Skip to content

Skip to table of contents

ਪਾਠ 44

ਯਹੋਵਾਹ ਦਾ ਮੰਦਰ

ਯਹੋਵਾਹ ਦਾ ਮੰਦਰ

ਸੁਲੇਮਾਨ ਇਜ਼ਰਾਈਲ ਦਾ ਰਾਜਾ ਬਣ ਗਿਆ ਤੇ ਯਹੋਵਾਹ ਨੇ ਉਸ ਨੂੰ ਪੁੱਛਿਆ: ‘ਤੂੰ ਮੇਰੇ ਤੋਂ ਕੀ ਮੰਗਣਾ ਚਾਹੁੰਦਾ?’ ਸੁਲੇਮਾਨ ਨੇ ਕਿਹਾ: ‘ਮੈਂ ਛੋਟਾ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਰਾਜ ਕਿੱਦਾਂ ਕਰਨਾ। ਮੈਨੂੰ ਬੁੱਧ ਦੇ ਤਾਂਕਿ ਮੈਂ ਤੇਰੇ ਲੋਕਾਂ ਦੀ ਦੇਖ-ਭਾਲ ਕਰ ਸਕਾਂ।’ ਯਹੋਵਾਹ ਨੇ ਕਿਹਾ: ‘ਤੂੰ ਬੁੱਧ ਮੰਗੀ ਹੈਂ, ਇਸ ਲਈ ਮੈਂ ਤੈਨੂੰ ਦੁਨੀਆਂ ਦਾ ਸਭ ਤੋਂ ਵੱਧ ਬੁੱਧੀਮਾਨ ਇਨਸਾਨ ਬਣਾਵਾਂਗਾ। ਮੈਂ ਤੈਨੂੰ ਅਮੀਰ ਵੀ ਬਣਾਵਾਂਗਾ। ਜੇ ਤੂੰ ਮੇਰਾ ਕਹਿਣਾ ਮੰਨਿਆ, ਤਾਂ ਤੇਰੀ ਉਮਰ ਲੰਬੀ ਹੋਵੇਗੀ।’

ਸੁਲੇਮਾਨ ਨੇ ਮੰਦਰ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਸਭ ਤੋਂ ਵਧੀਆ ਸੋਨਾ, ਚਾਂਦੀ, ਲੱਕੜ ਅਤੇ ਪੱਥਰ ਵਰਤੇ। ਮੰਦਰ ਵਿਚ ਹਜ਼ਾਰਾਂ ਹੀ ਨਿਪੁੰਨ ਆਦਮੀਆਂ ਤੇ ਔਰਤਾਂ ਨੇ ਕੰਮ ਕੀਤਾ। ਸੱਤ ਸਾਲ ਬਾਅਦ ਯਹੋਵਾਹ ਦਾ ਮੰਦਰ ਤਿਆਰ ਹੋ ਗਿਆ। ਇਸ ਵਿਚ ਇਕ ਵੇਦੀ ਸੀ ਅਤੇ ਉੱਥੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ। ਸੁਲੇਮਾਨ ਨੇ ਵੇਦੀ ਸਾਮ੍ਹਣੇ ਗੋਡਿਆਂ ਭਾਰ ਝੁਕ ਕੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ, ਇਹ ਮੰਦਰ ਨਾ ਤਾਂ ਬਹੁਤ ਵੱਡਾ ਹੈ ਤੇ ਨਾ ਹੀ ਬਹੁਤ ਸੋਹਣਾ, ਪਰ ਸਾਡੀ ਭਗਤੀ ਤੇ ਸਾਡੀਆਂ ਪ੍ਰਾਰਥਨਾਵਾਂ ਕਬੂਲ ਕਰ।’ ਯਹੋਵਾਹ ਮੰਦਰ ਅਤੇ ਸੁਲੇਮਾਨ ਦੀ ਪ੍ਰਾਰਥਨਾ ਬਾਰੇ ਕੀ ਸੋਚਦਾ ਸੀ? ਜਦੋਂ ਹੀ ਸੁਲੇਮਾਨ ਨੇ ਪ੍ਰਾਰਥਨਾ ਖ਼ਤਮ ਕੀਤੀ, ਆਕਾਸ਼ ਤੋਂ ਆਈ ਅੱਗ ਨੇ ਵੇਦੀ ʼਤੇ ਪਈਆਂ ਬਲ਼ੀਆਂ ਸਾੜ ਦਿੱਤੀਆਂ। ਇੱਦਾਂ ਕਰ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਮੰਦਰ ਤੋਂ ਬਹੁਤ ਖ਼ੁਸ਼ ਸੀ। ਇਹ ਦੇਖ ਕੇ ਇਜ਼ਰਾਈਲੀਆਂ ਨੇ ਖ਼ੁਸ਼ੀਆਂ ਮਨਾਈਆਂ।

ਰਾਜਾ ਸੁਲੇਮਾਨ ਆਪਣੀ ਬੁੱਧ ਕਰਕੇ ਇਜ਼ਰਾਈਲ ਅਤੇ ਇੱਥੋਂ ਤਕ ਕਿ ਦੂਰ-ਦੂਰ ਦੇਸ਼ਾਂ ਵਿਚ ਵੀ ਜਾਣਿਆ ਜਾਂਦਾ ਸੀ। ਲੋਕ ਸੁਲੇਮਾਨ ਕੋਲ ਆਪਣੀਆਂ ਮੁਸ਼ਕਲਾਂ ਹੱਲ ਕਰਾਉਣ ਆਉਂਦੇ ਸਨ। ਇੱਥੋਂ ਤਕ ਕਿ ਸ਼ਬਾ ਦੀ ਰਾਣੀ ਵੀ ਸੁਲੇਮਾਨ ਨੂੰ ਪਰਖਣ ਆਈ ਅਤੇ ਉਸ ਨੇ ਸੁਲੇਮਾਨ ਨੂੰ ਬਹੁਤ ਸਾਰੇ ਔਖੇ ਸਵਾਲ ਪੁੱਛੇ। ਜਦੋਂ ਰਾਣੀ ਨੇ ਉਸ ਦੇ ਜਵਾਬ ਸੁਣੇ, ਤਾਂ ਉਸ ਨੇ ਕਿਹਾ: ‘ਤੇਰੇ ਬਾਰੇ ਜੋ ਲੋਕ ਕਹਿੰਦੇ ਸਨ, ਮੈਂ ਉਨ੍ਹਾਂ ਦੀਆਂ ਗੱਲਾਂ ʼਤੇ ਯਕੀਨ ਨਹੀਂ ਕੀਤਾ। ਪਰ ਹੁਣ ਮੈਂ ਜਾਣ ਗਈ ਹਾਂ ਕਿ ਤੂੰ ਕਿੰਨਾ ਹੀ ਜ਼ਿਆਦਾ ਬੁੱਧੀਮਾਨ ਹੈ। ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਬਰਕਤ ਦਿੱਤੀ ਹੈ।’ ਇਜ਼ਰਾਈਲੀਆਂ ਦੀ ਜ਼ਿੰਦਗੀ ਵਧੀਆ ਸੀ ਅਤੇ ਉਹ ਖ਼ੁਸ਼ ਸਨ। ਪਰ ਹਾਲਾਤ ਬਦਲਣ ਵਾਲੇ ਸਨ।

“ਦੇਖੋ! ਇੱਥੇ ਸੁਲੇਮਾਨ ਨਾਲੋਂ ਵੀ ਕੋਈ ਮਹਾਨ ਹੈ।”​—ਮੱਤੀ 12:42