Skip to content

Skip to table of contents

ਪਾਠ 24

ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

ਨੇਪਾਲ

ਟੋਗੋ

ਬ੍ਰਿਟੇਨ

ਸਾਡਾ ਸੰਗਠਨ ਹਰ ਸਾਲ ਕਰੋੜਾਂ ਹੀ ਬਾਈਬਲਾਂ ਅਤੇ ਹੋਰ ਪ੍ਰਕਾਸ਼ਨ ਛਾਪਦਾ ਤੇ ਮੁਫ਼ਤ ਵਿਚ ਵੰਡਦਾ ਹੈ। ਅਸੀਂ ਕਿੰਗਡਮ ਹਾਲ ਤੇ ਬ੍ਰਾਂਚ ਆਫ਼ਿਸ ਬਣਾਉਂਦੇ ਹਾਂ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਾਂ। ਨਾਲੇ ਅਸੀਂ ਹਜ਼ਾਰਾਂ ਹੀ ਮਿਸ਼ਨਰੀਆਂ ਤੇ ਬੈਥਲ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਾਂ ਅਤੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਜ਼ਰੂਰੀ ਚੀਜ਼ਾਂ ਪਹੁੰਚਾਉਂਦੇ ਹਾਂ। ਤਾਂ ਫਿਰ, ਸ਼ਾਇਦ ਤੁਸੀਂ ਪੁੱਛੋ, ‘ਇਨ੍ਹਾਂ ਸਭ ਕੰਮਾਂ ਲਈ ਪੈਸਾ ਕਿੱਥੋਂ ਆਉਂਦਾ ਹੈ?’

ਅਸੀਂ ਚੰਦਾ ਨਹੀਂ ਮੰਗਦੇ ਹਾਂ। ਭਾਵੇਂ ਕਿ ਪ੍ਰਚਾਰ ਦੇ ਕੰਮ ’ਤੇ ਬਹੁਤ ਖ਼ਰਚਾ ਹੁੰਦਾ ਹੈ, ਫਿਰ ਵੀ ਅਸੀਂ ਕਿਸੇ ਕੋਲੋਂ ਪੈਸੇ ਦੀ ਮੰਗ ਨਹੀਂ ਕਰਦੇ। ਤਕਰੀਬਨ ਇਕ ਸਦੀ ਪਹਿਲਾਂ ਪਹਿਰਾਬੁਰਜ ਰਸਾਲੇ ਦੇ ਦੂਜੇ ਅੰਕ ਵਿਚ ਕਿਹਾ ਗਿਆ ਸੀ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰ ਰਿਹਾ ਹੈ ਅਤੇ ਅਸੀਂ ਕਦੇ “ਭੀਖ ਨਹੀਂ ਮੰਗਾਂਗੇ ਤੇ ਨਾ ਹੀ ਮਦਦ ਲਈ ਇਨਸਾਨਾਂ ਅੱਗੇ ਹੱਥ ਅੱਡਾਂਗੇ।” ਅੱਜ ਤਕ ਇਸ ਤਰ੍ਹਾਂ ਕਰਨ ਦੀ ਨੌਬਤ ਨਹੀਂ ਆਈ!ਮੱਤੀ 10:8.

ਸਾਡੇ ਕੰਮਾਂ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਦਾਨ ਦਿੰਦੇ ਹਨ ਕਿਉਂਕਿ ਉਹ ਸਾਡੇ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਦੀ ਕਦਰ ਕਰਦੇ ਹਨ। ਨਾਲੇ ਦੁਨੀਆਂ ਭਰ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਗਵਾਹ ਖ਼ੁਦ ਵੀ ਆਪਣਾ ਸਮਾਂ, ਤਾਕਤ, ਪੈਸਾ ਅਤੇ ਹੋਰ ਚੀਜ਼ਾਂ ਖ਼ੁਸ਼ੀ-ਖ਼ੁਸ਼ੀ ਇਸਤੇਮਾਲ ਕਰਦੇ ਹਨ। (1 ਇਤਹਾਸ 29:9) ਕਿੰਗਡਮ ਹਾਲ ਅਤੇ ਸੰਮੇਲਨਾਂ ਵਿਚ ਦਾਨ-ਪੇਟੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕੋਈ ਵੀ ਆਪਣੀ ਮਰਜ਼ੀ ਨਾਲ ਦਾਨ ਪਾ ਸਕਦਾ ਹੈ। ਜਾਂ ਸਾਡੀ ਵੈੱਬਸਾਈਟ jw.org ਦੇ ਜ਼ਰੀਏ ਵੀ ਦਾਨ ਦਿੱਤਾ ਜਾ ਸਕਦਾ ਹੈ। ਜਿਵੇਂ ਪਹਿਲੀ ਸਦੀ ਵਿਚ ਇਕ ਗ਼ਰੀਬ ਵਿਧਵਾ ਨੇ ਮੰਦਰ ਦੀ ਦਾਨ-ਪੇਟੀ ਵਿਚ ਦੋ ਛੋਟੇ ਜਿਹੇ ਸਿੱਕੇ ਪਾਏ ਸਨ ਜਿਸ ਦੀ ਯਿਸੂ ਨੇ ਤਾਰੀਫ਼ ਕੀਤੀ ਸੀ, ਉਸੇ ਤਰ੍ਹਾਂ ਅੱਜ ਜ਼ਿਆਦਾਤਰ ਦਾਨ ਉਨ੍ਹਾਂ ਲੋਕਾਂ ਵੱਲੋਂ ਦਿੱਤਾ ਜਾਂਦਾ ਹੈ ਜੋ ਅਮੀਰ ਨਹੀਂ ਹਨ। (ਲੂਕਾ 21:1-4) ਇਸ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਨਿਯਮਿਤ ਤੌਰ ਤੇ ਦਾਨ ਕਰਨ ਲਈ “ਕੁਝ ਪੈਸੇ ਵੱਖਰੇ ਰੱਖ” ਸਕਦਾ ਹੈ ਜਿਵੇਂ “ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ।”1 ਕੁਰਿੰਥੀਆਂ 16:2; 2 ਕੁਰਿੰਥੀਆਂ 9:7.

ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਲੋਕਾਂ ਦੇ ਦਿਲਾਂ ਨੂੰ ਪ੍ਰੇਰਦਾ ਰਹੇਗਾ ਜੋ ‘ਆਪਣੇ ਮਾਲ ਨਾਲ ਉਸ ਦੀ ਮਹਿਮਾ ਕਰਨੀ’ ਅਤੇ ਪ੍ਰਚਾਰ ਦੇ ਕੰਮ ਦਾ ਸਮਰਥਨ ਕਰਨਾ ਚਾਹੁੰਦੇ ਹਨ ਤਾਂਕਿ ਉਸ ਦੀ ਇੱਛਾ ਪੂਰੀ ਹੋਵੇ।ਕਹਾਉਤਾਂ 3:9.

  • ਸਾਡਾ ਸੰਗਠਨ ਦੂਜਿਆਂ ਧਰਮਾਂ ਨਾਲੋਂ ਕਿਸ ਗੱਲੋਂ ਵੱਖਰਾ ਹੈ?

  • ਦਾਨ ਕੀਤੇ ਗਏ ਪੈਸੇ ਨੂੰ ਕਿੱਦਾਂ ਵਰਤਿਆ ਜਾਂਦਾ ਹੈ?