Skip to content

Skip to table of contents

ਪਾਠ 26

12 ਜਾਸੂਸ

12 ਜਾਸੂਸ

ਇਜ਼ਰਾਈਲੀ ਸੀਨਈ ਪਹਾੜ ਤੋਂ ਪਾਰਾਨ ਦੀ ਉਜਾੜ ਵਿੱਚੋਂ ਦੀ ਸਫ਼ਰ ਕਰਦਿਆਂ ਕਾਦੇਸ਼ ਨਾਂ ਦੀ ਜਗ੍ਹਾ ਪਹੁੰਚੇ। ਉੱਥੇ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂਗਾ, ਉਸ ਦਾ ਪਤਾ ਲਗਾਉਣ ਲਈ 12 ਆਦਮੀ ਭੇਜ। ਹਰ ਗੋਤ ਵਿੱਚੋਂ ਇਕ-ਇਕ ਆਦਮੀ ਭੇਜੀ।’ ਸੋ ਮੂਸਾ ਨੇ 12 ਆਦਮੀ ਚੁਣੇ ਤੇ ਉਨ੍ਹਾਂ ਨੂੰ ਕਿਹਾ: ‘ਕਨਾਨ ਨੂੰ ਜਾਓ ਤੇ ਪਤਾ ਕਰੋ ਕਿ ਉੱਥੇ ਦੀ ਜ਼ਮੀਨ ਉਪਜਾਊ ਹੈ ਜਾਂ ਨਹੀਂ। ਦੇਖੋ ਕਿ ਉੱਥੇ ਦੇ ਲੋਕ ਤਕੜੇ ਹਨ ਜਾਂ ਕਮਜ਼ੋਰ ਅਤੇ ਲੋਕ ਤੰਬੂਆਂ ਵਿਚ ਰਹਿੰਦੇ ਹਨ ਜਾਂ ਸ਼ਹਿਰਾਂ ਵਿਚ।’ ਕਨਾਨ ਦੇਸ਼ ਜਾਣ ਵਾਲਿਆਂ ਵਿਚ ਯਹੋਸ਼ੁਆ ਤੇ ਕਾਲੇਬ ਵੀ ਸਨ।

40 ਦਿਨਾਂ ਬਾਅਦ ਜਾਸੂਸ ਕਨਾਨ ਤੋਂ ਹੰਜੀਰ, ਅਨਾਰ ਤੇ ਅੰਗੂਰ ਲੈ ਕੇ ਵਾਪਸ ਮੁੜੇ। ਜਾਸੂਸਾਂ ਨੇ ਖ਼ਬਰ ਦਿੱਤੀ: ‘ਇਹ ਉਪਜਾਊ ਦੇਸ਼ ਹੈ, ਪਰ ਲੋਕ ਤਕੜੇ ਹਨ ਤੇ ਉਨ੍ਹਾਂ ਦੇ ਸ਼ਹਿਰਾਂ ਦੀਆਂ ਕੰਧਾਂ ਉੱਚੀਆਂ-ਉੱਚੀਆਂ ਹਨ।’ ਫਿਰ ਕਾਲੇਬ ਨੇ ਕਿਹਾ: ‘ਅਸੀਂ ਉਨ੍ਹਾਂ ਨੂੰ ਜਿੱਤ ਸਕਦੇ ਹਾਂ। ਆਓ ਆਪਾਂ ਹੁਣੇ ਉਨ੍ਹਾਂ ʼਤੇ ਹਮਲਾ ਕਰੀਏ।’ ਕੀ ਤੁਹਾਨੂੰ ਪਤਾ ਕਿ ਕਾਲੇਬ ਨੇ ਇੱਦਾਂ ਕਿਉਂ ਕਿਹਾ ਸੀ? ਕਿਉਂਕਿ ਉਸ ਨੂੰ ਤੇ ਯਹੋਸ਼ੁਆ ਨੂੰ ਯਹੋਵਾਹ ʼਤੇ ਭਰੋਸਾ ਸੀ। ਪਰ 10 ਜਾਸੂਸਾਂ ਨੇ ਕਿਹਾ: ‘ਨਹੀਂ। ਉੱਥੇ ਦੇ ਲੋਕ ਤਾਂ ਦੈਂਤਾਂ ਵਾਂਗ ਉੱਚੇ-ਲੰਬੇ ਹਨ। ਅਸੀਂ ਤਾਂ ਉਨ੍ਹਾਂ ਸਾਮ੍ਹਣੇ ਟਿੱਡਿਆਂ ਵਰਗੇ ਹਾਂ।’

ਇਜ਼ਰਾਈਲੀ ਇਹ ਸੁਣ ਕੇ ਨਿਰਾਸ਼ ਹੋ ਗਏ। ਉਹ ਬੁੜ-ਬੁੜ ਕਰਨ ਲੱਗੇ ਤੇ ਇਕ-ਦੂਜੇ ਨੂੰ ਕਹਿਣ ਲੱਗੇ: ‘ਆਓ ਆਪਾਂ ਇਕ ਨਵਾਂ ਆਗੂ ਚੁਣੀਏ ਤੇ ਮਿਸਰ ਨੂੰ ਵਾਪਸ ਮੁੜ ਚੱਲੀਏ। ਅਸੀਂ ਕਨਾਨ ਦੇਸ਼ ਜਾ ਕੇ ਕਿਉਂ ਮਰੀਏ?’ ਯਹੋਸ਼ੁਆ ਤੇ ਕਾਲੇਬ ਨੇ ਕਿਹਾ: ‘ਯਹੋਵਾਹ ਖ਼ਿਲਾਫ਼ ਨਾ ਜਾਓ। ਨਾ ਡਰੋ। ਯਹੋਵਾਹ ਸਾਡੀ ਰੱਖਿਆ ਕਰੇਗਾ।’ ਪਰ ਇਜ਼ਰਾਈਲੀਆਂ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਉਹ ਤਾਂ ਯਹੋਸ਼ੁਆ ਤੇ ਕਾਲੇਬ ਨੂੰ ਮਾਰਨਾ ਵੀ ਚਾਹੁੰਦੇ ਸਨ।

ਯਹੋਵਾਹ ਨੇ ਕੀ ਕੀਤਾ? ਉਸ ਨੇ ਮੂਸਾ ਨੂੰ ਕਿਹਾ: ‘ਮੈਂ ਇਜ਼ਰਾਈਲੀਆਂ ਲਈ ਇੰਨਾ ਕੁਝ ਕੀਤਾ, ਪਰ ਉਹ ਅਜੇ ਵੀ ਮੇਰਾ ਕਹਿਣਾ ਨਹੀਂ ਮੰਨਦੇ। ਇਸ ਲਈ ਉਹ 40 ਸਾਲ ਉਜਾੜ ਵਿਚ ਰਹਿਣਗੇ ਤੇ ਇੱਥੇ ਹੀ ਮਰ ਜਾਣਗੇ। ਸਿਰਫ਼ ਇਜ਼ਰਾਈਲੀਆਂ ਦੇ ਬੱਚੇ ਅਤੇ ਯਹੋਸ਼ੁਆ ਤੇ ਕਾਲੇਬ ਹੀ ਉਸ ਦੇਸ਼ ਵਿਚ ਜਾਣਗੇ ਜਿਸ ਦਾ ਵਾਅਦਾ ਮੈਂ ਕੀਤਾ ਸੀ।’

“ਹੇ ਘੱਟ ਨਿਹਚਾ ਰੱਖਣ ਵਾਲਿਓ, ਤੁਸੀਂ ਐਨੇ ਘਬਰਾਏ ਹੋਏ ਕਿਉਂ ਹੋ?”​—ਮੱਤੀ 8:26