Skip to content

Skip to table of contents

ਪਾਠ 4

ਉਸ ਨੇ ਆਪਣੇ ਡੈਡੀ ਤੇ ਯਹੋਵਾਹ ਨੂੰ ਖ਼ੁਸ਼ ਕੀਤਾ

ਉਸ ਨੇ ਆਪਣੇ ਡੈਡੀ ਤੇ ਯਹੋਵਾਹ ਨੂੰ ਖ਼ੁਸ਼ ਕੀਤਾ

ਯਿਫ਼ਤਾਹ ਯਹੋਵਾਹ ਨਾਲ ਕਿਹੜਾ ਵਾਅਦਾ ਕਰ ਰਿਹਾ ਹੈ?

ਹਰ ਸਾਲ ਯਿਫ਼ਤਾਹ ਦੀ ਧੀ ਦੀਆਂ ਸਹੇਲੀਆਂ ਉਸ ਨੂੰ ਮਿਲਣ ਜਾਂਦੀਆਂ ਸਨ

ਕੀ ਤੈਨੂੰ ਤਸਵੀਰ ਵਿਚ ਕੁੜੀ ਦਿੱਸਦੀ ਹੈ?— ਉਹ ਯਿਫ਼ਤਾਹ ਦੀ ਧੀ ਹੈ। ਬਾਈਬਲ ਸਾਨੂੰ ਉਸ ਦਾ ਨਾਂ ਨਹੀਂ ਦੱਸਦੀ, ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਉਸ ਨੇ ਆਪਣੇ ਡੈਡੀ ਅਤੇ ਯਹੋਵਾਹ ਨੂੰ ਖ਼ੁਸ਼ ਕੀਤਾ ਸੀ। ਆਓ ਆਪਾਂ ਉਸ ਬਾਰੇ ਤੇ ਉਸ ਦੇ ਡੈਡੀ ਯਿਫ਼ਤਾਹ ਬਾਰੇ ਜਾਣੀਏ।

ਯਿਫ਼ਤਾਹ ਇਕ ਚੰਗਾ ਆਦਮੀ ਸੀ ਅਤੇ ਉਸ ਨੇ ਬਹੁਤ ਸਾਰਾ ਸਮਾਂ ਕੱਢ ਕੇ ਆਪਣੀ ਕੁੜੀ ਨੂੰ ਯਹੋਵਾਹ ਬਾਰੇ ਸਿਖਾਇਆ। ਉਹ ਤਾਕਤਵਰ ਅਤੇ ਵਧੀਆ ਆਗੂ ਵੀ ਸੀ। ਇਸ ਕਰਕੇ ਇਜ਼ਰਾਈਲੀਆਂ ਨੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਯਿਫ਼ਤਾਹ ਨੂੰ ਅਗਵਾਈ ਕਰਨ ਲਈ ਚੁਣਿਆ।

ਯਿਫ਼ਤਾਹ ਨੇ ਲੜਾਈ ਜਿੱਤਣ ਲਈ ਪਰਮੇਸ਼ੁਰ ਤੋਂ ਮਦਦ ਮੰਗੀ। ਯਿਫ਼ਤਾਹ ਨੇ ਵਾਅਦਾ ਕੀਤਾ: ‘ਹੇ ਯਹੋਵਾਹ, ਜੇ ਮੈਂ ਜਿੱਤ ਗਿਆ, ਤਾਂ ਜੋ ਵੀ ਮੈਨੂੰ ਮਿਲਣ ਵਾਸਤੇ ਮੇਰੇ ਘਰੋਂ ਪਹਿਲਾਂ ਨਿਕਲੇਗਾ ਮੈਂ ਉਹ ਨੂੰ ਤੇਰੀ ਸੇਵਾ ਵਿਚ ਦੇ ਦਿਆਂਗਾ।’ ਮਤਲਬ ਕਿ ਜਿਸ ਨੇ ਵੀ ਉਹਦੇ ਘਰੋਂ ਪਹਿਲਾਂ ਨਿਕਲਣਾ ਸੀ, ਉਸ ਨੇ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੇ ਡੇਰੇ ਵਿਚ ਰਹਿ ਕੇ ਸੇਵਾ ਕਰਨੀ ਸੀ। ਡੇਰਾ ਉਹ ਜਗ੍ਹਾ ਸੀ ਜਿੱਥੇ ਲੋਕ ਉਸ ਜ਼ਮਾਨੇ ਵਿਚ ਯਹੋਵਾਹ ਦੀ ਪੂਜਾ ਕਰਨ ਜਾਂਦੇ ਹੁੰਦੇ ਸੀ। ਕੀ ਯਿਫ਼ਤਾਹ ਨੇ ਲੜਾਈ ਜਿੱਤੀ? ਹਾਂ! ਜਦੋਂ ਉਹ ਘਰ ਵਾਪਸ ਗਿਆ, ਤਾਂ ਕੀ ਤੈਨੂੰ ਪਤਾ ਕਿ ਉਸ ਦੇ ਘਰੋਂ ਪਹਿਲਾਂ ਕੌਣ ਬਾਹਰ ਆਇਆ?—

ਯਿਫ਼ਤਾਹ ਦੀ ਧੀ! ਉਹ ਉਸ ਦੀ ਇੱਕੋ-ਇਕ ਕੁੜੀ ਸੀ ਅਤੇ ਹੁਣ ਯਿਫ਼ਤਾਹ ਨੂੰ ਉਸ ਨੂੰ ਡੇਰੇ ਵਿਚ ਭੇਜਣਾ ਪੈਣਾ ਸੀ। ਇਸ ਕਰਕੇ ਉਹ ਬਹੁਤ ਉਦਾਸ ਹੋ ਗਿਆ। ਪਰ ਤੈਨੂੰ ਯਾਦ ਹੀ ਹੈ ਕਿ ਉਸ ਨੇ ਯਹੋਵਾਹ ਨਾਲ ਵਾਅਦਾ ਕੀਤਾ ਸੀ। ਉਸੇ ਵੇਲੇ ਉਸ ਦੀ ਕੁੜੀ ਨੇ ਕਿਹਾ: ‘ਡੈਡੀ ਤੁਸੀਂ ਯਹੋਵਾਹ ਨਾਲ ਵਾਅਦਾ ਕੀਤਾ ਹੈ, ਇਸ ਲਈ ਆਪਣਾ ਵਾਅਦਾ ਪੂਰਾ ਕਰੋ।’

ਇਹ ਸੌਖਾ ਨਹੀਂ ਸੀ, ਪਰ ਯਿਫ਼ਤਾਹ ਦੀ ਧੀ ਨੇ ਉਹੀ ਕੀਤਾ ਜੋ ਉਸ ਦੇ ਡੈਡੀ ਨੇ ਵਾਅਦਾ ਕੀਤਾ ਸੀ

ਯਿਫ਼ਤਾਹ ਦੀ ਕੁੜੀ ਵੀ ਉਦਾਸ ਸੀ। ਡੇਰੇ ਵਿਚ ਸੇਵਾ ਕਰਦਿਆਂ ਉਹ ਵਿਆਹ ਨਹੀਂ ਕਰਾ ਸਕਦੀ ਸੀ ਜਿਸ ਕਰਕੇ ਉਹ ਕਦੀ ਮਾਂ ਨਹੀਂ ਸੀ ਬਣ ਸਕਦੀ। ਪਰ ਆਪਣੇ ਡੈਡੀ ਦਾ ਵਾਅਦਾ ਪੂਰਾ ਕਰਨ ਦੇ ਨਾਲ-ਨਾਲ ਉਹ ਯਹੋਵਾਹ ਨੂੰ ਵੀ ਖ਼ੁਸ਼ ਕਰਨਾ ਚਾਹੁੰਦੀ ਸੀ। ਉਸ ਦੇ ਲਈ ਵਿਆਹ ਕਰਾਉਣਾ ਜਾਂ ਮਾਂ ਬਣਨਾ ਇੰਨਾ ਜ਼ਰੂਰੀ ਨਹੀਂ ਸੀ ਜਿੰਨਾ ਜ਼ਰੂਰੀ ਯਹੋਵਾਹ ਨੂੰ ਖ਼ੁਸ਼ ਕਰਨਾ ਸੀ। ਇਸ ਲਈ ਉਹ ਆਪਣੇ ਘਰੋਂ ਚਲੀ ਗਈ ਅਤੇ ਸਾਰੀ ਉਮਰ ਡੇਰੇ ਵਿਚ ਸੇਵਾ ਕਰਦੀ ਰਹੀ।

ਕੀ ਤੇਰੇ ਖ਼ਿਆਲ ਵਿਚ ਉਸ ਦਾ ਡੈਡੀ ਅਤੇ ਯਹੋਵਾਹ ਉਸ ਤੋਂ ਖ਼ੁਸ਼ ਸੀ?— ਹਾਂ, ਜ਼ਰੂਰ! ਜੇ ਤੂੰ ਕਹਿਣਾ ਮੰਨਦਾ ਹੈਂ ਅਤੇ ਯਹੋਵਾਹ ਨੂੰ ਪਿਆਰ ਕਰਦਾ ਹੈਂ, ਤਾਂ ਤੂੰ ਯਿਫ਼ਤਾਹ ਦੀ ਧੀ ਵਰਗਾ ਬਣ ਸਕਦਾ ਹੈਂ। ਤੂੰ ਵੀ ਆਪਣੇ ਮੰਮੀ-ਡੈਡੀ ਅਤੇ ਯਹੋਵਾਹ ਨੂੰ ਬਹੁਤ ਖ਼ੁਸ਼ ਕਰੇਂਗਾ।

ਆਪਣੀ ਬਾਈਬਲ ਵਿੱਚੋਂ ਪੜ੍ਹੋ