Skip to content

Skip to table of contents

ਪਾਠ 21

ਦਸਵੀਂ ਬਿਪਤਾ

ਦਸਵੀਂ ਬਿਪਤਾ

ਮੂਸਾ ਨੇ ਫ਼ਿਰਊਨ ਨੂੰ ਕਿਹਾ ਕਿ ਉਹ ਉਸ ਨੂੰ ਦੁਬਾਰਾ ਨਹੀਂ ਮਿਲੇਗਾ। ਉਸ ਨੇ ਜਾਣ ਤੋਂ ਪਹਿਲਾਂ ਫ਼ਿਰਊਨ ਨੂੰ ਕਿਹਾ: ‘ਅੱਧੀ ਰਾਤ ਨੂੰ ਫ਼ਿਰਊਨ ਦੇ ਜੇਠੇ ਮੁੰਡੇ ਦੇ ਨਾਲ-ਨਾਲ ਬਾਕੀ ਸਾਰੇ ਮਿਸਰੀਆਂ ਦੇ ਜੇਠੇ ਮੁੰਡੇ ਮਰ ਜਾਣਗੇ।’

ਯਹੋਵਾਹ ਨੇ ਇਜ਼ਰਾਈਲੀਆਂ ਨੂੰ ਖ਼ਾਸ ਭੋਜਨ ਖਾਣ ਲਈ ਕਿਹਾ। ਉਸ ਨੇ ਕਿਹਾ: ‘ਇਕ ਸਾਲ ਦੇ ਭੇਡੂ ਜਾਂ ਬੱਕਰੇ ਦੇ ਬੱਚੇ ਨੂੰ ਮਾਰ ਕੇ ਉਸ ਦਾ ਲਹੂ ਦਰਵਾਜ਼ੇ ʼਤੇ ਲਾਓ। ਉਸ ਦਾ ਮੀਟ ਭੁੰਨ ਕੇ ਬੇਖ਼ਮੀਰੀ ਰੋਟੀ ਨਾਲ ਖਾਓ। ਕੱਪੜੇ ਅਤੇ ਜੁੱਤੀ ਪਾ ਕੇ ਤਿਆਰ ਰਹੋ। ਮੈਂ ਅੱਜ ਰਾਤ ਨੂੰ ਤੁਹਾਨੂੰ ਆਜ਼ਾਦ ਕਰਾਵਾਂਗਾ।’ ਕੀ ਤੁਸੀਂ ਸੋਚ ਸਕਦੇ ਕਿ ਇਜ਼ਰਾਈਲੀ ਕਿੰਨੇ ਖ਼ੁਸ਼ ਹੋਏ ਹੋਣੇ?

ਯਹੋਵਾਹ ਦਾ ਦੂਤ ਅੱਧੀ ਰਾਤ ਨੂੰ ਮਿਸਰ ਦੇ ਹਰ ਘਰ ਉੱਤੋਂ ਦੀ ਲੰਘਿਆ। ਜਿਨ੍ਹਾਂ ਘਰਾਂ ਦੇ ਦਰਵਾਜ਼ਿਆਂ ʼਤੇ ਲਹੂ ਨਹੀਂ ਲੱਗਾ ਸੀ, ਦੂਤ ਨੇ ਉਨ੍ਹਾਂ ਦੇ ਜੇਠੇ ਮੁੰਡੇ ਮਾਰ ਦਿੱਤੇ। ਪਰ ਜਿਨ੍ਹਾਂ ਘਰਾਂ ਦੇ ਦਰਵਾਜ਼ਿਆਂ ʼਤੇ ਲਹੂ ਲੱਗਾ ਸੀ, ਦੂਤ ਨੇ ਉਹ ਘਰ ਛੱਡ ਦਿੱਤੇ। ਮਿਸਰੀਆਂ ਦੇ, ਅਮੀਰ-ਗ਼ਰੀਬ, ਸਾਰੇ ਪਰਿਵਾਰਾਂ ਦੇ ਜੇਠੇ ਮੁੰਡੇ ਮਾਰੇ ਗਏ। ਪਰ ਇਜ਼ਰਾਈਲੀਆਂ ਦੇ ਮੁੰਡੇ ਜੀਉਂਦੇ ਰਹੇ।

ਫ਼ਿਰਊਨ ਦਾ ਮੁੰਡਾ ਵੀ ਮਰ ਗਿਆ। ਫ਼ਿਰਊਨ ਹੁਣ ਹੋਰ ਦੁੱਖ ਨਹੀਂ ਦੇਖ ਸਕਦਾ ਸੀ। ਉਸ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: ‘ਇੱਥੋਂ ਫਟਾਫਟ ਨਿਕਲ ਜਾਓ। ਜਾਓ ਆਪਣੇ ਰੱਬ ਦੀ ਭਗਤੀ ਕਰੋ। ਆਪਣੇ ਜਾਨਵਰਾਂ ਨੂੰ ਵੀ ਨਾਲ ਲੈ ਜਾਓ!’

ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਉਸ ਰਾਤ ਪੂਰਾ ਚੰਦ ਨਿਕਲਿਆ ਸੀ। ਉਹ ਪਰਿਵਾਰਾਂ ਤੇ ਗੋਤਾਂ ਮੁਤਾਬਕ ਵੰਡੇ ਹੋਏ ਸਨ। ਉਨ੍ਹਾਂ ਵਿਚ 6 ਲੱਖ ਆਦਮੀ ਸਨ ਅਤੇ ਬਹੁਤ ਸਾਰੀਆਂ ਔਰਤਾਂ ਤੇ ਬੱਚੇ ਸਨ। ਨਾਲੇ ਹੋਰ ਲੋਕ ਵੀ ਉਨ੍ਹਾਂ ਨਾਲ ਗਏ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰ ਸਕਣ। ਅਖ਼ੀਰ ਇਜ਼ਰਾਈਲੀਆਂ ਨੂੰ ਆਜ਼ਾਦੀ ਮਿਲ ਹੀ ਗਈ।

ਇਹ ਗੱਲ ਯਾਦ ਰੱਖਣ ਲਈ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਵੇਂ ਆਜ਼ਾਦ ਕਰਾਇਆ ਸੀ, ਉਨ੍ਹਾਂ ਨੂੰ ਹਰ ਸਾਲ ਇਹੀ ਖ਼ਾਸ ਭੋਜਨ ਖਾਣ ਦੀ ਲੋੜ ਸੀ। ਇਸ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਸੀ।

“ਮੈਂ ਇਸ ਕਰਕੇ ਤੈਨੂੰ ਹੁਣ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਨਾਲ ਜੋ ਕੀਤਾ ਉਸ ਤੋਂ ਮੇਰੀ ਤਾਕਤ ਦਾ ਸਬੂਤ ਮਿਲੇ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”​—ਰੋਮੀਆਂ 9:17