Skip to content

Skip to table of contents

ਪਾਠ 8

ਅਬਰਾਹਾਮ ਅਤੇ ਸਾਰਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਅਬਰਾਹਾਮ ਅਤੇ ਸਾਰਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਬਾਬਲ ਤੋਂ ਥੋੜ੍ਹੀ ਦੂਰੀ ʼਤੇ ਊਰ ਸ਼ਹਿਰ ਸੀ ਜਿੱਥੇ ਲੋਕ ਯਹੋਵਾਹ ਦੀ ਨਹੀਂ, ਸਗੋਂ ਹੋਰ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਪਰ ਊਰ ਵਿਚ ਇਕ ਅਜਿਹਾ ਆਦਮੀ ਸੀ ਜੋ ਸਿਰਫ਼ ਯਹੋਵਾਹ ਦੀ ਭਗਤੀ ਕਰਦਾ ਸੀ। ਉਸ ਦਾ ਨਾਂ ਅਬਰਾਹਾਮ ਸੀ।

ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: ‘ਆਪਣਾ ਘਰ ਤੇ ਰਿਸ਼ਤੇਦਾਰ ਛੱਡ ਕੇ ਉਸ ਦੇਸ਼ ਨੂੰ ਜਾਹ ਜੋ ਮੈਂ ਤੈਨੂੰ ਦਿਖਾਵਾਂਗਾ।’ ਫਿਰ ਪਰਮੇਸ਼ੁਰ ਨੇ ਵਾਅਦਾ ਕੀਤਾ: ‘ਮੈਂ ਤੈਨੂੰ ਇਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਕਰਕੇ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਲਈ ਚੰਗੇ ਕੰਮ ਕਰਾਂਗਾ।’

ਅਬਰਾਹਾਮ ਨਹੀਂ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਕਿੱਥੇ ਭੇਜ ਰਿਹਾ ਸੀ, ਪਰ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ। ਅਬਰਾਹਾਮ, ਉਸ ਦੀ ਪਤਨੀ ਸਾਰਾਹ, ਉਸ ਦੇ ਪਿਤਾ ਤਾਰਹ ਅਤੇ ਉਸ ਦੇ ਭਤੀਜੇ ਲੂਤ ਨੇ ਆਪਣਾ ਸਮਾਨ ਬੰਨ੍ਹ ਲਿਆ ਅਤੇ ਪਰਮੇਸ਼ੁਰ ਦਾ ਕਹਿਣਾ ਮੰਨਦਿਆਂ ਲੰਬੇ ਸਫ਼ਰ ਲਈ ਤੁਰ ਪਏ।

ਅਬਰਾਹਾਮ 75 ਸਾਲਾਂ ਦਾ ਸੀ ਜਦੋਂ ਉਹ ਅਤੇ ਉਸ ਦਾ ਪਰਿਵਾਰ ਉਸ ਦੇਸ਼ ਵਿਚ ਪਹੁੰਚੇ ਜੋ ਯਹੋਵਾਹ ਉਨ੍ਹਾਂ ਨੂੰ ਦੇਣਾ ਚਾਹੁੰਦਾ ਸੀ। ਉਸ ਦੇਸ਼ ਦਾ ਨਾਂ ਕਨਾਨ ਸੀ। ਉੱਥੇ ਪਰਮੇਸ਼ੁਰ ਨੇ ਅਬਰਾਹਾਮ ਨਾਲ ਗੱਲ ਕੀਤੀ ਅਤੇ ਇਹ ਵਾਅਦਾ ਕੀਤਾ: ‘ਇਹ ਦੇਸ਼ ਜੋ ਤੂੰ ਦੇਖ ਰਿਹਾ ਹੈਂ ਮੈਂ ਤੇਰੇ ਬੱਚਿਆਂ ਨੂੰ ਦਿਆਂਗਾ।’ ਪਰ ਅਬਰਾਹਾਮ ਅਤੇ ਸਾਰਾਹ ਬੁੱਢੇ ਹੋ ਚੁੱਕੇ ਸਨ ਅਤੇ ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਸੋ ਯਹੋਵਾਹ ਨੇ ਆਪਣਾ ਵਾਅਦਾ ਕਿਵੇਂ ਪੂਰਾ ਕਰਨਾ ਸੀ?

“ਨਿਹਚਾ ਨਾਲ ਅਬਰਾਹਾਮ . . . ਕਹਿਣਾ ਮੰਨ ਕੇ ਉਸ ਜਗ੍ਹਾ ਨੂੰ ਤੁਰ ਪਿਆ ਜੋ ਉਸ ਨੂੰ ਵਿਰਾਸਤ ਦੇ ਤੌਰ ਤੇ ਮਿਲਣੀ ਸੀ; ਉਹ ਆਪਣਾ ਦੇਸ਼ ਛੱਡ ਕੇ ਤੁਰ ਪਿਆ ਭਾਵੇਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਿਹਾ ਸੀ।”​—ਇਬਰਾਨੀਆਂ 11:8