Skip to content

Skip to table of contents

ਸਵਾਲ 6

ਮੈਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?

ਮੈਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?

ਇਹ ਜਾਣਨਾ ਕਿਉਂ ਜ਼ਰੂਰੀ ਹੈ?

ਜਦੋਂ ਤੁਸੀਂ ਆਪਣੇ ਫ਼ੈਸਲੇ ਆਪ ਕਰਦੇ ਹੋ, ਤਾਂ ਤੁਹਾਡੀ ਜ਼ਿੰਦਗੀ ਤੁਹਾਡੇ ਆਪਣੇ ਹੱਥ ਵਿਚ ਹੁੰਦੀ ਹੈ, ਨਾ ਕਿ ਕਿਸੇ ਹੋਰ ਦੇ ਹੱਥ ਵਿਚ।

ਤੁਸੀਂ ਕੀ ਕਰਦੇ?

ਕਲਪਨਾ ਕਰੋ: ਬ੍ਰਾਇਨ ਦੋ ਮੁੰਡਿਆਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਘਬਰਾ ਜਾਂਦਾ ਹੈ। ਇਸ ਹਫ਼ਤੇ ਦੋ ਵਾਰ ਉਨ੍ਹਾਂ ਨੇ ਉਸ ’ਤੇ ਸਿਗਰਟ ਪੀਣ ਦਾ ਦਬਾਅ ਪਾਇਆ ਸੀ। ਹੁਣ ਉਹ ਤੀਸਰੀ ਵਾਰ ਆ ਗਏ।

ਪਹਿਲਾ ਮੁੰਡਾ ਕਹਿੰਦਾ ਹੈ:

“ਅੱਜ ਤੂੰ ਫਿਰ ਇਕੱਲਾ? ਆ, ਮੈਂ ਤੈਨੂੰ ਆਪਣੇ ਇਕ ਖ਼ਾਸ ਦੋਸਤ ਨਾਲ ਮਿਲਾਉਂਦਾਂ।”

ਇਹ ਕਹਿ ਕੇ ਉਹ ਆਪਣੀ ਜੇਬ ਵਿੱਚੋਂ ਕੁਝ ਕੱਢਦਾ ਹੈ। ਫਿਰ ਉਹ ਆਪਣਾ ਹੱਥ ਬ੍ਰਾਇਨ ਵੱਲ ਵਧਾਉਂਦਾ ਹੈ।

ਬ੍ਰਾਇਨ ਦੇਖਦਾ ਹੈ ਕਿ ਮੁੰਡੇ ਦੇ ਹੱਥ ਵਿਚ ਸਿਗਰਟ ਹੈ। ਉਹ ਹੋਰ ਵੀ ਘਬਰਾ ਜਾਂਦਾ ਹੈ।

ਬ੍ਰਾਇਨ ਕਹਿੰਦਾ ਹੈ: “ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਮੈਂ ਨਹੀਂ . . .”

ਦੂਜਾ ਮੁੰਡਾ ਗੱਲ ਟੋਕ ਦਿੰਦਾ ਹੈ: “ਡਰਪੋਕ ਨਾ ਬਣ!”

ਬ੍ਰਾਇਨ ਬੜੀ ਹਿੰਮਤ ਕਰ ਕੇ ਕਹਿੰਦਾ ਹੈ: “ਮੈਂ ਨਹੀਂ ਡਰਦਾ!”

ਦੂਜਾ ਮੁੰਡਾ ਬ੍ਰਾਇਨ ਦੇ ਮੋਢੇ ਦੁਆਲੇ ਬਾਂਹ ਰੱਖ ਕੇ ਹੌਲੀ ਜਿਹੀ ਕਹਿੰਦਾ ਹੈ: “ਪੀ ਲਾ ਯਾਰ।”

ਪਹਿਲਾ ਮੁੰਡਾ ਸਿਗਰਟ ਬ੍ਰਾਇਨ ਦੇ ਮੂੰਹ ਦੇ ਕੋਲ ਲੈ ਕੇ ਜਾਂਦਾ ਹੈ ਤੇ ਹੌਲੀ ਜਿਹੀ ਉਸ ਨੂੰ ਕਹਿੰਦਾ ਹੈ: “ਕਿਸੇ ਨੂੰ ਪਤਾ ਨਹੀਂ ਲੱਗਣਾ। ਅਸੀਂ ਨਹੀਂ ਦੱਸਾਂਗੇ।”

ਜੇ ਤੁਸੀਂ ਬ੍ਰਾਇਨ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

ਰੁਕੋ ਤੇ ਸੋਚੋ!

ਕੀ ਇਨ੍ਹਾਂ ਦੋ ਮੁੰਡਿਆਂ ਨੂੰ ਅਹਿਸਾਸ ਹੈ ਕਿ ਉਹ ਬ੍ਰਾਇਨ ਤੋਂ ਕੀ ਕਰਾ ਰਹੇ ਹਨ? ਉਹ ਖ਼ੁਦ ਜੋ ਕਰ ਰਹੇ ਹਨ, ਕੀ ਉਹ ਆਪਣੀ ਮਰਜ਼ੀ ਨਾਲ ਕਰ ਰਹੇ ਹਨ? ਸ਼ਾਇਦ ਨਹੀਂ। ਉਹ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨੂੰ ਪਸੰਦ ਕਰਨ, ਇਸ ਲਈ ਉਹ ਦੂਸਰਿਆਂ ਦੀ ਮਰਜ਼ੀ ਮੁਤਾਬਕ ਚੱਲਦੇ ਹਨ। ਇਸ ਕਰਕੇ ਉਹ ਜੋ ਵੀ ਕਰਦੇ ਹਨ, ਦੂਜਿਆਂ ਦੇ ਦਬਾਅ ਹੇਠ ਆ ਕੇ ਕਰਦੇ ਹਨ।

ਅਜਿਹੇ ਹਾਲਾਤ ਵਿਚ ਤੁਸੀਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਕੀ ਕਰ ਸਕਦੇ ਹੋ?

  1. ਖ਼ਤਰੇ ਪਛਾਣੋ

    ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”ਕਹਾਉਤਾਂ 22:3.

    ਅਕਸਰ ਤੁਸੀਂ ਪਹਿਲਾਂ ਤੋਂ ਪਤਾ ਲਗਾ ਸਕਦੇ ਹੋ ਕਿ ਕਿਹੜੀ ਮੁਸ਼ਕਲ ਆ ਸਕਦੀ ਹੈ। ਮਿਸਾਲ ਲਈ, ਤੁਸੀਂ ਦੂਰੋਂ ਦੇਖਦੇ ਹੋ ਕਿ ਕੁਝ ਮੁੰਡੇ ਸਿਗਰਟ ਪੀ ਰਹੇ ਹਨ। ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਤੁਹਾਡੇ ਨਾਲ ਕੀ ਕਰਨਗੇ ਅਤੇ ਤੁਸੀਂ ਪਹਿਲਾਂ ਤੋਂ ਹੀ ਇਸ ਖ਼ਤਰੇ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕਦੇ ਹੋ।

  2. ਸੋਚੋ

    ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਪਣੀ ਜ਼ਮੀਰ ਨੂੰ ਸਾਫ਼ ਰੱਖੋ।”1 ਪਤਰਸ 3:16.

    ਆਪਣੇ ਆਪ ਤੋਂ ਪੁੱਛੋ: ‘ਜੇ ਮੈਂ ਦੂਜਿਆਂ ਦੇ ਮਗਰ ਲੱਗਾਂ, ਤਾਂ ਬਾਅਦ ਵਿਚ ਮੈਨੂੰ ਕਿਵੇਂ ਮਹਿਸੂਸ ਹੋਵੇਗਾ?’ ਇਹ ਸੱਚ ਹੈ ਕਿ ਥੋੜ੍ਹੀ ਦੇਰ ਲਈ ਤੁਹਾਡੇ ਦੋਸਤ ਤੁਹਾਡੇ ਤੋਂ ਖ਼ੁਸ਼ ਹੋਣਗੇ, ਪਰ ਬਾਅਦ ਵਿਚ ਤੁਸੀਂ ਕਿਵੇਂ ਮਹਿਸੂਸ ਕਰੋਗੇ? ਕੀ ਤੁਸੀਂ ਦੂਜਿਆਂ ਨੂੰ ਖ਼ੁਸ਼ ਕਰਨ ਲਈ ਆਪਣੀ ਪਛਾਣ ਗੁਆਉਣੀ ਚਾਹੋਗੇ?ਕੂਚ 23:2.

  3. ਫ਼ੈਸਲਾ ਕਰੋ

    ਬਾਈਬਲ ਕਹਿੰਦੀ ਹੈ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”ਗਲਾਤੀਆਂ 6:7.

    ਅੱਜ ਜਾਂ ਕੱਲ੍ਹ, ਸਾਨੂੰ ਫ਼ੈਸਲਾ ਕਰਨਾ ਹੀ ਪਵੇਗਾ ਅਤੇ ਇਸ ਦੇ ਚੰਗੇ ਜਾਂ ਮਾੜੇ ਨਤੀਜਿਆਂ ਦਾ ਸਾਮ੍ਹਣਾ ਕਰਨਾ ਪਵੇਗਾ। ਬਾਈਬਲ ਵਿਚ ਯੂਸੁਫ਼, ਅੱਯੂਬ, ਯਿਸੂ ਅਤੇ ਹੋਰ ਕਈ ਇਨਸਾਨਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਸਹੀ ਫ਼ੈਸਲੇ ਲਏ। ਪਰ ਦੂਸਰੇ ਪਾਸੇ ਕਾਇਨ, ਏਸਾਓ ਅਤੇ ਯਹੂਦਾ ਬਾਰੇ ਵੀ ਦੱਸਿਆ ਹੈ ਜਿਨ੍ਹਾਂ ਨੇ ਗ਼ਲਤ ਫ਼ੈਸਲੇ ਕੀਤੇ। ਤੁਸੀਂ ਕੀ ਕਰੋਗੇ?

ਬਾਈਬਲ ਕਹਿੰਦੀ ਹੈ: “ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖੋ।” (ਰੋਮੀਆਂ 12:9) ਜੇ ਤੁਸੀਂ ਕਿਸੇ ਕੰਮ ਦੇ ਨਤੀਜਿਆਂ ਬਾਰੇ ਸੋਚਿਆ ਹੈ ਅਤੇ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਕੀ ਕਰੋਗੇ, ਤਾਂ ਆਪਣਾ ਫ਼ੈਸਲਾ ਦੂਜਿਆਂ ਨੂੰ ਦੱਸੋ। ਤੁਹਾਨੂੰ ਹੈਰਾਨੀ ਹੋਵੇਗੀ ਕਿ ਇਸ ਤਰ੍ਹਾਂ ਕਰਨਾ ਕਿੰਨਾ ਆਸਾਨ ਸੀ ਅਤੇ ਇਸ ਦੇ ਚੰਗੇ ਨਤੀਜੇ ਵੀ ਨਿਕਲਣਗੇ।

ਘਬਰਾਓ ਨਾ—ਤੁਹਾਨੂੰ ਆਪਣੇ ਸਾਥੀਆਂ ਨੂੰ ਭਾਸ਼ਣ ਦੇਣ ਦੀ ਲੋੜ ਨਹੀਂ ਹੈ। ਬਸ ਸਾਫ਼-ਸਾਫ਼ “ਨਾਂਹ” ਕਹੋ। ਜੇ ਤੁਸੀਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੋਗੇ, ਤਾਂ ਤੁਸੀਂ ਕਹਿ ਸਕਦੇ ਹੋ:

  • “ਤੁਸੀਂ ਕਰੋ ਜੋ ਕਰਨਾ!”

  • “ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ!”

  • “ਯਾਰ, ਤੈਨੂੰ ਪਤਾ ਮੈਂ ਇਸ ਬਾਰੇ ਕੀ ਸੋਚਦਾਂ!”

ਹਿੰਮਤ ਨਾਲ ਝੱਟ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਉਹ ਤੁਹਾਡਾ ਪਿੱਛਾ ਛੱਡ ਦੇਣਗੇ।

ਜੇ ਤੁਹਾਡਾ ਮਜ਼ਾਕ ਉਡਾਇਆ ਜਾਵੇ

ਜੇ ਤੁਸੀਂ ਆਪਣੇ ਹਾਣੀਆਂ ਦੇ ਦਬਾਅ ਹੇਠ ਆ ਜਾਂਦੇ ਹੋ, ਤਾਂ ਤੁਸੀਂ ਇਕ ਰੋਬੋਟ ਵਾਂਗ ਬਣ ਜਾਂਦੇ ਹੋ ਜਿਸ ਦਾ ਰਿਮੋਟ ਉਨ੍ਹਾਂ ਦੇ ਹੱਥ ਵਿਚ ਹੈ

ਜੇ ਤੁਹਾਡੇ ਹਾਣੀ ਤੁਹਾਡਾ ਮਜ਼ਾਕ ਉਡਾਉਂਦੇ ਹਨ, ਤਾਂ ਤੁਸੀਂ ਕੀ ਕਰ ਸਕਦੇ ਹੋ? ਸ਼ਾਇਦ ਉਹ ਤੁਹਾਨੂੰ ਕਹਿਣ: “ਕੀ ਹੋਇਆ? ਡਰ ਲੱਗਦਾ?” ਜਦੋਂ ਉਹ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿਣ, ਤਾਂ ਉਨ੍ਹਾਂ ਦੀ ਚਾਲ ਨੂੰ ਸਮਝ ਜਾਓ। ਤੁਸੀਂ ਇਸ ਹਾਲਾਤ ਵਿਚ ਕੀ ਕਰ ਸਕਦੇ ਹੋ? ਇਸ ਦਾ ਸਾਮ੍ਹਣਾ ਕਰਨ ਲਈ ਅੱਗੇ ਦੋ ਤਰੀਕੇ ਦੱਸੇ ਗਏ ਹਨ।

  • ਉਨ੍ਹਾਂ ਦੀ ਗੱਲ ਵਿਚ ਹਾਮੀ ਭਰੋ। (“ਤੂੰ ਠੀਕ ਕਿਹਾ, ਮੈਨੂੰ ਡਰ ਲੱਗਦਾ!” ਫਿਰ ਉਨ੍ਹਾਂ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸੋ ਕਿ ਤੁਸੀਂ ਕਿਉਂ ਮਨ੍ਹਾ ਕਰ ਰਹੇ ਹੋ।)

  • ਉਲਟਾ ਵਾਰ ਕਰੋ। “ਨਾਂਹ” ਕਹਿਣ ਦਾ ਕਾਰਨ ਦੱਸੋ ਅਤੇ ਕੁਝ ਅਜਿਹਾ ਕਹੋ ਕਿ ਉਹ ਆਪਣੇ ਫ਼ੈਸਲੇ ਬਾਰੇ ਸੋਚਣ। (“ਮੈਨੂੰ ਤਾਂ ਲੱਗਦਾ ਸੀ ਕਿ ਤੂੰ ਸਮਝਦਾਰ ਹੈਂ ਤੇ ਸਿਗਰਟ ਪੀਣ ਦੇ ਖ਼ਤਰਿਆਂ ਬਾਰੇ ਜਾਣਦਾ ਹੈਂ!”)

ਜੇ ਤੁਹਾਡੇ ਹਾਣੀ ਤੁਹਾਡਾ ਮਜ਼ਾਕ ਉਡਾਉਣਾ ਨਹੀਂ ਛੱਡਦੇ, ਤਾਂ ਉੱਥੋਂ ਚਲੇ ਜਾਓ! ਯਾਦ ਰੱਖੋ, ਜੇ ਤੁਸੀਂ ਉਨ੍ਹਾਂ ਕੋਲ ਖੜ੍ਹੇ ਰਹਿੰਦੇ ਹੋ, ਤਾਂ ਉਹ ਤੁਹਾਡੇ ’ਤੇ ਹੋਰ ਜ਼ਿਆਦਾ ਦਬਾਅ ਪਾਉਣਗੇ। ਜੇ ਤੁਸੀਂ ਉੱਥੋਂ ਚਲੇ ਜਾਂਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਦਿਖਾਓਗੇ ਕਿ ਤੁਸੀਂ ਦੂਸਰਿਆਂ ਦੇ ਪਿੱਛੇ ਲੱਗ ਕੇ ਆਪਣੇ ਫ਼ੈਸਲੇ ਨਹੀਂ ਬਦਲੋਗੇ।

ਇਹ ਸੱਚ ਹੈ ਕਿ ਤੁਸੀਂ ਹਾਣੀਆਂ ਦੇ ਦਬਾਅ ਤੋਂ ਬਚ ਨਹੀਂ ਸਕਦੇ, ਪਰ ਇਹ ਫ਼ੈਸਲਾ ਕਰਨਾ ਤੁਹਾਡੇ ਹੱਥ ਵਿਚ ਹੈ ਕਿ ਤੁਸੀਂ ਕੀ ਕਰੋਗੇ। ਤੁਸੀਂ ਆਪ ਫ਼ੈਸਲਾ ਕਰੋ ਅਤੇ ਫਿਰ ਇਸ ਬਾਰੇ ਦੂਸਰਿਆਂ ਨੂੰ ਦੱਸੋ।ਯਹੋਸ਼ੁਆ 24:15.