Skip to content

Skip to table of contents

ਪਾਠ 33

ਰੂਥ ਤੇ ਨਾਓਮੀ

ਰੂਥ ਤੇ ਨਾਓਮੀ

ਇਜ਼ਰਾਈਲ ਵਿਚ ਕਾਲ਼ ਪੈਣ ਕਰਕੇ ਨਾਓਮੀ ਨਾਂ ਦੀ ਇਕ ਇਜ਼ਰਾਈਲੀ ਔਰਤ ਆਪਣੇ ਪਤੀ ਤੇ ਦੋ ਮੁੰਡਿਆਂ ਨਾਲ ਮੋਆਬ ਦੇਸ਼ ਚਲੀ ਗਈ। ਬਾਅਦ ਵਿਚ ਉੱਥੇ ਨਾਓਮੀ ਦੇ ਪਤੀ ਦੀ ਮੌਤ ਹੋ ਗਈ। ਉਸ ਦੇ ਮੁੰਡਿਆਂ ਨੇ ਰੂਥ ਤੇ ਆਰਪਾਹ ਨਾਲ ਵਿਆਹ ਕਰਾ ਲਏ ਜੋ ਮੋਆਬ ਦੀਆਂ ਸਨ। ਪਰ ਦੁੱਖ ਦੀ ਗੱਲ ਹੈ ਕਿ ਥੋੜ੍ਹੀ ਦੇਰ ਬਾਅਦ ਉਸ ਦੇ ਮੁੰਡੇ ਵੀ ਮਰ ਗਏ।

ਜਦੋਂ ਨਾਓਮੀ ਨੇ ਸੁਣਿਆ ਕਿ ਇਜ਼ਰਾਈਲ ਵਿਚ ਕਾਲ਼ ਖ਼ਤਮ ਹੋ ਗਿਆ, ਤਾਂ ਉਸ ਨੇ ਵਾਪਸ ਜਾਣ ਦਾ ਫ਼ੈਸਲਾ ਕੀਤਾ। ਰੂਥ ਤੇ ਆਰਪਾਹ ਵੀ ਉਸ ਨਾਲ ਤੁਰ ਪਈਆਂ, ਪਰ ਰਾਹ ਵਿਚ ਨਾਓਮੀ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਮੇਰੇ ਮੁੰਡਿਆਂ ਦੀਆਂ ਚੰਗੀਆਂ ਪਤਨੀਆਂ ਸੀ ਤੇ ਮੇਰੀਆਂ ਚੰਗੀਆਂ ਨੂੰਹਾਂ। ਮੈਂ ਚਾਹੁੰਦੀ ਹਾਂ ਕਿ ਤੁਹਾਡੇ ਦੁਬਾਰਾ ਵਿਆਹ ਹੋ ਜਾਣ। ਮੋਆਬ ਨੂੰ ਵਾਪਸ ਚਲੀਆਂ ਜਾਓ।’ ਉਨ੍ਹਾਂ ਨੇ ਕਿਹਾ: ‘ਅਸੀਂ ਤੈਨੂੰ ਪਿਆਰ ਕਰਦੀਆਂ ਹਾਂ। ਅਸੀਂ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀਆਂ।’ ਨਾਓਮੀ ਉਨ੍ਹਾਂ ਨੂੰ ਵਾਰ-ਵਾਰ ਜਾਣ ਲਈ ਕਹਿੰਦੀ ਰਹੀ। ਅਖ਼ੀਰ ਆਰਪਾਹ ਆਪਣੇ ਘਰ ਚਲੀ ਗਈ, ਪਰ ਰੂਥ ਨਾ ਗਈ। ਨਾਓਮੀ ਨੇ ਉਸ ਨੂੰ ਕਿਹਾ: ‘ਆਰਪਾਹ ਆਪਣੇ ਲੋਕਾਂ ਅਤੇ ਆਪਣੇ ਦੇਵੀ-ਦੇਵਤਿਆਂ ਕੋਲ ਵਾਪਸ ਮੁੜ ਗਈ ਹੈ। ਤੂੰ ਵੀ ਉਸ ਨਾਲ ਚਲੀ ਜਾ।’ ਪਰ ਰੂਥ ਨੇ ਕਿਹਾ: ‘ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਤੇ ਤੇਰਾ ਪਰਮੇਸ਼ੁਰ, ਮੇਰਾ ਪਰਮੇਸ਼ੁਰ ਹੋਵੇਗਾ।’ ਤੁਸੀਂ ਕੀ ਸੋਚਦੇ ਹੋ ਕਿ ਨਾਓਮੀ ਨੂੰ ਰੂਥ ਦੀ ਗੱਲ ਸੁਣ ਕੇ ਕਿਵੇਂ ਲੱਗਾ ਹੋਣਾ?

ਰੂਥ ਤੇ ਨਾਓਮੀ ਜੌਂ ਦੀ ਵਾਢੀ ਵੇਲੇ ਇਜ਼ਰਾਈਲ ਪਹੁੰਚੀਆਂ। ਇਕ ਦਿਨ ਰੂਥ ਰਾਹਾਬ ਦੇ ਮੁੰਡੇ ਬੋਅਜ਼ ਦੇ ਖੇਤਾਂ ਵਿਚ ਸਿੱਟੇ ਚੁਗਣ ਗਈ। ਉਸ ਨੇ ਸੁਣਿਆ ਸੀ ਕਿ ਮੋਆਬਣ ਰੂਥ ਨਾਓਮੀ ਪ੍ਰਤੀ ਵਫ਼ਾਦਾਰ ਰਹੀ। ਬੋਅਜ਼ ਨੇ ਕਾਮਿਆਂ ਨੂੰ ਕਿਹਾ ਕਿ ਉਹ ਰੂਥ ਦੇ ਚੁਗਣ ਲਈ ਜ਼ਿਆਦਾ ਸਿੱਟੇ ਖੇਤ ਵਿਚ ਛੱਡ ਦੇਣ।

ਉਸ ਸ਼ਾਮ ਨਾਓਮੀ ਨੇ ਰੂਥ ਨੂੰ ਪੁੱਛਿਆ: ‘ਅੱਜ ਤੂੰ ਕਿਸ ਦੇ ਖੇਤਾਂ ਵਿਚ ਕੰਮ ਕੀਤਾ?’ ਰੂਥ ਨੇ ਕਿਹਾ: ‘ਬੋਅਜ਼ ਨਾਂ ਦੇ ਆਦਮੀ ਦੇ ਖੇਤਾਂ ਵਿਚ।’ ਨਾਓਮੀ ਨੇ ਉਸ ਨੂੰ ਦੱਸਿਆ: ‘ਬੋਅਜ਼ ਮੇਰੇ ਪਤੀ ਦਾ ਰਿਸ਼ਤੇਦਾਰ ਹੈ। ਉਸ ਦੇ ਖੇਤਾਂ ਵਿਚ ਹੋਰ ਕੁੜੀਆਂ ਨਾਲ ਸਿੱਟੇ ਚੁਗਦੀ ਰਹੀਂ। ਤੈਨੂੰ ਉੱਥੇ ਡਰ ਨਹੀਂ ਹੋਵੇਗਾ।’

ਵਾਢੀ ਖ਼ਤਮ ਹੋਣ ਤਕ ਰੂਥ ਬੋਅਜ਼ ਦੇ ਖੇਤਾਂ ਵਿਚ ਕੰਮ ਕਰਦੀ ਰਹੀ। ਬੋਅਜ਼ ਨੇ ਦੇਖਿਆ ਕਿ ਰੂਥ ਮਿਹਨਤੀ ਤੇ ਚੰਗੀ ਔਰਤ ਸੀ। ਉਨ੍ਹਾਂ ਦਿਨਾਂ ਵਿਚ ਜੇ ਕੋਈ ਆਦਮੀ ਮਰ ਜਾਂਦਾ ਸੀ ਤੇ ਉਸ ਦੇ ਕੋਈ ਮੁੰਡਾ ਨਹੀਂ ਸੀ ਹੁੰਦਾ, ਤਾਂ ਉਸ ਦਾ ਕੋਈ ਰਿਸ਼ਤੇਦਾਰ ਉਸ ਦੀ ਵਿਧਵਾ ਪਤਨੀ ਨਾਲ ਵਿਆਹ ਕਰਵਾ ਸਕਦਾ ਸੀ। ਇਸ ਲਈ ਬੋਅਜ਼ ਨੇ ਰੂਥ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਘਰ ਇਕ ਮੁੰਡਾ ਪੈਦਾ ਹੋਇਆ ਜਿਸ ਦਾ ਨਾਂ ਓਬੇਦ ਸੀ ਜੋ ਬਾਅਦ ਵਿਚ ਦਾਊਦ ਦਾ ਦਾਦਾ ਬਣਿਆ। ਨਾਓਮੀ ਦੀਆਂ ਸਹੇਲੀਆਂ ਖ਼ੁਸ਼ ਸਨ। ਉਨ੍ਹਾਂ ਨੇ ਕਿਹਾ: ‘ਪਹਿਲਾਂ ਯਹੋਵਾਹ ਨੇ ਤੈਨੂੰ ਰੂਥ ਦਿੱਤੀ ਜਿਸ ਨੇ ਤੇਰੇ ਨਾਲ ਚੰਗਾ ਸਲੂਕ ਕੀਤਾ ਤੇ ਹੁਣ ਤੈਨੂੰ ਪੋਤਾ ਦਿੱਤਾ। ਯਹੋਵਾਹ ਦੀ ਮਹਿਮਾ ਹੋਵੇ।’

“ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।”​—ਕਹਾਉਤਾਂ 18:24