Skip to content

Skip to table of contents

ਪਾਠ 28

ਬਿਲਆਮ ਦੀ ਗਧੀ ਨੇ ਗੱਲ ਕੀਤੀ

ਬਿਲਆਮ ਦੀ ਗਧੀ ਨੇ ਗੱਲ ਕੀਤੀ

ਇਜ਼ਰਾਈਲੀਆਂ ਨੂੰ ਉਜਾੜ ਵਿਚ ਘੁੰਮਦਿਆਂ ਲਗਭਗ 40 ਸਾਲ ਹੋ ਗਏ ਸਨ। ਉਨ੍ਹਾਂ ਨੇ ਬਹੁਤ ਸਾਰੇ ਸ਼ਹਿਰਾਂ ਨੂੰ ਜਿੱਤਿਆ। ਉਨ੍ਹਾਂ ਨੇ ਯਰਦਨ ਨਦੀ ਦੇ ਪੂਰਬੀ ਪਾਸੇ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ। ਹੁਣ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਸਮਾਂ ਸੀ। ਮੋਆਬ ਦਾ ਰਾਜਾ ਬਾਲਾਕ ਡਰ ਗਿਆ ਕਿ ਇਜ਼ਰਾਈਲੀ ਉਸ ਦੇ ਸ਼ਹਿਰ ʼਤੇ ਵੀ ਕਬਜ਼ਾ ਕਰ ਲੈਣਗੇ। ਇਸ ਲਈ ਉਸ ਨੇ ਬਿਲਆਮ ਨਾਂ ਦੇ ਆਦਮੀ ਨੂੰ ਮੋਆਬ ਬੁਲਾਇਆ ਤਾਂਕਿ ਉਹ ਇਜ਼ਰਾਈਲੀਆਂ ਨੂੰ ਸਰਾਪ ਦੇਵੇ।

ਪਰ ਯਹੋਵਾਹ ਨੇ ਬਿਲਆਮ ਨੂੰ ਕਿਹਾ: ‘ਤੂੰ ਇਜ਼ਰਾਈਲੀਆਂ ਨੂੰ ਸਰਾਪ ਨਾ ਦੇਈਂ।’ ਸੋ ਬਿਲਆਮ ਉਨ੍ਹਾਂ ਨਾਲ ਨਹੀਂ ਗਿਆ। ਰਾਜਾ ਬਾਲਾਕ ਨੇ ਉਸ ਨੂੰ ਦੁਬਾਰਾ ਬੁਲਾਇਆ ਅਤੇ ਵਾਅਦਾ ਕੀਤਾ ਕਿ ਉਹ ਜੋ ਮੰਗੇਗਾ, ਉਸ ਨੂੰ ਦਿੱਤਾ ਜਾਵੇਗਾ। ਪਰ ਬਿਲਆਮ ਫਿਰ ਵੀ ਨਾ ਗਿਆ। ਫਿਰ ਪਰਮੇਸ਼ੁਰ ਨੇ ਕਿਹਾ: ‘ਤੂੰ ਚਲਾ ਜਾ, ਪਰ ਉਹੀ ਕਹੀਂ, ਜੋ ਮੈਂ ਤੈਨੂੰ ਦੱਸਾਂਗਾ।’

ਬਿਲਆਮ ਆਪਣੀ ਗਧੀ ʼਤੇ ਬੈਠ ਕੇ ਮੋਆਬ ਨੂੰ ਚੱਲ ਪਿਆ। ਭਾਵੇਂ ਯਹੋਵਾਹ ਨੇ ਉਸ ਨੂੰ ਸਰਾਪ ਦੇਣ ਤੋਂ ਮਨ੍ਹਾ ਕੀਤਾ ਸੀ, ਪਰ ਉਸ ਨੇ ਇਜ਼ਰਾਈਲੀਆਂ ਨੂੰ ਸਰਾਪ ਦੇਣ ਦਾ ਮਨ ਬਣਾ ਲਿਆ ਸੀ। ਯਹੋਵਾਹ ਦਾ ਦੂਤ ਤਿੰਨ ਵਾਰ ਰਾਹ ਵਿਚ ਆਇਆ। ਬਿਲਆਮ ਦੂਤ ਨੂੰ ਨਾ ਦੇਖ ਸਕਿਆ, ਪਰ ਗਧੀ ਦੇਖ ਸਕੀ। ਗਧੀ ਪਹਿਲਾਂ ਖੇਤ ਵਿਚ ਚਲੀ ਗਈ। ਫਿਰ ਗਧੀ ਪੱਥਰ ਦੀ ਕੰਧ ਨਾਲ ਲੱਗ ਗਈ ਜਿਸ ਕਰਕੇ ਬਿਲਆਮ ਦਾ ਪੈਰ ਮਿੱਧਿਆ ਗਿਆ। ਅਖ਼ੀਰ ਗਧੀ ਰਾਹ ਵਿਚ ਹੀ ਬੈਠ ਗਈ। ਹਰ ਵਾਰ ਬਿਲਆਮ ਨੇ ਗਧੀ ਨੂੰ ਡੰਡੇ ਨਾਲ ਕੁੱਟਿਆ।

ਤੀਸਰੀ ਵਾਰ ਤੋਂ ਬਾਅਦ, ਯਹੋਵਾਹ ਨੇ ਗਧੀ ਨੂੰ ਬੋਲਣ ਦੀ ਤਾਕਤ ਦਿੱਤੀ। ਗਧੀ ਨੇ ਬਿਲਆਮ ਨੂੰ ਪੁੱਛਿਆ: ‘ਤੂੰ ਮੈਨੂੰ ਕਿਉਂ ਕੁੱਟੀਂ ਜਾਂਦਾ?’ ਬਿਲਆਮ ਨੇ ਕਿਹਾ: ‘ਤੂੰ ਮੈਨੂੰ ਮੂਰਖ ਬਣਾਇਆ। ਜੇ ਮੇਰੇ ਕੋਲ ਤਲਵਾਰ ਹੁੰਦੀ, ਤਾਂ ਮੈਂ ਤੈਨੂੰ ਵੱਢ ਦੇਣਾ ਸੀ।’ ਗਧੀ ਨੇ ਜਵਾਬ ਦਿੱਤਾ: ‘ਤੂੰ ਕਈ ਸਾਲਾਂ ਤੋਂ ਮੇਰੀ ਸਵਾਰੀ ਕਰ ਰਿਹਾਂ। ਕੀ ਮੈਂ ਪਹਿਲਾਂ ਤੇਰੇ ਨਾਲ ਕਦੇ ਇੱਦਾਂ ਕੀਤਾ?’

ਹੁਣ ਬਿਲਆਮ ਯਹੋਵਾਹ ਦੀ ਮਦਦ ਨਾਲ ਦੂਤ ਨੂੰ ਦੇਖ ਸਕਦਾ ਸੀ। ਦੂਤ ਨੇ ਕਿਹਾ: ‘ਯਹੋਵਾਹ ਨੇ ਤੈਨੂੰ ਇਜ਼ਰਾਈਲ ਨੂੰ ਸਰਾਪ ਦੇਣ ਤੋਂ ਰੋਕਿਆ ਸੀ।’ ਬਿਲਆਮ ਨੇ ਕਿਹਾ: ‘ਮੈਥੋਂ ਗ਼ਲਤੀ ਹੋ ਗਈ। ਮੈਂ ਘਰ ਵਾਪਸ ਮੁੜ ਜਾਵਾਂਗਾ।’ ਪਰ ਦੂਤ ਨੇ ਕਿਹਾ: ‘ਤੂੰ ਮੋਆਬ ਨੂੰ ਜਾ, ਪਰ ਉਹੀ ਕਹੀਂ ਜੋ ਯਹੋਵਾਹ ਤੈਨੂੰ ਦੱਸੇਗਾ।’

ਕੀ ਬਿਲਆਮ ਨੇ ਕੋਈ ਸਬਕ ਸਿੱਖਿਆ? ਨਹੀਂ। ਇਸ ਤੋਂ ਬਾਅਦ ਵੀ ਬਿਲਆਮ ਨੇ ਇਜ਼ਰਾਈਲ ਨੂੰ ਤਿੰਨ ਵਾਰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਯਹੋਵਾਹ ਨੇ ਉਸ ਦੇ ਮੂੰਹੋਂ ਬਰਕਤ ਹੀ ਕਢਾਈ। ਬਾਅਦ ਵਿਚ ਇਜ਼ਰਾਈਲ ਨੇ ਮੋਆਬ ʼਤੇ ਹਮਲਾ ਕੀਤਾ ਜਿਸ ਵਿਚ ਬਿਲਆਮ ਮਾਰਿਆ ਗਿਆ। ਕੀ ਇਹ ਵਧੀਆ ਨਾ ਹੁੰਦਾ ਜੇ ਬਿਲਆਮ ਪਹਿਲੀ ਵਾਰੀ ਹੀ ਯਹੋਵਾਹ ਦੀ ਗੱਲ ਸੁਣ ਲੈਂਦਾ?

“ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਅਤੇ ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ ਕਿਉਂਕਿ ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”​—ਲੂਕਾ 12:15