Skip to content

Skip to table of contents

ਪਾਠ 30

ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ

ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ

ਜਦੋਂ ਇਜ਼ਰਾਈਲੀ ਜਾਸੂਸ ਯਰੀਹੋ ਸ਼ਹਿਰ ਗਏ, ਤਾਂ ਉਹ ਰਾਹਾਬ ਨਾਂ ਦੀ ਔਰਤ ਦੇ ਘਰ ਰੁਕੇ। ਯਰੀਹੋ ਦੇ ਰਾਜੇ ਨੂੰ ਇਹ ਗੱਲ ਪਤਾ ਲੱਗ ਗਈ ਅਤੇ ਉਸ ਨੇ ਰਾਹਾਬ ਦੇ ਘਰ ਫ਼ੌਜੀ ਭੇਜੇ। ਉਸ ਨੇ ਦੋਵੇਂ ਜਾਸੂਸਾਂ ਨੂੰ ਛੱਤ ʼਤੇ ਲੁਕੋ ਦਿੱਤਾ ਅਤੇ ਫ਼ੌਜੀਆਂ ਨੂੰ ਦੂਸਰੇ ਪਾਸੇ ਭੇਜ ਦਿੱਤਾ। ਉਸ ਨੇ ਜਾਸੂਸਾਂ ਨੂੰ ਕਿਹਾ: ‘ਮੈਂ ਤੁਹਾਡੀ ਮਦਦ ਕਰਾਂਗੀ ਕਿਉਂਕਿ ਮੈਂ ਜਾਣਦੀ ਹਾਂ ਕਿ ਯਹੋਵਾਹ ਤੁਹਾਡੇ ਨਾਲ ਹੈ ਅਤੇ ਤੁਸੀਂ ਦੇਸ਼ ʼਤੇ ਜਿੱਤ ਪਾ ਲਓਗੇ। ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੇ ਪਰਿਵਾਰ ਨੂੰ ਬਚਾਓਗੇ।’

ਜਾਸੂਸਾਂ ਨੇ ਰਾਹਾਬ ਨੂੰ ਕਿਹਾ: ‘ਅਸੀਂ ਵਾਅਦਾ ਕਰਦੇ ਹਾਂ ਕਿ ਜਿਹੜਾ ਤੇਰੇ ਘਰ ਅੰਦਰ ਹੋਵੇਗਾ, ਉਸ ਨੂੰ ਕੁਝ ਨਹੀਂ ਹੋਵੇਗਾ।’ ਉਨ੍ਹਾਂ ਨੇ ਕਿਹਾ: ‘ਆਪਣੇ ਘਰ ਦੀ ਤਾਕੀ ʼਤੇ ਲਾਲ ਰੱਸੀ ਬੰਨ੍ਹ ਤਾਂਕਿ ਤੇਰਾ ਪਰਿਵਾਰ ਬਚਿਆ ਰਹੇ।’

ਰਾਹਾਬ ਨੇ ਰੱਸੀ ਬੰਨ੍ਹ ਕੇ ਤਾਕੀ ਰਾਹੀਂ ਜਾਸੂਸਾਂ ਨੂੰ ਥੱਲੇ ਉਤਾਰ ਦਿੱਤਾ। ਜਾਸੂਸ ਯਹੋਸ਼ੁਆ ਕੋਲ ਵਾਪਸ ਜਾਣ ਤੋਂ ਪਹਿਲਾਂ ਤਿੰਨ ਦਿਨ ਪਹਾੜਾਂ ਵਿਚ ਲੁਕੇ ਰਹੇ। ਫਿਰ ਇਜ਼ਰਾਈਲੀਆਂ ਨੇ ਯਰਦਨ ਦਰਿਆ ਪਾਰ ਕਰ ਲਿਆ ਅਤੇ ਹੁਣ ਉਹ ਦੇਸ਼ ʼਤੇ ਕਬਜ਼ਾ ਕਰਨ ਲਈ ਤਿਆਰ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਯਰੀਹੋ ਸ਼ਹਿਰ ʼਤੇ ਕਬਜ਼ਾ ਕੀਤਾ। ਯਹੋਵਾਹ ਨੇ ਉਨ੍ਹਾਂ ਨੂੰ ਛੇ ਦਿਨਾਂ ਲਈ ਸ਼ਹਿਰ ਦੇ ਦੁਆਲੇ ਇਕ-ਇਕ ਚੱਕਰ ਲਾਉਣ ਲਈ ਕਿਹਾ। ਸੱਤਵੇਂ ਦਿਨ ਉਨ੍ਹਾਂ ਨੇ ਸ਼ਹਿਰ ਦੇ ਦੁਆਲੇ ਸੱਤ ਚੱਕਰ ਲਾਏ। ਫਿਰ ਪੁਜਾਰੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਫ਼ੌਜੀਆਂ ਨੇ ਪੂਰੇ ਜ਼ੋਰ ਨਾਲ ਜੈਕਾਰੇ ਗਜਾਏ। ਸ਼ਹਿਰ ਦੀਆਂ ਕੰਧਾਂ ਡਿੱਗਣ ਲੱਗ ਪਈਆਂ! ਪਰ ਰਾਹਾਬ ਦਾ ਘਰ ਨਹੀਂ ਡਿੱਗਿਆ ਜੋ ਸ਼ਹਿਰ ਦੀ ਕੰਧ ʼਤੇ ਸੀ। ਰਾਹਾਬ ਅਤੇ ਉਸ ਦਾ ਪਰਿਵਾਰ ਬਚ ਗਿਆ ਕਿਉਂਕਿ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ।

“ਇਸੇ ਤਰ੍ਹਾਂ, ਕੀ ਰਾਹਾਬ . . . ਨੂੰ ਵੀ ਉਸ ਦੇ ਕੰਮਾਂ ਕਰਕੇ ਧਰਮੀ ਨਹੀਂ ਗਿਣਿਆ ਗਿਆ ਸੀ ਜਿਸ ਨੇ ਜਾਸੂਸਾਂ ਦੀ ਪਰਾਹੁਣਚਾਰੀ ਕੀਤੀ ਸੀ ਅਤੇ ਫਿਰ ਉਨ੍ਹਾਂ ਨੂੰ ਦੂਸਰੇ ਰਸਤਿਓਂ ਘੱਲਿਆ ਸੀ?”​—ਯਾਕੂਬ 2:25