Skip to content

Skip to table of contents

ਪਾਠ 20

ਅਗਲੀਆਂ ਛੇ ਬਿਪਤਾਵਾਂ

ਅਗਲੀਆਂ ਛੇ ਬਿਪਤਾਵਾਂ

ਮੂਸਾ ਅਤੇ ਹਾਰੂਨ ਨੇ ਫ਼ਿਰਊਨ ਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ: ‘ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦਿੱਤਾ, ਤਾਂ ਮੈਂ ਦੇਸ਼ ਵਿਚ ਵੱਡੀਆਂ ਮੱਖੀਆਂ ਘੱਲਾਂਗਾ।’ ਅਮੀਰ-ਗ਼ਰੀਬ ਮਿਸਰੀਆਂ ਦੇ ਘਰਾਂ ਵਿਚ ਮੱਖੀਆਂ ਦੇ ਝੁੰਡਾਂ ਦੇ ਝੁੰਡ ਆ ਗਏ। ਦੇਸ਼ ਵਿਚ ਹਰ ਪਾਸੇ ਮੱਖੀਆਂ ਹੀ ਮੱਖੀਆਂ ਸਨ। ਪਰ ਗੋਸ਼ਨ ਨਾਂ ਦੀ ਜਗ੍ਹਾ ਵਿਚ, ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਕੋਈ ਮੱਖੀ ਨਹੀਂ ਸੀ। ਚੌਥੀ ਅਤੇ ਇਸ ਤੋਂ ਬਾਅਦ ਆਈਆਂ ਬਿਪਤਾਵਾਂ ਸਿਰਫ਼ ਮਿਸਰੀਆਂ ਉੱਤੇ ਆਈਆਂ। ਫ਼ਿਰਊਨ ਤਰਲੇ ਕਰਨ ਲੱਗਾ: ‘ਯਹੋਵਾਹ ਅੱਗੇ ਬੇਨਤੀ ਕਰੋ ਕਿ ਇਹ ਮੱਖੀਆਂ ਚਲੀਆਂ ਜਾਣ ਤੇ ਫਿਰ ਇਜ਼ਰਾਈਲੀ ਜਾ ਸਕਦੇ ਹਨ।’ ਪਰ ਜਦੋਂ ਯਹੋਵਾਹ ਨੇ ਬਿਪਤਾ ਖ਼ਤਮ ਕਰ ਦਿੱਤੀ, ਤਾਂ ਫ਼ਿਰਊਨ ਨੇ ਆਪਣਾ ਫ਼ੈਸਲਾ ਬਦਲ ਲਿਆ। ਕੀ ਫ਼ਿਰਊਨ ਨੇ ਕਦੇ ਕੋਈ ਸਬਕ ਸਿੱਖਣਾ ਸੀ?

ਯਹੋਵਾਹ ਨੇ ਕਿਹਾ: ‘ਜੇ ਫ਼ਿਰਊਨ ਨੇ ਮੇਰੇ ਲੋਕਾਂ ਨੂੰ ਨਾ ਜਾਣ ਦਿੱਤਾ, ਤਾਂ ਮਿਸਰੀਆਂ ਦੇ ਸਾਰੇ ਜਾਨਵਰ ਬੀਮਾਰ ਹੋ ਕੇ ਮਰ ਜਾਣਗੇ।’ ਅਗਲੇ ਦਿਨ ਜਾਨਵਰ ਮਰਨ ਲੱਗ ਪਏ। ਪਰ ਇਜ਼ਰਾਈਲੀਆਂ ਦੇ ਜਾਨਵਰ ਨਹੀਂ ਮਰੇ ਸਨ। ਫ਼ਿਰਊਨ ਆਪਣੀ ਜ਼ਿੱਦ ʼਤੇ ਅੜਿਆ ਰਿਹਾ ਅਤੇ ਉਸ ਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।

ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ ਕਿ ਉਹ ਦੁਬਾਰਾ ਫ਼ਿਰਊਨ ਕੋਲ ਜਾਵੇ ਅਤੇ ਹਵਾ ਵਿਚ ਸੁਆਹ ਉਡਾਵੇ। ਸੁਆਹ ਹਵਾ ਵਿਚ ਫੈਲ ਗਈ ਅਤੇ ਮਿਸਰੀਆਂ ਦੇ ਸਰੀਰਾਂ ʼਤੇ ਜਾ ਪਈ। ਇਸ ਨਾਲ ਮਿਸਰੀਆਂ ਅਤੇ ਉਨ੍ਹਾਂ ਦੇ ਜਾਨਵਰਾਂ ਦੇ ਫੋੜੇ ਹੋ ਗਏ ਜਿਨ੍ਹਾਂ ਕਰਕੇ ਉਨ੍ਹਾਂ ਦੇ ਬਹੁਤ ਦਰਦ ਹੁੰਦਾ ਸੀ। ਇਹ ਸਭ ਹੋਣ ਦੇ ਬਾਵਜੂਦ ਵੀ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।

ਯਹੋਵਾਹ ਨੇ ਦੁਬਾਰਾ ਮੂਸਾ ਨੂੰ ਫ਼ਿਰਊਨ ਕੋਲ ਆਪਣਾ ਸੰਦੇਸ਼ ਦੇਣ ਲਈ ਭੇਜਿਆ: ‘ਕੀ ਤੂੰ ਅਜੇ ਵੀ ਮੇਰੇ ਲੋਕਾਂ ਨੂੰ ਜਾਣ ਤੋਂ ਮਨ੍ਹਾ ਕਰ ਰਿਹਾ ਹੈਂ? ਕੱਲ੍ਹ ਦੇਸ਼ ʼਤੇ ਗੜੇ ਪੈਣਗੇ।’ ਅਗਲੇ ਦਿਨ ਯਹੋਵਾਹ ਨੇ ਗੜੇ ਅਤੇ ਅੱਗ ਵਰ੍ਹਾਈ ਤੇ ਬੱਦਲ ਗਰਜਾਏ। ਇੱਦਾਂ ਦਾ ਭਿਆਨਕ ਤੂਫ਼ਾਨ ਮਿਸਰੀਆਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਗੋਸ਼ਨ ਨੂੰ ਛੱਡ ਕੇ ਬਾਕੀ ਸਾਰੀ ਜਗ੍ਹਾ ਦਰਖ਼ਤ ਟੁੱਟ ਗਏ ਅਤੇ ਫ਼ਸਲਾਂ ਖ਼ਰਾਬ ਹੋ ਗਈਆਂ। ਫ਼ਿਰਊਨ ਨੇ ਕਿਹਾ: ‘ਯਹੋਵਾਹ ਅੱਗੇ ਬੇਨਤੀ ਕਰੋ ਕਿ ਬਿਪਤਾ ਖ਼ਤਮ ਹੋ ਜਾਵੇ! ਫਿਰ ਤੁਸੀਂ ਜਾ ਸਕਦੇ ਹੋ।’ ਪਰ ਜਦੋਂ ਹੀ ਗੜੇ ਅਤੇ ਮੀਂਹ ਪੈਣਾ ਬੰਦ ਹੋਇਆ, ਫ਼ਿਰਊਨ ਨੇ ਆਪਣਾ ਫ਼ੈਸਲਾ ਬਦਲ ਲਿਆ।

ਫਿਰ ਮੂਸਾ ਨੇ ਕਿਹਾ: ‘ਗੜਿਆਂ ਦੀ ਮਾਰ ਤੋਂ ਬਚੇ ਦਰਖ਼ਤਾਂ ਨੂੰ ਹੁਣ ਟਿੱਡੀਆਂ ਖਾ ਜਾਣਗੀਆਂ।’ ਬਚੀਆਂ ਹੋਈਆਂ ਫ਼ਸਲਾਂ ਅਤੇ ਦਰਖ਼ਤਾਂ ਨੂੰ ਲੱਖਾਂ ਹੀ ਟਿੱਡੀਆਂ ਖਾ ਗਈਆਂ। ਫ਼ਿਰਊਨ ਤਰਲੇ ਕਰਨ ਲੱਗਾ: ‘ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਬਿਪਤਾ ਖ਼ਤਮ ਕਰ ਦੇਵੇ।’ ਯਹੋਵਾਹ ਦੇ ਬਿਪਤਾ ਖ਼ਤਮ ਕਰਨ ਤੋਂ ਬਾਅਦ ਵੀ ਫ਼ਿਰਊਨ ਆਪਣੀ ਜ਼ਿੱਦ ʼਤੇ ਅੜਿਆ ਰਿਹਾ।

ਯਹੋਵਾਹ ਨੇ ਮੂਸਾ ਨੂੰ ਕਿਹਾ: ‘ਆਕਾਸ਼ ਵੱਲ ਆਪਣਾ ਹੱਥ ਚੁੱਕ।’ ਆਕਾਸ਼ ਵਿਚ ਇਕਦਮ ਹਨੇਰਾ ਛਾ ਗਿਆ। ਤਿੰਨ ਦਿਨਾਂ ਤਕ ਮਿਸਰੀ ਕੁਝ ਨਾ ਦੇਖ ਸਕੇ। ਸਿਰਫ਼ ਇਜ਼ਰਾਈਲੀਆਂ ਦੇ ਘਰਾਂ ਵਿਚ ਚਾਨਣ ਸੀ।

ਫ਼ਿਰਊਨ ਨੇ ਮੂਸਾ ਨੂੰ ਕਿਹਾ: ‘ਤੂੰ ਅਤੇ ਤੇਰੇ ਲੋਕ ਜਾ ਸਕਦੇ ਹਨ। ਆਪਣੇ ਜਾਨਵਰ ਇੱਥੇ ਛੱਡ ਜਾਓ।’ ਮੂਸਾ ਨੇ ਕਿਹਾ: ‘ਅਸੀਂ ਆਪਣੇ ਜਾਨਵਰ ਨਾਲ ਲੈ ਕੇ ਜਾਣੇ ਹਨ ਤਾਂਕਿ ਅਸੀਂ ਆਪਣੇ ਪਰਮੇਸ਼ੁਰ ਅੱਗੇ ਬਲ਼ੀ ਚੜ੍ਹਾ ਸਕੀਏ।’ ਫ਼ਿਰਊਨ ਨੂੰ ਬਹੁਤ ਗੁੱਸਾ ਆਇਆ। ਉਹ ਉੱਚੀ-ਉੱਚੀ ਕਹਿਣ ਲੱਗਾ: ‘ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ। ਜੇ ਮੈਂ ਤੈਨੂੰ ਦੁਬਾਰਾ ਦੇਖ ਲਿਆ, ਤਾਂ ਮੈਂ ਤੈਨੂੰ ਮਾਰ ਦੇਣਾ।’

“ਤਦ ਤੁਸੀਂ ਮੁੜੋਗੇ ਅਤੇ ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।”​—ਮਲਾਕੀ 3:18