Skip to content

Skip to table of contents

ਪਾਠ 13

ਯਾਕੂਬ ਤੇ ਏਸਾਓ ਵਿਚ ਸੁਲ੍ਹਾ

ਯਾਕੂਬ ਤੇ ਏਸਾਓ ਵਿਚ ਸੁਲ੍ਹਾ

ਯਹੋਵਾਹ ਨੇ ਯਾਕੂਬ ਨਾਲ ਵਾਅਦਾ ਕੀਤਾ ਸੀ ਕਿ ਉਹ ਅਬਰਾਹਾਮ ਤੇ ਇਸਹਾਕ ਵਾਂਗ ਉਸ ਨੂੰ ਵੀ ਬਚਾਵੇਗਾ। ਯਾਕੂਬ ਹਾਰਾਨ ਵਿਚ ਰਹਿਣ ਲੱਗ ਪਿਆ। ਉੱਥੇ ਉਸ ਦਾ ਵਿਆਹ ਹੋ ਗਿਆ, ਉਸ ਦਾ ਪਰਿਵਾਰ ਵੱਡਾ ਹੋਇਆ ਤੇ ਉਹ ਬਹੁਤ ਜ਼ਿਆਦਾ ਅਮੀਰ ਹੋ ਗਿਆ।

ਫਿਰ ਯਹੋਵਾਹ ਨੇ ਯਾਕੂਬ ਨੂੰ ਕਿਹਾ: ‘ਆਪਣੇ ਦੇਸ਼ ਵਾਪਸ ਜਾਹ।’ ਇਸ ਲਈ ਉਸ ਨੇ ਆਪਣੇ ਪਰਿਵਾਰ ਨਾਲ ਲੰਬਾ ਸਫ਼ਰ ਸ਼ੁਰੂ ਕੀਤਾ। ਰਾਹ ਵਿਚ ਕੁਝ ਲੋਕਾਂ ਨੇ ਯਾਕੂਬ ਨੂੰ ਆ ਕੇ ਦੱਸਿਆ: ‘ਤੇਰਾ ਭਰਾ ਏਸਾਓ ਆਪਣੇ 400 ਬੰਦਿਆਂ ਨਾਲ ਆ ਰਿਹਾ ਹੈ।’ ਯਾਕੂਬ ਡਰ ਗਿਆ ਕਿ ਏਸਾਓ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਵੇਗਾ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: ‘ਮੈਨੂੰ ਮੇਰੇ ਭਰਾ ਤੋਂ ਬਚਾ ਲੈ।’ ਅਗਲੇ ਦਿਨ ਯਾਕੂਬ ਨੇ ਏਸਾਓ ਨੂੰ ਬਹੁਤ ਸਾਰੀਆਂ ਭੇਡਾਂ, ਬੱਕਰੀਆਂ, ਗਾਵਾਂ, ਊਠ ਤੇ ਖੋਤੇ ਤੋਹਫ਼ੇ ਵਜੋਂ ਭੇਜੇ।

ਉਸ ਰਾਤ ਜਦੋਂ ਯਾਕੂਬ ਇਕੱਲਾ ਸੀ, ਉਸ ਨੇ ਇਕ ਦੂਤ ਦੇਖਿਆ। ਦੂਤ ਨੇ ਉਸ ਨਾਲ ਘੁਲਣਾ ਸ਼ੁਰੂ ਕੀਤਾ। ਉਹ ਸਵੇਰ ਤਕ ਘੁਲਦੇ ਰਹੇ। ਭਾਵੇਂ ਯਾਕੂਬ ਨੂੰ ਸੱਟ ਲੱਗ ਗਈ, ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। ਦੂਤ ਨੇ ਉਸ ਨੂੰ ਕਿਹਾ: ‘ਮੈਨੂੰ ਜਾਣ ਦੇ।’ ਪਰ ਯਾਕੂਬ ਨੇ ਕਿਹਾ: ‘ਨਹੀਂ, ਜਦੋਂ ਤਕ ਤੂੰ ਮੈਨੂੰ ਬਰਕਤ ਨਹੀਂ ਦਿੰਦਾ, ਮੈਂ ਤੈਨੂੰ ਜਾਣ ਨਹੀਂ ਦੇਣਾ।’

ਅਖ਼ੀਰ ਦੂਤ ਨੇ ਯਾਕੂਬ ਨੂੰ ਬਰਕਤ ਦਿੱਤੀ। ਹੁਣ ਯਾਕੂਬ ਜਾਣ ਗਿਆ ਸੀ ਕਿ ਯਹੋਵਾਹ ਉਸ ਨੂੰ ਏਸਾਓ ਤੋਂ ਬਚਾਵੇਗਾ।

ਉਸ ਦਿਨ ਉਸ ਨੇ ਦੂਰੋਂ ਏਸਾਓ ਨੂੰ ਆਪਣੇ 400 ਬੰਦਿਆਂ ਨਾਲ ਆਉਂਦੇ ਦੇਖਿਆ। ਯਾਕੂਬ ਆਪਣੇ ਪਰਿਵਾਰ ਤੋਂ ਮੋਹਰੇ-ਮੋਹਰੇ ਗਿਆ ਤੇ ਸੱਤ ਵਾਰੀ ਏਸਾਓ ਸਾਮ੍ਹਣੇ ਝੁਕਿਆ। ਏਸਾਓ ਨੇ ਭੱਜ ਕੇ ਯਾਕੂਬ ਨੂੰ ਗਲ਼ੇ ਲਾ ਲਿਆ। ਦੋਵੇਂ ਭਰਾ ਉੱਚੀ-ਉੱਚੀ ਰੋਣ ਲੱਗ ਪਏ ਤੇ ਉਨ੍ਹਾਂ ਵਿਚ ਸੁਲ੍ਹਾ ਹੋ ਗਈ। ਤੁਹਾਨੂੰ ਕੀ ਲੱਗਦਾ, ਜਿੱਦਾਂ ਯਾਕੂਬ ਆਪਣੇ ਭਰਾ ਨਾਲ ਪੇਸ਼ ਆਇਆ, ਉਸ ਤੋਂ ਯਹੋਵਾਹ ਨੂੰ ਕਿੱਦਾਂ ਲੱਗਾ ਹੋਣਾ?

ਬਾਅਦ ਵਿਚ ਏਸਾਓ ਆਪਣੇ ਘਰ ਚਲਾ ਗਿਆ ਤੇ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ। ਯਾਕੂਬ ਦੇ 12 ਮੁੰਡੇ ਸਨ। ਉਨ੍ਹਾਂ ਦੇ ਨਾਂ ਸਨ, ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਦਾਨ, ਨਫ਼ਤਾਲੀ, ਗਾਦ, ਆਸ਼ੇਰ, ਯਿੱਸਾਕਾਰ, ਜ਼ਬੂਲੁਨ, ਯੂਸੁਫ਼ ਤੇ ਬਿਨਯਾਮੀਨ। ਇਨ੍ਹਾਂ ਵਿੱਚੋਂ ਯਹੋਵਾਹ ਨੇ ਯੂਸੁਫ਼ ਨੂੰ ਇਜ਼ਰਾਈਲੀਆਂ ਨੂੰ ਬਚਾਉਣ ਲਈ ਵਰਤਿਆ। ਤੁਹਾਨੂੰ ਪਤਾ ਕਿਵੇਂ? ਆਓ ਆਪਾਂ ਦੇਖੀਏ।

“ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ, ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ।”​—ਮੱਤੀ 5:44, 45