Skip to content

Skip to table of contents

ਪਾਠ 43

ਰਾਜਾ ਦਾਊਦ ਦਾ ਪਾਪ

ਰਾਜਾ ਦਾਊਦ ਦਾ ਪਾਪ

ਸ਼ਾਊਲ ਦੇ ਮਰਨ ਤੋਂ ਬਾਅਦ ਦਾਊਦ ਰਾਜਾ ਬਣਿਆ। ਉਹ 30 ਸਾਲਾਂ ਦਾ ਸੀ। ਰਾਜਾ ਬਣਨ ਤੋਂ ਕੁਝ ਸਾਲਾਂ ਬਾਅਦ ਉਸ ਨੇ ਇਕ ਵੱਡੀ ਗ਼ਲਤੀ ਕੀਤੀ। ਇਕ ਰਾਤ ਉਸ ਨੇ ਆਪਣੇ ਮਹਿਲ ਦੀ ਛੱਤ ਤੋਂ ਇਕ ਸੋਹਣੀ ਤੀਵੀਂ ਨੂੰ ਦੇਖਿਆ। ਦਾਊਦ ਨੇ ਪਤਾ ਲਗਾਇਆ ਕਿ ਉਸ ਤੀਵੀਂ ਦਾ ਨਾਂ ਬਥ-ਸ਼ਬਾ ਸੀ। ਉਸ ਦਾ ਵਿਆਹ ਊਰਿੱਯਾਹ ਨਾਲ ਹੋਇਆ ਜੋ ਇਕ ਫ਼ੌਜੀ ਸੀ। ਦਾਊਦ ਨੇ ਬਥ-ਸ਼ਬਾ ਨੂੰ ਆਪਣੇ ਮਹਿਲ ਵਿਚ ਬੁਲਾਇਆ। ਉਨ੍ਹਾਂ ਨੇ ਸੰਬੰਧ ਬਣਾਏ ਅਤੇ ਬਥ-ਸ਼ਬਾ ਗਰਭਵਤੀ ਹੋ ਗਈ। ਦਾਊਦ ਨੇ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਸੈਨਾਪਤੀ ਨੂੰ ਕਿਹਾ ਕਿ ਉਹ ਊਰਿੱਯਾਹ ਨੂੰ ਲੜਾਈ ਵਿਚ ਸਭ ਤੋਂ ਅੱਗੇ ਖੜ੍ਹਾ ਕਰ ਦੇਵੇ ਅਤੇ ਬਾਕੀ ਜਣੇ ਪਿੱਛੇ ਹਟ ਜਾਣ। ਊਰਿੱਯਾਹ ਦੇ ਲੜਾਈ ਵਿਚ ਮਾਰੇ ਜਾਣ ਤੋਂ ਬਾਅਦ ਦਾਊਦ ਨੇ ਬਥ-ਸ਼ਬਾ ਨਾਲ ਵਿਆਹ ਕਰਾ ਲਿਆ।

ਯਹੋਵਾਹ ਇਹ ਸਾਰਾ ਕੁਝ ਦੇਖ ਰਿਹਾ ਸੀ। ਉਸ ਨੇ ਕੀ ਕੀਤਾ? ਯਹੋਵਾਹ ਨੇ ਨਾਥਾਨ ਨਬੀ ਨੂੰ ਦਾਊਦ ਕੋਲ ਭੇਜਿਆ। ਨਾਥਾਨ ਨੇ ਕਿਹਾ: ‘ਇਕ ਅਮੀਰ ਆਦਮੀ ਕੋਲ ਬਹੁਤ ਸਾਰੀਆਂ ਭੇਡਾਂ ਸਨ ਅਤੇ ਇਕ ਗ਼ਰੀਬ ਆਦਮੀ ਕੋਲ ਸਿਰਫ਼ ਇਕ ਛੋਟਾ ਜਿਹਾ ਲੇਲਾ ਸੀ ਅਤੇ ਉਹ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਅਮੀਰ ਆਦਮੀ ਨੇ ਉਸ ਗ਼ਰੀਬ ਦਾ ਇੱਕੋ-ਇਕ ਲੇਲਾ ਵੀ ਲੈ ਲਿਆ।’ ਇਹ ਗੱਲ ਸੁਣ ਕੇ ਦਾਊਦ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਕਿਹਾ: ‘ਉਸ ਅਮੀਰ ਆਦਮੀ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ!’ ਨਾਥਾਨ ਨੇ ਦਾਊਦ ਨੂੰ ਕਿਹਾ: ‘ਤੂੰ ਹੀ ਤਾਂ ਉਹ ਅਮੀਰ ਆਦਮੀ ਹੈਂ!’ ਦਾਊਦ ਬਹੁਤ ਦੁਖੀ ਹੋਇਆ ਅਤੇ ਉਸ ਨੇ ਨਾਥਾਨ ਅੱਗੇ ਆਪਣੀ ਗ਼ਲਤੀ ਮੰਨੀ: ‘ਮੈਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।’ ਇਸ ਪਾਪ ਕਰਕੇ ਦਾਊਦ ਅਤੇ ਉਸ ਦੇ ਪਰਿਵਾਰ ʼਤੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ। ਯਹੋਵਾਹ ਨੇ ਦਾਊਦ ਨੂੰ ਸਜ਼ਾ ਦਿੱਤੀ, ਪਰ ਉਸ ਨੂੰ ਜਾਨੋਂ ਨਹੀਂ ਮਾਰਿਆ ਕਿਉਂਕਿ ਉਹ ਈਮਾਨਦਾਰ ਅਤੇ ਨਿਮਰ ਸੀ।

ਦਾਊਦ ਯਹੋਵਾਹ ਲਈ ਮੰਦਰ ਬਣਾਉਣਾ ਚਾਹੁੰਦਾ ਸੀ, ਪਰ ਯਹੋਵਾਹ ਨੇ ਦਾਊਦ ਦੇ ਮੁੰਡੇ ਸੁਲੇਮਾਨ ਨੂੰ ਮੰਦਰ ਬਣਾਉਣ ਲਈ ਚੁਣਿਆ। ਦਾਊਦ ਨੇ ਮੰਦਰ ਬਣਾਉਣ ਲਈ ਹਰ ਚੀਜ਼ ਦਾ ਇੰਤਜ਼ਾਮ ਕੀਤਾ ਤਾਂਕਿ ਉਸ ਦਾ ਬੇਟਾ ਸੁਲੇਮਾਨ ਇਹ ਕੰਮ ਪੂਰਾ ਕਰ ਸਕੇ। ਦਾਊਦ ਨੇ ਕਿਹਾ: ‘ਯਹੋਵਾਹ ਦਾ ਮੰਦਰ ਸ਼ਾਨਦਾਰ ਹੋਣਾ ਚਾਹੀਦਾ ਹੈ। ਸੁਲੇਮਾਨ ਹਾਲੇ ਛੋਟਾ ਹੈ, ਇਸ ਲਈ ਮੈਂ ਹਰ ਚੀਜ਼ ਦਾ ਇੰਤਜ਼ਾਮ ਕਰ ਕੇ ਉਸ ਦੀ ਮਦਦ ਕਰਾਂਗਾ।’ ਇਸ ਕੰਮ ਲਈ ਦਾਊਦ ਨੇ ਬਹੁਤ ਸਾਰੇ ਪੈਸੇ ਦਾਨ ਦਿੱਤੇ। ਉਸ ਨੇ ਨਿਪੁੰਨ ਕਾਰੀਗਰਾਂ ਨੂੰ ਚੁਣਿਆ। ਉਸ ਨੇ ਸੋਨਾ-ਚਾਂਦੀ ਇਕੱਠਾ ਕੀਤਾ ਅਤੇ ਸੂਰ ਤੇ ਸੈਦਾ ਤੋਂ ਦਿਆਰ ਦੀ ਲੱਕੜ ਖ਼ਰੀਦੀ। ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਦਾਊਦ ਨੇ ਸੁਲੇਮਾਨ ਨੂੰ ਦੱਸਿਆ ਕਿ ਯਹੋਵਾਹ ਦਾ ਮੰਦਰ ਕਿਵੇਂ ਬਣਾਇਆ ਜਾਵੇ। ਉਸ ਨੇ ਕਿਹਾ: ‘ਯਹੋਵਾਹ ਨੇ ਮੈਨੂੰ ਇਹ ਗੱਲਾਂ ਤੇਰੇ ਵਾਸਤੇ ਲਿਖਣ ਨੂੰ ਕਹੀਆਂ ਸਨ। ਯਹੋਵਾਹ ਤੇਰੀ ਮਦਦ ਕਰੇਗਾ। ਡਰ ਨਾ। ਦਲੇਰ ਬਣ ਅਤੇ ਕੰਮ ਕਰਨ ਲਈ ਤਿਆਰ ਹੋ ਜਾ।’

“ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।”​—ਕਹਾਉਤਾਂ 28:13