Skip to content

Skip to table of contents

ਪਾਠ 39

ਇਜ਼ਰਾਈਲ ਦਾ ਪਹਿਲਾ ਰਾਜਾ

ਇਜ਼ਰਾਈਲ ਦਾ ਪਹਿਲਾ ਰਾਜਾ

ਯਹੋਵਾਹ ਨਿਆਂਕਾਰਾਂ ਰਾਹੀਂ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਸੀ, ਪਰ ਉਹ ਆਪਣੇ ਲਈ ਰਾਜਾ ਚਾਹੁੰਦੇ ਸਨ। ਉਨ੍ਹਾਂ ਨੇ ਸਮੂਏਲ ਨੂੰ ਕਿਹਾ: ‘ਸਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਰਾਜੇ ਹਨ। ਸਾਨੂੰ ਵੀ ਰਾਜਾ ਚਾਹੀਦਾ ਹੈ।’ ਸਮੂਏਲ ਨੂੰ ਇਹ ਗੱਲ ਠੀਕ ਨਹੀਂ ਲੱਗੀ। ਇਸ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਯਹੋਵਾਹ ਨੇ ਉਸ ਨੂੰ ਕਿਹਾ: ‘ਲੋਕ ਤੈਨੂੰ ਨਹੀਂ, ਸਗੋਂ ਮੈਨੂੰ ਰੱਦ ਕਰ ਰਹੇ ਹਨ। ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਦਾ ਰਾਜਾ ਹੋ ਸਕਦਾ ਹੈ, ਪਰ ਉਹ ਉਨ੍ਹਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਦੀ ਮੰਗ ਕਰੇਗਾ।’ ਫਿਰ ਵੀ ਲੋਕਾਂ ਨੇ ਕਿਹਾ: ‘ਕੁਝ ਵੀ ਹੋ ਜਾਵੇ, ਸਾਨੂੰ ਰਾਜਾ ਚਾਹੀਦਾ!’

ਯਹੋਵਾਹ ਨੇ ਸਮੂਏਲ ਨੂੰ ਕਿਹਾ ਕਿ ਸ਼ਾਊਲ ਨਾਂ ਦਾ ਵਿਅਕਤੀ ਪਹਿਲਾ ਰਾਜਾ ਹੋਵੇਗਾ। ਜਦੋਂ ਸ਼ਾਊਲ ਰਾਮਾਹ ਵਿਚ ਸਮੂਏਲ ਨੂੰ ਮਿਲਣ ਆਇਆ, ਤਾਂ ਸਮੂਏਲ ਨੇ ਉਸ ਦੇ ਸਿਰ ʼਤੇ ਤੇਲ ਪਾ ਕੇ ਉਸ ਨੂੰ ਰਾਜਾ ਬਣਾਇਆ।

ਸਮੂਏਲ ਨੇ ਇਜ਼ਰਾਈਲੀਆਂ ਨੂੰ ਇਕੱਠੇ ਹੋਣ ਲਈ ਕਿਹਾ ਤਾਂਕਿ ਉਹ ਉਨ੍ਹਾਂ ਨੂੰ ਨਵਾਂ ਰਾਜਾ ਦਿਖਾ ਸਕੇ। ਪਰ ਉਨ੍ਹਾਂ ਨੂੰ ਸ਼ਾਊਲ ਕਿਤੇ ਨਾ ਲੱਭਾ। ਤੁਹਾਨੂੰ ਪਤਾ ਕਿਉਂ? ਕਿਉਂਕਿ ਉਹ ਸਮਾਨ ਪਿੱਛੇ ਲੁਕ ਗਿਆ ਸੀ। ਅਖ਼ੀਰ ਜਦੋਂ ਉਨ੍ਹਾਂ ਨੂੰ ਸ਼ਾਊਲ ਮਿਲ ਗਿਆ, ਤਾਂ ਉਨ੍ਹਾਂ ਨੇ ਉਸ ਨੂੰ ਲੋਕਾਂ ਵਿਚਕਾਰ ਖੜ੍ਹਾ ਕਰ ਦਿੱਤਾ। ਸ਼ਾਊਲ ਸਾਰਿਆਂ ਤੋਂ ਲੰਬਾ ਅਤੇ ਬਹੁਤ ਸੋਹਣਾ ਸੀ। ਸਮੂਏਲ ਨੇ ਕਿਹਾ: ‘ਦੇਖੋ, ਯਹੋਵਾਹ ਨੇ ਇਸ ਨੂੰ ਚੁਣਿਆ ਹੈ।’ ਲੋਕ ਉੱਚੀ-ਉੱਚੀ ਕਹਿਣ ਲੱਗੇ: ‘ਰਾਜੇ ਦੀ ਉਮਰ ਲੰਬੀ ਹੋਵੇ!’

ਸ਼ੁਰੂ-ਸ਼ੁਰੂ ਵਿਚ ਰਾਜਾ ਸ਼ਾਊਲ ਨੇ ਸਮੂਏਲ ਦੀ ਗੱਲ ਸੁਣੀ ਅਤੇ ਯਹੋਵਾਹ ਦਾ ਹਰ ਕਹਿਣਾ ਮੰਨਿਆ। ਪਰ ਬਾਅਦ ਵਿਚ ਉਹ ਬਦਲ ਗਿਆ। ਮਿਸਾਲ ਲਈ, ਰਾਜਾ ਬਲ਼ੀਆਂ ਨਹੀਂ ਚੜ੍ਹਾ ਸਕਦਾ ਸੀ। ਇਕ ਮੌਕੇ ʼਤੇ ਸਮੂਏਲ ਨੇ ਸ਼ਾਊਲ ਨੂੰ ਉਸ ਦਾ ਇੰਤਜ਼ਾਰ ਕਰਨ ਲਈ ਕਿਹਾ, ਪਰ ਸਮੂਏਲ ਨੂੰ ਆਉਣ ਵਿਚ ਦੇਰ ਹੋ ਗਈ। ਇਸ ਲਈ ਸ਼ਾਊਲ ਨੇ ਆਪੇ ਹੀ ਬਲ਼ੀਆਂ ਚੜ੍ਹਾ ਦਿੱਤੀਆਂ। ਸਮੂਏਲ ਨੂੰ ਕਿੱਦਾਂ ਲੱਗਾ? ਉਸ ਨੇ ਕਿਹਾ: ‘ਤੈਨੂੰ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਸੀ।’ ਕੀ ਸ਼ਾਊਲ ਨੇ ਆਪਣੀ ਗ਼ਲਤੀ ਤੋਂ ਕੋਈ ਸਬਕ ਸਿੱਖਣਾ ਸੀ?

ਬਾਅਦ ਵਿਚ, ਜਦੋਂ ਸ਼ਾਊਲ ਅਮਾਲੇਕੀਆਂ ਨਾਲ ਲੜਨ ਗਿਆ, ਤਾਂ ਸਮੂਏਲ ਨੇ ਉਸ ਨੂੰ ਕਿਹਾ ਕਿ ਕਿਸੇ ਨੂੰ ਵੀ ਜੀਉਂਦਾ ਨਾ ਛੱਡੀ। ਪਰ ਸ਼ਾਊਲ ਨੇ ਰਾਜੇ ਅਗਾਗ ਨੂੰ ਨਹੀਂ ਮਾਰਿਆ। ਯਹੋਵਾਹ ਨੇ ਸਮੂਏਲ ਨੂੰ ਕਿਹਾ: ‘ਸ਼ਾਊਲ ਨੇ ਮੈਨੂੰ ਛੱਡ ਦਿੱਤਾ ਹੈ ਅਤੇ ਉਸ ਨੇ ਮੇਰਾ ਕਹਿਣਾ ਨਹੀਂ ਮੰਨਿਆ।’ ਸਮੂਏਲ ਬਹੁਤ ਉਦਾਸ ਹੋਇਆ ਅਤੇ ਉਸ ਨੇ ਸ਼ਾਊਲ ਨੂੰ ਕਿਹਾ: ‘ਤੂੰ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ ਹੈ, ਇਸ ਲਈ ਉਹ ਹੁਣ ਨਵਾਂ ਰਾਜਾ ਚੁਣੇਗਾ।’ ਜਦੋਂ ਸਮੂਏਲ ਜਾਣ ਲਈ ਮੁੜਿਆ, ਤਾਂ ਸ਼ਾਊਲ ਨੇ ਉਸ ਦੇ ਕੱਪੜੇ ਦਾ ਪੱਲਾ ਫੜ ਲਿਆ ਤੇ ਉਹ ਫਟ ਗਿਆ। ਫਿਰ ਸਮੂਏਲ ਨੇ ਸ਼ਾਊਲ ਨੂੰ ਕਿਹਾ: ‘ਯਹੋਵਾਹ ਨੇ ਤੇਰੇ ਤੋਂ ਰਾਜ ਲੈ ਲਿਆ ਹੈ।’ ਯਹੋਵਾਹ ਉਸ ਨੂੰ ਰਾਜ ਦੇਵੇਗਾ ਜੋ ਉਸ ਨੂੰ ਪਿਆਰ ਕਰਦਾ ਅਤੇ ਉਸ ਦਾ ਕਹਿਣਾ ਮੰਨਦਾ ਹੈ।

‘ਮੰਨਣਾ ਭੇਟਾਂ ਚੜ੍ਹਾਉਣ ਨਾਲੋਂ ਚੰਗਾ ਹੈ।’​—1 ਸਮੂਏਲ 15:22