Skip to content

Skip to table of contents

ਭਾਗ 21

ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ!

ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ!

ਯਿਸੂ ਨੇ ਆਪਣੇ ਚੇਲਿਆਂ ਨੂੰ ਸਿੱਖਿਆ ਤੇ ਹੌਸਲਾ ਦੇਣ ਲਈ ਦਰਸ਼ਣ ਦਿੱਤੇ

ਯਿਸੂ ਦੀ ਮੌਤ ਤੋਂ ਤਿੰਨ ਦਿਨ ਬਾਅਦ ਉਸ ਦੇ ਚੇਲਿਆਂ ਵਿੱਚੋਂ ਕੁਝ ਤੀਵੀਆਂ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਰੋੜ੍ਹ ਕੇ ਇਕ ਪਾਸੇ ਰੱਖਿਆ ਹੋਇਆ ਸੀ। ਪਰ ਸਿਰਫ਼ ਇਹ ਨਹੀਂ, ਕਬਰ ਖਾਲੀ ਪਈ ਸੀ!

ਉੱਥੇ ਦੋ ਦੂਤ ਪ੍ਰਗਟ ਹੋਏ। ਇਕ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਯਿਸੂ ਨਾਸਰੀ ਨੂੰ ਭਾਲਦੀਆਂ ਹੋ . . . ਉਹ ਤਾਂ ਜੀ ਉੱਠਿਆ ਹੈ।” (ਮਰਕੁਸ 16:6) ਉਸੇ ਵੇਲੇ ਤੀਵੀਆਂ ਭੱਜ ਕੇ ਰਸੂਲਾਂ ਨੂੰ ਦੱਸਣ ਗਈਆਂ। ਰਾਹ ਵਿਚ ਉਨ੍ਹਾਂ ਨੂੰ ਯਿਸੂ ਮਿਲਿਆ। ਉਸ ਨੇ ਕਿਹਾ: “ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਓਹ ਉੱਥੇ ਮੈਨੂੰ ਵੇਖਣਗੇ।”ਮੱਤੀ 28:10.

ਉਸੇ ਦਿਨ ਦੋ ਚੇਲੇ ਯਰੂਸ਼ਲਮ ਤੋਂ ਨਿਕਲ ਕੇ ਇੰਮਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ। ਇਕ ਅਜਨਬੀ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗਾ ਤੇ ਪੁੱਛਣ ਲੱਗਾ ਕਿ ਉਹ ਕਾਹਦੇ ਬਾਰੇ ਗੱਲਾਂ ਕਰ ਰਹੇ ਸਨ। ਇਹ ਅਜਨਬੀ ਯਿਸੂ ਹੀ ਸੀ, ਪਰ ਚੇਲਿਆਂ ਨੇ ਉਸ ਨੂੰ ਪਛਾਣਿਆ ਨਹੀਂ। ਉਦਾਸ ਹੋ ਕੇ ਉਨ੍ਹਾਂ ਨੇ ਕਿਹਾ ਕਿ ਉਹ ਯਿਸੂ ਬਾਰੇ ਗੱਲਾਂ ਕਰ ਰਹੇ ਸੀ। ਯਿਸੂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਮਸੀਹ ਬਾਰੇ ਦੱਸੀਆਂ ਗੱਲਾਂ ਖੋਲ੍ਹ ਕੇ ਸਮਝਾਈਆਂ। ਉਸ ਬਾਰੇ ਜਿੰਨੀਆਂ ਵੀ ਗੱਲਾਂ ਦੱਸੀਆਂ ਗਈਆਂ ਸਨ, ਉਨ੍ਹਾਂ ਦੀ ਇਕ-ਇਕ ਗੱਲ ਯਿਸੂ ਨੇ ਪੂਰੀ ਕੀਤੀ। * ਜਦ ਚੇਲਿਆਂ ਨੇ ਪਛਾਣ ਲਿਆ ਕਿ ਉਹ ਅਜਨਬੀ ਯਿਸੂ ਹੀ ਸੀ, ਤਾਂ ਉਹ ਉੱਥੋਂ ਗਾਇਬ ਹੋ ਗਿਆ।

ਇਹ ਦੋਵੇਂ ਚੇਲੇ ਉਸੇ ਵਕਤ ਯਰੂਸ਼ਲਮ ਨੂੰ ਮੁੜ ਪਏ। ਉੱਥੇ ਪਹੁੰਚ ਕੇ ਉਹ ਰਸੂਲਾਂ ਨੂੰ ਮਿਲੇ ਜੋ ਬੰਦ ਕਮਰੇ ਵਿਚ ਇਕੱਠੇ ਹੋਏ ਸਨ। ਦੋਵੇਂ ਚੇਲੇ ਅਜੇ ਦੱਸ ਹੀ ਰਹੇ ਸਨ ਕਿ ਰਾਹ ਵਿਚ ਉਨ੍ਹਾਂ ਨਾਲ ਕੀ-ਕੀ ਹੋਇਆ ਸੀ ਕਿ ਅਚਾਨਕ ਯਿਸੂ ਉਨ੍ਹਾਂ ਅੱਗੇ ਪ੍ਰਗਟ ਹੋਇਆ। ਉਸ ਨੂੰ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਤੁਹਾਡੇ ਦਿਲਾਂ ਵਿਚ ਸ਼ੱਕ ਕਿਉਂ ਆ ਰਿਹਾ ਹੈ? . . . ਮਸੀਹ ਦੇ ਬਾਰੇ ਧਰਮ ਗ੍ਰੰਥ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਉਹ ਦੁੱਖ ਸਹੇਗਾ ਅਤੇ ਤੀਜੇ ਦਿਨ ਮੁਰਦਿਆਂ ਵਿਚੋਂ ਜੀ ਉੱਠੇਗਾ।”—ਲੂਕਾ 24:38, 46, CL.

ਜੀ ਉੱਠਣ ਤੋਂ ਬਾਅਦ 40 ਦਿਨਾਂ ਤਕ ਯਿਸੂ ਆਪਣੇ ਚੇਲਿਆਂ ਨੂੰ ਮਿਲਦਾ ਰਿਹਾ। ਇਕ ਵਾਰ ਉਸ ਨੇ 500 ਤੋਂ ਜ਼ਿਆਦਾ ਚੇਲਿਆਂ ਨੂੰ ਦਰਸ਼ਣ ਦਿੱਤੇ। ਉਸ ਵੇਲੇ ਯਿਸੂ ਨੇ ਉਨ੍ਹਾਂ ਨੂੰ ਇਕ ਜ਼ਰੂਰੀ ਕੰਮ ਦਿੱਤਾ: “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 28:19, 20.

ਗਿਆਰਾਂ ਵਫ਼ਾਦਾਰ ਰਸੂਲਾਂ ਨਾਲ ਆਪਣੀ ਆਖ਼ਰੀ ਮੁਲਾਕਾਤ ’ਤੇ ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦੇਵੇਗਾ ਜਿਸ ਦੀ ਮਦਦ ਨਾਲ ਉਹ ਸਾਰੀ ਦੁਨੀਆਂ ਵਿਚ ਯਿਸੂ ਦੀ ਗਵਾਹੀ ਦੇਣਗੇ। (ਰਸੂਲਾਂ ਦੇ ਕਰਤੱਬ 1:8) ਉਸ ਤੋਂ ਬਾਅਦ, ਯਿਸੂ ਨੂੰ ਸਵਰਗ ਨੂੰ ਉਠਾ ਲਿਆ ਗਿਆ, ਇਕ ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਉਹ ਗਾਇਬ ਹੋ ਗਿਆ।

—ਇਹ ਜਾਣਕਾਰੀ ਮੱਤੀ ਅਧਿਆਇ 28; ਮਰਕੁਸ ਅਧਿਆਇ 16; ਲੂਕਾ ਅਧਿਆਇ 24; ਯੂਹੰਨਾ ਅਧਿਆਇ 20-21 ਅਤੇ ਪਹਿਲਾ ਕੁਰਿੰਥੀਆਂ 15:5, 6 ਵਿੱਚੋਂ ਲਈ ਗਈ ਹੈ।

^ ਪੈਰਾ 6 ਮਸੀਹ ਬਾਰੇ ਜੋ ਭਵਿੱਖਬਾਣੀਆਂ ਯਿਸੂ ਨੇ ਪੂਰੀਆਂ ਕੀਤੀਆਂ, ਉਨ੍ਹਾਂ ਦੀਆਂ ਕੁਝ ਮਿਸਾਲਾਂ ਇਸ ਬਰੋਸ਼ਰ ਦੇ ਭਾਗ 14, 15 ਅਤੇ 16 ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿਚ ਵਧੇਰੇ ਜਾਣਕਾਰੀ: ਯਿਸੂ ਮਸੀਹ—ਵਾਅਦਾ ਕੀਤਾ ਹੋਇਆ ਮਸੀਹਾ ਦੇਖੋ।