Skip to content

Skip to table of contents

ਪਾਠ 10

ਲੂਤ ਦੀ ਪਤਨੀ ਨੂੰ ਯਾਦ ਰੱਖੋ

ਲੂਤ ਦੀ ਪਤਨੀ ਨੂੰ ਯਾਦ ਰੱਖੋ

ਲੂਤ ਆਪਣੇ ਚਾਚੇ ਅਬਰਾਹਾਮ ਨਾਲ ਕਨਾਨ ਵਿਚ ਰਹਿੰਦਾ ਸੀ। ਹੌਲੀ-ਹੌਲੀ ਅਬਰਾਹਾਮ ਅਤੇ ਲੂਤ ਕੋਲ ਬਹੁਤ ਸਾਰੇ ਜਾਨਵਰ ਹੋ ਗਏ ਅਤੇ ਉਨ੍ਹਾਂ ਕੋਲ ਜਾਨਵਰਾਂ ਨੂੰ ਚਾਰਨ ਲਈ ਜਗ੍ਹਾ ਘੱਟ ਸੀ। ਅਬਰਾਹਾਮ ਨੇ ਲੂਤ ਨੂੰ ਕਿਹਾ: ‘ਹੁਣ ਅਸੀਂ ਇਕੱਠੇ ਇਕ ਜਗ੍ਹਾ ਨਹੀਂ ਰਹਿ ਸਕਦੇ। ਤੂੰ ਆਪਣੇ ਰਹਿਣ ਲਈ ਕੋਈ ਵੀ ਜਗ੍ਹਾ ਚੁਣ ਅਤੇ ਮੈਂ ਦੂਸਰੇ ਪਾਸੇ ਚਲਾ ਜਾਵਾਂਗਾ।’ ਅਬਰਾਹਾਮ ਨੇ ਆਪਣੇ ਬਾਰੇ ਨਹੀਂ ਸੋਚਿਆ, ਹੈਨਾ?

ਲੂਤ ਨੇ ਨੇੜੇ ਹੀ ਆਪਣੇ ਲਈ ਸਦੂਮ ਨਾਂ ਦੀ ਸੋਹਣੀ ਜਗ੍ਹਾ ਚੁਣੀ। ਉੱਥੇ ਪਾਣੀ ਅਤੇ ਘਾਹ ਦੀ ਕੋਈ ਕਮੀ ਨਹੀਂ ਸੀ। ਇਸ ਲਈ ਉਹ ਉੱਥੇ ਆਪਣੇ ਪਰਿਵਾਰ ਨਾਲ ਰਹਿਣ ਚਲਾ ਗਿਆ।

ਸਦੂਮ ਅਤੇ ਇਸ ਦੇ ਨੇੜਲੇ ਸ਼ਹਿਰ ਗਮੋਰਾ ਦੇ ਲੋਕ ਬਹੁਤ ਬੁਰੇ ਸਨ। ਦਰਅਸਲ ਉਹ ਇੰਨੇ ਬੁਰੇ ਸਨ ਕਿ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ। ਪਰ ਪਰਮੇਸ਼ੁਰ ਲੂਤ ਅਤੇ ਉਸ ਦੇ ਪਰਿਵਾਰ ਨੂੰ ਬਚਾਉਣਾ ਚਾਹੁੰਦਾ ਸੀ। ਇਸ ਲਈ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਉਸ ਨੇ ਦੋ ਦੂਤ ਭੇਜੇ: ‘ਛੇਤੀ ਕਰੋ! ਇਸ ਸ਼ਹਿਰ ਵਿੱਚੋਂ ਭੱਜ ਜਾਓ! ਯਹੋਵਾਹ ਇਸ ਨੂੰ ਨਾਸ਼ ਕਰਨ ਵਾਲਾ ਹੈ।’

ਲੂਤ ਉਸੇ ਵੇਲੇ ਨਹੀਂ ਭੱਜਿਆ। ਉਹ ਭੱਜਣ ਵਿਚ ਦੇਰੀ ਕਰ ਰਿਹਾ ਸੀ। ਇਸ ਲਈ ਦੂਤਾਂ ਨੇ ਲੂਤ, ਉਸ ਦੀ ਪਤਨੀ ਅਤੇ ਉਸ ਦੀਆਂ ਦੋ ਕੁੜੀਆਂ ਨੂੰ ਬਾਹੋਂ ਫੜ ਕੇ ਸ਼ਹਿਰੋਂ ਬਾਹਰ ਕੱਢ ਦਿੱਤਾ

ਅਤੇ ਕਿਹਾ: ‘ਭੱਜੋ! ਆਪਣੀ ਜਾਨ ਬਚਾਓ ਅਤੇ ਪਿੱਛੇ ਮੁੜ ਕੇ ਨਾ ਦੇਖਿਓ। ਜੇ ਤੁਸੀਂ ਪਿੱਛੇ ਮੁੜ ਕੇ ਦੇਖਿਆ, ਤੁਸੀਂ ਮਰ ਜਾਓਗੇ!’

ਜਦੋਂ ਉਹ ਸੋਆਰ ਸ਼ਹਿਰ ਪਹੁੰਚੇ, ਤਾਂ ਯਹੋਵਾਹ ਨੇ ਸਦੂਮ ਅਤੇ ਗਮੋਰਾ ʼਤੇ ਅੱਗ ਅਤੇ ਗੰਧਕ ਵਰ੍ਹਾਈ। ਉਨ੍ਹਾਂ ਸ਼ਹਿਰਾਂ ਦਾ ਪੂਰੀ ਤਰ੍ਹਾਂ ਨਾਸ਼ ਹੋ ਗਿਆ। ਲੂਤ ਦੀ ਪਤਨੀ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਤੇ ਪਿੱਛੇ ਮੁੜ ਕੇ ਦੇਖਿਆ। ਇਸ ਕਰਕੇ ਉਹ ਲੂਣ ਦਾ ਥੰਮ੍ਹ ਬਣ ਗਈ। ਪਰ ਯਹੋਵਾਹ ਦਾ ਕਹਿਣਾ ਮੰਨਣ ਕਰਕੇ ਲੂਤ ਅਤੇ ਉਸ ਦੀਆਂ ਕੁੜੀਆਂ ਦੀਆਂ ਜਾਨਾਂ ਬਚ ਗਈਆਂ। ਉਹ ਜ਼ਰੂਰ ਉਦਾਸ ਹੋਏ ਹੋਣੇ ਕਿ ਲੂਤ ਦੀ ਪਤਨੀ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਅਸੀਂ ਇਸ ਤੋਂ ਸਿੱਖ ਸਕਦੇ ਹਾਂ ਕਿ ਯਹੋਵਾਹ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ!

“ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!”​—ਲੂਕਾ 17:32