Skip to content

Skip to table of contents

ਪਾਠ 10

ਪਰਿਵਾਰਕ ਸਟੱਡੀ ਕੀ ਹੈ?

ਪਰਿਵਾਰਕ ਸਟੱਡੀ ਕੀ ਹੈ?

ਦੱਖਣੀ ਕੋਰੀਆ

ਬ੍ਰਾਜ਼ੀਲ

ਆਸਟ੍ਰੇਲੀਆ

ਗਿਨੀ

ਪੁਰਾਣੇ ਸਮਿਆਂ ਤੋਂ ਹੀ ਯਹੋਵਾਹ ਚਾਹੁੰਦਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਇਕ-ਦੂਜੇ ਨਾਲ ਸਮਾਂ ਬਿਤਾਉਣ ਲਈ ਇਕੱਠੇ ਹੋਣ ਤਾਂਕਿ ਪਰਿਵਾਰ ਦਾ ਪਰਮੇਸ਼ੁਰ ਨਾਲ ਅਤੇ ਇਕ-ਦੂਜੇ ਨਾਲ ਰਿਸ਼ਤਾ ਮਜ਼ਬੂਤ ਹੋਵੇ। (ਬਿਵਸਥਾ ਸਾਰ 6:6, 7) ਇਸ ਕਰਕੇ ਯਹੋਵਾਹ ਦੇ ਗਵਾਹ ਹਰ ਹਫ਼ਤੇ ਕੁਝ ਸਮਾਂ ਕੱਢ ਕੇ ਪਰਿਵਾਰਕ ਸਟੱਡੀ ਕਰਨ ਲਈ ਇਕੱਠੇ ਹੁੰਦੇ ਹਨ। ਸਟੱਡੀ ਦੌਰਾਨ ਵਧੀਆ ਮਾਹੌਲ ਹੋਣਾ ਚਾਹੀਦਾ ਹੈ ਅਤੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਕਿਸੇ ਵਿਸ਼ੇ ਉੱਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਜੇ ਤੁਸੀਂ ਇਕੱਲੇ ਰਹਿੰਦੇ ਹੋ, ਤਾਂ ਤੁਸੀਂ ਆਪਣੀ ਇੱਛਾ ਮੁਤਾਬਕ ਬਾਈਬਲ ਦੇ ਕਿਸੇ ਵਿਸ਼ੇ ਉੱਤੇ ਡੂੰਘਾਈ ਨਾਲ ਸਟੱਡੀ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹੋ।

ਪਰਿਵਾਰਕ ਸਟੱਡੀ ਦੌਰਾਨ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਹੋਰ ਪੱਕਾ ਹੋਵੇਗਾ। “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਜਦੋਂ ਅਸੀਂ ਬਾਈਬਲ ਪੜ੍ਹ ਕੇ ਪਰਮੇਸ਼ੁਰ ਦੇ ਸੁਭਾਅ ਅਤੇ ਕੰਮਾਂ ਬਾਰੇ ਸਿੱਖਦੇ ਹਾਂ, ਤਾਂ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲੱਗਦੇ ਹਾਂ। ਪਰਿਵਾਰਕ ਸਟੱਡੀ ਸ਼ੁਰੂ ਕਰਨ ਲਈ ਸਾਰੇ ਇਕੱਠੇ ਬਾਈਬਲ ਪੜ੍ਹ ਸਕਦੇ ਹਨ। ਸ਼ਾਇਦ ਤੁਸੀਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਚ ਦਿੱਤੀ ਹਫ਼ਤੇ ਦੀ ਬਾਈਬਲ ਰੀਡਿੰਗ ਕਰ ਸਕਦੇ ਹੋ। ਸਾਰੇ ਵਾਰੀ-ਵਾਰੀ ਬਾਈਬਲ ਵਿੱਚੋਂ ਕੁਝ ਹਵਾਲੇ ਪੜ੍ਹ ਸਕਦੇ ਹਨ ਅਤੇ ਫਿਰ ਸਾਰੇ ਜਣੇ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਕੀ ਸਿੱਖਿਆ।

ਪਰਿਵਾਰਕ ਸਟੱਡੀ ਦੌਰਾਨ ਪਰਿਵਾਰ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਪਤੀ-ਪਤਨੀਆਂ ਅਤੇ ਮਾਪਿਆਂ ਤੇ ਬੱਚਿਆਂ ਦਾ ਰਿਸ਼ਤਾ ਇਕ-ਦੂਜੇ ਨਾਲ ਹੋਰ ਮਜ਼ਬੂਤ ਹੁੰਦਾ ਹੈ ਜਦੋਂ ਉਹ ਸਾਰੇ ਇਕੱਠੇ ਹੋ ਕੇ ਬਾਈਬਲ ਸਟੱਡੀ ਕਰਦੇ ਹਨ। ਇਹ ਸ਼ਾਂਤ ਤੇ ਖ਼ੁਸ਼ੀ-ਭਰਿਆ ਸਮਾਂ ਹੋਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਸਟੱਡੀ ਕਰ ਕੇ ਮਜ਼ਾ ਆਉਣਾ ਚਾਹੀਦਾ ਹੈ। ਮਾਪਿਆਂ ਨੂੰ ਉਹੀ ਵਿਸ਼ੇ ਚੁਣਨੇ ਚਾਹੀਦੇ ਹਨ ਜੋ ਬੱਚਿਆਂ ਦੀ ਉਮਰ ਅਤੇ ਸਮਝ ਮੁਤਾਬਕ ਹੋਣ। ਉਹ ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਜਾਂ ਸਾਡੀ ਵੈੱਬਸਾਈਟ jw.org ਤੋਂ ਢੁਕਵੇਂ ਲੇਖ ਵਰਤ ਸਕਦੇ ਹਨ। ਸਕੂਲ ਵਿਚ ਆਉਂਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਮਾਪੇ ਬੱਚਿਆਂ ਨੂੰ ਸਮਝਾ ਸਕਦੇ ਹਨ ਕਿ ਉਹ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ। ਕਿਉਂ ਨਾ JW ਬ੍ਰਾਡਕਾਸਟ ਟੀ. ਵੀ. (tv.pr418.com) ਉੱਤੇ ਪ੍ਰੋਗ੍ਰਾਮ ਦੇਖੋ ਅਤੇ ਬਾਅਦ ਵਿਚ ਇਸ ਬਾਰੇ ਇਕੱਠੇ ਚਰਚਾ ਕਰੋ? ਉਹ ਉਸ ਹਫ਼ਤੇ ਦੀ ਮੀਟਿੰਗ ਲਈ ਚੁਣੇ ਗਏ ਗੀਤ ਗਾ ਸਕਦੇ ਹਨ ਅਤੇ ਜੇ ਉਹ ਚਾਹੁਣ, ਤਾਂ ਪਰਿਵਾਰਕ ਸਟੱਡੀ ਕਰਨ ਤੋਂ ਬਾਅਦ ਖਾਣ-ਪੀਣ ਦਾ ਮਜ਼ਾ ਲੈ ਸਕਦੇ ਹਨ।

ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ ਨਾਲ ਪਰਿਵਾਰ ਦੇ ਹਰ ਮੈਂਬਰ ਨੂੰ ਬਾਈਬਲ ਸਟੱਡੀ ਕਰ ਕੇ ਮਜ਼ਾ ਆਵੇਗਾ ਅਤੇ ਯਹੋਵਾਹ ਸਾਰਿਆਂ ਦੀਆਂ ਕੋਸ਼ਿਸ਼ਾਂ ’ਤੇ ਬਰਕਤਾਂ ਪਾਵੇਗਾ।ਜ਼ਬੂਰਾਂ ਦੀ ਪੋਥੀ 1:1-3.

  • ਪਰਿਵਾਰਕ ਸਟੱਡੀ ਲਈ ਸਾਨੂੰ ਸਮਾਂ ਕਿਉਂ ਕੱਢਣਾ ਚਾਹੀਦਾ ਹੈ?

  • ਮਾਪੇ ਬੱਚਿਆਂ ਲਈ ਪਰਿਵਾਰਕ ਸਟੱਡੀ ਮਜ਼ੇਦਾਰ ਕਿਵੇਂ ਬਣਾ ਸਕਦੇ ਹਨ?