Skip to content

Skip to table of contents

ਪਾਠ 27

ਉਨ੍ਹਾਂ ਨੇ ਯਹੋਵਾਹ ਵਿਰੁੱਧ ਬਗਾਵਤ ਕੀਤੀ

ਉਨ੍ਹਾਂ ਨੇ ਯਹੋਵਾਹ ਵਿਰੁੱਧ ਬਗਾਵਤ ਕੀਤੀ

ਕੁਝ ਸਾਲਾਂ ਬਾਅਦ, ਜਦੋਂ ਇਜ਼ਰਾਈਲੀ ਉਜਾੜ ਵਿਚ ਹੀ ਸਨ, ਤਾਂ ਕੋਰਹ, ਦਾਥਾਨ, ਅਬੀਰਾਮ ਤੇ ਹੋਰ 250 ਜਣਿਆਂ ਨੇ ਮੂਸਾ ਵਿਰੁੱਧ ਬਗਾਵਤ ਕਰ ਦਿੱਤੀ। ਉਨ੍ਹਾਂ ਨੇ ਮੂਸਾ ਨੂੰ ਕਿਹਾ: ‘ਬਹੁਤ ਹੋ ਗਿਆ ਹੁਣ। ਤੂੰ ਹੀ ਕਿਉਂ ਸਾਡਾ ਆਗੂ ਹੈਂ ਅਤੇ ਹਾਰੂਨ ਮਹਾਂ ਪੁਜਾਰੀ? ਯਹੋਵਾਹ ਸਿਰਫ਼ ਤੇਰੇ ਤੇ ਹਾਰੂਨ ਨਾਲ ਹੀ ਨਹੀਂ ਹੈ, ਸਗੋਂ ਸਾਡੇ ਸਾਰਿਆਂ ਨਾਲ ਹੈ।’ ਯਹੋਵਾਹ ਇਸ ਗੱਲ ਤੋਂ ਖ਼ੁਸ਼ ਨਹੀਂ ਸੀ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਜ਼ਰਾਈਲੀ ਉਸ ਵਿਰੁੱਧ ਬਗਾਵਤ ਕਰ ਰਹੇ ਸਨ!

ਮੂਸਾ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ: ‘ਕੱਲ੍ਹ ਸਵੇਰ ਨੂੰ ਆਪਣੇ ਧੂਪਦਾਨਾਂ ਵਿਚ ਧੂਪ ਪਾ ਕੇ ਯਹੋਵਾਹ ਦੇ ਤੰਬੂ ʼਤੇ ਆਇਓ। ਯਹੋਵਾਹ ਸਾਨੂੰ ਦਿਖਾਵੇਗਾ ਕਿ ਉਸ ਨੇ ਕਿਸ ਨੂੰ ਚੁਣਿਆ ਹੈ।’

ਅਗਲੇ ਦਿਨ ਕੋਰਹ ਤੇ ਉਸ ਦੇ 250 ਆਦਮੀ ਮੂਸਾ ਨੂੰ ਮਿਲਣ ਲਈ ਤੰਬੂ ʼਤੇ ਆਏ। ਉੱਥੇ ਉਨ੍ਹਾਂ ਨੇ ਧੂਪ ਧੁਖਾਏ ਜਿਵੇਂ ਉਹ ਪੁਜਾਰੀ ਹੋਣ। ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: ‘ਕੋਰਹ ਤੇ ਉਸ ਦੇ ਆਦਮੀਆਂ ਤੋਂ ਵੱਖਰੇ ਹੋ ਜਾਓ।’

ਕੋਰਹ ਮੂਸਾ ਕੋਲ ਤੰਬੂ ʼਤੇ ਗਿਆ, ਪਰ ਦਾਥਾਨ, ਅਬੀਰਾਮ ਤੇ ਉਨ੍ਹਾਂ ਦੇ ਪਰਿਵਾਰ ਤੰਬੂ ʼਤੇ ਨਹੀਂ ਗਏ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੋਰਹ, ਦਾਥਾਨ ਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹੋ ਜਾਣ ਲਈ ਕਿਹਾ। ਇਕਦਮ ਸਾਰੇ ਜਣੇ ਦੂਰ ਹੋ ਗਏ। ਦਾਥਾਨ, ਅਬੀਰਾਮ ਤੇ ਉਨ੍ਹਾਂ ਦੇ ਪਰਿਵਾਰ ਆਪਣੇ ਤੰਬੂਆਂ ਦੇ ਬਾਹਰ ਖੜ੍ਹੇ ਸਨ। ਅਚਾਨਕ ਜ਼ਮੀਨ ਪਾਟ ਗਈ ਤੇ ਉਨ੍ਹਾਂ ਨੂੰ ਨਿਗਲ਼ ਗਈ। ਸਵਰਗੋਂ ਤੰਬੂ ʼਤੇ ਅੱਗ ਆਈ ਅਤੇ ਉਸ ਨੇ ਕੋਰਹ ਤੇ ਉਸ ਦੇ 250 ਆਦਮੀਆਂ ਨੂੰ ਭਸਮ ਕਰ ਦਿੱਤਾ।

ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਹਰ ਗੋਤ ਦੇ ਆਗੂ ਤੋਂ ਡੰਡਾ ਲੈ ਅਤੇ ਉਸ ʼਤੇ ਉਨ੍ਹਾਂ ਦਾ ਨਾਂ ਲਿਖ। ਪਰ ਲੇਵੀ ਦੇ ਗੋਤ ਦੇ ਡੰਡੇ ʼਤੇ ਹਾਰੂਨ ਦਾ ਨਾਂ ਲਿਖ। ਇਨ੍ਹਾਂ ਨੂੰ ਤੰਬੂ ਅੰਦਰ ਰੱਖ। ਜਿਸ ਨੂੰ ਮੈਂ ਚੁਣਿਆ, ਉਸ ਦੇ ਡੰਡੇ ʼਤੇ ਫੁੱਲ ਉੱਗਣਗੇ।’

ਅਗਲੇ ਦਿਨ ਮੂਸਾ ਤੰਬੂ ਵਿੱਚੋਂ ਸਾਰਿਆਂ ਦੇ ਡੰਡੇ ਲੈ ਆਇਆ ਤੇ ਉਸ ਨੇ ਇਹ ਡੰਡੇ ਸਾਰੇ ਆਗੂਆਂ ਨੂੰ ਦਿਖਾਏ। ਹਾਰੂਨ ਦੇ ਡੰਡੇ ʼਤੇ ਫੁੱਲ ਅਤੇ ਪੱਕੇ ਹੋਏ ਬਦਾਮ ਲੱਗੇ ਹੋਏ ਸਨ। ਇਸ ਤਰੀਕੇ ਨਾਲ ਯਹੋਵਾਹ ਨੇ ਦਿਖਾਇਆ ਕਿ ਉਸ ਨੇ ਹਾਰੂਨ ਨੂੰ ਮਹਾਂ ਪੁਜਾਰੀ ਚੁਣਿਆ ਸੀ।

“ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ।”​—ਇਬਰਾਨੀਆਂ 13:17