Skip to content

Skip to table of contents

ਪਾਠ 47

ਯਹੋਵਾਹ ਨੇ ਏਲੀਯਾਹ ਨੂੰ ਮਜ਼ਬੂਤ ਕੀਤਾ

ਯਹੋਵਾਹ ਨੇ ਏਲੀਯਾਹ ਨੂੰ ਮਜ਼ਬੂਤ ਕੀਤਾ

ਜਦੋਂ ਈਜ਼ਬਲ ਨੇ ਸੁਣਿਆ ਕਿ ਬਆਲ ਦੇ ਨਬੀਆਂ ਨਾਲ ਕੀ ਹੋਇਆ, ਤਾਂ ਉਸ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਨੇ ਏਲੀਯਾਹ ਨੂੰ ਸੰਦੇਸ਼ ਭੇਜਿਆ: ‘ਕੱਲ੍ਹ ਤੈਨੂੰ ਵੀ ਬਆਲ ਦੇ ਨਬੀਆਂ ਵਾਂਗ ਮਾਰ ਦਿੱਤਾ ਜਾਵੇਗਾ।’ ਏਲੀਯਾਹ ਬਹੁਤ ਡਰ ਗਿਆ ਅਤੇ ਉਜਾੜ ਵਿਚ ਭੱਜ ਗਿਆ। ਉਸ ਨੇ ਪ੍ਰਾਰਥਨਾ ਕੀਤੀ: ‘ਯਹੋਵਾਹ, ਮੈਂ ਹੋਰ ਨਹੀਂ ਸਹਿ ਸਕਦਾ। ਮੈਨੂੰ ਮੌਤ ਦੇ ਦੇ।’ ਥੱਕਿਆ ਹੋਣ ਕਰਕੇ ਏਲੀਯਾਹ ਦਰਖ਼ਤ ਹੇਠ ਸੌਂ ਗਿਆ।

ਦੂਤ ਨੇ ਉਸ ਨੂੰ ਜਗਾਇਆ ਤੇ ਹੌਲੀ ਦੇਣੀ ਕਿਹਾ: ‘ਉੱਠ ਅਤੇ ਖਾਹ।’ ਏਲੀਯਾਹ ਨੇ ਪਾਣੀ ਦਾ ਜੱਗ ਅਤੇ ਅੰਗਿਆਰਾਂ ਉੱਤੇ ਪੱਕੀ ਹੋਈ ਰੋਟੀ ਦੇਖੀ। ਉਹ ਖਾ-ਪੀ ਕੇ ਫਿਰ ਸੌਂ ਗਿਆ। ਦੂਤ ਨੇ ਫਿਰ ਉਸ ਨੂੰ ਜਗਾਇਆ ਤੇ ਕਿਹਾ, ‘ਥੋੜ੍ਹਾ ਹੋਰ ਖਾ ਲੈ। ਤੈਨੂੰ ਸਫ਼ਰ ਕਰਨ ਲਈ ਤਾਕਤ ਦੀ ਲੋੜ ਹੈ।’ ਇਸ ਲਈ ਏਲੀਯਾਹ ਨੇ ਖਾਧਾ। ਫਿਰ ਉਸ ਨੇ 40 ਦਿਨ ਤੇ 40 ਰਾਤ ਸਫ਼ਰ ਕੀਤਾ ਤੇ ਉਹ ਹੋਰੇਬ ਪਹਾੜ ʼਤੇ ਪਹੁੰਚਿਆ। ਉੱਥੇ ਏਲੀਯਾਹ ਗੁਫ਼ਾ ਵਿਚ ਸੌਣ ਲਈ ਚਲਾ ਗਿਆ। ਪਰ ਯਹੋਵਾਹ ਨੇ ਉਸ ਨਾਲ ਗੱਲ ਕੀਤੀ। ਉਸ ਨੇ ਪੁੱਛਿਆ: ‘ਏਲੀਯਾਹ, ਤੂੰ ਇੱਥੇ ਕੀ ਕਰ ਰਿਹਾਂ?’ ਏਲੀਯਾਹ ਨੇ ਜਵਾਬ ਦਿੱਤਾ: ‘ਇਜ਼ਰਾਈਲੀਆਂ ਨੇ ਤੇਰੇ ਨਾਲ ਕੀਤਾ ਆਪਣਾ ਵਾਅਦਾ ਤੋੜ ਦਿੱਤਾ ਹੈ। ਉਸ ਨੇ ਤੇਰੀਆਂ ਵੇਦੀਆਂ ਤੋੜ ਦਿੱਤੀਆਂ ਅਤੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ। ਹੁਣ ਉਹ ਮੈਨੂੰ ਵੀ ਮਾਰਨਾ ਚਾਹੁੰਦੇ ਹਨ।’

ਯਹੋਵਾਹ ਨੇ ਉਸ ਨੂੰ ਕਿਹਾ: ‘ਜਾਹ ਅਤੇ ਪਹਾੜ ʼਤੇ ਜਾ ਕੇ ਖੜ੍ਹ।’ ਪਹਿਲਾ, ਤੇਜ਼ ਹਵਾ ਵਗੀ। ਫਿਰ, ਭੁਚਾਲ਼ ਆਇਆ ਅਤੇ ਅੱਗ ਆਈ। ਅਖ਼ੀਰ, ਏਲੀਯਾਹ ਨੂੰ ਹੌਲੀ ਜਿਹੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਆਪਣੇ ਚੋਗੇ ਨਾਲ ਆਪਣਾ ਮੂੰਹ ਢਕ ਲਿਆ ਅਤੇ ਗੁਫ਼ਾ ਦੇ ਬਾਹਰ ਖੜ੍ਹਾ ਹੋ ਗਿਆ। ਫਿਰ ਯਹੋਵਾਹ ਨੇ ਉਸ ਨੂੰ ਪੁੱਛਿਆ ਕਿ ਉਹ ਕਿਉਂ ਭੱਜਿਆ ਸੀ। ਏਲੀਯਾਹ ਨੇ ਕਿਹਾ: ‘ਮੈਂ ਹੀ ਸਿਰਫ਼ ਬਚਿਆ ਹਾਂ।’ ਪਰ ਯਹੋਵਾਹ ਨੇ ਉਸ ਨੂੰ ਦੱਸਿਆ: ‘ਤੂੰ ਇਕੱਲਾ ਨਹੀਂ ਹੈਂ। ਇਜ਼ਰਾਈਲ ਵਿਚ ਅਜੇ ਵੀ 7,000 ਜਣੇ ਹਨ ਜੋ ਮੇਰੀ ਭਗਤੀ ਕਰਦੇ ਹਨ। ਜਾਹ ਅਤੇ ਆਪਣੀ ਜਗ੍ਹਾ ʼਤੇ ਅਲੀਸ਼ਾ ਨੂੰ ਨਬੀ ਚੁਣ।’ ਏਲੀਯਾਹ ਛੇਤੀ ਹੀ ਯਹੋਵਾਹ ਦੇ ਕਹੇ ਅਨੁਸਾਰ ਕਰਨ ਲਈ ਚਲਾ ਗਿਆ। ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਤੁਹਾਡੀ ਵੀ ਮਦਦ ਕਰੇਗਾ ਕਿ ਤੁਸੀਂ ਉਹ ਕੰਮ ਕਰ ਸਕੋ ਜੋ ਯਹੋਵਾਹ ਤੁਹਾਡੇ ਤੋਂ ਚਾਹੁੰਦਾ ਹੈ? ਹਾਂ, ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। ਆਓ ਆਪਾਂ ਦੇਖੀਏ ਕਿ ਸੋਕੇ ਦੌਰਾਨ ਕੀ ਹੋਇਆ।

“ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।”​—ਫ਼ਿਲਿੱਪੀਆਂ 4:6