Skip to content

Skip to table of contents

ਪਾਠ 3

ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ

ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ

ਇਕ ਦਿਨ ਜਦੋਂ ਹੱਵਾਹ ਇਕੱਲੀ ਸੀ, ਸੱਪ ਨੇ ਉਸ ਨਾਲ ਗੱਲ ਕੀਤੀ। ਸੱਪ ਨੇ ਕਿਹਾ: ‘ਕੀ ਪਰਮੇਸ਼ੁਰ ਨੇ ਸੱਚੀਂ ਕਿਹਾ ਹੈ ਕਿ ਤੁਸੀਂ ਬਾਗ਼ ਦੇ ਕਿਸੇ ਦਰਖ਼ਤ ਤੋਂ ਨਹੀਂ ਖਾ ਸਕਦੇ?’ ਹੱਵਾਹ ਨੇ ਕਿਹਾ: ‘ਅਸੀਂ ਇਕ ਦਰਖ਼ਤ ਨੂੰ ਛੱਡ ਕੇ ਸਾਰੇ ਦਰਖ਼ਤਾਂ ਤੋਂ ਖਾ ਸਕਦੇ ਹਾਂ। ਜੇ ਅਸੀਂ ਉਸ ਦਰਖ਼ਤ ਤੋਂ ਖਾਵਾਂਗੇ, ਤਾਂ ਅਸੀਂ ਮਰ ਜਾਵਾਂਗੇ।’ ਸੱਪ ਨੇ ਕਿਹਾ: ‘ਤੁਸੀਂ ਨਹੀਂ ਮਰੋਗੇ। ਪਰ ਜੇ ਤੁਸੀਂ ਉਸ ਦਰਖ਼ਤ ਤੋਂ ਖਾਓਗੇ, ਤਾਂ ਤੁਸੀਂ ਪਰਮੇਸ਼ੁਰ ਵਰਗੇ ਬਣ ਜਾਓਗੇ।’ ਕੀ ਇਹ ਸੱਚ ਸੀ? ਨਹੀਂ, ਉਹ ਝੂਠ ਬੋਲ ਰਿਹਾ ਸੀ। ਪਰ ਹੱਵਾਹ ਨੇ ਸੱਪ ਦੀ ਗੱਲ ʼਤੇ ਯਕੀਨ ਕਰ ਲਿਆ। ਜਿੱਦਾਂ-ਜਿੱਦਾਂ ਹੱਵਾਹ ਉਸ ਫਲ ਨੂੰ ਦੇਖਦੀ ਰਹੀ, ਉੱਦਾਂ-ਉੱਦਾਂ ਉਸ ਦਾ ਦਿਲ ਉਹ ਫਲ ਖਾਣ ਨੂੰ ਕਰਨ ਲੱਗ ਪਿਆ। ਉਸ ਨੇ ਫਲ ਖਾ ਲਿਆ ਅਤੇ ਆਦਮ ਨੂੰ ਵੀ ਦਿੱਤਾ। ਆਦਮ ਨੂੰ ਪਤਾ ਸੀ ਕਿ ਜੇ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ, ਤਾਂ ਉਹ ਮਰ ਜਾਣਗੇ। ਪਰ ਫਿਰ ਵੀ ਉਸ ਨੇ ਫਲ ਖਾ ਲਿਆ।

ਉਸੇ ਸ਼ਾਮ ਯਹੋਵਾਹ ਨੇ ਆਦਮ ਅਤੇ ਹੱਵਾਹ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਪੁੱਛਿਆ ਕਿ ਉਨ੍ਹਾਂ ਨੇ ਉਸ ਦਾ ਕਹਿਣਾ ਕਿਉਂ ਨਹੀਂ ਮੰਨਿਆ। ਹੱਵਾਹ ਨੇ ਸੱਪ ʼਤੇ ਦੋਸ਼ ਲਾਇਆ ਅਤੇ ਆਦਮ ਨੇ ਹੱਵਾਹ ʼਤੇ। ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ, ਇਸ ਲਈ ਉਸ ਨੇ ਉਨ੍ਹਾਂ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਯਹੋਵਾਹ ਨੇ ਬਾਗ਼ ਦੇ ਮੋਹਰੇ ਦੂਤਾਂ ਅਤੇ ਘੁੰਮਦੀ ਰਹਿਣ ਵਾਲੀ ਇਕ ਬਲ਼ਦੀ ਤਲਵਾਰ ਦਾ ਪਹਿਰਾ ਲਾ ਦਿੱਤਾ ਤਾਂਕਿ ਉਹ ਕਦੇ ਵੀ ਬਾਗ਼ ਵਿਚ ਵਾਪਸ ਨਾ ਆ ਸਕਣ।

ਯਹੋਵਾਹ ਨੇ ਕਿਹਾ ਕਿ ਜਿਸ ਨੇ ਹੱਵਾਹ ਨਾਲ ਝੂਠ ਬੋਲਿਆ, ਉਸ ਨੂੰ ਵੀ ਸਜ਼ਾ ਮਿਲੇਗੀ। ਪਰ ਹੱਵਾਹ ਨਾਲ ਗੱਲ ਕਰਨ ਵਾਲਾ ਸੱਪ ਨਹੀਂ ਸੀ। ਯਹੋਵਾਹ ਨੇ ਸੱਪਾਂ ਨੂੰ ਗੱਲ ਕਰਨ ਦਾ ਕਾਬਲੀਅਤ ਨਾਲ ਨਹੀਂ ਬਣਾਇਆ। ਇਕ ਬੁਰੇ ਦੂਤ ਨੇ ਸੱਪ ਰਾਹੀਂ ਗੱਲ ਕੀਤੀ ਸੀ। ਉਸ ਨੇ ਹੱਵਾਹ ਨੂੰ ਫਸਾਉਣ ਲਈ ਇੱਦਾਂ ਕੀਤਾ। ਉਸ ਦੂਤ ਨੂੰ ਸ਼ੈਤਾਨ ਜਾਂ ਤੁਹਮਤਾਂ ਲਾਉਣ ਵਾਲਾ ਕਿਹਾ ਜਾਂਦਾ ਹੈ। ਭਵਿੱਖ ਵਿਚ ਯਹੋਵਾਹ ਸ਼ੈਤਾਨ ਨੂੰ ਖ਼ਤਮ ਕਰ ਦੇਵੇਗਾ ਤਾਂਕਿ ਉਹ ਲੋਕਾਂ ਨੂੰ ਬੁਰੇ ਕੰਮ ਕਰਨ ਲਈ ਭਰਮਾ ਨਾ ਸਕੇ।

“ਸ਼ੈਤਾਨ . . . ਸ਼ੁਰੂ ਵਿਚ ਬਗਾਵਤ ਕਰ ਕੇ ਉਹ ਕਾਤਲ ਬਣਿਆ ਅਤੇ ਸੱਚਾਈ ਦੇ ਰਾਹ ਤੋਂ ਭਟਕ ਗਿਆ ਕਿਉਂਕਿ ਉਸ ਵਿਚ ਸੱਚਾਈ ਨਹੀਂ ਹੈ।”​—ਯੂਹੰਨਾ 8:44