Skip to content

Skip to table of contents

ਪਾਠ 14

ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਯੂਸੁਫ਼ ਯਾਕੂਬ ਦੇ ਛੋਟੇ ਮੁੰਡਿਆਂ ਵਿੱਚੋਂ ਇਕ ਸੀ। ਉਸ ਦੇ ਵੱਡੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ। ਤੁਹਾਨੂੰ ਕੀ ਲੱਗਦਾ ਉਨ੍ਹਾਂ ਨੂੰ ਇਸ ਬਾਰੇ ਕਿੱਦਾਂ ਲੱਗਦਾ ਸੀ? ਉਹ ਯੂਸੁਫ਼ ਨਾਲ ਈਰਖਾ ਕਰਦੇ ਸਨ। ਜਦੋਂ ਯੂਸੁਫ਼ ਨੂੰ ਅਜੀਬ ਜਿਹੇ ਸੁਪਨੇ ਆਏ, ਤਾਂ ਉਸ ਨੇ ਇਨ੍ਹਾਂ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। ਇਨ੍ਹਾਂ ਸੁਪਨਿਆਂ ਦਾ ਮਤਲਬ ਸੀ ਕਿ ਇਕ ਦਿਨ ਉਹ ਯੂਸੁਫ਼ ਅੱਗੇ ਝੁਕਣਗੇ। ਇਸ ਤੋਂ ਬਾਅਦ, ਉਹ ਉਸ ਨਾਲ ਹੋਰ ਜ਼ਿਆਦਾ ਨਫ਼ਰਤ ਕਰਨ ਲੱਗ ਪਏ।

ਇਕ ਦਿਨ ਯੂਸੁਫ਼ ਦੇ ਭਰਾ ਸ਼ਕਮ ਸ਼ਹਿਰ ਦੇ ਨੇੜੇ ਭੇਡਾਂ ਚਾਰ ਰਹੇ ਸਨ। ਯਾਕੂਬ ਨੇ ਯੂਸੁਫ਼ ਨੂੰ ਉਨ੍ਹਾਂ ਦੀ ਖ਼ਬਰ-ਸਾਰ ਲੈਣ ਲਈ ਭੇਜਿਆ। ਉਨ੍ਹਾਂ ਨੇ ਯੂਸੁਫ਼ ਨੂੰ ਦੂਰੋਂ ਆਉਂਦੇ ਦੇਖਿਆ ਤੇ ਇਕ-ਦੂਜੇ ਨੂੰ ਕਿਹਾ: ‘ਦੇਖੋ! ਉਹ ਆ ਰਿਹਾ ਸੁਪਨੇ ਦੇਖਣ ਵਾਲਾ। ਚਲੋ ਉਹ ਨੂੰ ਮਾਰ ਦੇਈਏ।’ ਉਨ੍ਹਾਂ ਨੇ ਉਸ ਨੂੰ ਫੜ ਕੇ ਡੂੰਘੇ ਟੋਏ ਵਿਚ ਸੁੱਟ ਦਿੱਤਾ। ਪਰ ਉਸ ਦੇ ਇਕ ਭਰਾ ਯਹੂਦਾਹ ਨੇ ਕਿਹਾ: ‘ਉਸ ਨੂੰ ਮਾਰੋ ਨਾ, ਪਰ ਆਓ ਆਪਾਂ ਉਸ ਨੂੰ ਗ਼ੁਲਾਮ ਵਜੋਂ ਵੇਚ ਦੇਈਏ।’ ਸੋ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ 20 ਸਿੱਕਿਆਂ ਬਦਲੇ ਮਿਸਰ ਜਾ ਰਹੇ ਮਿਦਯਾਨੀ ਵਪਾਰੀਆਂ ਨੂੰ ਵੇਚ ਦਿੱਤਾ।

ਫਿਰ ਯੂਸੁਫ਼ ਦੇ ਭਰਾਵਾਂ ਨੇ ਉਸ ਦੇ ਚੋਗੇ ਨੂੰ ਬੱਕਰੇ ਦੇ ਖ਼ੂਨ ਵਿਚ ਡੋਬ ਕੇ ਆਪਣੇ ਪਿਤਾ ਨੂੰ ਭੇਜ ਦਿੱਤਾ ਤੇ ਕਿਹਾ: ‘ਕੀ ਇਹ ਤੇਰੇ ਪੁੱਤਰ ਦਾ ਚੋਗਾ ਨਹੀਂ?’ ਯਾਕੂਬ ਨੇ ਸੋਚਿਆ ਕਿ ਯੂਸੁਫ਼ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਉਹ ਗਮ ਵਿਚ ਡੁੱਬ ਗਿਆ। ਕੋਈ ਵੀ ਉਸ ਨੂੰ ਦਿਲਾਸਾ ਨਾ ਦੇ ਸਕਿਆ।

ਯੂਸੁਫ਼ ਨੂੰ ਮਿਸਰ ਵਿਚ ਪੋਟੀਫ਼ਰ ਨਾਂ ਦੇ ਇਕ ਖ਼ਾਸ ਅਧਿਕਾਰੀ ਨੂੰ ਵੇਚ ਦਿੱਤਾ ਗਿਆ। ਪਰ ਯਹੋਵਾਹ ਯੂਸੁਫ਼ ਦੇ ਨਾਲ ਸੀ। ਪੋਟੀਫ਼ਰ ਨੇ ਦੇਖਿਆ ਕਿ ਯੂਸੁਫ਼ ਬਹੁਤ ਵਧੀਆ ਕੰਮ ਕਰਦਾ ਸੀ ਅਤੇ ਉਹ ਭਰੋਸੇ ਦੇ ਲਾਇਕ ਸੀ। ਪੋਟੀਫ਼ਰ ਨੇ ਛੇਤੀ ਹੀ ਉਸ ਨੂੰ ਆਪਣੀ ਹਰ ਚੀਜ਼ ʼਤੇ ਅਧਿਕਾਰ ਦੇ ਦਿੱਤਾ।

ਪੋਟੀਫ਼ਰ ਦੀ ਪਤਨੀ ਨੇ ਦੇਖਿਆ ਕਿ ਯੂਸੁਫ਼ ਸੋਹਣਾ-ਸੁਨੱਖਾ ਤੇ ਹੱਟਾ-ਕੱਟਾ ਸੀ। ਉਹ ਯੂਸੁਫ਼ ਨੂੰ ਹਰ ਦਿਨ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਹਿੰਦੀ ਸੀ। ਯੂਸੁਫ਼ ਨੇ ਕੀ ਕੀਤਾ? ਉਸ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ: ‘ਨਹੀਂ! ਇਹ ਗ਼ਲਤ ਹੈ। ਮੇਰੇ ਮਾਲਕ ਨੂੰ ਮੇਰੇ ʼਤੇ ਭਰੋਸਾ ਹੈ ਅਤੇ ਤੁਸੀਂ ਉਸ ਦੀ ਪਤਨੀ ਹੋ। ਜੇ ਮੈਂ ਤੁਹਾਡੇ ਨਾਲ ਗ਼ਲਤ ਕੰਮ ਕੀਤਾ, ਤਾਂ ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਰਾਂਗਾ!’

ਇਕ ਦਿਨ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਯੂਸੁਫ਼ ਨੂੰ ਕੱਪੜਿਆਂ ਤੋਂ ਫੜ ਲਿਆ, ਪਰ ਯੂਸੁਫ਼ ਭੱਜ ਗਿਆ। ਜਦੋਂ ਪੋਟੀਫ਼ਰ ਘਰ ਆਇਆ, ਤਾਂ ਉਸ ਦੀ ਪਤਨੀ ਨੇ ਝੂਠ ਹੀ ਕਿਹਾ ਕਿ ਯੂਸੁਫ਼ ਨੇ ਉਸ ਨਾਲ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਪੋਟੀਫ਼ਰ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਯੂਸੁਫ਼ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਪਰ ਯਹੋਵਾਹ ਯੂਸੁਫ਼ ਨੂੰ ਭੁੱਲਿਆ ਨਹੀਂ ਸੀ।

“ਆਪਣੇ ਆਪ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਅਧੀਨ ਕਰੋ, ਤਾਂਕਿ ਉਹ ਤੁਹਾਨੂੰ ਸਮਾਂ ਆਉਣ ʼਤੇ ਉੱਚਾ ਕਰੇ।”​—1 ਪਤਰਸ 5:6