Skip to content

Skip to table of contents

ਪਾਠ 31

ਯਹੋਸ਼ੁਆ ਅਤੇ ਗਿਬਓਨੀ

ਯਹੋਸ਼ੁਆ ਅਤੇ ਗਿਬਓਨੀ

ਯਰੀਹੋ ਬਾਰੇ ਖ਼ਬਰ ਕਨਾਨ ਦੀਆਂ ਸਾਰੀਆਂ ਕੌਮਾਂ ਵਿਚ ਫੈਲ ਗਈ। ਇਨ੍ਹਾਂ ਕੌਮਾਂ ਦੇ ਰਾਜਿਆਂ ਨੇ ਇਕੱਠੇ ਹੋ ਕੇ ਇਜ਼ਰਾਈਲੀਆਂ ਨਾਲ ਲੜਨ ਦਾ ਫ਼ੈਸਲਾ ਕੀਤਾ। ਪਰ ਗਿਬਓਨੀਆਂ ਨੇ ਕੁਝ ਹੋਰ ਕਰਨ ਦਾ ਸੋਚਿਆ। ਉਹ ਫਟੇ-ਪੁਰਾਣੇ ਕੱਪੜੇ ਪਾ ਕੇ ਯਹੋਸ਼ੁਆ ਕੋਲ ਗਏ ਅਤੇ ਕਿਹਾ: ‘ਅਸੀਂ ਦੂਰ ਦੇਸ਼ ਤੋਂ ਆਏ ਹਾਂ। ਅਸੀਂ ਯਹੋਵਾਹ ਬਾਰੇ ਸੁਣਿਆ ਹੈ ਅਤੇ ਉਸ ਬਾਰੇ ਵੀ ਜੋ ਉਸ ਨੇ ਤੁਹਾਡੇ ਲਈ ਮਿਸਰ ਤੇ ਮੋਆਬ ਵਿਚ ਕੀਤਾ। ਵਾਅਦਾ ਕਰੋ ਕਿ ਤੁਸੀਂ ਸਾਡੇ ʼਤੇ ਹਮਲਾ ਨਹੀਂ ਕਰੋਗੇ ਅਤੇ ਅਸੀਂ ਤੁਹਾਡੇ ਗ਼ੁਲਾਮ ਬਣ ਜਾਵਾਂਗੇ।’

ਯਹੋਸ਼ੁਆ ਨੇ ਉਨ੍ਹਾਂ ʼਤੇ ਯਕੀਨ ਕਰ ਲਿਆ ਅਤੇ ਹਮਲਾ ਨਾ ਕਰਨ ਦਾ ਵਾਅਦਾ ਕੀਤਾ। ਤਿੰਨ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਦੂਰ ਦੇਸ਼ ਤੋਂ ਨਹੀਂ, ਸਗੋਂ ਕਨਾਨ ਦੇਸ਼ ਤੋਂ ਹੀ ਆਏ ਸਨ। ਯਹੋਸ਼ੁਆ ਨੇ ਗਿਬਓਨੀਆਂ ਤੋਂ ਪੁੱਛਿਆ: ‘ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਿਆ?’ ਉਨ੍ਹਾਂ ਨੇ ਜਵਾਬ ਦਿੱਤਾ: ‘ਅਸੀਂ ਡਰ ਗਏ ਸੀ! ਅਸੀਂ ਜਾਣਦੇ ਹਾਂ ਕਿ ਯਹੋਵਾਹ ਤੁਹਾਡੇ ਲਈ ਲੜ ਰਿਹਾ ਹੈ। ਸਾਨੂੰ ਨਾ ਮਾਰਿਓ।’ ਯਹੋਸ਼ੁਆ ਨੇ ਆਪਣਾ ਵਾਅਦਾ ਨਿਭਾਇਆ ਅਤੇ ਉਨ੍ਹਾਂ ਨੂੰ ਨਹੀਂ ਮਾਰਿਆ।

ਛੇਤੀ ਹੀ ਪੰਜ ਕਨਾਨੀ ਰਾਜਿਆਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੇ ਗਿਬਓਨੀਆਂ ʼਤੇ ਹਮਲਾ ਕਰ ਦਿੱਤਾ। ਯਹੋਸ਼ੁਆ ਤੇ ਉਸ ਦੀ ਫ਼ੌਜ ਨੇ ਉਨ੍ਹਾਂ ਨੂੰ ਬਚਾਉਣ ਲਈ ਪੂਰੀ ਰਾਤ ਸਫ਼ਰ ਕੀਤਾ। ਅਗਲੀ ਸਵੇਰ ਤੜਕੇ ਹੀ ਲੜਾਈ ਸ਼ੁਰੂ ਹੋ ਗਈ। ਕਨਾਨੀ ਮੈਦਾਨ ਛੱਡ ਕੇ ਭੱਜਣ ਲੱਗੇ। ਉਹ ਜਿੱਧਰ ਨੂੰ ਵੀ ਭੱਜੇ, ਯਹੋਵਾਹ ਨੇ ਉਨ੍ਹਾਂ ʼਤੇ ਵੱਡੇ-ਵੱਡੇ ਗੜੇ ਵਰਾਏ। ਫਿਰ ਯਹੋਸ਼ੁਆ ਨੇ ਯਹੋਵਾਹ ਨੂੰ ਕਿਹਾ ਕਿ ਅੱਜ ਸੂਰਜ ਨਾ ਡੁੱਬੇ। ਉਸ ਨੇ ਯਹੋਵਾਹ ਨੂੰ ਇੱਦਾਂ ਕਰਨ ਲਈ ਕਿਉਂ ਕਿਹਾ ਜਦ ਕਿ ਪਹਿਲਾਂ ਇੱਦਾਂ ਕਦੀ ਨਹੀਂ ਹੋਇਆ ਸੀ? ਕਿਉਂਕਿ ਯਹੋਸ਼ੁਆ ਨੂੰ ਯਹੋਵਾਹ ʼਤੇ ਪੂਰਾ ਭਰੋਸਾ ਸੀ। ਸੂਰਜ ਉਦੋਂ ਤਕ ਨਹੀਂ ਡੁੱਬਿਆ, ਜਦੋਂ ਤਕ ਇਜ਼ਰਾਈਲੀਆਂ ਨੇ ਕਨਾਨ ਦੇ ਰਾਜਿਆਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ ਹਰਾ ਨਾ ਦਿੱਤਾ।

“ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ; ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ ਵੱਲੋਂ ਹੁੰਦਾ ਹੈ।”​—ਮੱਤੀ 5:37