Skip to content

Skip to table of contents

ਭਾਗ 25

ਨਿਹਚਾ, ਚਾਲ-ਚਲਣ ਤੇ ਪਿਆਰ ਬਾਰੇ ਸਲਾਹਾਂ

ਨਿਹਚਾ, ਚਾਲ-ਚਲਣ ਤੇ ਪਿਆਰ ਬਾਰੇ ਸਲਾਹਾਂ

ਯਾਕੂਬ, ਪਤਰਸ, ਯੂਹੰਨਾ ਅਤੇ ਯਹੂਦਾਹ ਨੇ ਮਸੀਹੀਆਂ ਨੂੰ ਹੌਸਲਾ ਦੇਣ ਲਈ ਚਿੱਠੀਆਂ ਲਿਖੀਆਂ

ਯਾਕੂਬ ਅਤੇ ਯਹੂਦਾਹ ਯਿਸੂ ਦੇ ਭਰਾ ਸਨ। ਪਤਰਸ ਅਤੇ ਯੂਹੰਨਾ ਉਸ ਦੇ ਬਾਰਾਂ ਰਸੂਲਾਂ ਵਿੱਚੋਂ ਸਨ। ਇਨ੍ਹਾਂ ਚੌਹਾਂ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਕੁੱਲ ਸੱਤ ਚਿੱਠੀਆਂ ਲਿਖੀਆਂ ਜਿਨ੍ਹਾਂ ਨੂੰ ਅਸੀਂ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਪੜ੍ਹ ਸਕਦੇ ਹਾਂ। ਇਹ ਚਿੱਠੀਆਂ ਉਨ੍ਹਾਂ ਦੇ ਨਾਵਾਂ ਤੋਂ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਚਿੱਠੀਆਂ ਵਿਚ ਪਾਈ ਜਾਂਦੀ ਸਲਾਹ ਉੱਤੇ ਚੱਲ ਕੇ ਅਸੀਂ ਯਹੋਵਾਹ ਅਤੇ ਉਸ ਦੇ ਰਾਜ ਪ੍ਰਤਿ ਆਪਣੀ ਵਫ਼ਾਦਾਰੀ ਕਾਇਮ ਰੱਖ ਸਕਦੇ ਹਾਂ।

ਕੰਮਾਂ ਦੁਆਰਾ ਨਿਹਚਾ ਦਾ ਸਬੂਤ ਦਿਓ। ਇਹ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ਅਸੀਂ ਨਿਹਚਾ ਕਰਦੇ ਹਾਂ। ਕੰਮਾਂ ਦੁਆਰਾ ਆਪਣੀ ਨਿਹਚਾ ਦਾ ਸਬੂਤ ਦੇਣਾ ਵੀ ਜ਼ਰੂਰੀ ਹੈ। ਯਾਕੂਬ ਨੇ ਲਿਖਿਆ: “ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।” (ਯਾਕੂਬ 2:26) ਜੇ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਆਪਣੀ ਨਿਹਚਾ ਪੱਕੀ ਰੱਖਾਂਗੇ, ਤਾਂ ਸਾਡੇ ਵਿਚ ਸਹਿਣ-ਸ਼ਕਤੀ ਪੈਦਾ ਹੋਵੇਗੀ। ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਪਰਮੇਸ਼ੁਰ ਤੋਂ ਸਮਝ ਮੰਗਣੀ ਚਾਹੀਦੀ ਹੈ ਅਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਜ਼ਰੂਰ ਸਾਨੂੰ ਸਮਝ ਦੇਵੇਗਾ। ਜਦੋਂ ਅਸੀਂ ਅਜ਼ਮਾਇਸ਼ਾਂ ਦੌਰਾਨ ਆਪਣੀ ਨਿਹਚਾ ਪੱਕੀ ਰੱਖਦੇ ਹਾਂ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੁੰਦਾ ਹੈ। (ਯਾਕੂਬ 1:2-6, 12) ਨਾਲੇ ਜੇ ਅਸੀਂ ਆਪਣੀ ਵਫ਼ਾਦਾਰੀ ਕਾਇਮ ਰੱਖ ਕੇ ‘ਪਰਮੇਸ਼ੁਰ ਦੇ ਨੇੜੇ ਜਾਵਾਂਗੇ ਤਾਂ ਉਹ ਸਾਡੇ ਨੇੜੇ ਆਵੇਗਾ।’ਯਾਕੂਬ 4:8.

ਆਪਣੀ ਨਿਹਚਾ ਮਜ਼ਬੂਤ ਰੱਖਣੀ ਜ਼ਰੂਰੀ ਹੈ ਤਾਂਕਿ ਅਸੀਂ ਕੋਈ ਗ਼ਲਤ ਕੰਮ ਨਾ ਕਰੀਏ ਅਤੇ ਮਾੜੇ ਪ੍ਰਭਾਵ ਹੇਠ ਨਾ ਆਈਏ। ਆਪਣੇ ਜ਼ਮਾਨੇ ਦੇ ਗੰਦੇ ਮਾਹੌਲ ਨੂੰ ਦੇਖਦੇ ਹੋਏ ਯਹੂਦਾਹ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ‘ਆਪਣੀ ਨਿਹਚਾ ਦੇ ਲਈ ਜਤਨ ਕਰਨ।’ਯਹੂਦਾਹ 3.

ਚਾਲ-ਚਲਣ ਸ਼ੁੱਧ ਰੱਖੋ। ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਡੇ ਲਈ ਪੂਰੀ ਤਰ੍ਹਾਂ ਪਵਿੱਤਰ ਜਾਂ ਸ਼ੁੱਧ ਹੋਣਾ ਜ਼ਰੂਰੀ ਹੈ। ਪਤਰਸ ਨੇ ਲਿਖਿਆ: “ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ [ਯਹੋਵਾਹ] ਪਵਿੱਤਰ ਹਾਂ।” (1 ਪਤਰਸ 1:15, 16) ਇਸ ਮਾਮਲੇ ਵਿਚ ਮਸੀਹ ਨੇ ਸਾਡੇ ਲਈ ਚੰਗੀ ਮਿਸਾਲ ਰੱਖੀ। ਪਤਰਸ ਨੇ ਅੱਗੇ ਕਿਹਾ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਭਾਵੇਂ ਮਸੀਹੀਆਂ ਨੂੰ ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਣ ਕਰਕੇ ਦੁੱਖ ਝੱਲਣੇ ਪੈਂਦੇ ਹਨ, ਪਰ ਉਹ ਸਹੀ ਕੰਮ ਕਰ ਕੇ ਆਪਣਾ “ਅੰਤਹਕਰਨ ਸ਼ੁੱਧ” ਰੱਖਦੇ ਹਨ। (1 ਪਤਰਸ 3:16, 17) ਪਤਰਸ ਮਸੀਹੀਆਂ ਨੂੰ ਤਾਕੀਦ ਕਰਦਾ ਹੈ ਕਿ ਪਰਮੇਸ਼ੁਰ ਦੇ ਨਿਆਂ ਦੇ ਦਿਨ ਅਤੇ ਨਵੀਂ ਦੁਨੀਆਂ ਦੀ ਉਡੀਕ ਕਰਦਿਆਂ ਉਹ ਆਪਣਾ ਚਾਲ-ਚਲਣ ਸ਼ੁੱਧ ਰੱਖਣ ਅਤੇ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹਿਣ।2 ਪਤਰਸ 3:11-13.

“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”ਯਾਕੂਬ 4:8

ਆਪਣੇ ਪਿਆਰ ਦਾ ਸਬੂਤ ਦਿਓ। ਯੂਹੰਨਾ ਨੇ ਲਿਖਿਆ: “ਪਰਮੇਸ਼ੁਰ ਪ੍ਰੇਮ ਹੈ।” ਉਸ ਨੇ ਦੱਸਿਆ ਕਿ ਪਰਮੇਸ਼ੁਰ ਨੇ ‘ਸਾਡੇ ਪਾਪਾਂ ਦੇ ਪਰਾਸਚਿੱਤ’ ਲਈ ਯਿਸੂ ਦੀ ਕੁਰਬਾਨੀ ਦੇ ਕੇ ਆਪਣੇ ਬੇਹੱਦ ਪਿਆਰ ਦਾ ਸਬੂਤ ਦਿੱਤਾ। ਅਸੀਂ ਇਸ ਪਿਆਰ ਦੀ ਕਿਵੇਂ ਕਦਰ ਕਰ ਸਕਦੇ ਹਾਂ? ਯੂਹੰਨਾ ਨੇ ਦੱਸਿਆ: “ਹੇ ਪਿਆਰਿਓ, ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ।” (1 ਯੂਹੰਨਾ 4:8-11) ਆਪਣਾ ਪਿਆਰ ਦਿਖਾਉਣ ਦਾ ਵਧੀਆ ਤਰੀਕਾ ਹੈ ਆਪਣੇ ਮਸੀਹੀ ਭੈਣ-ਭਰਾਵਾਂ ਦੀ ਪਰਾਹੁਣਚਾਰੀ ਕਰਨੀ।3 ਯੂਹੰਨਾ 5-8.

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ? ਯੂਹੰਨਾ ਨੇ ਜਵਾਬ ਦਿੱਤਾ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3; 2 ਯੂਹੰਨਾ 6) ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਵਾਲਿਆਂ ਨੂੰ ਕੋਈ ਸ਼ੱਕ ਨਹੀਂ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਰਹੇਗਾ ਅਤੇ ਉਨ੍ਹਾਂ ਨੂੰ “ਸਦੀਪਕ ਜੀਵਨ” ਦੇਵੇਗਾ।ਯਹੂਦਾਹ 21.

—ਇਹ ਜਾਣਕਾਰੀ ਯਾਕੂਬ, ਪਹਿਲਾ ਪਤਰਸ, ਦੂਜਾ ਪਤਰਸ, ਪਹਿਲਾ ਯੂਹੰਨਾ, ਦੂਜਾ ਯੂਹੰਨਾ, ਤੀਜਾ ਯੂਹੰਨਾ ਅਤੇ ਯਹੂਦਾਹ ਵਿੱਚੋਂ ਲਈ ਗਈ ਹੈ।