Skip to content

Skip to table of contents

ਪਾਠ 25

ਭਗਤੀ ਲਈ ਤੰਬੂ

ਭਗਤੀ ਲਈ ਤੰਬੂ

ਜਦੋਂ ਮੂਸਾ ਸੀਨਈ ਪਹਾੜ ʼਤੇ ਸੀ, ਤਾਂ ਯਹੋਵਾਹ ਨੇ ਉਸ ਨੂੰ ਇਕ ਖ਼ਾਸ ਤੰਬੂ ਬਣਾਉਣ ਲਈ ਕਿਹਾ ਜਿੱਥੇ ਇਜ਼ਰਾਈਲੀ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਸਨ। ਤੰਬੂ ਇੱਦਾਂ ਦਾ ਬਣਾਉਣਾ ਸੀ ਕਿ ਇਜ਼ਰਾਈਲੀ ਇਸ ਨੂੰ ਆਪਣੇ ਨਾਲ ਕਿਤੇ ਵੀ ਲੈ ਜਾ ਸਕਣ।

ਯਹੋਵਾਹ ਨੇ ਕਿਹਾ: ‘ਲੋਕਾਂ ਨੂੰ ਕਹਿ ਕਿ ਉਹ ਤੰਬੂ ਬਣਾਉਣ ਲਈ ਜੋ ਦੇ ਸਕਦੇ ਹਨ, ਉਹ ਦੇਣ।’ ਇਜ਼ਰਾਈਲੀਆਂ ਨੇ ਸੋਨਾ, ਚਾਂਦੀ, ਪਿੱਤਲ, ਕੀਮਤੀ ਪੱਥਰ ਤੇ ਗਹਿਣੇ ਦਿੱਤੇ। ਉਨ੍ਹਾਂ ਨੇ ਉੱਨ, ਕਤਾਨ ਦੇ ਕੱਪੜੇ, ਜਾਨਵਰਾਂ ਦੀਆਂ ਖੱਲਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਦਿੱਤੀਆਂ। ਉਨ੍ਹਾਂ ਨੇ ਇੰਨੀ ਖੁੱਲ੍ਹ-ਦਿਲੀ ਦਿਖਾਈ ਕਿ ਮੂਸਾ ਨੂੰ ਕਹਿਣਾ ਪਿਆ: ‘ਸਾਡੇ ਕੋਲ ਬਹੁਤ ਕੁਝ ਹੋ ਗਿਆ ਹੈ! ਹੁਣ ਹੋਰ ਚੀਜ਼ਾਂ ਨਾ ਲਿਆਓ।’

ਬਹੁਤ ਸਾਰੇ ਨਿਪੁੰਨ ਆਦਮੀਆਂ ਤੇ ਔਰਤਾਂ ਨੇ ਤੰਬੂ ਬਣਾਉਣ ਵਿਚ ਮਦਦ ਕੀਤੀ। ਯਹੋਵਾਹ ਨੇ ਉਨ੍ਹਾਂ ਨੂੰ ਕੰਮ ਕਰਨ ਲਈ ਬੁੱਧ ਦਿੱਤੀ। ਕਈਆਂ ਨੇ ਧਾਗਾ ਬਣਾਇਆ, ਕਈਆਂ ਨੇ ਬੁਣਿਆ ਜਾਂ ਕਢਾਈ ਕੀਤੀ। ਕਈਆਂ ਨੇ ਪੱਥਰ ਲਾਏ, ਸੋਨੇ ਦਾ ਕੰਮ ਕੀਤਾ ਜਾਂ ਲੱਕੜ ਨੂੰ ਘੜਿਆ।

ਯਹੋਵਾਹ ਦੇ ਕਹੇ ਅਨੁਸਾਰ ਲੋਕਾਂ ਨੇ ਤੰਬੂ ਬਣਾਇਆ। ਉਨ੍ਹਾਂ ਨੇ ਇਕ ਸੋਹਣਾ ਪਰਦਾ ਬਣਾਇਆ ਤਾਂਕਿ ਉਹ ਤੰਬੂ ਨੂੰ ਦੋ ਭਾਗਾਂ, ਪਵਿੱਤਰ ਤੇ ਅੱਤ ਪਵਿੱਤਰ, ਵਿਚ ਵੰਡ ਸਕਣ। ਅੱਤ ਪਵਿੱਤਰ ਕਮਰੇ ਵਿਚ ਇਕਰਾਰ ਦਾ ਸੰਦੂਕ ਸੀ ਜੋ ਕਿੱਕਰ ਦੀ ਲੱਕੜ ਤੇ ਸੋਨੇ ਨਾਲ ਬਣਿਆ ਹੋਇਆ ਸੀ। ਪਵਿੱਤਰ ਕਮਰੇ ਵਿਚ ਸੋਨੇ ਦਾ ਸ਼ਮਾਦਾਨ, ਇਕ ਮੇਜ਼ ਤੇ ਧੂਪ ਧੁਖਾਉਣ ਲਈ ਇਕ ਜਗਵੇਦੀ ਸੀ। ਵਿਹੜੇ ਵਿਚ ਪਿੱਤਲ ਦਾ ਹੌਦ ਤੇ ਵੱਡੀ ਜਗਵੇਦੀ ਸੀ। ਇਕਰਾਰ ਦਾ ਸੰਦੂਕ ਇਜ਼ਰਾਈਲੀਆਂ ਨੂੰ ਯਹੋਵਾਹ ਦਾ ਕਹਿਣਾ ਮੰਨਣ ਦਾ ਆਪਣਾ ਖ਼ਾਸ ਵਾਅਦਾ ਯਾਦ ਕਰਾਉਂਦਾ ਸੀ।

ਯਹੋਵਾਹ ਨੇ ਹਾਰੂਨ ਤੇ ਉਸ ਦੇ ਮੁੰਡਿਆਂ ਨੂੰ ਤੰਬੂ ਵਿਚ ਪੁਜਾਰੀਆਂ ਵਜੋਂ ਕੰਮ ਕਰਨ ਲਈ ਚੁਣਿਆ। ਉਨ੍ਹਾਂ ਨੇ ਇਸ ਦੀ ਸਾਂਭ-ਸੰਭਾਲ ਕਰਨੀ ਸੀ ਅਤੇ ਯਹੋਵਾਹ ਨੂੰ ਬਲ਼ੀਆਂ ਚੜ੍ਹਾਉਣੀਆਂ ਸਨ। ਸਿਰਫ਼ ਮਹਾਂ ਪੁਜਾਰੀ, ਹਾਰੂਨ, ਹੀ ਅੱਤ ਪਵਿੱਤਰ ਕਮਰੇ ਵਿਚ ਜਾ ਸਕਦਾ ਸੀ। ਉਹ ਸਾਲ ਵਿਚ ਸਿਰਫ਼ ਇਕ ਵਾਰ ਆਪਣੇ ਲਈ, ਆਪਣੇ ਪਰਿਵਾਰ ਤੇ ਪੂਰੀ ਇਜ਼ਰਾਈਲ ਕੌਮ ਦੇ ਪਾਪਾਂ ਦੀ ਬਲ਼ੀ ਚੜ੍ਹਾਉਣ ਲਈ ਅੰਦਰ ਜਾਂਦਾ ਸੀ।

ਇਜ਼ਰਾਈਲੀਆਂ ਨੇ ਮਿਸਰ ਛੱਡਣ ਤੋਂ ਇਕ ਸਾਲ ਬਾਅਦ ਤੰਬੂ ਬਣਾ ਲਿਆ ਸੀ। ਹੁਣ ਉਨ੍ਹਾਂ ਕੋਲ ਯਹੋਵਾਹ ਦੀ ਭਗਤੀ ਕਰਨ ਲਈ ਜਗ੍ਹਾ ਸੀ।

ਯਹੋਵਾਹ ਨੇ ਤੰਬੂ ਆਪਣੀ ਮਹਿਮਾ ਨਾਲ ਭਰ ਦਿੱਤਾ ਅਤੇ ਉਸ ʼਤੇ ਇਕ ਬੱਦਲ ਆਇਆ। ਜਿੰਨੀ ਦੇਰ ਤਕ ਬੱਦਲ ਤੰਬੂ ʼਤੇ ਰਹਿੰਦਾ ਸੀ, ਇਜ਼ਰਾਈਲੀ ਅੱਗੇ ਨਹੀਂ ਜਾਂਦੇ ਸਨ। ਪਰ ਜਦੋਂ ਬੱਦਲ ਉੱਠ ਜਾਂਦਾ ਸੀ, ਤਾਂ ਇਜ਼ਰਾਈਲੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਅੱਗੇ ਚੱਲਣ ਦਾ ਸਮਾਂ ਸੀ। ਉਹ ਤੰਬੂ ਨੂੰ ਇਕੱਠਾ ਕਰ ਕੇ ਬੱਦਲ ਦੇ ਪਿੱਛੇ-ਪਿੱਛੇ ਜਾਂਦੇ ਸਨ।

“ਮੈਂ ਸਿੰਘਾਸਣ ਤੋਂ ਇਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ: ‘ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਅਤੇ ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ।’ ”​—ਪ੍ਰਕਾਸ਼ ਦੀ ਕਿਤਾਬ 21:3