Skip to content

Skip to table of contents

ਪਾਠ 18

ਬਲ਼ਦੀ ਝਾੜੀ

ਬਲ਼ਦੀ ਝਾੜੀ

ਮੂਸਾ 40 ਸਾਲ ਮਿਦਯਾਨ ਵਿਚ ਰਿਹਾ। ਉਸ ਦਾ ਵਿਆਹ ਹੋਇਆ ਤੇ ਬੱਚੇ ਹੋਏ। ਇਕ ਦਿਨ ਜਦੋਂ ਮੂਸਾ ਸੀਨਈ ਪਹਾੜ ਦੇ ਨੇੜੇ ਆਪਣੀਆਂ ਭੇਡਾਂ ਚਾਰ ਰਿਹਾ ਸੀ, ਤਾਂ ਉਸ ਨੇ ਇਕ ਅਜੀਬ ਚੀਜ਼ ਦੇਖੀ। ਇਕ ਝਾੜੀ ਨੂੰ ਅੱਗ ਲੱਗੀ ਹੋਈ ਸੀ, ਪਰ ਉਹ ਸੜ ਨਹੀਂ ਰਹੀ ਸੀ। ਜਦੋਂ ਮੂਸਾ ਇਹ ਦੇਖਣ ਲਈ ਹੋਰ ਨੇੜੇ ਗਿਆ ਕਿ ਇਹ ਝਾੜੀ ਸੜ ਕਿਉਂ ਨਹੀਂ ਰਹੀ, ਤਾਂ ਝਾੜੀ ਵਿੱਚੋਂ ਆਵਾਜ਼ ਆਈ: ‘ਮੂਸਾ! ਹੋਰ ਨੇੜੇ ਨਾ ਆਈਂ। ਆਪਣੀ ਜੁੱਤੀ ਲਾਹ ਦੇ ਕਿਉਂਕਿ ਤੂੰ ਪਵਿੱਤਰ ਜਗ੍ਹਾ ʼਤੇ ਖੜ੍ਹਾ ਹੈਂ।’ ਯਹੋਵਾਹ ਆਪਣੇ ਦੂਤ ਰਾਹੀਂ ਗੱਲ ਕਰ ਰਿਹਾ ਸੀ।

ਮੂਸਾ ਡਰ ਗਿਆ ਜਿਸ ਕਰਕੇ ਉਸ ਨੇ ਆਪਣਾ ਮੂੰਹ ਢੱਕ ਲਿਆ। ਫਿਰ ਆਵਾਜ਼ ਆਈ: ‘ਮੈਂ ਇਜ਼ਰਾਈਲੀਆਂ ਦੇ ਦੁੱਖਾਂ ਨੂੰ ਦੇਖਿਆ ਹੈ। ਮੈਂ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਬਚਾਵਾਂਗਾ ਤੇ ਉਨ੍ਹਾਂ ਨੂੰ ਸੋਹਣੇ ਦੇਸ਼ ਵਿਚ ਲੈ ਜਾਵਾਂਗਾ। ਤੂੰ ਮੇਰੇ ਲੋਕਾਂ ਨੂੰ ਮਿਸਰ ਵਿੱਚੋਂ ਕੱਢੇਂਗਾ।’ ਕੀ ਤੁਹਾਨੂੰ ਨਹੀਂ ਲੱਗਦਾ ਕਿ ਮੂਸਾ ਇਹ ਸੁਣ ਕੇ ਹੈਰਾਨ ਰਹਿ ਗਿਆ ਹੋਣਾ?

ਮੂਸਾ ਨੇ ਪੁੱਛਿਆ: ‘ਮੈਂ ਕੀ ਕਹਾਂਗਾ ਜਦੋਂ ਲੋਕ ਮੈਨੂੰ ਪੁੱਛਣਗੇ ਕਿ ਮੈਨੂੰ ਕਿਸ ਨੇ ਭੇਜਿਆ?’ ਪਰਮੇਸ਼ੁਰ ਨੇ ਜਵਾਬ ਦਿੱਤਾ: ‘ਉਨ੍ਹਾਂ ਨੂੰ ਕਹੀਂ ਕਿ ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’ ਫਿਰ ਮੂਸਾ ਨੇ ਕਿਹਾ: ‘ਜੇ ਲੋਕ ਫਿਰ ਵੀ ਮੇਰੀ ਗੱਲ ਨਾ ਸੁਣਨ?’ ਯਹੋਵਾਹ ਨੇ ਮੂਸਾ ਨੂੰ ਸਬੂਤ ਦਿੱਤਾ ਕਿ ਉਹ ਉਸ ਦੀ ਮਦਦ ਕਰੇਗਾ। ਉਸ ਨੇ ਮੂਸਾ ਨੂੰ ਆਪਣਾ ਡੰਡਾ ਜ਼ਮੀਨ ʼਤੇ ਸੁੱਟਣ ਲਈ ਕਿਹਾ। ਉਹ ਡੰਡਾ ਸੱਪ ਬਣ ਗਿਆ! ਜਦੋਂ ਮੂਸਾ ਨੇ ਸੱਪ ਨੂੰ ਪੂਛ ਤੋਂ ਫੜਿਆ, ਤਾਂ ਉਹ ਫਿਰ ਡੰਡਾ ਬਣ ਗਿਆ। ਯਹੋਵਾਹ ਨੇ ਕਿਹਾ: ‘ਜਦੋਂ ਤੂੰ ਇਹ ਚਮਤਕਾਰ ਕਰੇਂਗਾ, ਤਾਂ ਇਸ ਤੋਂ ਪਤਾ ਲੱਗ ਜਾਵੇਗਾ ਕਿ ਮੈਂ ਹੀ ਤੈਨੂੰ ਭੇਜਿਆ ਹੈ।’

ਮੂਸਾ ਨੇ ਕਿਹਾ: ‘ਮੈਨੂੰ ਤਾਂ ਗੱਲ ਕਰਨੀ ਵੀ ਨਹੀਂ ਆਉਂਦੀ।’ ਯਹੋਵਾਹ ਨੇ ਵਾਅਦਾ ਕੀਤਾ: ‘ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਕਹਿਣਾ ਹੈਂ। ਨਾਲੇ ਮੈਂ ਤੇਰੀ ਮਦਦ ਲਈ ਤੇਰੇ ਭਰਾ ਹਾਰੂਨ ਨੂੰ ਤੇਰੇ ਨਾਲ ਭੇਜਾਂਗਾ।’ ਯਹੋਵਾਹ ਮੂਸਾ ਨਾਲ ਸੀ। ਇਹ ਜਾਣ ਕੇ ਉਹ ਆਪਣੀ ਪਤਨੀ ਤੇ ਆਪਣੇ ਮੁੰਡਿਆਂ ਨਾਲ ਮਿਸਰ ਨੂੰ ਤੁਰ ਪਿਆ।

“ਜਦ ਉਹ ਤੁਹਾਨੂੰ ਫੜਵਾਉਣ, ਤਾਂ ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ; ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ।”​—ਮੱਤੀ 10:19