ ਸਾਰਿਆਂ ਨਾਲ ਨਿਆਂ ਹੋਵੇਗਾ। ਦੁਨੀਆਂ ਦੇ ਸਭ ਤੋਂ ਵੱਡੇ ਅਨਿਆਂ ਦੀ ਸ਼ੁਰੂਆਤ ਅਦਨ ਦੇ ਬਾਗ਼ ਵਿਚ ਹੋਈ ਸੀ ਜਦੋਂ ਸ਼ਤਾਨ ਨੇ ਯਹੋਵਾਹ ਪਰਮੇਸ਼ੁਰ ਉੱਤੇ ਝੂਠੇ ਦੋਸ਼ ਲਾਏ ਸਨ। ਉਦੋਂ ਤੋਂ ਉਹ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਦਾ ਆਇਆ ਹੈ। ਯਿਸੂ ਨੇ ਦਿਖਾਇਆ ਕਿ ਉਹ ਆਪਣੇ ਰਾਜ ਦੇ ਜ਼ਰੀਏ ਉਨ੍ਹਾਂ ਦੋਸ਼ਾਂ ਨੂੰ ਗ਼ਲਤ ਸਾਬਤ ਕਰ ਕੇ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰੇਗਾ। (ਮੱਤੀ 6:9, 10) ਯਿਸੂ ਨੇ ਤੀਵੀਆਂ-ਆਦਮੀਆਂ ਤੇ ਅਮੀਰਾਂ-ਗ਼ਰੀਬਾਂ ਸਾਰਿਆਂ ਨੂੰ ਸਿਖਾ ਕੇ ਦਿਖਾਇਆ ਕਿ ਉਹ ਕਿਸੇ ਦਾ ਪੱਖ ਨਹੀਂ ਕਰਦਾ। ਭਾਵੇਂ ਉਸ ਨੇ ਮੁੱਖ ਤੌਰ ਤੇ ਇਸਰਾਏਲੀਆਂ ਨੂੰ ਸਿੱਖਿਆ ਦੇਣੀ ਸੀ, ਪਰ ਉਸ ਨੇ ਸਾਮਰੀਆਂ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਦੀ ਵੀ ਮਦਦ ਕੀਤੀ। ਉਹ ਉਸ ਵੇਲੇ ਦੇ ਧਾਰਮਿਕ ਆਗੂਆਂ ਵਰਗਾ ਨਹੀਂ ਸੀ। ਉਸ ਨੇ ਕਿਸੇ ਨਾਲ ਮਾੜਾ ਜਿੰਨਾ ਵੀ ਪੱਖਪਾਤ ਨਹੀਂ ਕੀਤਾ।

3. ਪਰਮੇਸ਼ੁਰ ਦਾ ਰਾਜ ਇਸ ਦੁਨੀਆਂ ਦਾ ਹਿੱਸਾ ਨਹੀਂ ਹੋਵੇਗਾ। ਯਿਸੂ ਦੇ ਦਿਨਾਂ ਵਿਚ ਕਾਫ਼ੀ ਰਾਜਨੀਤਿਕ ਉਥਲ-ਪੁਥਲ ਹੋ ਰਹੀ ਸੀ। ਇਸਰਾਏਲੀ ਵਿਦੇਸ਼ੀ ਸਰਕਾਰ ਦੇ ਅਧੀਨ ਸਨ। ਪਰ ਜਦੋਂ ਲੋਕਾਂ ਨੇ ਯਿਸੂ ਨੂੰ ਰਾਜਨੀਤੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਉਨ੍ਹਾਂ ਤੋਂ ਆਪਣਾ ਪਿੱਛਾ ਛੁਡਾ ਕੇ ਚਲਾ ਗਿਆ। (ਯੂਹੰਨਾ 6:14, 15) ਉਸ ਨੇ ਇਕ ਸਿਆਸਤਦਾਨ ਨੂੰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।” (ਯੂਹੰਨਾ 18:36) ਆਪਣੇ ਚੇਲਿਆਂ ਨੂੰ ਉਸ ਨੇ ਕਿਹਾ: “ਤੁਸੀਂ ਜਗਤ ਦੇ ਨਹੀਂ ਹੋ।” (ਯੂਹੰਨਾ 15:19) ਉਸ ਨੇ ਉਨ੍ਹਾਂ ਨੂੰ ਹਥਿਆਰ ਚੁੱਕਣ, ਇੱਥੋਂ ਤਕ ਕਿ ਆਪਣੀ ਹੀ ਰੱਖਿਆ ਕਰਨ ਲਈ ਵੀ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ।ਮੱਤੀ 26:51, 52.

“ਉਹ . . . ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ।”ਲੂਕਾ 8:1

4. ਮਸੀਹ ਦੇ ਰਾਜ ਦੀ ਪਛਾਣ ਪਿਆਰ ਹੋਵੇਗਾ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਲੋਕਾਂ ਦਾ ਭਾਰ ਹਲਕਾ ਕਰ ਕੇ ਉਨ੍ਹਾਂ ਨੂੰ ਆਰਾਮ ਦੇਵੇਗਾ। (ਮੱਤੀ 11:28-30) ਉਸ ਨੇ ਆਪਣਾ ਵਾਅਦਾ ਪੂਰਾ ਕੀਤਾ। ਉਸ ਨੇ ਚਿੰਤਾ ਨਾਲ ਨਜਿੱਠਣ ਲਈ, ਰਿਸ਼ਤਿਆਂ ਵਿਚ ਸੁਧਾਰ ਕਰਨ ਲਈ, ਪੈਸੇ ਦਾ ਪਿਆਰ ਦਿਲ ਵਿੱਚੋਂ ਕੱਢਣ ਲਈ ਅਤੇ ਖ਼ੁਸ਼ੀ ਪਾਉਣ ਲਈ ਚੰਗੀ ਸਲਾਹ ਦਿੱਤੀ। (ਮੱਤੀ ਅਧਿਆਇ 5-7) ਉਹ ਸਾਰਿਆਂ ਨਾਲ ਪਿਆਰ ਕਰਦਾ ਸੀ, ਇਸ ਲਈ ਲੋਕ ਬਿਨਾਂ ਝਿਜਕੇ ਉਸ ਕੋਲ ਆਉਂਦੇ ਸਨ। ਹਰ ਤਰ੍ਹਾਂ ਦੇ ਲੋਕ, ਦੱਬੇ-ਕੁਚਲੇ ਲੋਕ ਵੀ ਇਸ ਭਰੋਸੇ ਨਾਲ ਉਸ ਕੋਲ ਆਉਂਦੇ ਸਨ ਕਿ ਉਹ ਉਨ੍ਹਾਂ ਨਾਲ ਦਇਆ ਅਤੇ ਆਦਰ ਨਾਲ ਪੇਸ਼ ਆਵੇਗਾ। ਲੋਕ ਦੇਖ ਸਕਦੇ ਸਨ ਕਿ ਯਿਸੂ ਕਿੰਨਾ ਵਧੀਆ ਰਾਜਾ ਸਾਬਤ ਹੋਵੇਗਾ।

ਯਿਸੂ ਨੇ ਇਕ ਹੋਰ ਅਸਰਦਾਰ ਢੰਗ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ਸੀ। ਉਸ ਨੇ ਕਈ ਚਮਤਕਾਰ ਕੀਤੇ ਸਨ। ਉਸ ਨੇ ਚਮਤਕਾਰ ਕਿਉਂ ਕੀਤੇ ਸਨ? ਆਓ ਦੇਖੀਏ।

ਇਹ ਜਾਣਕਾਰੀ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀ ਕਿਤਾਬ ਵਿੱਚੋਂ ਲਈ ਗਈ ਹੈ।