Skip to content

Skip to table of contents

ਪਾਠ 9

ਅਖ਼ੀਰ ਉਨ੍ਹਾਂ ਦੇ ਘਰ ਮੁੰਡਾ ਹੋਇਆ!

ਅਖ਼ੀਰ ਉਨ੍ਹਾਂ ਦੇ ਘਰ ਮੁੰਡਾ ਹੋਇਆ!

ਅਬਰਾਹਾਮ ਅਤੇ ਸਾਰਾਹ ਦੇ ਵਿਆਹ ਨੂੰ ਕਾਫ਼ੀ ਸਾਲ ਹੋ ਚੁੱਕੇ ਸਨ। ਉਹ ਊਰ ਸ਼ਹਿਰ ਵਿਚ ਆਪਣਾ ਸੋਹਣਾ ਘਰ ਛੱਡ ਕੇ ਚਲੇ ਗਏ ਅਤੇ ਤੰਬੂਆਂ ਵਿਚ ਰਹਿਣ ਲੱਗ ਪਏ। ਪਰ ਸਾਰਾਹ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਸ ਨੂੰ ਯਹੋਵਾਹ ʼਤੇ ਭਰੋਸਾ ਸੀ।

ਸਾਰਾਹ ਦਿਲੋਂ ਚਾਹੁੰਦੀ ਸੀ ਕਿ ਉਸ ਦੇ ਕੋਈ ਬੱਚਾ ਹੋਵੇ। ਇਸ ਲਈ ਉਸ ਨੇ ਅਬਰਾਹਾਮ ਨੂੰ ਕਿਹਾ: ‘ਜੇ ਮੇਰੀ ਨੌਕਰਾਣੀ ਹਾਜਰਾ ਦੇ ਬੱਚਾ ਹੋਵੇ, ਤਾਂ ਉਹ ਮੇਰੇ ਬੱਚੇ ਵਾਂਗ ਹੀ ਹੋਵੇਗਾ।’ ਕੁਝ ਸਮੇਂ ਬਾਅਦ ਹਾਜਰਾ ਦੇ ਮੁੰਡਾ ਹੋਇਆ। ਉਸ ਦਾ ਨਾਂ ਇਸਮਾਏਲ ਸੀ।

ਬਹੁਤ ਸਾਲਾਂ ਬਾਅਦ ਜਦੋਂ ਅਬਰਾਹਾਮ 99ਵੇਂ ਅਤੇ ਸਾਰਾਹ 89ਵੇਂ ਸਾਲਾਂ ਦੀ ਸੀ, ਤਾਂ ਉਨ੍ਹਾਂ ਦੇ ਘਰ ਤਿੰਨ ਪਰਾਹੁਣੇ ਆਏ। ਅਬਰਾਹਾਮ ਨੇ ਉਨ੍ਹਾਂ ਨੂੰ ਦਰਖ਼ਤ ਥੱਲੇ ਆਰਾਮ ਕਰਨ ਅਤੇ ਰੋਟੀ ਖਾਣ ਲਈ ਕਿਹਾ। ਕੀ ਤੁਹਾਨੂੰ ਪਤਾ ਉਹ ਤਿੰਨ ਜਣੇ ਕੌਣ ਸਨ? ਉਹ ਦੂਤ ਸਨ! ਉਨ੍ਹਾਂ ਨੇ ਅਬਰਾਹਾਮ ਨੂੰ ਕਿਹਾ: ‘ਅਗਲੇ ਸਾਲ ਇਸੇ ਸਮੇਂ ਤੇਰੇ ਘਰ ਮੁੰਡਾ ਹੋਵੇਗਾ।’ ਸਾਰਾਹ ਤੰਬੂ ਦੇ ਅੰਦਰੋਂ ਸਾਰੀ ਗੱਲ ਸੁਣ ਰਹੀ ਸੀ। ਉਸ ਦਾ ਹਾਸਾ ਨਿਕਲ ਗਿਆ ਅਤੇ ਉਹ ਸੋਚਣ ਲੱਗੀ: ‘ਮੇਰੇ ਮੁੰਡਾ ਕਿੱਦਾਂ ਹੋ ਸਕਦਾ? ਮੈਂ ਤਾਂ ਇੰਨੀ ਬੁੱਢੀ ਹੋ ਗਈ ਹਾਂ?’

ਅਗਲੇ ਸਾਲ ਯਹੋਵਾਹ ਦੇ ਦੂਤ ਦੇ ਕਹੇ ਅਨੁਸਾਰ ਸਾਰਾਹ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਅਬਰਾਹਾਮ ਨੇ ਉਸ ਦਾ ਨਾਂ ਇਸਹਾਕ ਰੱਖਿਆ ਜਿਸ ਦਾ ਮਤਲਬ ਸੀ “ਹਾਸਾ।”

ਜਦੋਂ ਇਸਹਾਕ ਪੰਜ ਸਾਲਾਂ ਦਾ ਸੀ, ਤਾਂ ਸਾਰਾਹ ਨੇ ਦੇਖਿਆ ਕਿ ਇਸਮਾਏਲ ਇਸਹਾਕ ਦਾ ਮਜ਼ਾਕ ਉਡਾ ਰਿਹਾ ਸੀ। ਉਹ ਆਪਣੇ ਮੁੰਡੇ ਨੂੰ ਬਚਾਉਣਾ ਚਾਹੁੰਦੀ ਸੀ। ਇਸ ਲਈ ਉਸ ਨੇ ਅਬਰਾਹਾਮ ਨੂੰ ਕਿਹਾ ਕਿ ਉਹ ਹਾਜਰਾ ਅਤੇ ਇਸਮਾਏਲ ਨੂੰ ਦੂਰ ਭੇਜ ਦੇਵੇ। ਪਹਿਲਾਂ ਤਾਂ ਅਬਰਾਹਾਮ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸੀ। ਪਰ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: ‘ਸਾਰਾਹ ਦੀ ਗੱਲ ਸੁਣ। ਮੈਂ ਇਸਮਾਏਲ ਦੀ ਦੇਖ-ਭਾਲ ਕਰਾਂਗਾ। ਪਰ ਮੇਰੇ ਸਾਰੇ ਵਾਅਦੇ ਇਸਹਾਕ ਰਾਹੀਂ ਪੂਰੇ ਹੋਣਗੇ।’

“ਨਿਹਚਾ ਨਾਲ ਸਾਰਾਹ ਨੇ ਗਰਭਵਤੀ ਹੋਣ ਦੀ ਸ਼ਕਤੀ ਪ੍ਰਾਪਤ ਕੀਤੀ, . . . ਕਿਉਂਕਿ ਉਸ ਨੂੰ ਭਰੋਸਾ ਸੀ ਕਿ ਵਾਅਦਾ ਕਰਨ ਵਾਲਾ ਵਫ਼ਾਦਾਰ ਹੈ।”​—ਇਬਰਾਨੀਆਂ 11:11