Skip to content

Skip to table of contents

ਪਾਠ 45

ਰਾਜ ਵੰਡਿਆ ਗਿਆ

ਰਾਜ ਵੰਡਿਆ ਗਿਆ

ਸੁਲੇਮਾਨ ਜਿੰਨਾ ਸਮਾਂ ਯਹੋਵਾਹ ਦੀ ਭਗਤੀ ਕਰਦਾ ਰਿਹਾ, ਉੱਨਾ ਸਮਾਂ ਇਜ਼ਰਾਈਲ ਵਿਚ ਸ਼ਾਂਤੀ ਰਹੀ। ਪਰ ਸੁਲੇਮਾਨ ਨੇ ਦੂਸਰੇ ਦੇਸ਼ਾਂ ਦੀਆਂ ਕਈ ਔਰਤਾਂ ਨਾਲ ਵਿਆਹ ਕਰਾ ਲਏ। ਇਹ ਔਰਤਾਂ ਮੂਰਤੀ-ਪੂਜਾ ਕਰਦੀਆਂ ਸਨ। ਸੁਲੇਮਾਨ ਹੌਲੀ-ਹੌਲੀ ਬਦਲ ਗਿਆ ਅਤੇ ਉਸ ਨੇ ਵੀ ਮੂਰਤੀ-ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਯਹੋਵਾਹ ਨੂੰ ਗੁੱਸਾ ਆਇਆ। ਉਸ ਨੇ ਸੁਲੇਮਾਨ ਨੂੰ ਕਿਹਾ: ‘ਇਜ਼ਰਾਈਲ ਦਾ ਰਾਜ ਤੇਰੇ ਪਰਿਵਾਰ ਤੋਂ ਖੋਹ ਲਿਆ ਜਾਵੇਗਾ ਅਤੇ ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ। ਮੈਂ ਤੇਰੇ ਰਾਜ ਦਾ ਵੱਡਾ ਹਿੱਸਾ ਤੇਰੇ ਇਕ ਨੌਕਰ ਨੂੰ ਦਿਆਂਗਾ ਅਤੇ ਤੇਰਾ ਪਰਿਵਾਰ ਇਕ ਛੋਟੇ ਹਿੱਸੇ ʼਤੇ ਰਾਜ ਕਰੇਗਾ।’

ਯਹੋਵਾਹ ਨੇ ਇਕ ਹੋਰ ਤਰੀਕੇ ਨਾਲ ਆਪਣੇ ਫ਼ੈਸਲੇ ਨੂੰ ਸਾਫ਼-ਸਾਫ਼ ਦੱਸਿਆ। ਅਹੀਯਾਹ ਨਬੀ ਨੂੰ ਰਸਤੇ ਵਿਚ ਸੁਲੇਮਾਨ ਦਾ ਇਕ ਨੌਕਰ ਮਿਲਿਆ। ਉਸ ਦਾ ਨਾਂ ਯਾਰਾਬੁਆਮ ਸੀ। ਅਹੀਯਾਹ ਨੇ ਆਪਣੇ ਚੋਗੇ ਦੇ 12 ਟੁਕੜੇ ਕੀਤੇ ਅਤੇ ਯਾਰਾਬੁਆਮ ਨੂੰ ਕਿਹਾ: ‘ਯਹੋਵਾਹ ਸੁਲੇਮਾਨ ਦੇ ਪਰਿਵਾਰ ਤੋਂ ਇਜ਼ਰਾਈਲ ਦਾ ਰਾਜ ਲੈ ਲਵੇਗਾ ਅਤੇ ਇਸ ਨੂੰ ਦੋ ਹਿੱਸਿਆਂ ਵਿਚ ਵੰਡ ਦੇਵੇਗਾ। ਇਨ੍ਹਾਂ ਵਿੱਚੋਂ ਦਸ ਟੁਕੜੇ ਲੈ ਕਿਉਂਕਿ ਤੂੰ ਦਸ ਗੋਤਾਂ ʼਤੇ ਰਾਜ ਕਰੇਂਗਾ।’ ਰਾਜਾ ਸੁਲੇਮਾਨ ਨੂੰ ਇਹ ਗੱਲ ਪਤਾ ਲੱਗੀ ਅਤੇ ਉਹ ਯਾਰਾਬੁਆਮ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ! ਇਸ ਲਈ ਯਾਰਾਬੁਆਮ ਮਿਸਰ ਭੱਜ ਗਿਆ। ਸਮੇਂ ਦੇ ਬੀਤਣ ਨਾਲ, ਸੁਲੇਮਾਨ ਮਰ ਗਿਆ ਅਤੇ ਉਸ ਦਾ ਮੁੰਡਾ ਰਹਬੁਆਮ ਰਾਜ ਕਰਨ ਲੱਗਾ। ਯਾਰਾਬੁਆਮ ਨੇ ਸੋਚਿਆ ਕਿ ਹੁਣ ਇਜ਼ਰਾਈਲ ਵਾਪਸ ਜਾਣਾ ਠੀਕ ਹੈ।

ਇਜ਼ਰਾਈਲ ਦੇ ਬਜ਼ੁਰਗਾਂ ਨੇ ਰਹਬੁਆਮ ਨੂੰ ਕਿਹਾ: ‘ਜੇ ਤੂੰ ਲੋਕਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਵੇਂਗਾ, ਤਾਂ ਉਹ ਤੇਰੇ ਵਫ਼ਾਦਾਰ ਰਹਿਣਗੇ।’ ਪਰ ਰਹਬੁਆਮ ਦੇ ਦੋਸਤਾਂ ਨੇ ਕਿਹਾ: ‘ਤੈਨੂੰ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ! ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਔਖਾ ਕੰਮ ਦੇ!’ ਰਹਬੁਆਮ ਨੇ ਆਪਣੇ ਦੋਸਤਾਂ ਦੀ ਸਲਾਹ ਮੰਨੀ। ਉਸ ਨੇ ਲੋਕਾਂ ʼਤੇ ਬਹੁਤ ਜ਼ੁਲਮ ਕੀਤੇ ਜਿਸ ਕਰਕੇ ਲੋਕ ਉਸ ਦੇ ਵਿਰੁੱਧ ਹੋ ਗਏ। ਇਸ ਲਈ ਉਨ੍ਹਾਂ ਨੇ ਯਾਰਾਬੁਆਮ ਨੂੰ ਦਸ ਗੋਤਾਂ ਦਾ ਰਾਜਾ ਬਣਾ ਦਿੱਤਾ ਜਿਸ ਨੂੰ ਇਜ਼ਰਾਈਲ ਦਾ ਰਾਜ ਕਿਹਾ ਜਾਣ ਲੱਗਾ। ਬਾਕੀ ਦੋ ਗੋਤਾਂ ਨੂੰ ਯਹੂਦਾਹ ਦਾ ਰਾਜ ਕਿਹਾ ਜਾਣ ਲੱਗਾ ਅਤੇ ਇਸ ਦੇ ਲੋਕ ਰਹਬੁਆਮ ਦੇ ਵਫ਼ਾਦਾਰ ਰਹੇ। ਇਜ਼ਰਾਈਲ ਦੇ 12 ਗੋਤ ਹੁਣ ਵੰਡੇ ਗਏ।

ਯਾਰਾਬੁਆਮ ਨਹੀਂ ਚਾਹੁੰਦਾ ਸੀ ਕਿ ਉਸ ਦੇ ਲੋਕ ਯਰੂਸ਼ਲਮ ਵਿਚ ਜਾ ਕੇ ਭਗਤੀ ਕਰਨ। ਤੁਹਾਨੂੰ ਪਤਾ ਕਿਉਂ? ਕਿਉਂਕਿ ਯਰੂਸ਼ਲਮ ਰਹਬੁਆਮ ਦੇ ਰਾਜ ਵਿਚ ਸੀ ਅਤੇ ਯਾਰਾਬੁਆਮ ਨੂੰ ਡਰ ਸੀ ਕਿ ਲੋਕ ਰਹਬੁਆਮ ਦੇ ਮਗਰ ਲੱਗ ਜਾਣਗੇ ਤੇ ਉਸ ਦਾ ਸਾਥ ਦੇਣਗੇ। ਇਸ ਲਈ ਉਸ ਨੇ ਦੋ ਸੋਨੇ ਦੇ ਵੱਛੇ ਬਣਾਏ ਅਤੇ ਆਪਣੇ ਲੋਕਾਂ ਨੂੰ ਕਿਹਾ: ‘ਯਰੂਸ਼ਲਮ ਬਹੁਤ ਦੂਰ ਹੈ। ਤੁਸੀਂ ਇੱਥੇ ਹੀ ਭਗਤੀ ਕਰ ਸਕਦੇ ਹੋ।’ ਲੋਕਾਂ ਨੇ ਸੋਨੇ ਦੇ ਵੱਛਿਆਂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਫਿਰ ਯਹੋਵਾਹ ਨੂੰ ਭੁੱਲ ਗਏ।

“ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ। ਕਿਉਂਕਿ ਧਾਰਮਿਕਤਾ ਦਾ ਦੁਸ਼ਟਤਾ ਨਾਲ ਕੀ ਸੰਬੰਧ? . . . ਜਾਂ ਨਿਹਚਾ ਕਰਨ ਵਾਲੇ ਇਨਸਾਨ ਦਾ ਅਵਿਸ਼ਵਾਸੀ ਇਨਸਾਨ ਨਾਲ ਕੀ ਰਿਸ਼ਤਾ?”​—2 ਕੁਰਿੰਥੀਆਂ 6:14, 15