Skip to content

Skip to table of contents

ਪਾਠ 29

ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ

ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ

ਮੂਸਾ ਨੇ ਇਜ਼ਰਾਈਲੀਆਂ ਦੀ ਬਹੁਤ ਸਾਲ ਅਗਵਾਈ ਕੀਤੀ। ਹੁਣ ਉਹ ਮਰਨ ਕਿਨਾਰੇ ਸੀ। ਯਹੋਵਾਹ ਨੇ ਉਸ ਨੂੰ ਕਿਹਾ: ‘ਤੂੰ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਲੈ ਕੇ ਜਾਵੇਂਗਾ। ਪਰ ਮੈਂ ਤੈਨੂੰ ਵਾਅਦਾ ਕੀਤਾ ਹੋਇਆ ਦੇਸ਼ ਦੇਖਣ ਦੇਵਾਂਗਾ।’ ਫਿਰ ਮੂਸਾ ਨੇ ਯਹੋਵਾਹ ਨੂੰ ਲੋਕਾਂ ਦੀ ਅਗਵਾਈ ਕਰਨ ਲਈ ਨਵਾਂ ਆਗੂ ਚੁਣਨ ਲਈ ਕਿਹਾ। ਯਹੋਵਾਹ ਨੇ ਉਸ ਨੂੰ ਕਿਹਾ: ‘ਜਾ ਕੇ ਯਹੋਸ਼ੁਆ ਨੂੰ ਚੁਣ ਤੇ ਉਸ ਨੂੰ ਦੱਸ ਕਿ ਉਹ ਇਜ਼ਰਾਈਲੀਆਂ ਦੀ ਅਗਵਾਈ ਕਰੇਗਾ।’

ਮੂਸਾ ਨੇ ਇਜ਼ਰਾਈਲੀਆਂ ਨੂੰ ਜਾ ਕੇ ਦੱਸਿਆ ਕਿ ਉਹ ਬਹੁਤ ਜਲਦੀ ਮਰ ਜਾਵੇਗਾ ਅਤੇ ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ ਹੈ ਜੋ ਤੁਹਾਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਜਾਵੇਗਾ। ਫਿਰ ਮੂਸਾ ਨੇ ਯਹੋਸ਼ੁਆ ਨੂੰ ਕਿਹਾ: ‘ਨਾ ਡਰ। ਯਹੋਵਾਹ ਤੇਰੀ ਮਦਦ ਕਰੇਗਾ।’ ਇਸ ਤੋਂ ਥੋੜ੍ਹੀ ਦੇਰ ਬਾਅਦ, ਮੂਸਾ ਨੀਬੋ ਪਹਾੜ ʼਤੇ ਗਿਆ ਜਿੱਥੇ ਯਹੋਵਾਹ ਨੇ ਉਸ ਨੂੰ ਉਹ ਦੇਸ਼ ਦਿਖਾਇਆ ਜੋ ਉਸ ਨੇ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਦੇਣ ਦਾ ਵਾਅਦਾ ਕੀਤਾ ਸੀ। ਮੂਸਾ 120 ਸਾਲਾਂ ਦੀ ਉਮਰ ਵਿਚ ਮਰ ਗਿਆ।

ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: ‘ਯਰਦਨ ਦਰਿਆ ਪਾਰ ਕਰ ਤੇ ਕਨਾਨ ਨੂੰ ਜਾ। ਮੈਂ ਮੂਸਾ ਵਾਂਗ ਤੇਰੀ ਵੀ ਮਦਦ ਕਰਾਂਗਾ। ਤੂੰ ਹਰ ਰੋਜ਼ ਮੇਰੇ ਕਾਨੂੰਨ ਪੜ੍ਹੀ। ਡਰ ਨਾ। ਦਲੇਰ ਬਣ। ਜਾ ਤੇ ਉਹ ਕੰਮ ਕਰ ਜੋ ਮੈਂ ਤੈਨੂੰ ਕਰਨ ਨੂੰ ਕਹੇ ਹਨ।’

ਯਹੋਸ਼ੁਆ ਨੇ ਯਰੀਹੋ ਸ਼ਹਿਰ ਵਿਚ ਦੋ ਜਾਸੂਸ ਭੇਜੇ। ਅਗਲੀ ਕਹਾਣੀ ਵਿਚ ਅਸੀਂ ਹੋਰ ਦੇਖਾਂਗੇ ਕਿ ਉੱਥੇ ਕੀ ਹੋਇਆ। ਉਨ੍ਹਾਂ ਨੇ ਵਾਪਸ ਆ ਕੇ ਦੱਸਿਆ ਕਿ ਹੁਣ ਕਨਾਨ ਸ਼ਹਿਰ ʼਤੇ ਹਮਲਾ ਕਰਨ ਦਾ ਵਧੀਆ ਸਮਾਂ ਹੈ। ਅਗਲੇ ਦਿਨ ਯਹੋਸ਼ੁਆ ਨੇ ਇਜ਼ਰਾਈਲੀਆਂ ਨੂੰ ਸਾਮਾਨ ਇਕੱਠਾ ਕਰਨ ਲਈ ਕਿਹਾ। ਫਿਰ ਉਸ ਨੇ ਪੁਜਾਰੀਆਂ ਨੂੰ ਅੱਗੇ-ਅੱਗੇ ਯਰਦਨ ਦਰਿਆ ਵੱਲ ਇਕਰਾਰ ਦਾ ਸੰਦੂਕ ਲੈ ਕੇ ਜਾਣ ਨੂੰ ਕਿਹਾ। ਦਰਿਆ ਪਾਣੀ ਨਾਲ ਪੂਰੀ ਤਰ੍ਹਾਂ ਭਰਿਆ ਸੀ। ਪਰ ਜਿੱਦਾਂ ਹੀ ਪੁਜਾਰੀਆਂ ਨੇ ਪੈਰ ਪਾਣੀ ਵਿਚ ਪਾਇਆ, ਉੱਦਾਂ ਹੀ ਦਰਿਆ ਦਾ ਪਾਣੀ ਵਗਣਾ ਬੰਦ ਹੋ ਗਿਆ। ਪੁਜਾਰੀ ਦਰਿਆ ਦੇ ਵਿਚਕਾਰ ਚਲੇ ਗਏ ਤੇ ਉਦੋਂ ਤਕ ਉੱਥੇ ਖੜ੍ਹੇ ਰਹੇ ਜਦੋਂ ਤਕ ਸਾਰੇ ਲੋਕ ਦੂਜੇ ਪਾਸੇ ਨਾ ਚਲੇ ਗਏ। ਕੀ ਤੁਹਾਨੂੰ ਲੱਗਦਾ ਕਿ ਇਹ ਚਮਤਕਾਰ ਦੇਖ ਕੇ ਉਨ੍ਹਾਂ ਨੂੰ ਯਾਦ ਆਇਆ ਹੋਣਾ ਕਿ ਯਹੋਵਾਹ ਨੇ ਲਾਲ ਸਮੁੰਦਰ ʼਤੇ ਕੀ ਕੀਤਾ ਸੀ?

ਇੰਨੇ ਸਾਲਾਂ ਤੋਂ ਬਾਅਦ, ਅਖ਼ੀਰ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਪਹੁੰਚ ਗਏ। ਉਹ ਇੱਥੇ ਘਰ ਤੇ ਸ਼ਹਿਰ ਬਣਾ ਸਕਦੇ ਸਨ। ਉਹ ਫ਼ਸਲ, ਅੰਗੂਰਾਂ ਦੇ ਬਾਗ਼ ਤੇ ਬਗ਼ੀਚੇ ਲਾ ਸਕਦੇ ਸਨ। ਇਸ ਦੇਸ਼ ਵਿਚ ਇੰਨਾ ਕੁਝ ਖਾਣ-ਪੀਣ ਨੂੰ ਸੀ ਕਿ ਇਸ ਨੂੰ ਦੁੱਧ ਤੇ ਸ਼ਹਿਦ ਦਾ ਦੇਸ਼ ਕਿਹਾ ਜਾਂਦਾ ਸੀ।

“ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ।”​—ਯਸਾਯਾਹ 58:11