Skip to content

Skip to table of contents

ਪਾਠ 32

ਨਵਾਂ ਆਗੂ ਅਤੇ ਦੋ ਦਲੇਰ ਔਰਤਾਂ

ਨਵਾਂ ਆਗੂ ਅਤੇ ਦੋ ਦਲੇਰ ਔਰਤਾਂ

ਯਹੋਵਾਹ ਦੇ ਲੋਕਾਂ ਦੀ ਕਾਫ਼ੀ ਸਾਲ ਅਗਵਾਈ ਕਰਨ ਤੋਂ ਬਾਅਦ 110 ਸਾਲਾਂ ਦੀ ਉਮਰ ਵਿਚ ਯਹੋਸ਼ੁਆ ਦੀ ਮੌਤ ਹੋ ਗਈ। ਯਹੋਸ਼ੁਆ ਦੇ ਜੀਉਂਦੇ ਜੀ ਇਜ਼ਰਾਈਲੀ ਯਹੋਵਾਹ ਦੀ ਭਗਤੀ ਕਰਦੇ ਰਹੇ। ਪਰ ਯਹੋਸ਼ੁਆ ਦੀ ਮੌਤ ਤੋਂ ਬਾਅਦ ਉਹ ਵੀ ਕਨਾਨੀਆਂ ਵਾਂਗ ਮੂਰਤੀ-ਪੂਜਾ ਕਰਨ ਲੱਗ ਪਏ। ਇਜ਼ਰਾਈਲੀ ਯਹੋਵਾਹ ਦੇ ਹੁਕਮ ਮੰਨਣ ਤੋਂ ਹਟ ਗਏ। ਇਸ ਲਈ ਯਹੋਵਾਹ ਨੇ ਕਨਾਨੀ ਰਾਜੇ ਯਾਬੀਨ ਨੂੰ ਵਰਤਿਆ ਕਿ ਉਹ ਇਜ਼ਰਾਈਲੀਆਂ ਨੂੰ ਗ਼ੁਲਾਮ ਬਣਾ ਲਵੇ। ਲੋਕ ਯਹੋਵਾਹ ਦੀ ਮਦਦ ਲਈ ਤਰਲੇ ਕਰਨ ਲੱਗੇ। ਇਸ ਲਈ ਯਹੋਵਾਹ ਨੇ ਬਾਰਾਕ ਨੂੰ ਉਨ੍ਹਾਂ ਦਾ ਨਵਾਂ ਆਗੂ ਚੁਣਿਆ। ਉਸ ਨੇ ਦੁਬਾਰਾ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ।

ਨਬੀਆਂ ਵਾਂਗ ਭਵਿੱਖਬਾਣੀਆਂ ਕਰਨ ਵਾਲੀ ਦਬੋਰਾਹ ਨੇ ਬਾਰਾਕ ਨੂੰ ਬੁਲਾਇਆ। ਉਸ ਨੇ ਬਾਰਾਕ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ: ‘ਆਪਣੇ ਨਾਲ 10,000 ਆਦਮੀ ਲੈ ਅਤੇ ਕੀਸ਼ੋਨ ਨਦੀ ʼਤੇ ਯਾਬੀਨ ਦੀ ਫ਼ੌਜ ਨੂੰ ਮਿਲ। ਉੱਥੇ ਤੂੰ ਯਾਬੀਨ ਦੀ ਫ਼ੌਜ ਦੇ ਸੈਨਾਪਤੀ ਸੀਸਰਾ ਨੂੰ ਮਾਰੇਂਗਾ।’ ਬਾਰਾਕ ਨੇ ਦਬੋਰਾਹ ਨੂੰ ਕਿਹਾ: ‘ਮੈਂ ਤਾਂ ਜਾਵਾਂਗਾ, ਜੇ ਤੂੰ ਮੇਰੇ ਨਾਲ ਜਾਵੇਂਗੀ।’ ਉਸ ਨੇ ਕਿਹਾ: ‘ਮੈਂ ਤੇਰੇ ਨਾਲ ਜਾਵਾਂਗੀ। ਪਰ ਇਹ ਜਾਣ ਲੈ ਕਿ ਤੂੰ ਸੀਸਰਾ ਨੂੰ ਨਹੀਂ ਮਾਰੇਂਗਾ। ਯਹੋਵਾਹ ਨੇ ਕਿਹਾ ਹੈ ਕਿ ਉਹ ਇਕ ਔਰਤ ਦੇ ਹੱਥੋਂ ਮਰੇਗਾ।’

ਦਬੋਰਾਹ ਬਾਰਾਕ ਅਤੇ ਉਸ ਦੀ ਫ਼ੌਜ ਨਾਲ ਲੜਾਈ ਦੀ ਤਿਆਰੀ ਲਈ ਤਾਬੋਰ ਪਹਾੜ ʼਤੇ ਚਲੀ ਗਈ। ਜਦੋਂ ਹੀ ਸੀਸਰਾ ਨੂੰ ਇਹ ਪਤਾ ਲੱਗਾ, ਉਦੋਂ ਹੀ ਉਸ ਨੇ ਲੜਾਈ ਵਾਲੇ ਰਥ ਅਤੇ ਫ਼ੌਜਾਂ ਵਾਦੀ ਦੇ ਥੱਲੇ ਇਕੱਠੀਆਂ ਕਰ ਲਈਆਂ। ਦਬੋਰਾਹ ਨੇ ਬਾਰਾਕ ਨੂੰ ਕਿਹਾ: ‘ਅੱਜ ਯਹੋਵਾਹ ਤੈਨੂੰ ਜਿੱਤ ਦਿਵਾਏਗਾ।’ ਸੀਸਰਾ ਦੀ ਤਾਕਤਵਰ ਫ਼ੌਜ ਨਾਲ ਲੜਨ ਲਈ ਬਾਰਾਕ ਅਤੇ ਉਸ ਦੇ 10,000 ਆਦਮੀ ਪਹਾੜ ਤੋਂ ਥੱਲੇ ਆ ਗਏ।

ਫਿਰ ਯਹੋਵਾਹ ਕੀਸ਼ੋਨ ਨਦੀ ਵਿਚ ਹੜ੍ਹ ਲੈ ਆਇਆ। ਸੀਸਰਾ ਦੇ ਰਥ ਚਿੱਕੜ ਵਿਚ ਫਸ ਗਏ। ਸੀਸਰਾ ਆਪਣਾ ਰਥ ਛੱਡ ਕੇ ਭੱਜ ਗਿਆ। ਬਾਰਾਕ ਅਤੇ ਉਸ ਦੇ ਫ਼ੌਜੀਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ, ਪਰ ਸੀਸਰਾ ਬਚ ਗਿਆ! ਉਹ ਭੱਜ ਕੇ ਯਾਏਲ ਨਾਂ ਦੀ ਔਰਤ ਦੇ ਤੰਬੂ ਵਿਚ ਲੁਕ ਗਿਆ। ਉਸ ਨੇ ਸੀਸਰਾ ਨੂੰ ਪੀਣ ਲਈ ਦੁੱਧ ਦਿੱਤਾ ਅਤੇ ਉਸ ʼਤੇ ਕੰਬਲ ਦੇ ਦਿੱਤਾ। ਥੱਕਿਆ ਹੋਣ ਕਰਕੇ ਸੀਸਰਾ ਸੌਂ ਗਿਆ। ਫਿਰ ਯਾਏਲ ਹੌਲੀ-ਹੌਲੀ ਉਸ ਕੋਲ ਗਈ ਅਤੇ ਉਸ ਦੇ ਸਿਰ ਵਿਚ ਕਿੱਲ ਠੋਕ ਦਿੱਤੀ। ਸੀਸਰਾ ਮਰ ਗਿਆ।

ਬਾਰਾਕ ਸੀਸਰਾ ਨੂੰ ਲੱਭਦਾ-ਲੱਭਦਾ ਉੱਥੇ ਆ ਗਿਆ। ਯਾਏਲ ਤੰਬੂ ਵਿੱਚੋਂ ਬਾਹਰ ਆਈ ਅਤੇ ਉਸ ਨੂੰ ਕਿਹਾ: ‘ਅੰਦਰ ਆ ਜਾ। ਤੂੰ ਜਿਸ ਆਦਮੀ ਨੂੰ ਲੱਭ ਰਿਹਾ ਹੈਂ, ਉਹ ਇੱਥੇ ਹੀ ਹੈ।’ ਬਾਰਾਕ ਨੇ ਅੰਦਰ ਸੀਸਰਾ ਨੂੰ ਮਰਿਆ ਪਿਆ ਦੇਖਿਆ। ਬਾਰਾਕ ਅਤੇ ਦਬੋਰਾਹ ਨੇ ਯਹੋਵਾਹ ਦੀ ਮਹਿਮਾ ਲਈ ਗੀਤ ਗਾਏ ਕਿਉਂਕਿ ਉਸ ਨੇ ਇਜ਼ਰਾਈਲੀਆਂ ਨੂੰ ਦੁਸ਼ਮਣਾਂ ʼਤੇ ਜਿੱਤ ਦਿਵਾਈ ਸੀ। ਅਗਲੇ 40 ਸਾਲਾਂ ਤਕ ਇਜ਼ਰਾਈਲ ਵਿਚ ਸ਼ਾਂਤੀ ਰਹੀ।

“ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ।”​—ਯੋਏਲ 2:28