Skip to content

Skip to table of contents

ਪਾਠ 14

ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?

ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?

ਅਮਰੀਕਾ

ਪੈਟਰਸਨ, ਨਿਊਯਾਰਕ ਵਿਚ ਗਿਲਿਅਡ ਸਕੂਲ

ਪਨਾਮਾ

ਯਹੋਵਾਹ ਦੇ ਗਵਾਹਾਂ ਵਿਚ ਪਰਮੇਸ਼ੁਰ ਦੀ ਸਿੱਖਿਆ ਲੈਣੀ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ।। ਜਿਹੜੇ ਭੈਣ-ਭਰਾ ਆਪਣਾ ਸਾਰਾ ਸਮਾਂ ਪ੍ਰਚਾਰ ਕਰਨ ਵਿਚ ਲਾਉਂਦੇ ਹਨ, ਉਨ੍ਹਾਂ ਨੂੰ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਉਹ “ਸੇਵਾ ਦਾ ਆਪਣਾ ਕੰਮ ਪੂਰਾ ਕਰ” ਸਕਣ।2 ਤਿਮੋਥਿਉਸ 4:5.

ਪਾਇਨੀਅਰ ਸੇਵਾ ਸਕੂਲ। ਜਦੋਂ ਕਿਸੇ ਭੈਣ ਜਾਂ ਭਰਾ ਨੂੰ ਰੈਗੂਲਰ ਪਾਇਨੀਅਰਿੰਗ ਕਰਦਿਆਂ ਇਕ ਸਾਲ ਹੋ ਜਾਂਦਾ ਹੈ, ਤਾਂ ਉਹ ਕਿਸੇ ਨੇੜਲੇ ਕਿੰਗਡਮ ਹਾਲ ਵਿਚ ਛੇ ਦਿਨਾਂ ਦੇ ਸਕੂਲ ਵਿਚ ਜਾ ਸਕਦਾ ਹੈ। ਇਸ ਸਕੂਲ ਦਾ ਮਕਸਦ ਹੈ ਪਾਇਨੀਅਰਾਂ ਦੀ ਮਦਦ ਕਰਨੀ ਤਾਂਕਿ ਉਹ ਯਹੋਵਾਹ ਦੇ ਹੋਰ ਨੇੜੇ ਆਉਣ, ਪ੍ਰਚਾਰ ਕਰਨ ਦੇ ਵਧੀਆ ਤਰੀਕੇ ਅਪਣਾਉਣ ਤੇ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ।

ਰਾਜ ਦੇ ਪ੍ਰਚਾਰਕਾਂ ਲਈ ਸਕੂਲ। ਦੋ ਮਹੀਨਿਆਂ ਦੇ ਇਸ ਸਕੂਲ ਵਿਚ ਉਹ ਤਜਰਬੇਕਾਰ ਪਾਇਨੀਅਰ ਜਾ ਸਕਦੇ ਹਨ ਜੋ ਆਪਣਾ ਘਰ ਛੱਡ ਕੇ ਉਨ੍ਹਾਂ ਥਾਵਾਂ ’ਤੇ ਜਾਣ ਲਈ ਤਿਆਰ ਹਨ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਹੈ। ਅਸਲ ਵਿਚ ਉਹ ਸਭ ਤੋਂ ਮਹਾਨ ਪ੍ਰਚਾਰਕ ਯਿਸੂ ਮਸੀਹ ਦੀ ਰੀਸ ਕਰਦੇ ਹੋਏ ਕਹਿੰਦੇ ਹਨ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8; ਯੂਹੰਨਾ 7:29) ਦੂਜੀ ਜਗ੍ਹਾ ਜਾ ਕੇ ਸ਼ਾਇਦ ਉਨ੍ਹਾਂ ਨੂੰ ਸਾਦੀ ਜ਼ਿੰਦਗੀ ਜੀਉਣੀ ਪਵੇ। ਉੱਥੋਂ ਦਾ ਸਭਿਆਚਾਰ, ਮੌਸਮ ਅਤੇ ਖਾਣਾ ਸ਼ਾਇਦ ਪੂਰੀ ਤਰ੍ਹਾਂ ਵੱਖਰਾ ਹੋਵੇ। ਸ਼ਾਇਦ ਉਨ੍ਹਾਂ ਨੂੰ ਨਵੀਂ ਭਾਸ਼ਾ ਸਿੱਖਣੀ ਪਵੇ। ਇਸ ਸਕੂਲ ਵਿਚ ਕੁਆਰੇ ਭੈਣ-ਭਰਾ ਤੇ ਵਿਆਹੇ ਜੋੜੇ ਜਾ ਸਕਦੇ ਹਨ ਜਿਨ੍ਹਾਂ ਦੀ ਉਮਰ 23 ਤੋਂ 65 ਸਾਲ ਹੈ। ਵਧੀਆ ਸਿੱਖਿਆ ਦੀ ਮਦਦ ਨਾਲ ਉਹ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹਨ ਜੋ ਉਨ੍ਹਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਲੋੜੀਂਦੇ ਹਨ ਅਤੇ ਵਧੀਆ ਹੁਨਰ ਸਿੱਖ ਸਕਦੇ ਹਨ ਜਿਨ੍ਹਾਂ ਕਰਕੇ ਉਹ ਯਹੋਵਾਹ ਤੇ ਉਸ ਦੇ ਸੰਗਠਨ ਦੇ ਹੋਰ ਵੀ ਜ਼ਿਆਦਾ ਕੰਮ ਆਉਣਗੇ।

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ। ਇਬਰਾਨੀ ਭਾਸ਼ਾ ਵਿਚ “ਗਿਲਿਅਡ” ਸ਼ਬਦ ਦਾ ਮਤਲਬ ਹੈ “ਗਵਾਹੀ ਦਾ ਢੇਰ।” ਸੰਨ 1943 ਵਿਚ ਗਿਲਿਅਡ ਸਕੂਲ ਦੇ ਸ਼ੁਰੂ ਹੋਣ ਤੋਂ 8,000 ਤੋਂ ਜ਼ਿਆਦਾ ਮਿਸ਼ਨਰੀਆਂ ਨੂੰ“ਧਰਤੀ ਦੇ ਕੋਨੇ-ਕੋਨੇ ਵਿਚ” ਗਵਾਹੀ ਦੇਣ ਲਈ ਭੇਜਿਆ ਗਿਆ ਤੇ ਉਨ੍ਹਾਂ ਨੂੰ ਬਹੁਤ ਸਫ਼ਲਤਾ ਮਿਲੀ ਹੈ। (ਰਸੂਲਾਂ ਦੇ ਕੰਮ 13:47) ਮਿਸਾਲ ਲਈ, ਜਦੋਂ ਮਿਸ਼ਨਰੀ ਭੈਣ-ਭਰਾ ਪਹਿਲੀ ਵਾਰ ਪੀਰੂ ਦੇਸ਼ ਗਏ ਸਨ, ਤਾਂ ਉੱਥੇ ਕੋਈ ਮੰਡਲੀ ਨਹੀਂ ਸੀ। ਹੁਣ ਉੱਥੇ 1,000 ਤੋਂ ਵੀ ਜ਼ਿਆਦਾ ਮੰਡਲੀਆਂ ਹਨ। ਜਦੋਂ ਸਾਡੇ ਮਿਸ਼ਨਰੀ ਪਹਿਲੀ ਵਾਰ ਜਪਾਨ ਗਏ ਸਨ, ਤਾਂ ਉੱਥੇ ਦਸ ਤੋਂ ਵੀ ਘੱਟ ਗਵਾਹ ਸਨ। ਹੁਣ ਉੱਥੇ 2,00,000 ਤੋਂ ਵੀ ਜ਼ਿਆਦਾ ਗਵਾਹ ਹਨ! ਪੰਜ ਮਹੀਨਿਆਂ ਦੇ ਕੋਰਸ ਦੌਰਾਨ ਗਿਲਿਅਡ ਸਕੂਲ ਵਿਚ ਪਰਮੇਸ਼ੁਰ ਦੇ ਬਚਨ ਦੀ ਚੰਗੀ ਤਰ੍ਹਾਂ ਸਟੱਡੀ ਕੀਤੀ ਜਾਂਦੀ ਹੈ। ਜਿਹੜੇ ਭੈਣ-ਭਰਾ ਸਪੈਸ਼ਲ ਪਾਇਨੀਅਰ ਜਾਂ ਮਿਸ਼ਨਰੀ ਹਨ, ਬ੍ਰਾਂਚ ਆਫ਼ਿਸਾਂ ਵਿਚ ਕੰਮ ਕਰਦੇ ਹਨ ਜਾਂ ਸਰਕਟ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸ ਸਕੂਲ ਵਿਚ ਜ਼ਬਰਦਸਤ ਟ੍ਰੇਨਿੰਗ ਲੈਣ ਲਈ ਬੁਲਾਇਆ ਜਾਂਦਾ ਹੈ ਤਾਂਕਿ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ ਜਾ ਸਕੇ ਤੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

  • ਪਾਇਨੀਅਰ ਸੇਵਾ ਸਕੂਲ ਦਾ ਕੀ ਮਕਸਦ ਹੈ?

  • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਕਿਉਂ ਸ਼ੁਰੂ ਕੀਤਾ ਗਿਆ ਹੈ?