Skip to content

Skip to table of contents

ਪਾਠ 34

ਗਿਦਾਊਨ ਦੀ ਮਿਦਯਾਨੀਆਂ ʼਤੇ ਜਿੱਤ

ਗਿਦਾਊਨ ਦੀ ਮਿਦਯਾਨੀਆਂ ʼਤੇ ਜਿੱਤ

ਸਮੇਂ ਦੇ ਬੀਤਣ ਨਾਲ, ਇਜ਼ਰਾਈਲੀ ਫਿਰ ਯਹੋਵਾਹ ਨੂੰ ਛੱਡ ਕੇ ਦੂਜੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਏ। ਸੱਤ ਸਾਲ ਮਿਦਯਾਨੀ ਇਜ਼ਰਾਈਲੀਆਂ ਦੇ ਜਾਨਵਰ ਚੋਰੀ ਕਰਦੇ ਰਹੇ ਅਤੇ ਫ਼ਸਲਾਂ ਤਬਾਹ ਕਰਦੇ ਰਹੇ। ਮਿਦਯਾਨੀਆਂ ਤੋਂ ਬਚਣ ਲਈ ਇਜ਼ਰਾਈਲੀ ਗੁਫ਼ਾਵਾਂ ਅਤੇ ਪਹਾੜਾਂ ਵਿਚ ਲੁਕ ਜਾਂਦੇ ਸਨ। ਉਨ੍ਹਾਂ ਨੇ ਯਹੋਵਾਹ ਤੋਂ ਮਦਦ ਲਈ ਤਰਲੇ ਕੀਤੇ। ਯਹੋਵਾਹ ਨੇ ਗਿਦਾਊਨ ਨਾਂ ਦੇ ਆਦਮੀ ਕੋਲ ਆਪਣਾ ਦੂਤ ਭੇਜਿਆ। ਦੂਤ ਨੇ ਗਿਦਾਊਨ ਨੂੰ ਕਿਹਾ: ‘ਯਹੋਵਾਹ ਨੇ ਤੈਨੂੰ ਇਕ ਸੂਰਬੀਰ ਯੋਧਾ ਚੁਣਿਆ ਹੈ।’ ਗਿਦਾਊਨ ਨੇ ਕਿਹਾ: ‘ਮੈਂ ਕਿਵੇਂ ਇਜ਼ਰਾਈਲ ਨੂੰ ਬਚਾ ਸਕਦਾ? ਮੈਂ ਤਾਂ ਆਮ ਜਿਹਾ ਇਨਸਾਨ ਹਾਂ।’

ਗਿਦਾਊਨ ਨੂੰ ਕਿਵੇਂ ਪਤਾ ਲੱਗਣਾ ਸੀ ਕਿ ਯਹੋਵਾਹ ਨੇ ਉਸ ਨੂੰ ਚੁਣਿਆ ਸੀ? ਉਸ ਨੇ ਜ਼ਮੀਨ ʼਤੇ ਇਕ ਉੱਨ ਦਾ ਟੁਕੜਾ ਰੱਖ ਦਿੱਤਾ ਤੇ ਯਹੋਵਾਹ ਨੂੰ ਕਿਹਾ: ‘ਜੇ ਸਵੇਰ ਨੂੰ ਉੱਨ ਦਾ ਟੁਕੜਾ ਤ੍ਰੇਲ ਨਾਲ ਗਿੱਲਾ ਹੋ ਗਿਆ ਅਤੇ ਜ਼ਮੀਨ ਸੁੱਕੀ ਰਹੀ, ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਚਾਹੁੰਦਾ ਹੈਂ ਕਿ ਮੈਂ ਇਜ਼ਰਾਈਲ ਨੂੰ ਬਚਾਵਾਂ।’ ਅਗਲੀ ਸਵੇਰ ਉੱਨ ਦਾ ਟੁਕੜਾ ਪੂਰੀ ਤਰ੍ਹਾਂ ਗਿੱਲਾ ਸੀ ਤੇ ਜ਼ਮੀਨ ਸੁੱਕੀ ਸੀ! ਪਰ ਗਿਦਾਊਨ ਨੇ ਕਿਹਾ ਕਿ ਅਗਲੇ ਦਿਨ ਉੱਨ ਦਾ ਟੁਕੜਾ ਸੁੱਕਾ ਹੋਵੇ ਅਤੇ ਜ਼ਮੀਨ ਗਿੱਲੀ ਹੋਵੇ। ਜਦੋਂ ਇੱਦਾਂ ਹੋਇਆ, ਤਾਂ ਗਿਦਾਊਨ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਨੇ ਉਸ ਨੂੰ ਚੁਣਿਆ ਸੀ। ਉਸ ਨੇ ਮਿਦਯਾਨੀਆਂ ਨਾਲ ਲੜਨ ਲਈ ਫ਼ੌਜੀ ਇਕੱਠੇ ਕੀਤੇ।

ਯਹੋਵਾਹ ਨੇ ਗਿਦਾਊਨ ਨੂੰ ਕਿਹਾ: ‘ਮੈਂ ਇਜ਼ਰਾਈਲੀਆਂ ਨੂੰ ਜਿੱਤ ਦਿਵਾਵਾਂਗਾ। ਪਰ ਤੇਰੇ ਕੋਲ ਬਹੁਤ ਸਾਰੇ ਫ਼ੌਜੀ ਹੋਣ ਕਰਕੇ ਸ਼ਾਇਦ ਤੂੰ ਸੋਚੇ ਕਿ ਤੂੰ ਆਪਣੇ ਬਲ ʼਤੇ ਲੜਾਈ ਜਿੱਤੀ। ਸਾਰੇ ਫ਼ੌਜੀਆਂ ਨੂੰ ਕਹਿ ਕਿ ਜਿਨ੍ਹਾਂ ਨੂੰ ਡਰ ਲੱਗ ਰਿਹਾ ਹੈ, ਉਹ ਘਰ ਵਾਪਸ ਚਲੇ ਜਾਣ।’ ਇਸ ਲਈ 22,000 ਫ਼ੌਜੀ ਘਰ ਵਾਪਸ ਚਲੇ ਗਏ ਅਤੇ 10,000 ਫ਼ੌਜੀ ਰਹਿ ਗਏ। ਯਹੋਵਾਹ ਨੇ ਕਿਹਾ: ‘ਹਾਲੇ ਵੀ ਬਹੁਤ ਫ਼ੌਜੀ ਹਨ। ਉਨ੍ਹਾਂ ਨੂੰ ਨਦੀ ਕੋਲ ਲੈ ਜਾ ਅਤੇ ਪਾਣੀ ਪੀਣ ਲਈ ਕਹਿ। ਉਨ੍ਹਾਂ ਵਿੱਚੋਂ ਸਿਰਫ਼ ਉਨ੍ਹਾਂ ਫ਼ੌਜੀਆਂ ਨੂੰ ਰੱਖੀਂ ਜੋ ਪਾਣੀ ਪੀਂਦੇ ਵੇਲੇ ਆਪਣੇ ਦੁਸ਼ਮਣਾਂ ʼਤੇ ਵੀ ਨਜ਼ਰ ਰੱਖਣ।’ ਪਾਣੀ ਪੀਂਦਿਆਂ ਸਿਰਫ਼ 300 ਆਦਮੀਆਂ ਨੇ ਇੱਦਾਂ ਕੀਤਾ। ਯਹੋਵਾਹ ਨੇ ਵਾਅਦਾ ਕੀਤਾ ਕਿ ਇਹ 300 ਆਦਮੀ 1,35,000 ਮਿਦਯਾਨੀ ਫ਼ੌਜੀਆਂ ਨੂੰ ਹਰਾ ਦੇਣਗੇ।

ਉਸੇ ਰਾਤ ਯਹੋਵਾਹ ਨੇ ਗਿਦਾਊਨ ਨੂੰ ਕਿਹਾ: ‘ਹੁਣ ਮਿਦਯਾਨੀਆਂ ʼਤੇ ਹਮਲਾ ਕਰਨ ਦਾ ਸਮਾਂ ਹੈ!’ ਗਿਦਾਊਨ ਨੇ ਆਪਣੇ ਆਦਮੀਆਂ ਨੂੰ ਤੁਰ੍ਹੀਆਂ ਤੇ ਵੱਡੇ-ਵੱਡੇ ਘੜੇ ਦਿੱਤੇ ਜਿਨ੍ਹਾਂ ਵਿਚ ਉਨ੍ਹਾਂ ਨੇ ਮਸ਼ਾਲਾਂ ਲੁਕਾਈਆਂ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: ‘ਮੈਨੂੰ ਦੇਖੋ ਅਤੇ ਜਿੱਦਾਂ ਮੈਂ ਕਰਦਾ, ਉੱਦਾਂ ਕਰੋ।’ ਗਿਦਾਊਨ ਨੇ ਤੁਰ੍ਹੀ ਵਜਾਈ, ਘੜਾ ਭੰਨਿਆ ਅਤੇ ਮਸ਼ਾਲ ਚੁੱਕ ਕੇ ਚਿਲਾਇਆ: ‘ਯਹੋਵਾਹ ਅਤੇ ਗਿਦਾਊਨ ਦੀ ਤਲਵਾਰ!’ 300 ਆਦਮੀਆਂ ਨੇ ਵੀ ਇਸੇ ਤਰ੍ਹਾਂ ਕੀਤਾ। ਮਿਦਯਾਨੀ ਬੁਰੀ ਤਰ੍ਹਾਂ ਡਰ ਗਏ ਅਤੇ ਇੱਧਰ-ਉੱਧਰ ਭੱਜਣ ਲੱਗੇ। ਹਫੜਾ-ਦਫੜੀ ਵਿਚ ਉਨ੍ਹਾਂ ਨੇ ਇਕ-ਦੂਸਰੇ ʼਤੇ ਹੀ ਹਮਲਾ ਕਰ ਦਿੱਤਾ। ਇਕ ਵਾਰ ਫਿਰ ਯਹੋਵਾਹ ਨੇ ਇਜ਼ਰਾਈਲੀਆਂ ਦੀ ਆਪਣੇ ਦੁਸ਼ਮਣਾਂ ʼਤੇ ਜਿੱਤ ਪਾਉਣ ਵਿਚ ਮਦਦ ਕੀਤੀ।

“ਸਾਡੇ ਕੋਲ ਜੋ ਤਾਕਤ ਹੈ, ਉਹ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ ਅਤੇ ਇਹ ਤਾਕਤ ਸਾਡੀ ਆਪਣੀ ਨਹੀਂ, ਸਗੋਂ ਸਾਨੂੰ ਪਰਮੇਸ਼ੁਰ ਤੋਂ ਮਿਲੀ ਹੈ।”​—2 ਕੁਰਿੰਥੀਆਂ 4:7