Skip to content

Skip to table of contents

ਪਾਠ 41

ਦਾਊਦ ਅਤੇ ਸ਼ਾਊਲ

ਦਾਊਦ ਅਤੇ ਸ਼ਾਊਲ

ਜਦੋਂ ਦਾਊਦ ਨੇ ਗੋਲਿਅਥ ਨੂੰ ਮਾਰ ਦਿੱਤਾ, ਤਾਂ ਰਾਜਾ ਸ਼ਾਊਲ ਨੇ ਉਸ ਨੂੰ ਆਪਣੀ ਫ਼ੌਜ ਦਾ ਸੈਨਾਪਤੀ ਬਣਾ ਦਿੱਤਾ। ਦਾਊਦ ਨੇ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਅਤੇ ਉਹ ਬਹੁਤ ਮਸ਼ਹੂਰ ਹੋ ਗਿਆ। ਇਕ ਵਾਰ ਜਦੋਂ ਦਾਊਦ ਲੜਾਈ ਜਿੱਤ ਕੇ ਵਾਪਸ ਆਇਆ, ਤਾਂ ਔਰਤਾਂ ਨੱਚਦੀਆਂ-ਗਾਉਂਦੀਆਂ ਬਾਹਰ ਆਈਆਂ: ‘ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਨੇ ਲੱਖਾਂ ਨੂੰ!’ ਇਸ ਲਈ ਸ਼ਾਊਲ ਦਾਊਦ ਨਾਲ ਨਫ਼ਰਤ ਕਰਨ ਲੱਗ ਪਿਆ ਅਤੇ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।

ਦਾਊਦ ਬਹੁਤ ਵਧੀਆ ਰਬਾਬ ਵਜਾਉਂਦਾ ਸੀ। ਇਕ ਦਿਨ ਦਾਊਦ ਜਦੋਂ ਸ਼ਾਊਲ ਲਈ ਰਬਾਬ ਵਜਾ ਰਿਹਾ ਸੀ, ਤਾਂ ਉਸ ਨੇ ਜ਼ੋਰ ਨਾਲ ਦਾਊਦ ਵੱਲ ਬਰਛਾ ਮਾਰਿਆ। ਦਾਊਦ ਇਕਦਮ ਪਿੱਛੇ ਹਟ ਗਿਆ ਅਤੇ ਬਰਛਾ ਕੰਧ ਵਿਚ ਜਾ ਲੱਗਾ। ਇਸ ਤੋਂ ਬਾਅਦ ਸ਼ਾਊਲ ਨੇ ਬਹੁਤ ਵਾਰੀ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅਖ਼ੀਰ ਦਾਊਦ ਭੱਜ ਗਿਆ ਅਤੇ ਜੰਗਲ ਵਿਚ ਲੁਕ ਗਿਆ।

ਸ਼ਾਊਲ 3,000 ਫ਼ੌਜੀ ਲੈ ਕੇ ਦਾਊਦ ਨੂੰ ਲੱਭਣ ਗਿਆ। ਸ਼ਾਊਲ ਉਸ ਚਟਾਨ ਵਿਚ ਅਚਾਨਕ ਚਲਾ ਗਿਆ ਜਿੱਥੇ ਦਾਊਦ ਅਤੇ ਉਸ ਦੇ ਆਦਮੀ ਲੁਕੇ ਹੋਏ ਸਨ। ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: ‘ਤੇਰੇ ਕੋਲ ਸ਼ਾਊਲ ਨੂੰ ਮਾਰਨ ਦਾ ਇਹੀ ਮੌਕਾ ਹੈ।’ ਦਾਊਦ ਹੌਲੀ-ਹੌਲੀ ਸ਼ਾਊਲ ਕੋਲ ਗਿਆ ਅਤੇ ਉਸ ਦੀ ਚਾਦਰ ਦਾ ਪੱਲਾ ਕੱਟ ਲਿਆ। ਸ਼ਾਊਲ ਨੂੰ ਇਸ ਬਾਰੇ ਪਤਾ ਨਾ ਲੱਗਾ। ਦਾਊਦ ਨੂੰ ਬਹੁਤ ਬੁਰਾ ਲੱਗਾ ਕਿ ਉਸ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ਦਾ ਆਦਰ ਨਹੀਂ ਕੀਤਾ। ਉਸ ਨੇ ਆਪਣੇ ਆਦਮੀਆਂ ਨੂੰ ਸ਼ਾਊਲ ਨੂੰ ਮਾਰਨ ਨਾ ਦਿੱਤਾ। ਦਾਊਦ ਨੇ ਸ਼ਾਊਲ ਨੂੰ ਆਵਾਜ਼ ਮਾਰ ਕੇ ਕਿਹਾ ਕਿ ਉਸ ਕੋਲ ਸ਼ਾਊਲ ਨੂੰ ਮਾਰਨ ਦਾ ਮੌਕਾ ਸੀ। ਕੀ ਸ਼ਾਊਲ ਨੇ ਦਾਊਦ ਨੂੰ ਨਫ਼ਰਤ ਕਰਨੀ ਛੱਡ ਦਿੱਤੀ?

ਨਹੀਂ। ਸ਼ਾਊਲ ਦਾਊਦ ਨੂੰ ਲੱਭਦਾ ਰਿਹਾ। ਇਕ ਰਾਤ ਦਾਊਦ ਅਤੇ ਉਸ ਦਾ ਭਤੀਜਾ ਅਬੀਸ਼ਈ ਸ਼ਾਊਲ ਦੇ ਤੰਬੂ ਵਿਚ ਜਾ ਵੜੇ। ਸ਼ਾਊਲ ਦਾ ਰਖਵਾਲਾ ਅਬੀਨੇਰ ਸੌਂ ਰਿਹਾ ਸੀ। ਅਬੀਸ਼ਈ ਨੇ ਕਿਹਾ: ‘ਸਾਡੇ ਕੋਲ ਮੌਕਾ ਹੈ। ਮੈਨੂੰ ਉਸ ਨੂੰ ਮਾਰ ਲੈਣ ਦੇ।’ ਦਾਊਦ ਨੇ ਉਸ ਨੂੰ ਕਿਹਾ: ‘ਯਹੋਵਾਹ ਸ਼ਾਊਲ ਨੂੰ ਸਜ਼ਾ ਦੇਵੇਗਾ। ਆਪਾਂ ਉਸ ਦਾ ਬਰਛਾ ਅਤੇ ਪਾਣੀ ਵਾਲੀ ਗੜਵੀ ਲੈ ਜਾਂਦੇ ਹਾਂ।’

ਦਾਊਦ ਪਹਾੜ ʼਤੇ ਚੜ੍ਹ ਗਿਆ ਜਿੱਥੋਂ ਸ਼ਾਊਲ ਦਾ ਤੰਬੂ ਦਿਸਦਾ ਸੀ। ਉਹ ਉੱਚੀ-ਉੱਚੀ ਕਹਿਣ ਲੱਗਾ: ‘ਅਬੀਨੇਰ, ਤੂੰ ਆਪਣੇ ਰਾਜੇ ਨੂੰ ਬਚਾਇਆ ਕਿਉਂ ਨਹੀਂ? ਸ਼ਾਊਲ ਦੀ ਗੜਵੀ ਅਤੇ ਬਰਛਾ ਕਿੱਥੇ ਹੈ?’ ਸ਼ਾਊਲ ਨੇ ਦਾਊਦ ਦੀ ਆਵਾਜ਼ ਪਛਾਣ ਲਈ ਅਤੇ ਕਿਹਾ: ‘ਤੇਰੇ ਕੋਲ ਮੈਨੂੰ ਮਾਰਨ ਦਾ ਮੌਕਾ ਸੀ, ਪਰ ਤੂੰ ਮੈਨੂੰ ਨਹੀਂ ਮਾਰਿਆ। ਮੈਂ ਜਾਣਦਾ ਹਾਂ ਕਿ ਤੂੰ ਇਜ਼ਰਾਈਲ ਦਾ ਅਗਲਾ ਰਾਜਾ ਬਣੇਂਗਾ।’ ਸ਼ਾਊਲ ਆਪਣੇ ਮਹਿਲ ਵਾਪਸ ਚਲਾ ਗਿਆ। ਪਰ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਦਾਊਦ ਨਾਲ ਨਫ਼ਰਤ ਨਹੀਂ ਕਰਦੇ ਸਨ।

“ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਪਿਆਰਿਓ, ਆਪਣਾ ਬਦਲਾ ਨਾ ਲਓ, ਸਗੋਂ ਇਹ ਕੰਮ ਪਰਮੇਸ਼ੁਰ ʼਤੇ ਛੱਡ ਦਿਓ। ਗ਼ਲਤੀ ਕਰਨ ਵਾਲੇ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਵੇਗਾ।”​—ਰੋਮੀਆਂ 12:18, 19